HOME ਹਨੇਰੇ ਵਿੱਚ ਭਵਿੱਖ

ਹਨੇਰੇ ਵਿੱਚ ਭਵਿੱਖ

1
ਨਿਰਮਲ ਸਿੰਘ ਨਿੰਮਾ

(ਸਮਾਜ ਵੀਕਲੀ)-ਪਿੰਡ ਦੀ ਫਿਰਨੀ ਤੇ ਬਾਹਰਲੇ ਪਾਸੇ ਬਣੇ ਗੁਰਦੁਆਰਾ ਸਾਹਿਬ ਤੋਂ ਅੰਮ੍ਰਿਤ ਵੇਲੇ ਦੀ ਅਰਦਾਸ ਤੋਂ ਬਾਅਦ ਜਿਵੇਂ ਹੀ ਵਿਕਾਸ ਸਿੰਘ ਪ੍ਰਸ਼ਾਦ ਲੈਕੇ ਘਰ ਨੂੰ ਜਾ ਰਿਹਾ ਸੀ ਤਾਂ ਕੀ ਦੇਖਦਾ ਹੈ…

   ਉਸਦੇ ਬਚਪਨ ਦਾ ਇੱਕ ਸਾਥੀ ਲਾਭ ਸਿੰਘ ਪੰਚਾਇਤ ਘਰ ਲਾਗੇ ਚੁਰਸਤੇ ਵਿੱਚ ਭੂੰਜੇ ਬੈਠਾ ਕੱਚੇ ਰਸਤੇ ਤੇ ਮਿੱਟੀ ਵਿੱਚ ਹੱਥ ਮਾਰ ਕੁੱਝ ਲੱਭਣ ਦਾ ਯਤਨ ਕਰ ਰਿਹਾ ਸੀ… ਵਿਕਾਸ ਸਿੰਘ  ਨੇੜੇ ਪਹੁੰਚ ਲਾਭ ਸਿੰਘ ਨੂੰ ਪੁੱਛਦਾ ਹੈ….
 ਲਾਭ ਸਿੰਹਾਂ ਇਹ ਕੀ ਸਵੇਰੇ ਸਵੇਰੇ ਮਿੱਟੀ ਵਿੱਚ ਹੱਥ ਮਾਰੀ ਜਾਂਦਾ ਹੈਂ?? ਏਥੇ ਕੀ ਗੁੰਮ ਹੋ ਗਿਆ ਤੇਰਾ?? ਕੀ ਲੱਭ ਰਿਹਾ ਹੈਂ??…
ਲਾਭ ਸਿੰਘ- ਵਿਕਾਸ ਸਿੰਹਾਂ ਮੈਂ ਕਈ ਦਿਨਾਂ ਤੋਂ  ਬੇਚੈਨੀ ਵਿੱਚ ਹਾਂ, ਮੈਂ ਭਵਿੱਖ ਦੀ ਤਲਾਸ਼ ਕਰ ਰਿਹਾ ਹਾਂ….
ਭਵਿੱਖ ਦੀ ਤਲਾਸ਼…. ਉਹ ਵੀ ਇਸ ਚੁਰਸਤੇ ਦੀ ਮਿੱਟੀ ਵਿੱਚ?…. ਅੱਗੋਂ ਵਿਕਾਸ ਸਿੰਘ ਨੇ ਪੁੱਛਿਆ।
ਹਾਂ ਵੀਰ ਵਿਕਾਸ ਸਿੰਹਾਂ..ਇਹ ਮਿੱਟੀ ਵੀ ਮੇਰੇ ਪੰਜਾਬ ਦੀ ਹੀ ਹੈ.. ਤੇ ਮੇਰੇ ਪੰਜਾਬ ਦਾ ਭਵਿੱਖ ਇੱਥੇ ਕਿਤੇ ਹੀ ਗੁੰਮ ਹੋ ਗਿਆ ਹੈ… ਅੱਗੋਂ ਲਾਭ ਸਿੰਘ ਨੇ ਜਵਾਬ ਦਿੱਤਾ।
ਵਿਕਾਸ ਸਿੰਘ ਨੂੰ ਪਹਿਲਾਂ ਤਾਂ ਲਾਭ ਸਿੰਘ ਦੀ ਗੱਲ ਅਟਪਟੀ ਪ੍ਰਤੀਤ ਹੋਈ, ਫੇਰ ਕੁੱਝ ਸੋਚਦਾ ਹੋਇਆ ਲਾਭ ਸਿੰਘ ਨੂੰ ਭੂੰਜਿੰਓ ਉਠਾ ਕੇ ਪੰਚਾਇਤ ਘਰ ਮੂਹਰੇ ਖੜ੍ਹੇ ਬੋਹੜ ਦੀ ਛਾਂਵੇਂ ਬਣੇ ਥੱੜੇ ਤੇ ਬੈਠਣ ਲਈ ਕਿਹਾ….
ਹੁਣ ਦੋਨੋਂ ਬਚਪਨ ਦੇ ਮਿੱਤਰ ਇੱਕਠੇ ਬੈਠੇ ਵਿਚਾਰ ਚਰਚਾ ਕਰਨ ਲੱਗੇ ਸਨ।
ਲਾਭ ਸਿੰਘ ਨੇ ਗੱਲ ਸ਼ੁਰੂ ਕੀਤੀ… ਮੈਂ ਜਾਣਦਾ ਹਾਂ ਵਿਕਾਸ ਸਿੰਹਾਂ ਤੇਰੀ ਦੁਚਿੱਤੀ ਦਾ ਕਾਰਣ… ਹਾਂ ਸਾਡੇ ਪੰਜਾਬ ਦਾ ਭਵਿੱਖ ਮਿੱਟੀ ਵਿੱਚ ਹੀ ਤਾਂ ਰੁਲ਼ ਗਿਆ ਹੈ… ਕਿਸੇ ਸਮੇਂ ਪੰਜਾਬ ਸੋਨੇ ਦੇ ਖੰਭਾਂ ਵਾਲਾ ਪੰਜਾਬ ਅਖਵਾਉਂਦਾ ਸੀ.. ਸਾਡੇ ਪੰਜਾਬ ਦੇ ਸੋਨੇ ਦੇ ਖੰਭ ਲੋਭੀ ਲਾਲਚੀ ਲੀਡਰਾਂ ਨੇ ਕੁਤਰ ਕੇ ਰੱਖ ਦਿੱਤੇ ਹਨ…
ਵਿਕਾਸ ਸਿੰਘ ਬੜੇ ਧਿਆਨ ਅਤੇ ਠਰੰਮੇ ਨਾਲ ਲਾਭ ਸਿੰਘ ਦੀ ਗੱਲ ਸੁਣ ਰਿਹਾ ਸੀ…ਨਾਲੇ ਮਨ ਹੀ ਮਨ ਸੋਚ ਰਿਹਾ ਸੀ ਕਿ ਲਾਭ ਸਿੰਘ ਗੱਲ ਤਾਂ ਸੋਲਾਂ ਆਨੇ ਸੱਚ ਕਹਿ ਰਿਹਾ ਹੈ..।
ਲਾਭ ਸਿੰਘ ਬਿਨਾਂ ਰੁਕੇ ਆਪਣੇ ਦਿਲ ਦੇ ਦਰਦ ਵਿਕਾਸ ਸਿੰਘ ਨੂੰ ਬਿਆਨ ਕਰ ਰਿਹਾ ਸੀ.. ਵਿਕਾਸ ਸਿੰਹਾਂ ਇੰਨਾ ਲਾਲਚੀ ਲੀਡਰਾਂ ਨੇ ਸਾਡੇ ਪੰਜਾਬ ਦੀ ਜਵਾਨੀ ਨਸ਼ਿਆਂ ਵਿੱਚ ਤਬਾਹ ਕਰ ਦਿੱਤੀ ਹੈ…
ਵੋਟਾਂ ਮੰਗਣ ਵੇਲੇ ਕਹਿੰਦੇ ਹਨ… ਅਸੀਂ ਤਾਂ ਬਹੁਤ ਵਿਕਾਸ ਕੀਤਾ ਹੈ… ਇਹਨਾਂ ਲੋਕਾਂ ਨੇ ਪੰਜਾਬ ਦਾ ਵਿਕਾਸ ਤਾਂ ਕੀ ਕਰਨਾ ਸੀ , ਵਿਨਾਸ਼ ਰੱਜ ਕੇ ਕੀਤਾ ਹੈ….
ਪਜੱਤਰ ਸਾਲਾਂ ਵਿੱਚ ਲੁੱਟ ਕੇ ਖਾ ਗਏ….
ਗੱਲ ਚਾਹੇ ਕਿਸੇ ਵੀ ਵਿਸ਼ੇ ਤੇ ਕਰੀਏ.. ਜ਼ਿਆਦਾ ਦੂਰ ਨਹੀਂ ਜਾਂਦੇ..ਸਿਹਤ ਸੁਵਿਧਾਵਾਂ ਹੀ ਲੈ ਲਵੋ.. ਸਰਕਾਰੀ ਹਸਪਤਾਲਾਂ ਵਿੱਚ ਏਨਾ ਮਾੜਾ ਹਾਲ ਕਿ ਜੇ ਕੋਈ ਗਰੀਬ ਇਲਾਜ ਲਈ ਜਾਂਦਾ ਹੈ ਤਾਂ ਬਿਨਾਂ ਚੈੱਕਅਪ ਕੀਤਿਆਂ ਮਰੀਜ਼ ਨੂੰ ਪੀ.ਜੀ.ਆਈ. ਚੰਡੀਗੜ੍ਹ ਜਾਂ ਰਜਿੰਦਰਾ ਹਸਪਤਾਲ ਪਟਿਆਲਾ ਰੈਫਰ ਕਰ ਦਿੱਤਾ ਜਾਂਦਾ ਹੈ… ਕੁੱਝ ਮਹੀਨੇ ਪਹਿਲਾਂ ਦੀ ਗੱਲ ਹੈ ਇੱਕ ਗਰੀਬ ਔਰਤ ਆਪਣੇ ਪਤੀ ਤੇ ਕੁੱਝ ਰਿਸ਼ਤੇਦਾਰਾਂ ਨਾਲ  ਜਣੇਪੇ ਲਈ ਹਸਪਤਾਲ ਪਹੁੰਚਦੀ ਹੈ ਤਾਂ ਅੱਗੋਂ ( ਰੱਬ ਦਾ ਦੂਜਾ ਰੂਪ ਮੰਨੇ ਜਾਂਦੇ) ਕਿਸੇ ਡਾਕਟਰ ਅਤੇ ਹਸਪਤਾਲ ਦੇ ਸਟਾਫ ਵੱਲੋਂ ਔਰਤ ਦੀ ਕਰੋਨਾ ਰਿਪੋਰਟ ਨਾ ਹੋਣ ਦਾ ਬਹਾਨਾ ਬਣਾ ਉਸ ਔਰਤ ਨੂੰ ਹਸਪਤਾਲ ਵਿੱਚ ਦਾਖ਼ਲ ਕਰਨ ਤੋਂ ਇਨਕਾਰ ਕੀਤਾ ਜਾਂਦਾ ਹੈ… ਬੇਵੱਸ ਹੋ ਉਸ ਔਰਤ ਨੇ ਨਾ ਚਾਹੁੰਦੇ ਹੋਏ ਵੀ ਹਸਪਤਾਲ ਦੇ ਬਾਹਰ ਬੱਚੇ ਨੂੰ ਜਨਮ ਦੇ ਦਿੱਤਾ…. ਜਦੋਂ ਗੱਲ ਨਸ਼ਿਆਂ ਦੀ ਕਰੀਏ ਤਾਂ ਜਹਰੀਲੀ ਬਿਨਾਂ ਡਿਗਰੀ ਦੀ ਸ਼ਰਾਬ ਫੈਕਟਰੀ ਫ਼ੜੀ ਜਾਂਦੀ ਹੈ ਜੋ ਕਿਸੇ ਲੀਡਰ ਦੀ ਸ਼ਹਿ ਹੇਠ ਧੜੱਲੇ ਨਾਲ ਚਲ ਰਹੀ ਸੀ ਦੱਸੀ ਜਾਂਦੀ ਹੈ…
ਵਿਕਾਸ ਸਿੰਘ  ਲਾਭ ਸਿੰਘ ਦੀਆਂ ਗੱਲਾਂ ਸੁਣ ਹੁੰਗਾਰਾ ਭਰ ਰਿਹਾ ਸੀ…
ਤੇ ਲਾਭ ਸਿੰਘ ਨੇ ਆਪਣੀ ਗੱਲ ਜਾਰੀ ਰੱਖਦਿਆਂ ਵਿਕਾਸ ਸਿੰਘ ਨੂੰ ਕਿਹਾ… ਵਿਕਾਸ ਸਿੰਹਾਂ ਹੁਣ ਏਥੇ ਆਉਣ ਵਾਲਾ ਭਵਿੱਖ ਹਨੇਰੇ ਵਿੱਚ ਦੇਖ ਕੇ ਹਰ ਮਹੀਨੇ ਸੈਂਕੜੇ ਨੌਜਵਾਨ ਕੁੜੀਆਂ,ਮੁੰਡੇ ਜਹਾਜ਼ ਵਿੱਚ ਉਡਾਰੀ ਭਰ ਬਾਹਰਲੇ ਦੇਸ਼ਾਂ ਦਾ ਰੁਖ਼ ਕਰ ਰਹੇ ਹਨ…
ਸਾਡਾ ਪੰਜਾਬ ਵੀਰਾਨ ਹੁੰਦਾ ਜਾਂਦਾ ਹੈ.. ਚਿੱਟੇ ਦੇ ਵਪਾਰੀਆਂ ਘਰ ਘਰ ਚਿੱਟਾ ਪਹੁੰਚਾ ਕੇ ਆਉਣ ਵਾਲੀ ਨਸਲ ਨੂੰ ਖਤਮ ਕਰ ਦਿੱਤਾ ਹੈ…ਇਹ ਲੋਕ ਆਪਣੀ ਗੰਦੀ ਰਾਜਨੀਤੀ ਚਮਕਾਉਣ ਲਈ ਸਾਡੇ ਧਾਰਮਿਕ ਗ੍ਰੰਥਾਂ ਅਤੇ ਧਾਰਮਿਕ ਸੰਸਥਾਵਾਂ ਦੀਆਂ ਬੇਅਦਬੀਆਂ ਕਰਵਾਉਣ ਤੋਂ ਵੀ ਗੁਰੇਜ਼ ਨਹੀਂ ਕਰਦੇ…. ਦੇਸ਼ ਨੂੰ ਸਭ ਤੋਂ ਵੱਧ ਕੁਰਬਾਨੀਆਂ ਦੇ ਕੇ ਆਜ਼ਾਦ ਕਰਵਾਉਣ ਵਾਲਾ ਸੂਬਾ ਪੰਜਾਬ ਅੱਜ ਗੰਦੀ ਸਿਆਸਤ ਅਤੇ ਕੁੱਝ ਲੋਟੂ ਲੀਡਰਾਂ ਦਾ ਗੁਲਾਮ ਹੋ ਕੇ ਰਹਿ ਗਿਆ ਹੈ…
ਲਾਭ ਸਿੰਘ ਆਪਣੇ ਜਜ਼ਬਾਤਾਂ ਦੇ ਰੋਅ ਵਿੱਚ ਇਸ ਕਦਰ ਵਹਿ ਤੁਰਿਆ ਸੀ ਕਿ ਲਾਭ ਸਿੰਘ ਵੱਲੋਂ ਆਪਣੇ ਮਨ ਦੇ ਵਲਵਲੇ ਬਿਆਨ ਕਰਦਿਆਂ ਅੱਖਾਂ ਵਿੱਚੋਂ ਹੰਝੂਆਂ ਦਾ ਸੈਲਾਬ ਆਪ ਮੁਹਾਰੇ ਹੀ ਫੁਟ ਪਿਆ ਸੀ…
ਵਿਕਾਸ ਸਿੰਘ ਨੇ ਹਲੂਣਾ ਦੇ ਕੇ ਲਾਭ ਸਿੰਘ ਨੂੰ ਚੇਤਾਇਆ ਤੇ ਕਿਹਾ ਉੱਠ ਲਾਭ ਸਿੰਹਾਂ …ਘਰ ਨੂੰ ਚਲਦੇ ਹਾਂ..ਚਾਹ ਪੀ ਕੇ ਮੈਂ ਹਰਾ ਵੱਢਣ ਪੈਲ਼ੀ ਨੂੰ ਜਾਣਾ ਹੈ…ਘਰ ਨੂੰ ਜਾਂਦਿਆਂ ਵਿਕਾਸ ਸਿੰਘ ਇਹੀ ਸੋਚ ਰਿਹਾ ਸੀ…ਕਿ ਲਾਭ ਸਿੰਘ ਸੱਚਾ ਹੀ ਹੈ ਜੋ ਭਵਿੱਖ ਦੀ ਤਲਾਸ਼ ਵਿੱਚ ਫ਼ਿਕਰਮੰਦ ਹੈ…..
ਨਿਰਮਲ ਸਿੰਘ ਨਿੰਮਾ (ਸਮਾਜ ਸੇਵੀ)
ਮੋਬਾ:9914721831

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

 

Previous articleਤਲਵਾਰ ਨੂੰ ਮਾਰ ਕਰਦੀ ਕਲ਼ਮ ਦੀ ਧਾਰ
Next articleਟਮਾਟਰ