(ਸਮਾਜ ਵੀਕਲੀ)
“ਦੀਪਕ ਦੀ ਮਾਂ,ਆਪ ਔਖੀ ਸੌਖੀ ਉੱਠ ਕੇ ਰੋਟੀ ਬਣਾ ਲੈ, ਦੁਪਹਿਰ ਹੋ ਗਈ, ਢਿੱਡ ਵਿੱਚ ਕੜੱਲ਼ ਪਈ ਜਾਂਦੇ ਆ। ਸਵੇਰ ਦੀ ਦਵਾਈ ਵੀ ਨਹੀਂ ਲਈ, ਰੋਟੀ ਨੂੰ ਉਡੀਕਦੇ ਰਹੇ। ਉਨ੍ਹਾਂ ਵੱਲੋਂ ਤਾਂ ਬਸ ਹੀ ਲੱਗਦੀ ਹੈ।” ਚਮਨ ਲਾਲ ਨੇ ਬਾਹਰ ਢਲਦੇ ਦਿਨ ਵੱਲ ਵੇਖਦਿਆਂ ਆਪਣੀ ਪਤਨੀ ਸਵਿੱਤਰੀ ਦੇਵੀ ਨੂੰ ਕਿਹਾ। ਦੋਵੇਂ ਜੀਅ ਨੂੰਹ ਪੁੱਤ ਦੀ ਲੜਾਈ ਤੋਂ ਤੰਗ ਆ ਚੁੱਕੇ ਸਨ।ਅਜੇ ਵਿਆਹ ਨੂੰ ਸਾਲ ਵੀ ਨਹੀਂ ਹੋਇਆ ਸੀ ਪਰ ਦੋਵਾਂ ਵਿੱਚ ਖਿਚੋਤਾਣ ਰਹਿਣ ਲੱਗੀ ਸੀ।ਨਾ ਤਾਂ ਦੀਪਕ ਆਪਣੀਆਂ ਆਦਤਾਂ ਛੱਡ ਰਿਹਾ ਸੀ ਅਤੇ ਨਾ ਹੀ ਪੂਨਮ ਨਿਆਉਂਣ ਲਈ ਤਿਆਰ ਸੀ।ਹਰ ਦੇਰ-ਸਵੇਰ ਦੋਵੇਂ ਉਲਝੇ ਰਹਿੰਦੇ।ਰਾਤ ਦੀ ਦੋਵਾਂ ਵਿੱਚ ਕਿਸੇ ਗੱਲ ਨੂੰ ਲੈਕੇ ਬਹਿਸਬਾਜ਼ੀ ਚੱਲ ਰਹੀ ਸੀ ਤੇ ਸਵੇਰ ਦੀ ਘਰ ਵਿੱਚ ਰੋਟੀ ਵੀ ਨਹੀਂ ਸੀ ਬਣੀ।
“ਦੁੱਖੀ ਕਰ ਮਾਰਿਆ ਗੰਦੀ ਔਲਾਦ ਨੇ,ਨਾ ਤੁਰਿਆ ਜਾਂਦਾ ਨਾ ਖੜਿਆ ਜਾਂਦਾ, ਦੱਸੋ ਕਿਵੇਂ ਲੰਗਰ ਪਕਾਵਾਂ। ਸੋਚਿਆ ਸੀ ਪੁੱਤ ਵਿਆਹ ਕੇ ਸੌਖੀ ਹੋ ਜਾਊਂ, ਪਰ ਕਿੱਥੇ…।”ਸਵਿੱਤਰੀ ਦੇਵੀ ਸੋਟੀ ਦੇ ਸਹਾਰੇ ਆਪਣਾ ਕੁੱਬਾ ਹੋਇਆ ਭਾਰਾ ਸ਼ਰੀਰ ਘੜੀਸਦੀ ਹੋਈ ਰਸੋਈ ਵੱਲ ਤੁਰ ਪਈ। ਥੋੜ੍ਹੀ ਦੇਰ ਬਾਅਦ ਸਾਹ ਚੜ੍ਹੇ ਹੋਏ ਵਾਪਿਸ ਰੋਟੀ ਅਚਾਰ ਨਾਲ ਚਮਨ ਲਾਲ ਦੇ ਅੱਗੇ ਲਿਆ ਰੱਖੀ।
“ਬਹੂ ਮੁੰਡੇ ਵੱਲ ਵੀ ਨਿਗਾਹ ਮਾਰ ਲੈਂਦੀ, ਰੋਟੀ ਦਾ ਪੁੱਛ ਲੈਂਦੀ। ਪਤਾ ਨਹੀਂ ਉਨ੍ਹਾਂ ਰਾਤ ਦੀ ਰੋਟੀ ਖਾਧੀ ਵੀ ਆ ਕਿ ਨਹੀਂ।ਆਪ ਨੂੰ ਰੋਟੀ ਸੰਘੋ ਲੰਘਾਉਣੀ ਵੀ ਕਿਹੜਾ ਸੌਖੀ ਹੈ। ਇੱਕ ਤਾਂ ਬਿਮਾਰੀਆਂ ਨੇ ਦੁੱਖੀ ਕੀਤਾ ਤੇ ਉੱਤੋਂ ਆਹ ਸਿਆਪਾ।”ਚਮਨ ਲਾਲ ਦੇ ਅੱਖਾਂ ਵਿੱਚ ਪਾਣੀ ਭਰ ਆਇਆ ਸੀ।
“ਗਈ ਸੀ,ਬਹੂ ਨੂੰ ਦੋ ਤਿੰਨ ਵਾਰ ਬੁਲਾਇਆ ਪਰ ਉਹ ਮੂੰਹ ਸਿਰ ਲਪੇਟੀ ਪਈ ਹੈ, ਕੋਈ ਜਵਾਬ ਨਹੀਂ ਦਿੱਤਾ। ਮੁੰਡਾ ਪਤਾ ਨਹੀਂ ਕਿੱਧਰ ਤੁਰ ਗਿਆ ਹੈ।” ਸਵਿੱਤਰੀ ਦੇਵੀ ਨੇ ਪਾਣੀ ਦਾ ਗਲਾਸ ਚਮਨ ਲਾਲ ਦੇ ਅੱਗੇ ਰੱਖਦਿਆ ਜਵਾਬ ਦਿੱਤਾ।
“ਪਤਾ ਨਹੀਂ ਕਿਸ ਦੀ ਨਜ਼ਰ ਲੱਗ ਗਈ ਜਾਂ ਕਿਸੇ ਨੇ ਉਂਝ ਹੀ ਕੋਈ ਕਰ ਕਰਾ ਦਿੱਤਾ। ਚੰਗੇ ਭਲੇ ਹੱਸਦਿਆਂ ਹੱਸਦਿਆਂ ਨੂੰ ਕਿਹੜਾ ਸੱਪ ਸੁੰਘ ਗਿਆ। ਚੰਦਰੀ ਮੁੰਡੇ ਦੇ ਬਰਾਬਰ ਆਢਾ ਲਾ ਬਹਿੰਦੀ ਹੈ, ਤੀਵੀਂਆਂ ਵਾਲ਼ੀ ਹੋਈ ਸੰਗ ਸ਼ਰਮ ਹੀ ਨਹੀਂ। ਵਿਚੋਲਾ ਕਹਿੰਦਾ ਸੀ ਕੁੜੀ ਨਿਰੀ ਗਊ ਹੈ।ਆਪਾਂ ਤਾਂ ਵਿਆਹ ਵੀ ਤਿੱਥ ਤਿਉਹਾਰ ਵਾਚ ਕੇ ਕੀਤਾ ਸੀ। ਪੰਡਿਤ ਨੇ ਦੋਵਾਂ ਦੀ ਕੁੰਡਲੀ ਤੇ ਗੁਣ ਮਿਲਾਏ ਸਨ ਪਰ ਫਿਰ ਵੀ..।” ਸਵਿੱਤਰੀ ਦੇਵੀ ਸ਼ੁਭ ਅਸ਼ੁੱਭ ਘੜੀਆਂ ਨੂੰ ਦੋਸ਼ ਦੇਣ ਲੱਗੀ।
“ਲੜਾਈ ਗੁਣਾਂ ਕਰਕੇ ਨਹੀਂ ਸਗੋਂ ਔਗੁਣਾਂ ਕਰਕੇ ਹੁੰਦੀ ਹੈ,ਮਿਲਾਈ ਚਲੋ ਗੁਣ।ਜੇ ਕੁੜਮਾਂ ਕੁੜੀ ਦੇ ਸੁਭਾਅ ਬਾਰੇ ਲੁਕੋ ਰੱਖਿਆ, ਆਪਾਂ ਕਿਹੜਾ ਦੱਸਿਆ ਕਿ ਮੁੰਡਾ ਦਾਰੂ ਪੀਂਦਾ ਅਤੇ ਆਸੇ ਪਾਸੇ ਬਿਗਾਨੀਆਂ ਖੁਰਲੀਆਂ ‘ਚ ਮੂੰਹ ਮਾਰਦਾ। ਸਵਿੱਤਰੀ ਜਦੋਂ ਅਸੀਂ ਰਿਸ਼ਤਿਆਂ ਦੀ ਨੀਂਹ ਦੀ ਬੁਨਿਆਦ ਹੀ ਝੂਠ ਤੇ ਰੱਖਾਂਗੇ ਤਾਂ ਉੱਚੀਆਂ ਤੇ ਟਿਕਾਊ ਇਮਾਰਤਾਂ ਕਦੋਂ ਬਣਨਗੀਆਂ।” ਚਮਨ ਲਾਲ ਰਿਸ਼ਤਾ ਹੋਣ ਵੇਲੇ ਬੋਲੇ ਜਾਂਦੇ ਸੱਚ ਝੂਠ ਬਾਰੇ ਸੋਚ ਰਿਹਾ ਸੀ।
ਗੁਰਮੀਤ ਸਿੰਘ ਮਰਾੜ੍ਹ,ਮੋ:9501400397