(ਸਮਾਜ ਵੀਕਲੀ)-ਮੈਂ ਲਗਪਗ ਹਰ ਰੋਜ਼ ਮੰਚ ‘ਤੇ ਹੁੰਦਾ ਹਾਂ .. ਤੇ ਜਲਦੀ ਹੀ ਉਸ ਪੇਸ਼ਕਾਰੀ ਬਾਰੇ ਪੋਸਟ ਵੀ ਪਾ ਦਿੰਦਾ ਹਾਂ.. ਪਰ ਪਹਿਲੀ ਵਾਰ ਹੋਇਆ ਹੈ ਕਿ ਕੱਲ੍ਹ ਵਾਲੇ ਸ਼ੋਅ ਦੀ ਪੋਸਟ ਏਨੀ ਦੇਰੀ ਨਾਲ ਪਾ ਰਿਹਾ ਹਾਂ … ਉਸ ਪਿੱਛੇ ਕਾਰਨ ਹੈ ..ਸਵੇਰ ਤੋਂ ਫੋਨ ਤੇ ਸੰਦੇਸ਼ ਸਾਹ ਨਹੀਂ ਲੈਣ ਦੇ ਰਹੇ.. ਹਰ ਵਾਰੀ ਸੋਚਦਾ ਹਾਂ ਕਿ ਹੁਣ ਪੋਸਟ ਪਾ ਦਿਆਂ.. ਪਰ ਫਿਰ ਕੋਈ ਨਵੀਂ ਟਿੱਪਣੀ ਆ ਜਾਂਦੀ ਹੈ ..
ਕੱਲ੍ਹ ਦਾ ਸ਼ੋਅ ਮਾਹਿਲਪੁਰ ਸੀ.. ਸ੍ਰੀ ਗੁਰੂ ਗੋਬਿੰਦ ਸਿੰਘ ਖਾਲਸਾ ਕਾਲਜ ਮਾਹਿਲਪੁਰ!..ਇਹ ਕਾਲਜ ਫੁਟਬਾਲ ਖਿਡਾਰੀਆਂ ਕਰਕੇ ਬਹੁਤ ਮਸ਼ਹੂਰ ਰਿਹਾ ਹੈ.. ਅੰਤਰਰਾਸ਼ਟਰੀ ਪੱਧਰ ਦੇ ਫੁੱਟਬਾਲ ਖਿਡਾਰੀ ਇਸ ਕਾਲਜ ਵਿੱਚ ਪੜ੍ਹੇ ਹਨ..ਸਰਦਾਰ ਜਰਨੈਲ ਸਿੰਘ ਪਨਾਮ.. ਗੁਰਦੇਵ ਸਿੰਘ ਗਿੱਲ.. ਸਿਰਕੱਢਵੇਂ ਨਾਂ ਹਨ.. ਦੋਨੋਂ ਅਰਜੁਨ ਐਵਾਰਡੀ!..ਤੇ ਕੱਲ੍ਹ ਦੇ ਸ਼ੋਅ ਵੇਲੇ ਸਰਦਾਰ ਗੁਰਦੇਵ ਸਿੰਘ ਗਿੱਲ ਸਾਹਮਣੇ ਬੈਠੇ ਮੇਰੀਆਂ ਕਿੱਕਾਂ ਦੇਖ ਰਹੇ ਸਨ..ਮੰਚ ਤੋਂ ਨਾਟਕਕਾਰ ਦੇ ਸਾਹਮਣੇ ਸੱਤਾ ਦੀ ਕੁਰਸੀ ਬੁੜ੍ਹਕਦੀ ਦੇਖ ਰਹੇ ਸੀ…ਨਾਟਕ ਤੋਂ ਬਾਅਦ ਜਦੋਂ ਮਿਲੇ, ਗਿੱਲ ਸਾਹਿਬ ਦੇ ਮੂੰਹੋਂ ਤਾਰੀਫ਼ ਮੁੱਕ ਨਹੀਂ ਰਹੀ ਸੀ.. ਚਰਚਾ ਵਿੱਚ ਸਰਦਾਰ ਜਰਨੈਲ ਸਿੰਘ ਦਾ ਜ਼ਿਕਰ ਵੀ ਹੋਇਆ.. ਰਾਮ ਕਿਸ਼ਨ ਬਿੱਲਾ ਦਾ ਵੀ.. ਤੇ ਹੋਰ ਵੀ ਬਹੁਤ ਸਾਰੇ ਖਿਡਾਰੀਆਂ ਦਾ..ਮੈਂ ਅੰਦਰੋ ਅੰਦਰੀ ਸਵਾਦੋ ਸਵਾਦ ਹੋ ਰਿਹਾ ਸੀ, ਕਿਉਂਕਿ ਅਸੀਂ ਵੀ ਨਾਟਕ ਕਰਦੇ ਨਹੀਂ, ਖੇਡਦੇ ਹਾਂ!
ਕੱਲ੍ਹ ਦਾ ਸ਼ੋਅ ਤਾਂ ਕਮਾਲ ਦਾ ਹੋਇਆ ਹੀ.. ਬਹੁਤ ਹੀ ਬੱਝਵਾਂ ..ਟਿਕਾਅ ਵਾਲੀ ਪੇਸ਼ਕਾਰੀ ..ਪਰ ਹੋਰ ਵੀ ਬਹੁਤ ਕੁਝ ਕਮਾਲ ਦਾ ਸੀ .. ਦਰਸ਼ਕਾਂ ਵੱਲੋਂ ਦਾਦ ਇੰਨੀ ਜ਼ਿਆਦਾ, ਕਿ ਵਾਰ ਵਾਰ ਰੰਗਮੰਚੀ ਠਹਿਰਾਅ ਦੀ ਲੋੜ ਪੈਂਦੀ..ਹਾਲ ਵਿੱਚ ਪਹੁੰਚਦਿਆਂ ਹੀ ਪ੍ਰੋਫ਼ੈਸਰ ਸੇਖੋਂ ਵੱਲੋਂ ਖੂਬਸੂਰਤ ਲਫ਼ਜ਼ਾਂ ਵਿੱਚ ਸਵਾਗਤ ..ਤਲਵਿੰਦਰ ਸਿੰਘ ਹੀਰ ਤੇ ਉਨ੍ਹਾਂ ਦੇ ਦੋਸਤਾਂ ਵੱਲੋਂ ਪ੍ਰਬੰਧ ਦੀ ਨੱਠ ਭੱਜ..ਖਿੜੇ ਹੋਏ ਮੁਸਕਰਾਉਂਦੇ ਚਿਹਰੇ..ਬਾ
ਈ ਅਮੋਲਕ ਵੱਲੋਂ ਭਾਵਪੂਰਤ ਸ਼ਬਦਾਂ ਵਿੱਚ ਨਾਟਕ ਤੋਂ ਪਹਿਲਾਂ ਦੀ ਭੂਮਿਕਾ..ਸਮਾਪਤੀ ‘ਤੇ ਦਰਸ਼ਕਾਂ ਵੱਲੋਂ ਖੜ੍ਹੇ ਹੋ ਕੇ ਜ਼ੋਰਦਾਰ ਤਾੜੀਆਂ..ਪ੍ਰਿੰਸੀਪਲ ਡਾ ਜਸਪਾਲ ਸਿੰਘ ਵੱਲੋਂ ਸਨਮਾਨ ਤੇ ਬਹੁਤ ਪਿਆਰੀ ਮੇਜ਼ਬਾਨੀ..ਕੈਨੇਡਾ ਦੇ ਮੈਂਬਰ ਪਾਰਲੀਮੈਂਟ ਸੱਜਣ ਸਿੰਘ ਦੇ ਪਿਤਾ ਜੀ ਵੱਲੋਂ ਪਿਆਰੀ ਅਸੀਸ..ਕਹਾਣੀਕਾਰਾ ਤ੍ਰਿਪਤਾ ਕੇ ਸਿੰਘ ਨਾਲ ਖੂਬਸੂਰਤ ਮਿਲਣੀ ..ਸੰਧੂ ਵਰਿਆਣਵੀ ਦੀ ਘੁੱਟਵੀਂ ਜੱਫੀ..ਤੇ ਲਗਪਗ ਅੱਧਾ ਘੰਟਾ ਭੈਣਾਂ ਭਰਾਵਾਂ ਵੱਲੋਂ ਲਗਾਤਾਰ ਖਿੱਚੀਆਂ ਜਾ ਰਹੀਆਂ ਤਸਵੀਰਾਂ ਦੇ ਵਿਚ ਵਿਚਾਲੇ ਪ੍ਰਬੰਧਕਾਂ ਵੱਲੋਂ ਲਗਪਗ ਮੇਰੀ ਬਾਂਹ ਫੜ ਕੇ ਖਿੱਚ ਕੇ ਰਾਤ ਦੇ ਖਾਣੇ ਲਈ ਲੈ ਕੇ ਜਾਣਾ…ਸਭ ਕੁਝ ਇਕ ਪਿਆਰੇ ਸੁਪਨੇ ਵਰਗਾ ਸੀ!
ਤੇ ਇਸ ਸਭ ਕੁਝ ਦਾ ਸਿਖਰ ਅੱਜ ਸ਼ਾਮ ਨੂੰ ਹੋਇਆ, ਜਦੋਂ ਪ੍ਰਸਿੱਧ ਗੀਤਕਾਰ ਗੁਰਮਿੰਦਰ ਕੈਂਡੋਵਾਲ ਦਾ ਫੋਨ ਆਇਆ ..ਉਸ ਦੇ ਸ਼ਬਦ ਸਨ ,” ਜੇ ਕਮਾਲ ਤੋਂ ਉੱਪਰ ਵੀ ਕੁਝ ਹੁੰਦਾ, ਤਾਂ ਉਹ ਕੱਲ੍ਹ ਮਾਹਿਲਪੁਰ ਵਿੱਚ ਹੋਇਆ..ਪੂਰੇ ਮਾਹਿਲਪੁਰ ਵਿਚ ਨਾਟਕ ਦੀ ਚਰਚਾ ਚੱਲ ਰਹੀ ਹੈ.. ਤੇ ਛੇਤੀ ਹੀ ਅਸੀਂ ਵੱਡੇ ਪੱਧਰ ‘ਤੇ ਇਕ ਪੇਸ਼ਕਾਰੀ ਲਈ ਤੁਹਾਨੂੰ ਦੁਬਾਰਾ ਸੱਦਣ ਦੀਆਂ ਤਿਆਰੀਆਂ ਆਰੰਭ ਕਰ ਦਿੱਤੀਆਂ ਹਨ!”…ਗੁਰਮਿੰਦਰ ਕੈਂਡੋਵਾਲ ਨੇ ਹੋਰ ਵੀ ਬਹੁਤ ਕੁਝ ਕਿਹਾ.. ਨਾਟਕ ਦੀਆਂ ਨਿੱਕੀਆਂ ਨਿੱਕੀਆਂ ਛੋਹਾਂ ਨੂੰ ਬਿਆਨ ਕੀਤਾ..
ਮਾਹਿਲਪੁਰ ਦੇ ਲਾਗੇ ਦੇ ਕਿੰਨੇ ਦੋਸਤਾਂ ਦੇ ਸਵੇਰ ਤੋਂ ਇਸ ਤਰ੍ਹਾਂ ਦੇ ਫੋਨ ਆਏ ਹਨ ਕਿ ਅਸੀਂ ਵੀ ਆਪਣੇ ਪਿੰਡ ਵਿੱਚ ਇਹ ਨਾਟਕ ਕਰਵਾਉਣਾ ਚਾਹੁੰਦੇ ਹਾਂ .. ਚਰਚਾ ਛਿੜ ਪਈ ਹੈ.. ਦੂਰ ਤੱਕ ਜਾਵੇਗੀ ..ਫੁਟਬਾਲਰਾਂ ਦੇ ਦੇਸ਼ ਵਿਚ ਕੱਲ੍ਹ ਵਧੀਆ ਗੋਲ ਹੋਇਆ ..ਇਹ ਖੇਡ ਜਾਰੀ ਰਹੇਗੀ !
ਰੰਗਮੰਚ ਦਾ ਖਿਡਾਰੀ
ਸਾਹਿਬ ਸਿੰਘ
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly