
(ਸਮਾਜ ਵੀਕਲੀ) ਸਭ ਲਈ ਇਹ ਰਾਹਤ ਦੀ ਖ਼ਬਰ ਹੈ ਕਿ ਡੈਮਾਂ ਦੇ ਪਾਣੀ ਦੇ ਪੱਧਰ ਘਟਣੇ ਸ਼ੁਰੂ ਹੋ ਗਏ ਹਨ, ਦਰਿਆਵਾਂ ਦੇ ਪਾਣੀਆਂ ਦਾ ਵਿਕਰਾਲ ਰੂਪ ਸ਼ਾਂਤ ਹੋ ਰਿਹਾ ਹੈ । ਪਾਣੀ ਚਾਹੇ ਵਾਪਸ ਚਲਾ ਗਿਆ ਹੈ, ਪਰ ਪਾਣੀ ਦੀ ਮਾਰ ਝੱਲਣ ਵਾਲੇ ਪਿੰਡਾਂ ਦਾ ਦ੍ਰਿਸ਼ ਹੁਣ ਬਹੁਤ ਦੁਖਦਾਈ ਅਤੇ ਭਿਆਨਕ ਹੈ। ਹੜ੍ਹ ਪੀੜਤਾਂ ਲਈ ਹੜ੍ਹਾਂ ਤੋਂ ਬਾਅਦ ਗੰਭੀਰ ਸਮੱਸਿਆਵਾਂ ਦਾ ਦੌਰ ਸ਼ੁਰੂ ਹੋ ਰਿਹਾ ਹੈ। ਅਸਲੀ ਮਦਦ ਦੀ ਲੋੜ ਤਾਂ ਹੁਣ ਪੈਣੀ ਹੈ। ਸਭ ਕੁਝ ਤਬਾਹ ਕਰ ਚੁੱਕੇ ਲੋਕਾਂ ਦੇ ਮੁੜ ਵਸੇਬੇ ਲਈ ਸਾਰੀਆਂ ਸਮਾਜ ਸੇਵੀ ਜਥੇਬੰਦੀਆਂ ਨੂੰ ਹੁਣ ਧਿਆਨ ਦੇਣ ਦੀ ਲੋੜ ਹੈ।ਹੜ੍ਹਾਂ ਦੀ ਮਾਰ ਹੇਠ ਆਏ ਲੋਕ ਪਾਣੀ ਸੁੱਕਣ ਦੇ ਬਾਵਜੂਦ ਵੀ ਆਪਣੇ ਘਰਾਂ ਵਿੱਚ ਨਹੀਂ ਰਹਿ ਸਕਦੇ ਕਿਉਂਕਿ ਘਰਾਂ ਵਿੱਚ ਵਿਹੜੇ ਅਤੇ ਫਰਸ਼ ਮੋਟੀ ਗਾਰ ਨਾਲ ਭਰੇ ਹੋਏ ਹਨ , ਘਰਾਂ ਦੇ ਸੋਫ਼ੇ,ਬੈੱਡ ਅਲਮਾਰੀਆਂ ਤੇ ਉਹਨਾਂ ਵਿੱਚ ਪਏ ਬਿਸਤਰੇ ਤੇ ਹੋਰ ਕੱਪੜਾ ਲੀੜਾ,ਟੀਵੀ ਫਰਿੱਜਾਂ ਅਤੇ ਘਰਾਂ ਵਿਚਲੀਆਂ ਅਨੇਕਾਂ ਕੀਮਤੀ ਵਸਤਾਂ ਜਾਂ ਤਾਂ ਗਾਰ ਨਾਲ ਗਲ਼ ਰਹੀਆਂ ਹਨ ਜਾਂ ਫਿਰ ਪਾਣੀ ਦੇ ਤੇਜ਼ ਬਹਾਅ ਵਿੱਚ ਰੁੜ੍ਹ ਗਏ ਹਨ। ਡੰਗਰ ਪਸ਼ੂ ਜਾਂ ਤਾਂ ਹੜ੍ਹਾਂ ਵਿੱਚ ਰੁੜ੍ਹ ਗਏ ਹਨ ਜਾਂ ਮਰ ਗਏ ਹਨ, ਜਿਹੜੇ ਬਚੇ ਹਨ ਉਹ ਬੀਮਾਰੀਆਂ ਅਤੇ ਭੁੱਖਮਰੀ ਦਾ ਸ਼ਿਕਾਰ ਹੋ ਰਹੇ ਹਨ। ਘਰਾਂ ਵਿੱਚ ਕਈ ਤਰ੍ਹਾਂ ਦੇ ਜ਼ਹਿਰੀਲੇ ਕੀੜੇ ਘੁੰਮ ਰਹੇ ਹਨ। ਘਰਾਂ ਦੀਆਂ ਨੀਹਾਂ ਖੋਖਲੀਆਂ ਹੋ ਗਈਆਂ ਹਨ, ਦੀਵਾਰਾਂ ਵਿੱਚ ਮੋਟੀਆਂ ਤਰੇੜਾਂ ਪੈ ਰਹੀਆਂ ਹਨ।ਹੁਣ ਵੀ ਬਹੁਤ ਸਾਰੇ ਲੋਕ ਆਪਣੇ ਘਰਾਂ ਦੀਆਂ ਛੱਤਾਂ ‘ਤੇ ਜਾਂ ਰਾਹਤ ਕੈਂਪਾਂ ਦੇ ਤੰਬੂਆਂ ਵਿੱਚ ਰਹਿਣ ਲਈ ਮਜਬੂਰ ਹਨ।
ਪੰਜਾਬ ਵਿੱਚ ਤਕਰੀਬਨ ਸਾਢੇ ਚਾਰ ਲੱਖ ਏਕੜ ਜ਼ਮੀਨ ਹੜ੍ਹਾਂ ਦੀ ਮਾਰ ਹੇਠ ਆਈ ਹੈ। ਹੜ੍ਹਾਂ ਦੀ ਸਭ ਤੋਂ ਵੱਡੀ ਮਾਰ ਕਿਸਾਨਾਂ ਨੂੰ ਪਈ ਹੈ। ਖੜ੍ਹੀਆਂ ਫਸਲਾਂ ਜਾਂ ਵੱਢਣ ਕਿਨਾਰੇ ਪਈਆਂ ਫ਼ਸਲਾਂ ਪੂਰੀ ਤਰ੍ਹਾਂ ਡੁੱਬ ਗਈਆਂ ਹਨ। ਇਸ ਸਮੇਂ ਜਿੱਥੇ ਕਿਸਾਨਾਂ ਦਾ ਵੱਡੇ ਪੱਧਰ ਤੇ ਆਰਥਿਕ ਨੁਕਸਾਨ ਹੋਇਆ ਹੈ ਉੱਥੇ ਹੀ ਉਹਨਾਂ ਦਾ ਆਉਣ ਵਾਲਾ ਭਵਿੱਖ ਵੀ ਚਿੰਤਾ ਵਿੱਚ ਹੈ। ਹੁਣ ਉਨ੍ਹਾਂ ਨੂੰ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ। ਮਾਹਿਰਾਂ ਅਨੁਸਾਰ ਹੜ੍ਹਾਂ ਕਾਰਨ ਖੇਤਾਂ ਵਿੱਚ ਆਈ ਗਾਰ ਅਤੇ ਰੇਤੇ ਦੇ ਮਿਸ਼ਰਣ ਦੀ ਮੋਟੀ ਪਰਤ ਵਿੱਚ ਨਵੀਂ ਫ਼ਸਲ ਬੀਜੀ ਨਹੀਂ ਜਾ ਸਕਦੀ ਤੇ ਜੇ ਨਵੀਂ ਫ਼ਸਲ ਬੀਜ ਵੀ ਦਿੱਤੀ ਜਾਵੇ ਤਾਂ ਉਸ ਵਿੱਚ ਉੱਗਦੀ ਨਹੀਂ। ਖੇਤਾਂ ਵਿੱਚੋਂ ਗਾਰ ਦੀ ਮੋਟੀ ਪਰਤ ਕੱਢਣਾ ਵੀ ਇੱਕ ਵੱਡੀ ਚੁਣੌਤੀ ਹੈ। ਹੜ੍ਹਾਂ ਵਿੱਚ ਜਿੱਥੇ ਡੁੱਬਦੀਆਂ ਫ਼ਸਲਾਂ ਨੂੰ ਦੇਖ਼ ਕੇ ਕਿਸਾਨ ਬੇਬਸ ਸੀ ਹੁਣ ਖੇਤਾਂ ਨੂੰ ਫਿਰ ਤੋਂ ਵਾਹੀਯੋਗ ਬਣਾਉਣ ਲਈ ਵੀ ਬੇਬਸ ਜਾਪਦਾ ਹੈ। ਆਪਣੀਆਂ ਫਸਲਾਂ ਦੇ ਵਿਨਾਸ਼ ਤੋਂ ਬਾਅਦ ਆਉਣ ਵਾਲੇ ਸਮੇਂ ਵਿੱਚ ਉਹ ਆਪਣੀਆਂ ਵਿੱਤੀ ਜ਼ਰੂਰਤਾਂ ਕਿਵੇਂ ਪੂਰੀਆਂ ਕਰਨਗੇ ਇਹ ਵੀ ਉਹਨਾਂ ਲਈ ਇੱਕ ਵੱਡੀ ਚੁਣੌਤੀ ਹੈ।
ਹੜ੍ਹਾਂ ਦੀ ਮਾਰ ਝੱਲਣ ਵਾਲੇ ਪਿੰਡਾਂ, ਕਸਬਿਆਂ ਅਤੇ ਸ਼ਹਿਰਾਂ ਦੇ ਮਜ਼ਦੂਰਾਂ ਅਤੇ ਦੁਕਾਨਦਾਰਾਂ ਦੀ ਵੀ ਬਹੁਤ ਮਾੜੀ ਹਾਲਤ ਹੈ। ਮਜ਼ਦੂਰਾਂ ਦੇ ਘਰ ਢਹਿ ਗਏ ਹਨ, ਦੁਕਾਨਦਾਰਾਂ ਦੀਆਂ ਦੁਕਾਨਾਂ ਤਬਾਹ ਹੋ ਗਈਆਂ ਹਨ, ਦੁਕਾਨਾਂ ਵਿੱਚ ਪਿਆ ਕੀਮਤੀ ਸਾਮਾਨ ਵੀ ਹੜ੍ਹ ਦੇ ਪਾਣੀ ਵਿੱਚ ਖ਼ਰਾਬ ਹੋ ਗਿਆ ਹੈ। ਦੁਕਾਨਦਾਰ ਵੀ ਇਸ ਗੱਲ ਤੋਂ ਚਿੰਤਤ ਹਨ ਕਿ ਉਹ ਆਪਣੇ ਕਾਰੋਬਾਰ ਨੂੰ ਕਿਵੇਂ ਮੁੜ ਸੁਰਜੀਤ ਕਰਨਗੇ ਅਤੇ ਉਨ੍ਹਾਂ ਦੀ ਜ਼ਿੰਦਗੀ ਕਿਵੇਂ ਲੀਹ ‘ਤੇ ਆਵੇਗੀ।ਇਸ ਸਮੇਂ ਹੜ੍ਹ ਪ੍ਰਭਾਵਿਤ ਲੋਕਾਂ ਨੂੰ ਪਾਣੀ ਅਤੇ ਭੋਜਨ ਦੀ ਬਹੁਤ ਜ਼ਰੂਰਤ ਦੇ ਨਾਲ ਨਾਲ ਉਹਨਾਂ ਦੇ ਡੰਗਰ ਪਸ਼ੂਆਂ ਲਈ ਚਾਰੇ ਅਤੇ ਦਵਾਈਆਂ ਦੀ ਵੱਡੀ ਮਾਤਰਾ ਵਿੱਚ ਲੋੜ ਹੈ। ਹੁਣ ਆਉਣ ਵਾਲੇ ਸਮੇਂ ‘ਤੇ, ਵੱਖ-ਵੱਖ ਸਮਾਜ ਸੇਵੀ ਜਥੇਬੰਦੀਆਂ ਅਤੇ ਪ੍ਰਸ਼ਾਸਨ ਵੱਲੋਂ ਉਹਨਾਂ ਦੀ ਵਿੱਤੀ ਸਹਾਇਤਾ ਦੇ ਨਾਲ ਉਨ੍ਹਾਂ ਦੇ ਪੁਨਰਵਾਸ ਲਈ ਹੋਰ ਬਹੁਤ ਸਾਰੀਆਂ ਸਹੂਲਤਾਂ ਅਤੇ ਵਸਤੂਆਂ ਦੀ ਸਹਾਇਤਾ ਕਰਨ ਦੀ ਲੋੜ ਹੈ। ਜਿਵੇਂ ਅਗਾਂਹ ਸਰਦੀਆਂ ਆ ਰਹੀਆਂ ਹਨ, ਉਨ੍ਹਾਂ ਕੋਲ ਪਹਿਨਣ ਲਈ ਕੱਪੜੇ ਨਹੀਂ ਹਨ,ਰਜਾਈਆਂ,ਗੱਦੇ ਹੜ੍ਹਾਂ ਦੇ ਪਾਣੀ ਨਾਲ ਗਲ਼ ਗਏ ਹਨ, ਭਾਂਡੇ ਟੀਂਡੇ ਰੁੜ੍ਹ ਗਏ ਹਨ। ਆਮ ਹਸਦੇ ਵਸਦੇ ਘਰਾਂ ਵਿੱਚ ਇੱਕ ਦੋ ਵਸਤਾਂ ਖਰੀਦਣੀਆਂ ਜਾਂ ਖ਼ਰਾਬ ਹੋਣ ਤੇ ਠੀਕ ਕਰਵਾਉਣੀਆਂ ਮੁਸ਼ਕਿਲ ਹੋ ਜਾਂਦੀਆਂ ਹਨ ਪਰ ਇੱਥੇ ਤਾਂ ਹੜ੍ਹਾਂ ਦਾ ਪਾਣੀ ਭਰੇ ਭਰਾਏ ਘਰ ਰੁੜ੍ਹਾ ਕੇ ਲੈ ਗਿਆ ਹੈ। ਪੱਕੇ ਘਰਾਂ ਦੇ ਕਈ ਹਿੱਸੇ ਢਹਿ ਗਏ ਹਨ ,ਕੱਚੇ ਘਰ ਬਿਲਕੁਲ ਤਬਾਹ ਹੋ ਗਏ ਹਨ। ਤਕਰੀਬਨ ਦੋ ਹਜ਼ਾਰ ਪਿੰਡਾਂ ਦੇ ਚਾਰ ਲੱਖ ਤੋਂ ਵੀ ਵੱਧ ਲੋਕਾਂ ਦਾ ਕਿਵੇਂ ਮੁੜ ਵਸੇਬਾ ਕੀਤਾ ਜਾਵੇ, ਸਰਕਾਰਾਂ ਨੂੰ ਇਸ ਵੱਲ ਵਿਸ਼ੇਸ਼ ਧਿਆਨ ਦੀ ਲੋੜ ਹੈ ।
ਹੜ੍ਹਾਂ ਤੋਂ ਬਾਅਦ ਪ੍ਰਭਾਵਿਤ ਲੋਕਾਂ ਨੂੰ ਕੁੱਲੀ ਗੁੱਲੀ ਅਤੇ ਜੁੱਲੀ ਦੀਆਂ ਜ਼ਰੂਰਤਾਂ ਦੇ ਨਾਲ ਨਾਲ ਹੋਰ ਅਨੇਕਾਂ ਪ੍ਰਸਥਿਤੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਅਣ-ਗਿਣਤ ਮੁਸ਼ਕਲਾਂ ਵਿਚਕਾਰ ਇੱਕ ਵੱਡੀ ਚਿੰਤਾ ਬਿਮਾਰੀਆਂ ਅਤੇ ਸਿਹਤ ਨੂੰ ਲੈ ਕੇ ਵੀ ਬਣੀ ਹੋਈ ਹੈ।ਬਰਸਾਤ ਦੇ ਮੌਸਮ ‘ਚ ਬਿਮਾਰੀਆਂ ਦਾ ਖ਼ਤਰਾ ਤਾਂ ਹਮੇਸ਼ਾ ਹੀ ਬਣਿਆ ਰਹਿੰਦਾ ਹੈ ਪਰ ਹੜ੍ਹਾਂ ਦੀ ਸਥਿਤੀ ਵਿੱਚ ਇਹ ਖਤਰਾ ਹੋਰ ਵਧ ਜਾਂਦਾ ਹੈ।ਹੜ੍ਹਾਂ ਦੌਰਾਨ ਕਿਹੜੀਆਂ-ਕਿਹੜੀਆਂ ਬਿਮਾਰੀਆਂ ਦਾ ਖ਼ਤਰਾ ਹੁੰਦਾ ਹੈ,ਉਹ ਬਿਮਾਰੀਆਂ ਜੋ ਦੂਸ਼ਿਤ ਪਾਣੀ ਕਾਰਨ ਹੁੰਦੀਆਂ ਹਨ, ਜਿਵੇਂ ਕਿ – ਹੈਜ਼ਾ, ਟਾਈਫਾਈਡ, ਪੀਲੀਆ, ਮਲੇਰੀਆ ਡੇਂਗੂ ਲੈਪਟੋਸਪਾਇਰੋਸਿਸ ਆਦਿ। ਇਨ੍ਹਾਂ ਬਿਮਾਰੀਆਂ ਤੋਂ ਇਲਾਵਾ ਹੜ੍ਹਾਂ ਦੁਆਰਾਂ ਸਾਹ ਅਤੇ ਚਮੜੀ ਸਬੰਧੀ ਬਿਮਾਰੀਆਂ ਦਾ ਖਤਰਾ ਵੀ ਬਹੁਤ ਜ਼ਿਆਦਾ ਰਹਿੰਦਾ ਹੈ। ਡੰਗਰ ਪਸ਼ੂਆਂ ਦੀਆਂ ਬਿਮਾਰੀਆਂ ਵੀ ਇੱਕ ਚੁਣੌਤੀ ਹੁੰਦੀ ਹੈ। ਪਹਿਲਾਂ ਹੀ ਹਰੇਕ ਪਿੰਡ ਵਿੱਚ ਕੈਂਪ ਲਗਾ ਕੇ ਕਾਫੀ ਮਾਤਰਾ ਵਿੱਚ ਦਵਾਈਆਂ ਮੁਹਈਆ ਕਰਵਾਈਆਂ ਜਾਣੀਆਂ ਚਾਹੀਦੀਆਂ ਹਨ। ਬੀਮਾਰੀਆਂ ਤੋਂ ਬਚਣ ਲਈ ਪੀਣ ਲਈ ਸਾਫ਼ ਪਾਣੀ ਮੁਹਈਆ ਕਰਵਾਉਣਾ, ਮੱਛਰਦਾਨੀਆਂ, ਮੱਛਰ ਰੋਧੀ ਕ੍ਰੀਮ ,ਸੈਨੇਟਰੀ ਨੈਪਕਿਨ, ਡਾਇਪਰ ਆਦਿ ਵੀ ਵੱਡੀਆਂ ਜ਼ਰੂਰਤਾਂ ਹਨ। ਸਾਡੇ ਪੰਜਾਬ ਦੇ ਲੋਕਾਂ ਨੇ ਜਿਵੇਂ ਹੁਣ ਤੱਕ ਆਪਣਿਆਂ ਦੀ ਮਦਦ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਇਸੇ ਤਰ੍ਹਾਂ ਉਹਨਾਂ ਦੇ ਮੁੜ ਵਸੇਬੇ ਤੱਕ ਆਪਣੇ ਹੱਥ ਵਧਾਉਂਦੇ ਰਹਿਣਾ ਚਾਹੀਦਾ ਹੈ। ਇਹ ਨਾ ਸੋਚਣਾ ਕਿ ਹੜ੍ਹ ਮੁੱਕ ਗਏ ਹਨ ਤੇ ਮੁਸੀਬਤ ਵੀ ਟਲ਼ ਗਈ ਹੈ। ਅੱਗੇ ਬਹੁਤ ਵੱਡੀਆਂ ਚੁਣੌਤੀਆਂ ਖੜ੍ਹੀਆਂ ਹਨ।
ਇੱਕ ਗੱਲ ਬਹੁਤ ਦੁੱਖ ਦੇਣ ਵਾਲੀ ਵੀ ਸਾਹਮਣੇ ਆਈ ਹੈ ਕਿ ਕੁਝ ਬੇਗੈਰਤ ਲੋਕ ਜੋ ਹੜ੍ਹ ਪੀੜਤ ਨਹੀਂ ਹਨ ਉਹ ਅੰਨ੍ਹਾ ਧੁੰਦ ਰਾਸ਼ਨ, ਪਸ਼ੂਆਂ ਦਾ ਚਾਰਾ ,ਫੀਡ ਜਾਂ ਹੋਰ ਅਨੇਕਾਂ ਵਸਤਾਂ ਜਮ੍ਹਾਂ ਕਰਨ ਵਿੱਚ ਲੱਗੇ ਹੋਏ ਹਨ ਤੇ ਉਹਨਾਂ ਨੂੰ ਵੇਚ ਕੇ ਆ ਰਹੇ ਹਨ। ਕਈ ਲੋਕਾਂ ਨੇ ਤਾਂ ਕੋਠਿਆਂ ਦੇ ਕੋਠੇ ਭਰ ਕੇ ਰੱਖ ਲਏ ਹਨ ਤੇ ਕਈ ਮੰਗਤੇ ਹੜ੍ਹ ਪੀੜਤ ਬਣ ਕੇ ਮੰਗਦੇ ਫਿਰਦੇ ਹਨ। ਕੱਲ੍ਹ ਹੀ ਮੇਰੇ ਘਰ ਦੀ ਘੰਟੀ ਵੱਜੀ ਤਾਂ ਇੱਕ ਚਿੱਟੇ ਦਾੜ੍ਹੇ ਵਾਲਾ ਬਜ਼ੁਰਗ ਦਰਵਾਜ਼ੇ ਤੇ ਖੜ੍ਹਾ ਸੀ ਤੇ ਕਹਿ ਰਿਹਾ ਸੀ ਕਿ ਉਸ ਦੇ ਘਰ ਦੀ ਛੱਤ ਡਿੱਗ ਗਈ ਹੈ,ਪੰਜ ਸੱਤ ਹਜਾਰ ਰੁਪਏ ਦੀ ਮਦਦ ਕਰ ਦਿਓ। ਅਜਿਹੇ ਲੋਕਾਂ ਤੋਂ ਸਾਨੂੰ ਅਤੇ ਸਮਾਜ ਸੇਵੀ ਲੋਕਾਂ ਨੂੰ ਸਾਵਧਾਨ ਰਹਿਣ ਦੀ ਜ਼ਰੂਰਤ ਹੈ। ਜਿਹੜੇ ਫਰਜ਼ੀ ਜਥੇਬੰਦੀਆਂ ਬਣਾ ਕੇ ਦਾਨ ਮੰਗ ਰਹੇ ਹਨ ਉਨ੍ਹਾਂ ਤੋਂ ਵੀ ਸੁਚੇਤ ਰਹਿਣ ਦੀ ਲੋੜ ਹੈ। ਅਜਿਹੇ ਲੋਕਾਂ ਨੂੰ ਲਾਹਣਤ ਹੈ ਜੋ ਇਸ ਔਖੀ ਘੜੀ ਵਿੱਚ ਸਾਥ ਦੇਣ ਦੀ ਬਜਾਏ ਲੁੱਟ ਮਚਾ ਰਹੇ ਹਨ। ਸਾਰੇ ਸੁਚੇਤ ਰਹੋ ਤੇ ਆਪਣੀ ਮਿਹਨਤ ਦੀ ਕਮਾਈ ਨੂੰ ਕਿਸੇ ਦੇ ਮੁੜ ਵਸੇਬੇ ਲਈ ਸਿੱਧੇ ਤੌਰ ਤੇ ਜਾ ਕੇ ਅਰਥ ਲਗਾਓ ਕਿਉਂ ਕਿ ਪੰਜਾਬੀ ਅਣਖੀ ਸੁਭਾਅ ਦੀ ਕੌਮ ਹੈ ਉਹ ਕਦੇ ਕਿਸੇ ਦੇ ਦਰ ਤੇ ਜਾ ਕੇ ਮਦਦ ਦੀ ਭੀਖ ਨਹੀਂ ਮੰਗ ਸਕਦੇ।
ਬਰਜਿੰਦਰ ਕੌਰ ਬਿਸਰਾਓ
9988901324



