
(ਸਮਾਜ ਵੀਕਲੀ) ਪਿੰਡ ਦੇ ਛੋਟੇ ਜਿਹੇ ਘਰ ਵਿੱਚ ਰਹਿੰਦੀ ਸਿਮਰਨ ਦੀਆਂ ਅੱਖਾਂ ਵਿਚ ਸੁਪਨਿਆਂ ਦਾ ਇੱਕ ਵੱਡਾ ਆਸਮਾਨ ਸੀ। ਮਾਪੇ ਕਿਸੇ ਸਾਹੂਕਾਰ ਦੇ ਖੇਤਾਂ ‘ਚ ਮਜ਼ਦੂਰੀ ਕਰਦੇ ਸਨ ਅਤੇ ਘਰ ਦਾ ਖਰਚਾ ਕਦੇ ਪੂਰਾ, ਕਦੇ ਅਧੂਰਾ ਰਹਿੰਦਾ। ਪਰ ਸਿਮਰਨ ਦੇ ਸੁਪਨਿਆਂ ‘ਚ ਕੋਈ ਕਮੀ ਨਹੀਂ ਸੀ। ਅਕਸਰ ਖੇਤਾਂ ਵਿਚ ਮਾਂ-ਪਿਉ ਦੇ ਨਾਲ ਜਾਂਦਿਆਂ ਉਹ ਆਸਮਾਨ ਵੱਲ ਤੱਕਦੀ ਰਹਿੰਦੀ “ਕੀ ਮੇਰਾ ਆਸਮਾਨ ਵੀ ਇੰਨਾ ਹੀ ਛੋਟਾ ਹੈ ਜਿੰਨੀਆਂ ਇਹ ਖੇਤਾਂ ਦੀਆਂ ਹੱਦਾਂ?” ਪਰ ਉਸਦੇ ਦਿਲ ਵਿੱਚ ਕਿਤੇ ਇੱਕ ਚਿੰਗਾਰੀ ਜਗਦੀ ਰਹਿੰਦੀ “ਨਹੀਂ, ਮੇਰਾ ਆਸਮਾਨ ਤਾਂ ਇਸ ਤੋਂ ਕਈ ਗੁਣਾਂ ਵੱਡਾ ਹੈ।” ਸਕੂਲ ਤੋਂ ਛੁੱਟੀ ਹੋਣ ‘ਤੇ ਸਿਮਰਨ ਹਰ ਰੋਜ਼ ਨਵੇਂ ਸਬਕ, ਨਵੇਂ ਵਿਚਾਰ ਲਿਆਉਂਦੀ। ਪਿੰਡ ਦੇ ਲੋਕ ਅਕਸਰ ਮਾਪਿਆ ਨੂੰ ਆਖਦੇ “ਕੁੜੀਆਂ ਇੰਨਾ ਨਹੀਂ ਪੜ੍ਹਦੀਆਂ।” ਪਰ ਸਿਮਰਨ ਲੋਕਾਂ ਦੇ ਇਹ ਬੋਲ ਸੁਣ ਕੇ ਵੀ ਆਪਣੇ ਮਨ ਦੇ ਦੀਪਕ ਨੂੰ ਕਦੇ ਬੁਝਣ ਨਹੀਂ ਦਿੰਦੀ। ਉਹ ਹੋਰ ਮਿਹਨਤ ਕਰਦੀ ਅਤੇ ਹੋਰ ਉੱਚੇ ਸੁਪਨੇ ਬੁਣਦੀ। ਬਾਹਰਵੀਂ ਜਮਾਤ ਦੇ ਪੇਪਰ ਨੇੜੇ ਆਏ ਤਾਂ ਉਸਨੇ ਦਿਨ-ਰਾਤ ਮਿਹਨਤ ਕਰ ਕੇ ਆਪਣੀ ਪੜ੍ਹਾਈ ‘ਚ ਸਖ਼ਤ ਜੀਅ-ਜਾਨ ਲਾਈ। ਇੱਕ-ਇੱਕ ਪੰਨਾ ਮਨ ਲਾ ਕੇ ਪੜ੍ਹਦੀ ਅਤੇ ਜਦੋਂ ਵੀ ਹਾਰ ਮਨਣ ਲੱਗਦੀ ਤਾਂ ਅੱਖਾਂ ਬੰਦ ਕਰਕੇ ਆਪਣੇ ਭਵਿੱਖਲੇ ਸਮੇਂ ਨੂੰ ਯਾਦ ਕਰਦੀ “ਜੇ ਮੈਂ ਰੁਕ ਗਈ ਤਾਂ ਸੁਪਨੇ ਅਧੂਰੇ ਰਹਿ ਜਾਣਗੇ।” ਨਤੀਜੇ ਵਾਲਾ ਦਿਨ ਸਾਰੇ ਪਿੰਡ ਲਈ ਕਿਸੇ ਤਿਉਹਾਰ ਨਾਲੋਂ ਘਟ ਨਾ ਰਹਿਆ ਜਦੋਂ ਸਿਮਰਨ ਜ਼ਿਲ੍ਹੇ ‘ਚੋਂ ਪਹਿਲੇ ਨੰਬਰ ਤੇ ਆਈ! ਪਿੰਡ ਦੇ ਹਰ ਘਰ ਵਿੱਚ ਚਰਚਾ ਉਸਦੇ ਨਾਮ ਦੀ ਸੀ। ਮਾਂ-ਪਿਉ ਦੀਆਂ ਅੱਖਾਂ ਗਰਵ ਨਾਲ ਚਮਕ ਰਹੀਆਂ ਸਨ। ਅਧਿਆਪਕਾਂ ਨੇ ਹੌਸਲਾ ਵਧਾਇਆ “ਸਿਮਰਨ, ਹੁਣ ਤੇਰੇ ਸੁਪਨੇ ਪਿੰਡ ਤੋਂ ਨਿਕਲ ਕੇ ਸ਼ਹਿਰ ਤੀਕ ਜਾਣਗੇ।” ਇਹ ਸੁਣ ਕੇ ਸਿਮਰਨ ਦੀਆਂ ਖੁਸ਼ੀਆਂ ਦੀ ਕੋਈ ਹੱਦ ਨਾ ਰਹੀ। ਉਸਦੇ ਮਾਪਿਆਂ ਨੇ ਵੀ ਫੈਸਲਾ ਕਰ ਲਿਆ ਕੀ ਅੱਗੇ ਦੀ ਪੜ੍ਹਾਈ ਲਈ ਉਸਨੂੰ ਹੁਣ ਸ਼ਹਿਰ ਭੇਜਿਆ ਜਾਏਗਾ। ਸ਼ਹਿਰ… ਇੱਕ ਨਵੀਂ ਦੁਨੀਆ ਅਤੇ ਅਜੀਬ ਬੋਲੀ, ਵੱਖਰਾ ਰਹਿਣ-ਸਹਿਣ, ਅਣਜਾਣ ਚਿਹਰੇ… ਪਰ ਸਿਮਰਨ ਡਰੀ ਨਹੀਂ। ਉਸਨੇ ਹਰ ਮੁਸ਼ਕਿਲ ਨੂੰ ਆਪਣੀ ਮੰਜ਼ਿਲ ਵੱਲ ਦਾ ਇੱਕ ਨਵਾਂ ਕਦਮ ਮੰਨਿਆ। ਉਹ ਪੜ੍ਹਦੀ ਰਹੀ, ਸਿੱਖਦੀ ਰਹੀ ਅਤੇ ਆਪਣੇ ਸੁਪਨੇ ਦੀ ਰਾਹ ‘ਚ ਇੱਕ-ਇੱਕ ਇੱਟ ਜੋੜਦੀ ਗਈ। ਸਾਲਾਂ ਦੀ ਮਿਹਨਤ ਨੇ ਫਲ ਦਿੱਤਾ। ਅੱਜ ਸਿਮਰਨ ਸ਼ਹਿਰ ਦੇ ਇੱਕ ਵੱਡੇ ਸਕੂਲ ਵਿੱਚ ਅਧਿਆਪਕਾ ਹੈ। ਪਰ ਸ਼ਹਿਰ ਵਿੱਚ ਰਹਿੰਦਿਆਂ ਵੀ ਉਸਦਾ ਦਿਲ ਪਿੰਡ ਦੀ ਮਿੱਟੀ ਨਾਲ ਜੁੜਿਆ ਰਿਹਾ। ਉਹ ਅਕਸਰ ਆਪਣੇ ਮਨ ਵਿੱਚ ਉਹੀ ਲਫ਼ਜ਼ਾ ਨੂੰ ਯਾਦ ਕਰਦੀ “ਸੁਪਨੇ ਕਦੇ ਛੋਟੇ ਨਹੀਂ ਹੁੰਦੇ, ਸਿਰਫ਼ ਉਹਨਾਂ ਨੂੰ ਵੇਖਣ ਵਾਲੀਆਂ ਅੱਖਾਂ ਦਾ ਹੋਸਲਾ ਵੱਡਾ ਹੋਣਾ ਚਾਹੀਦਾ ਹੈ।” ਜਦੋਂ ਉਹ ਕਈ ਸਾਲਾਂ ਬਾਅਦ ਆਪਣੇ ਪਿੰਡ ਦੀਆਂ ਗਲੀਆਂ ਵਿੱਚ ਵਾਪਸ ਆਈ ਤਾਂ ਹਰ ਬੱਚੇ ਦੀਆਂ ਅੱਖਾਂ ਵਿੱਚ ਉਸਨੇ ਉਹੀ ਚਮਕ ਵੇਖੀ ਜੋ ਕਦੇ ਉਸਦੀਆਂ ਅੱਖਾਂ ਵਿੱਚ ਸੀ। ਉਹ ਮੁਸਕਰਾਉਂਦੀ ਹੋਈ ਸੋਚਦੀ, “ਇਹ ਸਫ਼ਰ ਇਕੱਲਾ ਮੇਰਾ ਹੀ ਨਹੀਂ, ਇਹ ਤਾਂ ਹਰ ਉਸ ਬੱਚੇ ਦੀ ਉਡਾਨ ਹੈ ਜੋ ਸੁਪਨਾ ਵੇਖਣ ਦੀ ਹਿੰਮਤ ਰੱਖਦਾ ਹੈ।” ਸੱਚਮੁੱਚ, ਜਦੋਂ ਸੁਪਨੇ ਪਿੰਡ ਦੀਆਂ ਗਲੀਆਂ ਤੋਂ ਉੱਡ ਕੇ ਸ਼ਹਿਰਾਂ ਦੀਆਂ ਇਮਾਰਤਾਂ ਤੱਕ ਜਾ ਪਹੁੰਚਦੇ ਹਨ, ਤਾਂ ਇੱਕ ਵਿਅਕਤੀ ਹੀ ਨਹੀਂ… ਪੂਰਾ ਸਮਾਜ ਬਦਲ ਜਾਂਦਾ ਹੈ।
https://play.google.com/store/apps/details?id=in.yourhost.samajweekly



