ਕਿਤਾਬ ‘ਚੋਂ ਪਹਿਲੀ ਕਹਾਣੀ

(ਸਮਾਜ ਵੀਕਲੀ) 
“ਕੁੱਜੇ ’ਚ ਰੱਬ”
ਲਾਲੀ ਅੱਜ ਵੀ ਰੋਂਦਾ ਈ ਸਕੂਲ ਤੋਂ ਆਇਆ, ਆਉਂਦੇ ਨੇ ਬੈਗ ਲਾਹ ਕੇ ਰੱਖਿਆ ਤੇ ਮੰਜੇ ’ਤੇ ਟੇਡਾ ਹੋ ਗਿਆ। ਦਾਦੀ ਦੇ ਹੱਥ ’ਚ ਪਾਣੀ ਦਾ ਗਿਲਾਸ ਸੀ ਤੇ ਰੋਂਦਾ ਵੇਖ ਭੱਜੀ ਆਈ। ਲਾਲੀ ਦੇ ਕੋਲ ਬੈਠ ਸਿਰ ਗੋਦੀ ’ਚ ਰੱਖ ਲਿਆ। ਪਿਆਰ ਨਾਲ ਬੋਲੀ, “ਕੀ ਗੱਲ ਹੋਈ ਮੇਰੇ ਸੋਹਣੇ ਨੂੰ?”
“ਦਾਦੀ ਮੈਂ ਕੱਲ੍ਹ ਤੋਂ ਸਕੂਲ ਨਹੀਂ ਜਾਣਾ। ਲਾਡੀ ਤੇ ਹੋਰ ਕਲਾਸ ਦੇ ਮੁੰਡੇ ‘ਮਨਹੂਸ’ ਆਖਦੇ ਨੇ। ਦਾਦੀ ਤੁਹਾਨੂੰ ਪਹਿਲਾਂ ਵੀ ਦੱਸਿਆ ਸੀ, ਤੁਸੀਂ ਕਹਿੰਦੇ ਸੀ ਲਾਡੀ ਦੀ ਮੰਮੀ ਨੂੰ ਲਾਡੀ ਦੀ ਸ਼ਿਕਾਇਤ ਕਰੋਗੇ।”
“ਹਾਂ ਪੁੱਤ, ਕਰੂੰਗੀ।”
“ਕਦੋਂ, ਦੱਸੋ?”
ਦਾਦੀ ਚੁੱਪ ਹੋ ਗਈ ਤੇ ਕੱਲ੍ਹ ਦੀ ਗੱਲ ਯਾਦ ਕਰਨ ਲੱਗੀ, ਜਦੋਂ ਲਾਡੀ ਦੀ ਮਾਂ ਨੂੰ ਮੁੰਡੇ ਦਾ ਉਲਾਂਭਾ ਦੇਣ ਗਈ ਸੀ ਤਾਂ ਉਹ ਵੀ ਅੱਗੋਂ ਬੋਲੀ ਸੀ ਕਿ ਇਸ ’ਚ ਸਾਡੇ ਮੁੰਡੇ ਦੀ ਕੀ ਗਲ਼ਤੀ, ਉਸਨੂੰ ਸਾਰਾ ਪਿੰਡ ਈ ਮਨਹੂਸ ਕਹਿੰਦਾ। ਜੰਮਿਆ ’ਤੇ ਮਾਂ ਮਰ ਗਈ, ਜਿੱਦਣ ਪਹਿਲੇ ਦਿਨ ਸਕੂਲ ਗਿਆ, ਪਿਉ ਦਾ ਐਕਸੀਡੈਂਟ ਹੋ ਗਿਆ। ਹੈਗਾ ਈ ਆ, ਮਾਤਾ ਤੂੰ ਭਾਵੇਂ ਲੱਖ ਪੋਚੇ ਪਾਈ ਜਾ।
“ਦਾਦੀ ਕੀ ਸੋਚੀ ਜਾਨੀ ਏ?”
“ਕੁੱਝ ਨਹੀਂ, ਪੁੱਤ!”
“ਦੱਸੋ ਨਾ, ਦਾਦੀ”
“ਵੇ ਪੁੱਤ, ਤੇਰੇ ਵਰਗੇ ਬੱਚੇ ਤਾਂ ‘ਕੁੱਜੇ ’ਚ ਰੱਬ’ ਹੁੰਦੇ ਨੇ। ਜਿਨ੍ਹਾਂ ਨੂੰ ਮਿਹਣਿਆਂ ਦੀ ਭੱਠੀ ’ਚ ਤਪਾ ਕੇ ਦੁਨੀਆਂ ਕੁੱਜਾ ਬਣਾਉਣ ਲੱਗਦੀ ਏ, ਉਹ ਮਨ ਦੇ ਕੁੱਜੇ ’ਚ ਰੱਬ ਮਿਹਰਬਾਨ ਹੋ, ਉਸ ਕੁੱਜੇ ਨੂੰ ਈ ਰੱਬ ਕਰ ਦਿੰਦਾ। ਇਹਨਾਂ ਨੂੰ ਕੀ ਪਤਾ? ਪੁੱਤ ਕੀ ਏਂ ਤੂੰ? ਇਹ ਤਾਂ ਭਟਕੇ ਹੋਏ ਨੇ।”
“ਦਾਦੀ ‘ਕੁੱਜੇ ’ਚ ਰੱਬ’ ਕੋਣ ਹੁੰਦਾ?”
“ਦੱਸਾਂਗੀ ਪੁੱਤ, ਸਹੀ ਸਮਾਂ ਆਉਣ ’ਤੇ। ਪਰ ਤੂੰ ਰੋਜ਼ ਸਕੂਲ ਜਾਣਾ ਤੇ ਕੋਈ ਤੈਨੂੰ ਕੁੱਝ ਕਹੇ ਤਾਂ ਧਿਆਨ ਨਹੀਂ ਦੇਣਾ, ਬਸ ਪੜ੍ਹਾਈ ਕਰਨੀ ਏ।”
ਲਾਲੀ ਰੋਜ਼ ਸਕੂਲ ਜਾਂਦਾ ਤੇ ਖ਼ੂਬ ਪੜ੍ਹਾਈ ਕਰਦਾ। ਉਹ ਹਰ ਕਲਾਸ ’ਚ ਚੰਗੇ ਨੰਬਰਾਂ ਨਾਲ ਪਾਸ ਹੁੰਦਾ ਤੇ ਵਿਹਲੇ ਟਾਇਮ ਬਜ਼ੁਰਗਾਂ ਕੋਲ ਬੈਠਦਾ। ਇਸ ਤਰ੍ਹਾਂ ਤਿੰਨ ਸਾਲ ਬੀਤ ਗਏ।
ਇਕ ਦਿਨ ਸਵੇਰੇ ਗੁਰਦੁਆਰਾ ਸਾਹਿਬ ਤੋਂ ਭਾਈ ਸਿੰਘ ਨੇ ਆਵਾਜ਼ ਦਿੱਤੀ ਕਿ ਸ੍ਰੀ ਅੰਮ੍ਰਿਤਸਰ ਸਾਹਿਬ ਦਰਬਾਰ ਸਾਹਿਬ ਦੇ ਦਰਸ਼ਨਾਂ ਲਈ ਬੱਸ ਜਾਣੀ ਏ। ਜੇ ਕਿਸੇ ਜਾਣਾ ਹੋਏ ਤਾਂ ਭਾਈ 8 ਵਜੇ ਤੱਕ ਪਹੁੰਚ ਜਾਵੇ।
ਦਾਦੀ ਨੇ ਲਾਲੀ ਨੂੰ ਕਿਹਾ, “ਪੁੱਤ ਅੱਜ ਆਪਾਂ ਦਰਬਾਰ ਸਾਹਿਬ ਜਾਣਾ।”
ਲਾਲੀ ਸਕੂਲ ਜਾਣਾ ਚਾਹੁੰਦਾ ਸੀ ਪਰ ਜਦ ਦਾਦੀ ਨੇ ਕਿਹਾ ਕਿ ਤੈਨੂੰ ਅੱਜ ਦੱਸਣਾ ਕਿ ‘ਕੁੱਜੇ ’ਚ ਰੱਬ’ ਕੀ ਹੁੰਦਾ, ਉਹ ਜਲਦੀ ਤਿਆਰ ਹੋ ਗਿਆ। ਸਾਰੇ ਰਾਹ ਸੋਚਦਾ ਰਿਹਾ ਪਰ ਕੁੱਝ ਪੱਲੇ ਨਾ ਪਿਆ। ਉਹ ਕਦੇ ਦਰਬਾਰ ਸਾਹਿਬ ਨਹੀਂ ਗਿਆ ਸੀ। ਸਵੇਰੇ ਦਾਦੀ ਪਿੰਡ ਗੁਰੂ ਘਰ ਜਾਂਦੀ ਸੀ। ਉਹ ਕਈ  ਵਾਰ ਪਿੰਡ ’ਚ ਬਣੀ ਪੀਰ ਦੀ ਜਗ੍ਹਾ ’ਤੇ ਵੀਰਵਾਰ ਜਾਂਦਾ ਸੀ। ਉਥੇ ਮਿੱਠੇ ਚੌਲ ਤੇ ਹੋਰ ਸਾਮਾਨ ਖਾਣ ਨੂੰ ਮਿਲਦਾ ਸੀ। ਜਦ ਦਰਬਾਰ ਸਾਹਿਬ ਪਹੁੰਚ ਗਏ ਤਾਂ ਮੱਥਾ ਟੇਕ ਕੇ ਪਰਿਕ੍ਰਮਾ ’ਚ ਬੈਠ ਗਏ।
ਲਾਲੀ ਆਖਦਾ, “ਦਾਦੀ ਮੈਂ ਲੰਗਰ ਛੱਕਣਾ, ਬਹੁਤ ਭੁੱਖ ਲੱਗੀ ਏ”
3 ਘੰਟੇ ਤਾਂ ਮੱਥਾ ਟੇਕਣ ’ਤੇ ਲੱਗ ਗਏ। ਲੰਗਰ ਛੱਕਣ ਲਈ ਲੰਗਰ ਹਾਲ ਗਏ ਤਾਂ ਉਸਨੇ ਕਦੇ ਇੰਨਾ ਵੱਡਾ ਲੰਗਰ ਹਾਲ ਤੇ ਇੰਨੀ ਵੱਡੀ ਗਿਣਤੀ ’ਚ ਲੰਗਰ ਛੱਕਦੀਆਂ ਸੰਗਤਾਂ ਨੂੰ ਨਹੀਂ ਦੇਖਿਆ ਸੀ। ਜਦੋਂ ਉਹ ਲੰਗਰ ਛੱਕ ਕੇ ਬਾਹਰ ਆਏ ਤਾਂ ਦਾਦੀ ਨੇ ਲਾਗੇ ਨਿੱਕੀ ਜਿਹੀ ਪਾਰਕ ਕੋਲ ਬਿਠਾ ਲਿਆ।
“ਪੁੱਤ ਤੂੰ ਦੇਖ ਈ ਲਿਆ, ਇਥੇ ਵੀ ‘ਗੁਰੂ ਗ੍ਰੰਥ ਸਾਹਿਬ ਜੀ’ ਉਹ ਹੀ ਹਨ, ਜੋ ਆਪਣੇ ਪਿੰਡ ਦੇ ਗੁਰੂ ਘਰ ਏ। ਪਰ ਇਥੇ ਦਰਸ਼ਨਾਂ ਲਈ ਕਈ-ਕਈ ਘੰਟੇ ਲੱਗ ਜਾਂਦੇ ਨੇ ਕਿਉਂਕਿ ਇਹ ਗੁਰੂ ਰਾਮਦਾਸ ਦਾ ਘਰ ਏ। ਇਥੇ ਲੰਗਰ ਵੀ ਲੱਖਾਂ ਸੰਗਤਾਂ ਛੱਕਦੀਆਂ ਨੇ। ਇਹ ਗੁਰੂ ਰਾਮਦਾਸ ਜੀ ਦੀ ਕਮਾਈ ਏ।”
“ਹਾਂ! ਦਾਦੀ ਇੱਥੇ ਤਾਂ ਰੱਬ ਆਪ ਰਹਿੰਦਾ ਹੋਊ?”
“ਹਾਂ, ਪੁੱਤ! ਪਰ ਪੁੱਤ ਜਦੋਂ ਗੁਰੂ ਰਾਮਦਾਸ ਜੀ ਛੋਟੇ ਬੱਚੇ ਸੀ ਤਾਂ ਉਹਨਾਂ ਦੇ ਮਾਂ-ਪਿਉ ਵੀ ਵਾਹਿਗੁਰੂ ਕੋਲ ਚਲੇ ਗਏ ਸਨ। ਉਹ ਨਾਨੀ ਕੋਲ ਆ ਗਏ। ਉਹਨਾਂ ਦੇ ਨਾਲ ਵੀ ਸਾਰੇ ਇਸ ਤਰ੍ਹਾਂ ਈ ਵਿਵਹਾਰ ਕਰਦੇ ਸਨ, ਜਿਵੇਂ ਤੇਰੇ ਨਾਲ ਹੁੰਦਾ। ਉਸ ਬੱਚੇ ਦੇ ਕੋਈ ਮੱਥੇ ਲੱਗ ਕੇ ਖੁਸ਼ ਨਹੀਂ ਸੀ, ਕੋਈ ਰੋਟੀ ਦੇ ਕੇ ਖੁਸ਼ ਨਹੀਂ ਸੀ। ਉਹ ਘੁੰਗਣੀਆਂ ਵੇਚ ਕੇ ਗੁਜ਼ਾਰਾ ਕਰਦੇ ਸਨ ਪਰ ਗਰੀਬੀ ਹੰਢਾਉਦਿਆਂ ਵੀ ਹਰ ਕਿਸੇ ਦੀ ਮੱਦਦ ਕਰਦੇ ਸਨ। ਘੁੰਗਣੀਆਂ ਵੀ ਵੇਚਦੇ ਤੇ ਸੇਵਾ ਵੀ ਕਰਦੇ। ਉਹ ਜਦੋਂ ਗੁਰੂ ਅਮਰਦਾਸ ਜੀ ਦੀ ਸੰਗਤ ਵਿੱਚ ਆਏ ਤਾਂ ਦਿਲੋਂ ਇੰਨੀ ਸੇਵਾ ਕੀਤੀ ਕਿ ਗੁਰੂ ਜੀ ਨੇ ਆਪਣੀ ਧੀ ਦਾ ਵਿਆਹ ਭਾਈ ਜੇਠਾ ਜੀ ਨਾਲ ਕਰ ਦਿੱਤਾ। ਉਦੋਂ ਗੁਰੂ ਰਾਮਦਾਸ ਜੀ ਦਾ ਨਾਮ ਭਾਈ ਜੇਠਾ ਸੀ। ਉਹ ਫਿਰ ਵੀ ਗੁਰੂ ਨੂੰ ਗੁਰੂ ਮੰਨ ਕੇ ਸੱਚੇ ਦਿਲ ਨਾਲ ਆਪਣੀਆਂ ਜਿੰਮੇਵਾਰੀਆਂ ਨਿਭਾਉਂਦੇ ਰਹੇ ਤੇ ਸੇਵਾ ਕਰਦੇ ਰਹੇ। ਗੁਰੂ ਅਮਰਦਾਸ ਜੀ ਨੇ ਉਹਨਾਂ ਨੂੰ ਖੁਸ਼ ਹੋ ਕੇ ਗੁਰੂ ਨਾਨਕ ਜੀ ਦੇ ਘਰ ਦੀ ਗੱਦੀ ਦੇ ਚੌਥੇ ਵਾਰਿਸ ਬਣਾਇਆ। ਪੁੱਤ, ਕੁੱਝ ਸਮਝ ਆਇਆ?”
“ਹਾਂ! ਦਾਦੀ, ਜਦੋਂ ਗੁਰੂ ਜੀ ਬੱਚੇ ਸਨ ਤਾਂ ਕੋਈ ਮੱਥੇ ਲੱਗ ਕੇ ਖੁਸ਼ ਨਹੀਂ ਸੀ, ਉਹਨਾਂ ਦੇ ਦਰ ’ਤੇ ਈ ਮੱਥਾ ਟੇਕਣ ਲਈ ਕਈ ਘੰਟੇ ਲਾਇਨ ਵਿੱਚ ਲੱਗਦੇ ਨੇ। ਉਦੋਂ ਉਹਨਾਂ ਨੂੰ ਕੋਈ ਰੋਟੀ ਦੇ ਕੇ ਖੁਸ਼ ਨਹੀਂ ਸੀ, ਹੁਣ ਲੱਖਾਂ ਲੋਕ ਉਹਨਾਂ ਦੇ ਦਰ ਤੋਂ ਲੰਗਰ ਛਕਦੇ ਨੇ। ਲੋਕ ਉਹਨਾਂ ਨੂੰ ਦੁਖੀ ਕਰਦੇ ਸਨ, ਤਪਾਉਂਦੇ ਸਨ।”
“ਉਨ੍ਹਾਂ ਨਫਰਤ ਦੀ ਭੱਠੀ ’ਚ ਤੱਪ ਕੇ ਵੀ ਮਨ ਰੂਪੀ ਕੁੱਜੇ ਨੂੰ ਸ਼ੀਤਲ  ਰੱਖਿਆ ਤੇ ਇਸ ’ਚ ਰੱਬ ਨੂੰ ਬਿਠਾਇਆ।”
“ਦਾਦੀ ਧੰਨਵਾਦ, ਤੁਸੀਂ ਮੈਨੂੰ ਇਥੇ ਲੈ ਕੇ ਆਏ, ਮੈਂ ਸਦਾ ਸੱਚੇ ਮਨ ਨਾਲ ਆਪਣਾ ਕਰਮ ਕਰਾਂਗਾ ਤੇ ਦੁਨੀਆਂ ਦੇ ਮਿਹਣਿਆਂ ਦੀ ਪ੍ਰਵਾਹ ਨਾ ਕਰਦਾ ਹੋਇਆ, ਗੁਰੂ ਦੇ ਦਿਖਾਏ ਮਾਰਗ ’ਤੇ ਚੱਲਾਂਗਾ ਤੇ ਆਪਣੇ ਮਨ ਰੂਪੀ ‘ਕੁੱਜੇ ’ਚ ਰੱਬ’ ਬਿਠਾਵਾਂਗਾ।”
 (ਦਿਲਪ੍ਰੀਤ ਗੁਰੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly 
Previous articleਟੈਂਪੂ ਟਰੈਵਲਰ ਨਦੀ ਵਿੱਚ ਡਿੱਗਿਆ,8 ਤੋਂ ਵੱਧ ਲੋਕਾਂ ਦੀ ਮੌਤ
Next articleਸਾਡੀ ਸ਼ਹੀਦ ਭਗਤ ਸਿੰਘ ਨਰਸਰੀ ਬਨੂੜ ਬਾਰੇ ਕੁਝ ਰੌਚਕ ਗੱਲਾਂ