ਕਾਂਗਰਸ ਦੀ ਪਹਿਲੀ ਸੂਚੀ ਸਿਆਸੀ ਖਿੱਚੋਤਾਣ ’ਚ ਫਸੀ

ਚੰਡੀਗੜ੍ਹ, (ਸਮਾਜ ਵੀਕਲੀ):  ਕਾਂਗਰਸ ਪਾਰਟੀ ਦੀ ਪੰਜਾਬ ਚੋੋਣਾਂ ਲਈ ਉਮੀਦਵਾਰਾਂ ਦੀ ਪਹਿਲੀ ਸੂਚੀ ਅੱਜ ਆਖਰੀ ਪੜਾਅ ’ਤੇ ਸਿਆਸੀ ਕਲੇਸ਼ ਵਿਚ ਫਸ ਗਈ ਹੈ। ਉਮੀਦਵਾਰਾਂ ਦੀ ਪਹਿਲੀ ਸੂਚੀ ਵਿਚ ਪੰਜ-ਛੇ ਸੀਟਾਂ ਨੂੰ ਲੈ ਕੇ ਘੁੰਡੀ ਫਸ ਗਈ ਹੈ ਜਿਸ ਦੇ ਹੱਲ ਲਈ ਅੱਜ ਸਕਰੀਨਿੰਗ ਕਮੇਟੀ ਮੁੜ ਜੁੜੀ ਅਤੇ ਇਨ੍ਹਾਂ ਹਲਕਿਆਂ ’ਤੇ ਮੁੜ ਚਰਚਾ ਕੀਤੀ ਗਈ। ਚੇਅਰਮੈਨ ਅਜੈ ਮਾਕਨ ਦੀ ਅਗਵਾਈ ਵਿਚ ਹੋਈ ਸਕਰੀਨਿੰਗ ਕਮੇਟੀ ਦੀ ਮੀਟਿੰਗ ਵਿਚ ਇਨ੍ਹਾਂ ਪੰਜ ਛੇ ਹਲਕਿਆਂ ’ਤੇ ਮੁੜ ਪੰਜਾਬ ਦੇ ਪ੍ਰਮੁੱਖ ਆਗੂਆਂ ਦਾ ਪੱਖ ਜਾਣਿਆ ਗਿਆ। ਸਕਰੀਨਿੰਗ ਕਮੇਟੀ ਨੇ ਮੁੜ ਪਹਿਲੀ ਸੂਚੀ ਨੂੰ ਕੇਂਦਰੀ ਚੋਣ ਕਮੇਟੀ ਦੀ ਆਗੂ ਸੋਨੀਆ ਗਾਂਧੀ ਕੋਲ ਭੇਜ ਦਿੱਤਾ ਹੈ।

ਪੰਜਾਬ ਵਿੱਚ ਹੁਣ ਜਦੋਂ ਬਾਕੀ ਸਿਆਸੀ ਧਿਰਾਂ ਨੇ ਆਪਣਾ ਚੋੋਣ ਪ੍ਰਚਾਰ ਵਿੱਢ ਰੱਖਿਆ ਹੈ, ਉਥੇ ਕਾਂਗਰਸ ਪਾਰਟੀ ਅਜੇ ਤੱਕ ਆਪਣੀ ਪਹਿਲੀ ਸੂਚੀ ’ਤੇ ਮੋਹਰ ਲਾਉਣ ’ਚ ਫਸੀ ਹੋਈ ਹੈ। ਪਤਾ ਲੱਗਾ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ, ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਅਤੇ ਸਾਬਕਾ ਪ੍ਰਧਾਨ  ਸੁਨੀਲ ਜਾਖੜ ਆਪੋ-ਆਪਣੇ ਖੇਮੇ ਦੇ ਆਗੂਆਂ ਨੂੰ ਉਮੀਦਵਾਰ ਬਣਾਉਣਾ ਲੋਚਦੇ ਹਨ, ਜਿਸ ਕਰਕੇ ਕੇਂਦਰੀ ਚੋਣ ਕਮੇਟੀ ਦੀ ਲੰਘੇ ਕੱਲ੍ਹ ਹੋਈ ਮੀਟਿੰਗ   ਵਿਚ ਕੋਈ ਆਖਰੀ ਫੈਸਲਾ ਨਹੀਂ ਹੋ ਸਕਿਆ ਸੀ।

ਵੇਰਵਿਆਂ ਅਨੁਸਾਰ ਉਮੀਦਵਾਰਾਂ ਦੀ ਪਹਿਲੀ ਸੂਚੀ ਨੂੰ ਲੈ ਕੇ ਹੁਣ ਕੇਂਦਰੀ ਚੋਣ ਕਮੇਟੀ ਮੁੜ ਨਹੀਂ ਜੁੜਨੀ ਹੈ ਅਤੇ ਇਸ ਬਾਰੇ ਸੋਨੀਆ ਗਾਂਧੀ ਨੇ ਹੀ ਆਖਰੀ ਮੋਹਰ ਲਾਉਣੀ ਹੈ। ਸੋਨੀਆ ਗਾਂਧੀ ਨੇ ਅੱਜ ਸਕਰੀਨਿੰਗ ਕਮੇਟੀ ਦੀ ਮੀਟਿੰਗ ਮਗਰੋਂ ਆਈ ਸੂਚੀ ਨੂੰ ਆਪਣੇ ਕੋਲ ਰੱਖ ਲਿਆ ਹੈ ਅਤੇ ਹੁਣ ਭਲਕੇ ਉਮੀਦਵਾਰਾਂ ਦੀ ਪਹਿਲੀ ਸੂਚੀ ਜਾਰੀ ਹੋਣ ਦਾ ਅਨੁਮਾਨ ਹੈ। ਪਹਿਲੀ ਸੂਚੀ ਵਿਚ ਕਰੀਬ 70 ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ। ਸੂਤਰਾਂ ਅਨੁਸਾਰ ਨਵਜੋਤ ਸਿੰਘ ਸਿੱਧੂ ਵੱਲੋਂ ਦੋ ਗਾਇਕਾਂ ਅਤੇ ਇੱਕ ਕੌਮਾਂਤਰੀ ਖਿਡਾਰੀ ਨੂੰ ਟਿਕਟ ਦਿਵਾਉਣ ਲਈ ਜ਼ੋਰ ਲਾਇਆ ਜਾ ਰਿਹਾ ਹੈ।

ਸੂਤਰਾਂ ਅਨੁਸਾਰ ਪਹਿਲੀ ਸੂਚੀ ਵਿਚ ਆਖਰੀ ਮੌਕੇ ’ਤੇ ਹਲਕਾ ਮਾਨਸਾ, ਆਦਮਪੁਰ, ਸੁਜਾਨਪੁਰ, ਗੜ੍ਹਸ਼ੰਕਰ, ਅਟਾਰੀ ਅਤੇ ਖਡੂਰ ਸਾਹਿਬ ਆਦਿ ਨੂੰ ਲੈ ਕੇ ਕਾਂਗਰਸ ਵਿਚ ਸਿਆਸੀ ਪੇਚ ਫਸਿਆ ਹੋਇਆ ਹੈ। ਮੁੱਖ ਮੰਤਰੀ ਚੰਨੀ ਚਮਕੌਰ ਸਾਹਿਬ ਤੋਂ ਇਲਾਵਾ ਆਦਮਪੁਰ ਤੋਂ ਵੀ ਚੋਣ ਲੜਨਾ ਚਾਹੁੰਦੇ ਹਨ। ਨਾ ਲੜਨ ਦੀ ਸੂਰਤ ਵਿਚ ਉਹ ਆਪਣੇ ਰਿਸ਼ਤੇਦਾਰ ਮਹਿੰਦਰ ਸਿੰਘ ਕੇ.ਪੀ ਨੂੰ ਆਦਮਪੁਰ ਤੋਂ ਲੜਾਉਣਾ ਚਾਹੁੰਦੇ ਹਨ। ਗੜ੍ਹਸ਼ੰਕਰ ਤੋਂ ਚੰਨੀ ਅਤੇ ਸਿੱਧੂ ਇੱਕ ਮਹਿਲਾ ਉਮੀਦਵਾਰ ਦੀ ਹਮਾਇਤ ਵਿਚ ਹਨ ਜਦੋਂ ਕਿ ਸੁਨੀਲ ਜਾਖੜ ਯੂਥ ਆਗੂ ਅਮਰਪ੍ਰੀਤ ਸਿੰਘ ਲਾਲੀ ਦੇ ਹੱਕ ਵਿਚ ਹਨ। ਉਧਰ ਨਵਜੋਤ ਸਿੱਧੂ ਆਪਣੇ ਪਸੰਦ ਦੇ ਉਮੀਦਵਾਰ ਨੂੰ ਅਟਾਰੀ ਤੋਂ ਉਮੀਦਵਾਰ ਬਣਾਉਣਾ ਚਾਹੁੰਦੇ ਹਨ। ਖਡੂਰ ਸਾਹਿਬ ਸੀਟ ’ਤੇ ਇੱਕ ਐੱਮਪੀ ਵੱਲੋਂ ਦਾਅਵਾ ਕੀਤਾ ਗਿਆ ਹੈ। ਪੰਜਾਬ ਦੇ ਪ੍ਰਮੁੱਖ ਕਾਂਗਰਸੀ ਆਗੂ ਆਪੋ-ਆਪਣੇ ਹਮਾਇਤੀਆਂ  ਨੂੰ ਟਿਕਟਾਂ ਦਿਵਾਉਣ ਲਈ ਆਹਮੋ-ਸਾਹਮਣੇ ਹੋ ਗਏ ਹਨ ਜਿਸ ਦੇ ਚੱਲਦਿਆਂ ਅੱਜ ਉੁਮੀਦਵਾਰਾਂ ਦੀ ਪਹਿਲੀ ਸੂਚੀ ਦੇਰ ਸ਼ਾਮ ਤੱਕ ਜਾਰੀ ਨਹੀਂ ਹੋ ਸਕੀ ਹੈ। ਸਿਆਸੀ ਪੇਚ ਨਿਕਲਣ ਦੀ ਸੂਰਤ ਵਿਚ ਭਲਕੇ ਉਮੀਦਵਾਰਾਂ ਦਾ ਐਲਾਨ ਹੋ ਸਕਦਾ ਹੈ।

ਸਿੱਧੂ ਮੂਸੇਵਾਲਾ ਵੱਲੋਂ ਸਿੱਧੂ ਨਾਲ ਮੁਲਾਕਾਤ

ਮਾਨਸਾ ਹਲਕੇ ਵਿਚ ਉੱਠੇ ਵਿਰੋਧ ਦਰਮਿਆਨ ਮਾਨਸਾ ਤੋਂ ਟਿਕਟ ਦੇ ਦਾਅਵੇਦਾਰ ਸਿੱਧੂ ਮੂਸੇਵਾਲਾ ਨੇ ਅੱਜ ਕਾਂਗਰਸ ਪ੍ਰਧਾਨ ਨਵਜੋਤ ਸਿੱਧੂ ਨਾਲ ਮੁਲਾਕਾਤ ਕੀਤੀ ਹੈ। ਉਧਰ ‘ਆਪ’ ਵਿੱਚੋਂ ਕਾਂਗਰਸ ਵਿਚ ਸ਼ਾਮਲ ਹੋਏ ਵਿਧਾਇਕ ਨਾਜ਼ਰ ਸਿੰਘ ਮਾਨਸ਼ਾਹੀਆ ਨੇ ਵੀ ਪੱਤਰ ਲਿਖ ਕੇ ਪਾਰਟੀ ਨੂੰ ਸਵਾਲ ਕੀਤਾ ਹੈ ਕਿ ਉਨ੍ਹਾਂ ਦੀ ਟਿਕਟ ਕਿਸ ਆਧਾਰ ’ਤੇ ਕੱਟਣ ਦੀ ਗੱਲ ਤੁਰੀ ਹੈ। ਸਿੱਧੂ ਮੂਸੇਵਾਲਾ ਦੇ ਅਸਿੱਧੇ ਹਵਾਲੇ ਨਾਲ ਮਾਨਸ਼ਾਹੀਆ ਨੇ ਕਿਹਾ ‘ਕੀ ਹੁਣ ਮਾਰੂ ਹਥਿਆਰਾਂ ਨੂੰ ਗੀਤਾਂ ਰਾਹੀਂ ਪ੍ਰਮੋਟ ਕਰਨ ਵਾਲੇ ਕਾਂਗਰਸ ਦੇ ਉਮੀਦਵਾਰ ਹੋਣਗੇ?’

ਕਾਂਗਰਸ ਵੱਲੋਂ ਮਜੀਠੀਆ ਨੂੰ ਲੈ ਕੇ ਚੁਣੌਤੀ ਕਬੂਲ

ਕੈਬਨਿਟ ਮੰਤਰੀ ਡਾ. ਰਾਜ ਕੁਮਾਰ ਵੇਰਕਾ ਨੇ ਕਿਹਾ ਕਿ ਕਾਂਗਰਸ ਪਾਰਟੀ ਹੁਣ ਸ਼੍ਰੋਮਣੀ ਅਕਾਲੀ ਦਲ ਵੱਲੋਂ ਬਿਕਰਮ ਸਿੰਘ ਮਜੀਠੀਆ ਖ਼ਿਲਾਫ਼ ਨਵਜੋਤ ਸਿੱਧੂ ਨੂੰ ਚੋਣ ਲੜਾਏ ਜਾਣ ਦੀ ਚੁਣੌਤੀ ਨੂੰ ਕਬੂਲ ਕਰਦੀ ਹੈ। ਉਨ੍ਹਾਂ ਕਿਹਾ ਕਿ ਮਜੀਠੀਆ ਨੂੰ ਜੇਕਰ ਲੜਨ ਦਾ ਏਨਾ ਸ਼ੌਕ ਹੈ ਤਾਂ ਕਾਂਗਰਸ ਚੁਣੌਤੀ ਕਬੂਲ ਕਰਦੀ ਹੈ। ਵੇਰਕਾ ਨੇ ਕਿਹਾ ਕਿ ਕਾਂਗਰਸ ਮਜੀਠਾ ਵਿਚ ਬਿਕਰਮ ਮਜੀਠੀਆ ਨੂੰ ਹਰਾਏਗੀ।

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਾਬਕਾ ਮੰਤਰੀ ਵੱਲੋੋਂ ਕਾਂਗਰਸ ਪਾਰਟੀ ਤੋਂ ਅਸਤੀਫ਼ਾ
Next articleਪੰਜਾਬ ਚੋਣਾਂ ਦੀ ਤਰੀਕ ਬਦਲੀ ਜਾਵੇ: ਚੰਨੀ