ਪੰਜਵਾਂ ਟਾਇਰ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ
(ਸਮਾਜ ਵੀਕਲੀ) ਸਕੂਲ ਵਿੱਚ ਵਿਦਿਆਰਥੀਆਂ ਦੇ ਸਤੰਬਰ ਟੈਸਟ ਦਾ ਅੱਜ ਪਹਿਲਾ ਦਿਨ ਸੀ। ਸਕੂਲ ਦੇ ਕੁੱਝ ਅਧਿਆਪਕ ਅੱਜ ਛੁੱਟੀ ਤੇ ਸਨ। ਛੇਵੀਂ ਤੋਂ ਦਸਵੀਂ ਤੱਕ ਪੰਜ ਕਲਾਸਾਂ ਸਨ ਤੇ ਹਰੇਕ ਕਲਾਸ ਵਿੱਚ 45 ਤੋਂ ਵੱਧ ਵਿਦਿਆਰਥੀ ਸਨ। ਸਕੂਲ ਮੁਖੀ ਨੇ ਹਾਜ਼ਰ ਅਧਿਆਪਕਾਂ ਨੂੰ ਆਖਿਆ,” ਸਤੰਬਰ ਟੈਸਟ ਦਾ ਅੱਜ ਪਹਿਲਾ ਦਿਨ ਆ ਤੇ ਕਈ ਅਧਿਆਪਕ ਅੱਜ ਛੁੱਟੀ ਤੇ ਆ। ਤੁਸੀਂ ਕੱਲਾ, ਕੱਲਾ ਇੱਕ ਇੱਕ ਕਲਾਸ ਨਿਗਰਾਨੀ ਵਾਸਤੇ ਲੈ ਲਉ। ਬੱਚਿਆਂ ਨੂੰ ਨਕਲ ਨਾ ਕਰਨ ਦਿਉ ਤੇ ਪੇਪਰ ਦੌਰਾਨ ਕੋਈ ਅਖਬਾਰ ਨਾ ਪੜ੍ਹਿਉ, ਪਲੀਜ਼।”
ਹਿੰਦੀ ਵਾਲੀ ਮੈਡਮ ਦੇ ਹਿੱਸੇ ਨਿਗਰਾਨੀ ਕਰਨ ਵਾਸਤੇ ਨੌਵੀਂ ਕਲਾਸ ਆਈ। ਨੌਵੀਂ ਕਲਾਸ ਨੂੰ ਆਮ ਤੌਰ ਤੇ ਅਧਿਆਪਕ ਘੱਟ ਪੜ੍ਹਾਉਂਦੇ ਹਨ। ਉਹ ਬਹੁਤਾ ਜ਼ੋਰ ਬੋਰਡ ਦੀਆਂ ਕਲਾਸਾਂ ਤੇ ਹੀ ਲਾਉਂਦੇ ਹਨ। ਨੌਵੀਂ ਕਲਾਸ ਦਾ ਪੇਪਰ ਵੀ ਅੰਗਰੇਜ਼ੀ ਦਾ ਸੀ। ਪ੍ਰਸ਼ਨ ਪੇਪਰ ਲੈਂਦੇ ਸਾਰ ਹੀ ਵਿਦਿਆਰਥੀਆਂ ਨੇ ਨਕਲ ਕਰਨ ਲਈ ਹੱਥ, ਪੈਰ ਮਾਰਨੇ ਸ਼ੁਰੂ ਕਰ ਦਿੱਤੇ। ਇਸ ਕਰਕੇ ਹਿੰਦੀ ਵਾਲੀ ਮੈਡਮ ਨੂੰ ਥੋੜ੍ਹੀ ਜਿਹੀ ਸਖਤਾਈ ਕਰਨੀ ਪਈ। ਉਸ ਨੇ ਤਿੰਨ ਘੰਟੇ ਪੂਰੀ ਈਮਾਨਦਾਰੀ ਨਾਲ ਡਿਊਟੀ ਦਿੱਤੀ। ਤਿੰਨ ਘੰਟੇ ਖੜ੍ਹੀ, ਖੜ੍ਹੀ ਉਹ ਥੱਕ ਗਈ ਸੀ। ਚਾਹ ਦੀ ਦੁਕਾਨ ਤੋਂ ਉਸ ਨੇ ਚਾਹ ਦਾ ਕੱਪ ਮੰਗਾ ਕੇ ਹਾਲੇ ਦੋ ਘੁੱਟ ਹੀ ਭਰੇ ਸਨ ਕਿ ਸਕੂਲ ਦਾ ਪੀਅਨ ਆ ਕੇ ਉਸ ਨੂੰ ਕਹਿਣ ਲੱਗਾ,” ਮੈਡਮ ਜੀ, ਸਕੂਲ ਦੇ ਕਲਰਕ ਦੀ ਅਚਾਨਕ ਸੇਹਤ ਖਰਾਬ ਹੋ ਗਈ ਆ ਤੇ ਉਹ ਛੁੱਟੀ ਲੈ ਕੇ ਚਲਾ ਗਿਆ ਆ। ਡੀ.ਈ.ਓ. ਦਫਤਰੋਂ ਹੁਣੇ ਫੋਨ ਆਇਆ, ਕੋਈ ਜ਼ਰੂਰੀ ਡਾਕ ਮੰਗਾਈ ਆ। ਸਾਹਿਬ ਕਹਿੰਦੇ ਆ ਕਿ ਜ਼ਰੂਰੀ ਡਾਕ ਦੇ ਫਾਰਮ ਉਲੀਕਣੇ ਆਂ। ਤੁਹਾਨੂੰ ਉਨ੍ਹਾਂ ਨੇ ਹੁਣੇ ਦਫਤਰ ‘ਚ ਬੁਲਾਇਆ ਆ।”
ਇਹ ਸੁਣ ਕੇ ਮੈਡਮ ਨੂੰ ਗੁੱਸਾ ਆ ਗਿਆ ਤੇ ਕਹਿਣ ਲੱਗੀ,” ਜਿਹੜੇ ਛੁੱਟੀਆਂ ਲੈ ਕੇ ਘਰ ਬੈਠੇ ਆ, ਉਨ੍ਹਾਂ ਤੇ ਤਾਂ ਸਾਹਿਬ ਦਾ ਹੁਕਮ ਚੱਲਦਾ ਨ੍ਹੀ। ਜਿਹੜਾ ਮੇਰੇ ਵਰਗਾ ਹਾਜ਼ਰ ਆ, ਉਸ ਨੂੰ ਦੋ ਮਿੰਟ ਬੈਠਣ ਦਾ ਵੀ ਹੁਕਮ ਨ੍ਹੀ। ਸਾਹਿਬ ਨੇ ਮੈਨੂੰ ਪੰਜਵਾਂ ਟਾਇਰ ਸਮਝ ਰੱਖਿਆ ਲੱਗਦਾ, ਜਿਸ ਨੂੰ ਜਿੱਥੇ ਵੇਖੋ, ਫਿੱਟ ਕਰ ਦਿਉ।”
ਫਿਰ ਉਹ ਕੁੱਝ ਕੁ ਮਿੰਟਾਂ ਪਿੱਛੋਂ ਸਕੂਲ ਮੁਖੀ ਦੇ ਦਫਤਰ ਵੱਲ ਨੂੰ ਤੁਰ ਪਈ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਟੋਰਾਂਟੋ ਤੋਂ ਪੰਜਾਬ ਦਾ ਹਵਾਈ ਸਫਰ ਹੋਵੇਗਾ ਸੁਖਾਲਾ, ਕਤਰ ਏਅਰਵੇਜ਼ ਵਿੱਚ ਦੋਹਾ ਰਾਹੀਂ ਜਾਓ ਸਿੱਧਾ ਅੰਮ੍ਰਿਤਸਰ
Next articleਮਾਛੀਵਾੜਾ ਇਲਾਕੇ ਵਿੱਚ ਸ਼ਰੇਆਮ ਚੱਲ ਰਹੇ ਚਿੱਟੇ ਨੇ ਇੱਕ ਹੋਰ ਜਾਨ ਲਈ