(ਸਮਾਜ ਵੀਕਲੀ) ਸ਼ਹੀਦਾਂ ਦੇ ਸਰਤਾਜ ਗੁਰੂ ਅਰਜਨ ਦੇਵ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਜਗਤ ‘ਤੇ ਕਿਹੋ-ਜਿਹਾ ਅਸਰ ਹੋਇਆ ? ਸਿੱਖਾਂ ਦੇ ਦਿਲ ਦਿਮਾਗ ‘ਤੇ ਸ਼ਹਾਦਤ ਦਾ ਕੈਸਾ ਪ੍ਰਭਾਵ ਪਿਆ ? ਪੰਚਮ ਪਾਤਸ਼ਾਹ ਦੀ ਸ਼ਹਾਦਤ ਨੇ ਸਿੱਖਾਂ ਵਿੱਚ ਇੱਕ ਨਵੀਂ ਕਰਾਂਤੀ ਲੈ ਆਂਦੀ, ਜਿਸ ਸਦਕਾ ਹਰ ਸਿੱਖ ਸੰਤ ਸਿਪਾਹੀ ਬਣ ਗਿਆ।ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਬਾਅਦ ਸਿੱਖ ਜਗਤ ਵਿੱਚ ਹੋਈ ਤਬਦੀਲੀ ਬਾਰੇ ਕੁੱਝ ਇਤਿਹਾਸਕਾਰਾਂ ਦੀ ਰਾਇ-
ਗਾਰਡਨ ਲਿਖਦਾ ਹੈ-‘ਇਸ ਸ਼ਹੀਦੀ ਨੂੰ ਧਰਮ ਵਾਸਤੇ ਹੋਈ ਸ਼ਹਾਦਤ ਮੰਨਿਆ ਗਿਆ, ਜਿਸ ਨੇ ਧਾਰਮਿਕ ਜ਼ਜਬਿਆਂ ਨੂੰ ਟੁੰਬਿਆ ਤੇ ਚੁੱਪ ਬੈਠੀ ਕੌਮ ਨੂੰ ਸੰਤ ਸਿਪਾਹੀ ਬਣਾ ਦਿੱਤਾ।’
ਆਰਚਰ ਲਿਖਦਾ ਹੈ-‘ਸਿੱਖਾਂ ਦੀ ਬਿਰਤੀ ਵਿੱਚ ਤਗੜਾ ਪਰਿਵਰਤਨ ਆ ਗਿਆ।ਖੇਤਾਂ ਤੇ ਬਾਗਾਂ ਵਿੱਚ ਹਲਾਂ ਦੇ ਫਾਲਿਆਂ ਨੇ ਤਲਵਾਰਾਂ ਦਾ ਰੂਪ ਧਾਰਨ ਕਰ ਲਿਆ।ਕੈਂਚੀਆਂ, ਬਰਛੀਆਂ ਬਣ ਗਈਆਂ।ਇਸ ਤਰ੍ਹਾਂ ਸਿੱਖ ਸੰਗਠਨ ਨੇ ਫੌਜੀ ਰੂਪ ਧਾਰਨ ਕਰ ਲਿਆ।’
ਡਾਕਟਰ ਖਜਾਨ ਸਿੰਘ ਦਾ ਕਹਿਣਾ ਹੈ-‘ਗੁਰੂ ਸਾਹਿਬ ਜੀ ਦੀ ਸ਼ਹਾਦਤ ਨੇ ਸਿੱਖਾਂ ਦੇ ਜ਼ਜਬਿਆਂ ਨੂੰ ਭੜਕਾ ਦਿੱਤਾ ਤੇ ਉਨ੍ਹਾਂ ਦੇ ਦਿਲਾਂ ਵਿੱਚ ਸਮੇਂ ਦੀ ਹਕੂਮਤ ਵਿਰੁੱਧ ਨਫ਼ਰਤ ਪੈਦਾ ਹੋ ਗਈ।’
ਮੁਹੰਮਦ ਲਤੀਫ ਦਾ ਵਿਚਾਰ-‘ਗੁਰੂ ਸਾਹਿਬ ਜੀ ਦੀ ਸ਼ਹੀਦੀ ਨੇ ਸਿੱਖਾਂ ‘ਤੇ ਬੜਾ ਡੂੰਘਾ ਅਸਰ ਪਾਇਆ।ਸਿੱਖਾਂ ਦੇ ਧਾਰਮਿਕ ਜ਼ਜਬੇ ਭੜਕ ਉੱਠੇ ਤੇ ਉਸ ਸਮੇਂ ਤੋਂ ਹੀ ਸਿੱਖਾਂ ਦੇ ਮਨ ਵਿੱਚ ਮੁਗਲ ਹਕੂਮਤ ਵਿਰੁੱਧ ਨਫ਼ਰਤ ਦੇ ਬੀਜ ਬੀਜੇ ਗਏ।’
ਇੰਦੂ ਭੂਸ਼ਨ ਬੈਨਰਜੀ ਲਿਖਦਾ ਹੈ-‘ਸ਼ਹੀਦੀ ਦਾ ਕਾਰਣ ਭਾਵੇਂ ਕੁੱਝ ਵੀ ਹੋਵੇ, ਸਿੱਖਾਂ ਨੇ ਪ੍ਰਤੀਤ ਕਰ ਲਿਆ ਕਿ ਉਨ੍ਹਾਂ ਦੇ ਪਿਆਰੇ ਗੁਰੂ ਜੀ ਦੀ ਸ਼ਹੀਦੀ ਦਾ ਕਾਰਣ ਜਹਾਂਗੀਰ ਦੀ ਤੰਗ-ਦਿਲੀ ਤੇ ਸਰਕਾਰ ਦਾ ਜ਼ੁਲਮ ਸੀ।ਅਜੇ ਤੱਕ ਸਿੱਖ ਕੌਮ ਦਾ ਵਿਕਾਸ ਸ਼ਾਂਤੀ ਭਰਪੂਰ ਵਾਤਾਵਰਨ ਵਿੱਚ ਹੋ ਰਿਹਾ ਸੀ ਤੇ ਸਰਕਾਰ ਇਸ ਕਾਰਜ ਵਿੱਚ ਦਖਲ ਨਹੀਂ ਸੀ ਦਿੰਦੀ, ਪਰ ਹੁਣ ਸਪੱਸ਼ਟ ਹੋ ਗਿਆ ਸੀ ਕਿ ਬਦਲੇ ਹੋਏ ਹਾਲਾਤਾਂ ਵਿੱਚ ਸ਼ਸ਼ਤਰ ਧਾਰਨ ਕਰਨ ਤੋਂ ਬਿਨਾਂ ਕੌਮ ਬਚ ਨਹੀਂ ਸਕਦੀ।’
ਮੇਜਰ ਜਨਰਲ ਸਕਾਟ ਆਖਦਾ ਹੈ-‘ਪਹਿਲੋਂ ਵਾਹਿਗੁਰੂ ਨੂੰ ਮੰਨਣ ਵਾਲਿਆਂ ਨੂੰ ਧਾਰਮਿਕ ਗ੍ਰੰਥ, ਕੇਂਦਰੀ ਧਾਰਮਿਕ ਅਸਥਾਨ ਤੇ ਕੇਂਦਰੀ ਮਰਿਯਾਦਾ ਦਿੱਤੀ ਗਈ ਤੇ ਹੁਣ (ਗੁਰੂ ਅਰਜਨ ਦੇਵ ਜੀ ਦੇ) ਸ਼ਹੀਦ ਹੋਣ ‘ਤੇ ਦੁਸ਼ਮਣ ਦਾ ਟਾਕਰਾ ਕਰਨ ਦਾ ਜ਼ਜਬਾ ਮਿਲਿਆ।’
ਗੁਰੂ ਸਾਹਿਬ ਜੀ ਦੀ ਸ਼ਹਾਦਤ ਤੋਂ ਪ੍ਰਭਾਵਤ ਹੋ ਕੇ ਕਵੀ ਸੁਰਜੀਤ ਪਾਤਰ ਨੇ ਇੰਝ ਲਿਖਿਆ ਏ-
ਜੋ ਲੋਅ ਮੱਥੇ ‘ਚੋਂ ਫੁੱਟਦੀ ਹੈ,
ਉਹ ਅਸਲੀ ਤਾਜ ਹੁੰਦੀ ਏ।
ਤਵੀ ਦੇ ਤਖਤ ‘ਤੇ ਬਹਿ ਕੇ,
ਸੱਚੇ ਪਾਤਸ਼ਾਹ ਬਣਦੇ ਨੇ।
ਗੁਰੂ ਸਾਹਿਬ ਜੀ ਦੀ ਕੁਰਬਾਨੀ ਦਾ ਜ਼ਿਕਰ ਕਰਦੇ ਹੋਏ ਭਾਈ ਗੁਰਦਾਸ ਜੀ ਲਿਖਦੇ ਹਨ-
ਰਹਿੰਦੇ ਗੁਰੁ ਦਰੀਆਉ ਵਿਚਿ
ਮੀਨ ਕੁਲੀਨ ਹੇਤੁ ਨਿਰਬਾਣੀ॥
ਦਰਸਨੁ ਦੇਖਿ ਪਤੰਗ ਜਿਉ
ਜੋਤੀ ਅੰਦਰਿ ਜੋਤਿ ਸਮਾਣੀ॥
ਸਬਦੁ ਸੁਰਤਿ ਲਿਵ ਮਿਰਗ ਜਿਉ
ਭੀੜ ਪਈ ਚਿਤਿ ਅਵਰੁ ਨ ਆਣੀ॥
ਚਰਣ ਕਵਲ ਮਿਲਿ ਭਵਰ ਜਿਉ
ਸੁਖ ਸੰਪਟ ਵਿਚਿ ਰੈਣਿ ਵਿਹਾਣੀ॥
ਗੁਰੁ ਉਪਦੇਸ਼ ਨ ਵਿਸਰੈ
ਬਾਬੀਹੇ ਜਿਉ ਆਖ ਵਖਾਣੀ॥
ਗੁਰਮੁਖਿ ਸੁਖ ਫਲੁ ਪਿਰਮ ਰਸ
ਸਹਜ ਸਮਾਧਿ ਸਾਧ ਸੰਗਿ ਜਾਣੀ॥
ਗੁਰੁ ਅਰਜੁਨ ਵਿਟਹੁ ਕੁਰਬਾਣੀ॥
ਪੰਚਮ ਪਾਤਸ਼ਾਹ ਦੀ ਸ਼ਾਂਤਮਈ ਸ਼ਹੀਦੀ ਦਾ ਜੋ ਦ੍ਰਿਸ਼ ਭਾਈ ਸਾਹਿਬ ਭਾਈ ਰਣਧੀਰ ਸਿੰਘ ਜੀ ਨੇ ਆਪਣੇ ਲੇਖ ‘ਸ਼ਾਂਤ ਬੀਰਤਾ ਦੇ ਸਾੱਚੇ ਅਵਤਾਰ’ ਵਿੱਚ ਚਿਤਰਿਆ ਏ।ਮੈਂ ਉਹ ਸ਼ਬਦ ਲਿਖ ਕੇ ਇਸ ਲੇਖ ਨੂੰ ਸਮਾਪਤ ਕਰਦਾ ਹਾਂ-” ਜੇਠ ਹਾੜ ਦੀ ਗਾਖੜੀ ਗਰੀਖਮ ਰੁਤੈਨੀ ਘਾਮ ਗਰਮੀ ਪੈਂਦੀ ਹੈ।ਤੱਤੀਆਂ ਲੋਆਂ ਚਲਦੀਆਂ ਹਨ, ਕੜਕਦੀ ਧੁੱਪ ਵਿੱਚ ਜ਼ਾਲਮਾਂ ਦੀ ਭਖਾਈ ਹੋਈ ਅਗਨ ਭੱਠੀ ਭੜਹੜ ਬਲਦੀ ਹੈ।ਅੰਗਾਰੇ ਵਾਂਗੂੰ ਤਪਦੀ ਲੋਹ ਉਤੇ ਚੌਂਕੜਾ ਮਾਰੀ, ਅਚੱਲ ਸਮਾਧੀ ਵਿੱਚ ਦੀਨ ਦੁਨੀਆਂ ਦੇ ਵਾਲੀ, ਭਾਣਿਆਂ ਦੇ ਮਾਲਕ, ਉਸਨ-ਸੀਤ ਨੂੰ ਸਮਸਰ ਕਰ ਜਾਨਣਹਾਰੇ ਸ੍ਰੀ ਸਤਿਗੁਰੂ ਪੰਚਮ ਪਾਤਸ਼ਾਹ ਜੀ ਬੈਠੇ ਹਨ।ਉਤੋਂ ਅੱਗ ਵਾਂਗੂੰ ਭਖਦੀ ਰੇਤਾ ਦੇ ਕੜਛੇ ਸੋਹਲ, ਕੋਮਲ ਤੇ ਨਗਨ ਸਰੀਰ ਉਤੇ ਭਰ-ਭਰ ਕੇ, ਧੜਾ ਧੜ ਪੈ ਰਹੇ ਹਨ, ਪਰ ਸ਼ਾਂਤ ਬੀਰਤਾ ਦੇ ਮੁਜੱਸਮ ਦਾ ਆਸਨ ਅਚੱਲ ਹੈ।ਧੌਲ ਧਰਮ ਦਾ ਸਿੰਘਾਸਨ ਡੋਲ ਗਿਆ, ਪਰ ਸਤਿਗੁਰਾਂ ਦਾ ਅਹਿੱਲ ਆਸਨ ਨਹੀਂ ਡੋਲਿਆ।ਏਥੇ ਹੀ ਬੱਸ ਨਹੀਂ, ਖੌਲਦੇ ਜਲ ਦਾ ਭਰਿਆ ਕੜਾਹਾ ਸਟੀਮ ਭਾਫਾਂ ਛੱਡ ਰਿਹਾ ਏ।ਹੇਠਾਂ ਭੜਾ-ਭੜ ਅਗਨੀ ਦੇ ਭਾਂਬੜ ਮੱਚ ਰਹੇ ਹਨ।ਇਸ ਮੱਚਦੇ-ਉਬਲਦੇ ਨੱਕਾ-ਨੱਕ ਭਰੇ ਭਾਫ ਸਟੀਮ ਇੰਜਨੀ ਕੜਾਹੇ ਵਿੱਚ ਚੌਂਕੜੇ ਲਗੇ-ਲਗਾਇਆਂ ਚੁੱਕ ਕੇ ਸਤਿਗੁਰਾਂ ਨੂੰ ਗਲ ਤਾਂਈਂ ਤਿਰਬੁੱਡ ਕੀਤਾ ਜਾਂਦਾ ਹੈ।ਮਿੰਟ ਨਹੀਂ ਸਕਿੰਟ ਨਹੀਂ, ਘੜੀਆਂ ਘੰਟਿਆਂ ਬੱਧੀ ਇਸ ਉਬਲਦੀ ਦੇਗ ਵਿੱਚ ਉਬਾਲਿਆ ਜਾਂਦਾ ਏ।ਕੀ ਮਜਾਲ, ਮੁੱਖੋਂ ਉਫ ਤੱਕ ਵੀ ਨਿਕਲੀ ਹੋਵੇ ? ਰਸਨਾ ਤੋਂ ‘ਸੀ’ ਤੱਕ ਵੀ ਉਚਰਣਤ ਹੋਈ ਹੋਵੇ।ਕਸੀਸ ਨਹੀਂ ਵੱਟੀ, ਅੱਖ ਨਹੀਂ ਪੱਟੀ।ਕੋਈ ਅੰਗ ਨਹੀਂ ਹਿੱਲਿਆ, ਰੋਮ ਨਹੀਂ ਫੜਕਿਆ।ਚੇਹਰੇ ‘ਤੇ ਅੱਗੇ ਨਾਲੋਂ ਵੀ ਦੂਣ ਸਵਾਇਆ ਜਲਾਲ ਏ।ਜੋਤਿ ਜਮਾਲ ਦੀ ਉਹ ਅਵਧੀ ਹੈ ਕਿ ਦੇਖਣਹਾਰੇ ਝਾਲ ਨਹੀਂ ਝੱਲ ਸਕਦੇ।ਪਾਸ ਖੜੋਤੇ ਮੀਆਂ ਮੀਰ ਫਕੀਰ ਤ੍ਰਪ-ਤ੍ਰਪ ਆਂਸੂ ਬਹਾ ਰਹੇ ਹਨ।ਜ਼ੁਲਮ ਦੀ ਅਤਿ ਵੇਖ ਕੇ ਗੈਜ਼ੋ-ਗਜ਼ਬ ਨਾਲ ਕੰਬ ਰਹੇ ਹਨ।ਇਸ ਦਰਦਨਾਕ ਨਜ਼ਾਰੇ ਨੂੰ ਦ੍ਰਵੀਭੂਤ ਹੋ ਕੇ ਦੇਖ ਰਹੇ ਹਨ।”
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly