ਦਿੜ੍ਹਬਾ ਮੰਡੀ ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) (ਸਮਾਜ ਵੀਕਲੀ): ਭਾਰਤ ਦੇ ਤਿਉਹਾਰ ਦੇਸ਼ ਦੀ ਸੱਭਿਅਤਾ ਅਤੇ ਸੰਸਕ੍ਰਿਤੀ ਦੇ ਮਹਾਨ ਰੱਖਿਅਕ ਰਹੇ ਹਨ। ਸਾਲ ਭਰ ਵਿਚ ਅਨੇਕਾਂ ਤਿਉਹਾਰ ਆਉਂਦੇ ਹਨ, ਜੋ ਸਾਨੂੰ ਰਾਸ਼ਟਰ, ਜਾਤੀ ਅਤੇ ਮਨੁੱਖ ਦੇ ਪ੍ਰਤੀ ਕਰਤੱਵਾਂ ਨੂੰ ਸਮਝਾਉਣ ਦੀ ਕੋਸ਼ਿਸ਼ ਕਰਦੇ ਹਨ। ਭਾਰਤੀ ਜਨਤਾ ਸਦੀਆਂ ਤੋਂ ਇਹਨਾਂ ਤਿਉਹਾਰਾਂ ਨੂੰ ਮਨਾਉਂਦੀ ਆ ਰਹੀ ਹੈ। ਦੁਸਹਿਰਾ ਵੀ ਇਹਨਾਂ ਵਿਚੋਂ ਇੱਕ ਹੈ, ਜੋ ਭਾਰਤ ਵਾਸੀਆਂ ਨੂੰ ਅਧਰਮ ਤੋਂ ਧਰਮ ਵੱਲ, ਅਗਿਆਨ ਤੋਂ ਗਿਆਨ ਵੱਲ ਅਤੇ ਝੂਠ ਤੋਂ ਸੱਚ ਵੱਲ ਜਾਣ ਦੀ ਪ੍ਰੇਰਣਾ ਦਿੰਦਾ ਹੈ।
ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਉੱਘੇ ਸਮਾਜ ਸੇਵਕ, ਕਾਰੋਬਾਰੀ ਸੰਜੀਵ ਬਾਂਸਲ ਚੇਅਰਮੈਨ ਬਾਂਸਲਜ ਗਰੁੱਪ ਨੇ ਕੀਤਾ। ਉਹਨਾਂ ਦੱਸਿਆ ਕਿ ਦੁਸਹਿਰੇ ਦਾ ਤਿਉਹਾਰ ਅੱਸੂ ਮਹੀਨੇ ਦੇ ਸ਼ੁਕਲ ਪੱਖ ਦੀ ਦਸਵੀਂ ਨੂੰ ਮਨਾਇਆ ਜਾਂਦਾ ਹੈ। ਇਸੇ ਲਈ ਇਸ ਨੂੰ ਵਿਜੇ-ਦਸ਼ਮੀ ਵੀ ਕਹਿੰਦੇ ਹਨ। ਮੁੱਖ ਤੌਰ ਤੇ ਇਹ ਤਿਉਹਾਰ ਦਾ ਸੰਬੰਧ ਰਾਵਣ ਉਤੇ ਭਗਵਾਨ ਸ੍ਰੀ ਰਾਮ ਦੀ ਜਿੱਤ ਦਾ ਹੈ। ਰਾਵਣ ਬਹੁਤ ਵੱਡਾ ਵਿਦਵਾਨ ਅਤੇ ਟਿੱਕਾਕਾਰ ਪੰਡਿਤ ਸੀ। ਉਹ ਛੇ ਸ਼ਾਸਤਰਾਂ ਅਤੇ ਚਾਰ ਵੇਦਾਂ ਦਾ ਜਾਣੂ ਸੀ। ਉਸ ਕੋਲ ਦਸ ਸਿਰਾ ਦਾ ਗਿਆਨ ਹੋਣ ਦੇ ਬਾਵਜੂਦ ਉਹ ਵਿਚਾਰਹੀਨ ਸੀ।
ਗਿਆਨ ਅਤੇ ਸ਼ਕਤੀ ਦੇ ਅਭਿਮਾਨ ਵਿਚ ਉਹ ਦੇਵੀ ਦੇਵਤਿਆਂ ਨੂੰ ਤੰਗ ਕਰਦਾ ਹੁੰਦਾ ਸੀ। ਵਿਦਵਾਨ ਹੁੰਦੇ ਹੋਏ ਵੀ ਉਸਨੇ ਮਾਤਾ ਸੀਤਾ ਦਾ ਹਰਨ ਕੀਤਾ। ਜਿਸ ਕਰਕੇ ਸੋਨੇ ਦੀ ਲੰਕਾ ਜਲ ਗਈ ਅਤੇ ਉਹ ਆਪਣੇ ਪਰਿਵਾਰ ਸਮੇਤ ਮਾਰਿਆ ਗਿਆ। ਰਾਵਣ ਨੂੰ ਮਾਰ ਕੇ ਭਗਵਾਨ ਸ੍ਰੀ ਰਾਮ ਚੰਦਰ ਜੀ ਨੇ ਅਧਰਮ, ਅਗਿਆਨ ਅਤੇ ਝੂਠ ਉਤੇ ਧਰਮ, ਗਿਆਨ ਅਤੇ ਸੱਚ ਦੀ ਜਿੱਤ ਕਰਾਈ। ਇਸੇ ਕਰਕੇ ਹਰ ਸਾਲ ਇਹ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ ਜਾਂਦਾ ਹੈ।
ਦਸਮੀ ਤੋਂ ਪਹਿਲਾਂ ਨੌ ਨਵਰਾਤਰੇ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਭਗਵਾਨ ਸ੍ਰੀ ਰਾਮ ਦੀ ਕਥਾ ਰਾਮ ਲੀਲਾ ਦੇ ਰੂਪ ਵਿੱਚ ਦਿਖਾਈ ਜਾਂਦੀ ਹੈ। ਉਨ੍ਹਾਂ ਦੇ ਜਨਮ ਤੋਂ ਲੈ ਕੇ ਰਾਵਣ ਦੇ ਮਰਨ ਤੱਕ ਦੀਆਂ ਸਾਰੀਆਂ ਘਟਨਾਵਾਂ ਲੋਕਾਂ ਨੂੰ ਦਿਖਾ ਕੇ ਪ੍ਰੇਰਿਤ ਕੀਤਾ ਜਾਂਦਾ ਹੈ। ਦਸਮੀ ਵਾਲੇ ਦਿਨ ਸ਼ਹਿਰਾਂ ਵਿਚ ਇੱਕ ਖੁਲ੍ਹੇ ਸਥਾਨ ਤੇ ਰਾਵਣ, ਕੁਭੰਕਰਣ ਅਤੇ ਮੇਘਨਾਥ ਦੇ ਵੱਡੇ ਵੱਡੇ ਬੁੱਤ ਬਣਾਏ ਜਾਂਦੇ ਹਨ । ਸ਼ਾਮ ਸਮੇਂ ਇਹਨਾਂ ਬੁੱਤਾਂ ਨੂੰ ਜਲਾ ਦਿੱਤਾ ਜਾਂਦਾ ਹੈ। ਘਰਾਂ ਅੰਦਰ ਦੁਸਹਿਰੇ ਦਾ ਪੂਜਨ ਹੁੰਦਾ ਹੈ। ਭੈਣਾਂ ਭਰਾਵਾਂ ਦੇ ‘ਨੌਰਤੇ’ ਟੰਗਦੀਆਂ ਹਨ। ਇਸ ਤਰ੍ਹਾਂ ਇਹ ਤਿਉਹਾਰ ਹੱਸਦਿਆਂ ਖੇਡਦਿਆਂ ਬੀਤ ਜਾਂਦਾ ਹੈ।
ਦੇਸ਼ ਵਾਸੀਆਂ ਲਈ ਇਸ ਦਿਨ ਦਾ ਖਾਸ ਮਹੱਤਵ ਹੈ। ਦੇਸ਼ ਦੀ ਏਕਤਾ ਅਤੇ ਬਾਹਰੀ ਸ਼ਕਤੀਆਂ ਨਾਲ ਨਿਪਟਣ ਲਈ ਇਹ ਜ਼ਰੂਰੀ ਹੈ ਕਿ ਅਸੀਂ ਸ਼ੁੱਧ ਚਰਿੱਤਰ ਵਾਲੇ ਸਦਾਚਾਰੀ ਅਤੇ ਬਹਾਦਰ ਬਣੀਏ ਅਤੇ ਇਸ ਤਿਓਹਾਰ ਤੋਂ ਸਿੱਖਿਆ ਲੈ ਕੇ ਆਪਣੇ ਜੀਵਨ ਨੂੰ ਸਮਾਜਿਕ ਬੁਰਾਈਆ ਤੋਂ ਮੁਕਤ ਕਰੀਏ।।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly