HOME ਲੋਕ ਗਾਇਕੀ ਦਾ ਬਾਬਾ ਬੋਹੜ : ਦੀਦਾਰ ਸਿੰਘ ਪਰਦੇਸੀ

ਲੋਕ ਗਾਇਕੀ ਦਾ ਬਾਬਾ ਬੋਹੜ : ਦੀਦਾਰ ਸਿੰਘ ਪਰਦੇਸੀ

7
ਦੀਦਾਰ ਸਿੰਘ ਪਰਦੇਸੀ ਆਪਣੇ ਪੋਤਰੇ ਨਾਲ

ਬਹੁਤ ਸਾਰੇ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਸਲਮਾ ਵਾਲਾ ਪਰਦੇਸੀ’ ਕਹਿ ਕੇ ਵੀ ਬੁਲਾਉਂਦੇ ਹਨ।

ਬਲਦੇਵ ਸਿੰਘ ਬੇਦੀ

  (ਸਮਾਜ ਵੀਕਲੀ)   ਸੰਗੀਤ ਦੀ ਦੁਨੀਆਂ ‘ਚ ਹਰ ਰੋਜ਼ ਕਈ ਅਵਾਜ਼ਾਂ ਉਭਰਦੀਆਂ ਤੇ ਕਈ ਗੁੰਮ ਹੋ ਜਾਂਦੀਆਂ ਨੇ,ਪਰ ਕੁਝ ਅਵਾਜ਼ਾਂ ਅਜਿਹੀਆਂ ਵੀ ਹੁੰਦੀਆਂ ਹਨ,ਜੋ ਆਪਣੇ ਅੰਦਰ ਇੱਕ ਕਲਾ, ਇੱਕ ਜਜ਼ਬਾ ਅਤੇ ਇੱਕ ਅਸਰ ਛੁਪਾਈ ਬੈਠੀਆਂ ਹੁੰਦੀਆਂ ਹਨ। ਅਜਿਹੀਆਂ ਅਵਾਜ਼ਾਂ ਦਿਲਾਂ ‘ਤੇ ਅੰਮਿਟ ਛਾਪ ਛੱਡ ਜਾਂਦੀਆਂ ਹਨ। ਅਜਿਹਾ ਹੀ ਇਕ ਨਾਂ ਹੈ ਦੀਦਾਰ ਸਿੰਘ ਪਰਦੇਸੀ, ਜਿਸ ਨੇ ਪਿੰਡ ਪੱਤੜ ਕਲਾਂ ਦੀ ਮਿੱਟੀ ‘ਤੇ ਜਨਮ ਲੈ ਕੇ ਆਪਣੀ ਸੁਰੀਲੀ ਆਵਾਜ਼ ਰਾਹੀਂ ਅਫਰੀਕਾ ਦੀ ਧਰਤੀ ‘ਤੇ ਪੰਜਾਬੀ ਅਤੇ ਹਿੰਦੀ ਸੰਗੀਤ ਦੀ ਖੁਸ਼ਬੂ ਬਿਖੇਰ ਦਿੱਤੀ।

ਉਹ ਕੇਵਲ ਇਕ ਗਾਇਕ ਨਹੀਂ, ਸਗੋਂ ਸੱਭਿਆਚਾਰਕ ਰੂਹ ਦਾ ਰੂਪ ਹੈ,ਜਿਸ ਦੀ ਆਵਾਜ਼ ਵਿੱਚ ਲੋਕਧਰੋਹੀ ਮਿਠਾਸ, ਗ਼ਜ਼ਲਾਂ ਦੀ ਕੋਮਲਤਾ ਅਤੇ ਕੀਰਤਨ ਦੀ ਅਧਿਆਤਮਿਕਤਾ ਇਸ ਤਰ੍ਹਾਂ ਰਮ ਗਈ ਹੈ ਕਿ ਜਿਥੇ ਵੀ ਉਹ ਸੁਰ ਛੇੜਦਾ ਹੈ, ਉਥੇ ਹੀ ਸੱਭਿਆਚਾਰਕ ਰਸਾਵਲੀ ਦਾ ਮਾਹੌਲ ਬਣ ਜਾਂਦਾ ਹੈ। ਉਸਦੇ ਸੰਗੀਤਕ ਸਫ਼ਰ ‘ਚ ਹਰ ਸੁਰ, ਹਰ ਸ਼ਬਦ ਇੱਕ ਜਜ਼ਬਾਤੀ ਪੁਲ ਬਣ ਜਾਂਦਾ ਜੋ ਦਿਲਾਂ ਨੂੰ ਜੋੜਦਾ ਹੋਇਆ ਰੂਹ ਨੂੰ ਛੂਹ ਲੈਂਦਾ ਹੈ।
ਮਿੱਠੜੇ ਸੁਭਾਅ ਅਤੇ ਭਰਪੂਰ ਸਾਦਗੀ ਦੇ ਪ੍ਰਤੀਕ ਦੀਦਾਰ ਸਿੰਘ ਪਰਦੇਸੀ ਦਾ ਜਨਮ 14 ਜੁਲਾਈ 1937 ਨੂੰ ਪਿੰਡ ਪੱਤੜ ਕਲਾਂ (ਜ਼ਿਲ੍ਹਾ ਜਲੰਧਰ) ਵਿੱਚ ਸ. ਮੱਘਰ ਸਿੰਘ ਅਤੇ ਮਾਤਾ ਰਤਨ ਕੌਰ ਦੇ ਘਰ ਹੋਇਆ। ਪ੍ਰਸਿੱਧ ਸ਼ਾਇਰ ਤੇ ਕਵੀ ਸੁਰਜੀਤ ਪਾਤਰ ਦੇ ਚਚੇਰੇ ਭਰਾ ਅਤੇ ਉਨ੍ਹਾਂ ਤੋਂ ਅੱਠ ਸਾਲ ਵੱਡੇ ਪਰਦੇਸੀ ਜੀ ਦੇ ਮਨ ਵਿੱਚ ਬਚਪਨ ਤੋਂ ਹੀ ਸੰਗੀਤ ਦੀ ਸੁਰਭੀ ਵੱਸਦੀ ਸੀ। ਕੇਵਲ ਪੰਜ ਸਾਲ ਦੀ ਉਮਰ ‘ਚ ਹੀ ਉਹ ਗੁਰੂ- ਘਰਾਂ ਵਿੱਚ ਨਜ਼ਮ ਤੇ ਧਾਰਮਿਕ ਕਵਿਤਾਵਾਂ ਰਾਹੀਂ ਆਪਣੀ ਮਿੱਠੀ ਆਵਾਜ਼ ਦੀ ਛਾਪ ਛੱਡਣ ਲੱਗੇ।
ਪਿੰਡ ਦੀ ਰੌਣਕ ‘ਚ ਜਦੋਂ ਵਿਆਹ ਦੀਆਂ ਜੰਝਾਂ ਨਾਲ ਵਾਜਿਆਂ ਦੀ ਧੁਨ ਘੁੰਮਦੀ, ਤਾਂ ਪਰਦੇਸੀ ਦੋਸਤਾਂ ਨਾਲ ਉਹ ਸੁਰਾਂ ਦੀ ਲਹਿਰ ਵਿੱਚ ਝੂਮਦੇ ਹੋਏ ਉਨ੍ਹਾਂ ਦੀ ਰਾਗਣੀ ਸੁਣਨ ਨਿਕਲ ਪੈਂਦੇ। ਇੱਕ ਵਾਰ ਗੁਰਦੁਆਰੇ ਵਿੱਚ ਗਾਈ ਇੱਕ ਨਜ਼ਮ ‘ਤੇ ਮਿਲੇ ਚਾਂਦੀ ਦੇ ਰੁਪਏ ਦੀ ਇਨਾਮੀ ਝਲਕ ਨੇ ਉਨ੍ਹਾਂ ਦੇ ਮਨ ਵਿੱਚ ਸੰਗੀਤ ਪ੍ਰਤੀ ਪਿਆਰ ਨੂੰ ਹੋਰ ਵੀ ਮਜ਼ਬੂਤ ਕਰ ਦਿੱਤਾ।
1951 ਵਿੱਚ 14 ਸਾਲਾ ਦੀਦਾਰ ਸਿੰਘ ਆਪਣਾ ਕੈਰੀਅਰ ਬਣਾਉਣ ਲਈ ਕੀਨੀਆ ਆਪਣੇ ਪਿਤਾ ਜੀ ਅਤੇ ਆਪਣੇ ਭਰਾ
ਕੋਲ ਚਲਾ ਗਿਆ। ਜਿੱਥੇ ਪੜ੍ਹਾਈ ਮੁਕੰਮਲ ਕਰਕੇ ਅਧਿਆਪਕ ਬਣਿਆ ਅਤੇ ਆਪਣੀ ਪੇਸ਼ਾਵਰ ਜ਼ਿੰਦਗੀ ਦੀ ਸ਼ੁਰੂਆਤ ਕੀਤੀ। ਹਾਲਾਂਕਿ ਪੇਸ਼ਾ ਅਧਿਆਪਨ ਦਾ ਸੀ ਪਰ ਦਿਲ ਗਾਇਕੀ ਦੇ ਰਾਹ ਤੇ ਉੱਡਣਾ ਚਾਹੁੰਦਾ ਸੀ।
ਉਸ ਦੀ ਆਵਾਜ਼ ‘ਚ ਉਹ ਜਾਦੂ ਸੀ ਕਿ ਪੂਰਬੀ ਅਫ਼ਰੀਕਾ ਦੇ ਘਰ-ਘਰ ‘ਚ ਉਸ ਦੀ ਰੋਮਾਂਚਕ ਗਾਇਕੀ ਦੀ ਗੂੰਜ ਰੇਡੀਓ ਰਾਹੀਂ ਗੂੰਜਣ ਲੱਗੀ। ‘ਹੀਰ ਵਾਰਿਸ ਸ਼ਾਹ’ ਦੀ ਰਚਨਾ ਨਾਲ ਉਸ ਨੇ ਆਪਣੀ ਗਾਇਕੀ ਦੀ ਸ਼ੁਰੂਆਤ ਉਸ ਧਰਤੀ ਤੋ ਕੀਤੀ। ਭੈਰਵੀ ਰਾਗ ਵਿੱਚ ਵਾਰਿਸ ਸ਼ਾਹ ਦੀ ‘ਹੀਰ’ ਸੁਣ ਕੇ ਉਸਤਾਦ ਅਲੀ ਅਕਬਰ ਖਾਂ ਪਰਦੇਸੀ ਤੋਂ ਇੰਨੇ ਖੁਸ਼ ਹੋਏ ਕਿ ਉਨ੍ਹਾਂ ਆਪਣੀ ਮੁੰਦਰੀ ਉਤਾਰ ਕੇ ਪਰਦੇਸੀ ਦੀ ਉਂਗਲ ਵਿੱਚ ਪਾ ਦਿੱਤੀ। ਪਰਦੇਸੀ ਨੇ ਅੱਜ ਵੀ ਉਸ ਪਿਆਰ ਦੀ ਨਿਸ਼ਾਨੀ ਨੂੰ ਬੜੇ ਸਤਿਕਾਰ ਨਾਲ ਸੰਭਾਲ ਕੇ
ਰੱਖਿਆ ਹੋਇਆ ਹੈ।
ਨੈਰੋਬੀ ਦੇ ਇੱਕ ਸਮਾਗਮ ਵਿੱਚ ਜਦੋਂ ਪਰਦੇਸੀ ਨੇ ਮੁਹੰਮਦ ਰਫ਼ੀ ਸਾਹਿਬ ਤੋਂ ਇਜਾਜ਼ਤ ਲੈ ਕੇ ਉਨ੍ਹਾਂ ਦਾ ਹੀ ਗੀਤ ‘ਚੌਦਵੀਂ ਕਾ ਚਾਂਦ ਹੋ’ ਗਾਇਆ ਤਾਂ ਰਫ਼ੀ ਸਾਹਿਬ ਇੰਨੇ ਖੁਸ਼ ਹੋਏ ਕਿ ਉਨ੍ਹਾਂ ਨੇ ਪਰਦੇਸੀ ਨੂੰ ਗਲਵੱਕੜੀ ਵਿੱਚ ਲੈ ਕੇ ਕਿਹਾ “ਤੁਸੀਂ ਤਾਂ ਇਥੋਂ ਦੇ ਰਫ਼ੀ ਹੋ… ਪੂਰਬੀ ਅਫ਼ਰੀਕਾ ਦੇ ਰਫ਼ੀ!” ਇਹ ਉਪਾਧੀ ਪਰਦੇਸੀ ਲਈ ਸਿਰਫ਼ ਇੱਕ ਸਨਮਾਨ ਹੀ ਨਹੀਂ ਸੀ, ਸਗੋਂ ਉਸ ਦੀ ਮਿਹਨਤ ਅਤੇ ਕਲਾ ਦੀ ਸਭ ਤੋਂ ਵੱਡੀ ਪ੍ਰਾਪਤੀ ਸੀ।
ਦੀਦਾਰ ਸਿੰਘ ਪਰਦੇਸੀ ਨੇ ਉਰਦੂ, ਹਿੰਦੀ, ਪੰਜਾਬੀ ਦੀਆਂ ਗ਼ਜ਼ਲਾਂ, ਰੁਬਾਈਆਂ ਅਤੇ ਲੋਕਗੀਤਾਂ ਨੂੰ ਆਪਣੀ ਅਨਮੋਲ ਆਵਾਜ਼ ਦਿੱਤੀ। ਪਰ ਕਮਰਸ਼ੀਅਲ ਗਾਇਕੀ ਦੀਆਂ ਚਮਕਦਾਰ ਰਾਹਾਂ ਨੂੰ ਛੱਡ ਕੇ ਉਸ ਨੇ ਆਪਣਾ ਮਨ ਅਧਿਆਪਨ ਅਤੇ ਪ੍ਰਮਾਣਿਕ ਗਾਇਕੀ ‘ਚ ਹੀ ਲਗਾਇਆ। ਮਹਾਨ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਉਹ ਮਹਿਫ਼ਲਾਂ ਦੀ ਰੌਣਕ ਬਣਾਉਂਦਾ। ਲੋਕ ਉਸਦੀ ਅਵਾਜ਼ ‘ਤੇ ਵਾਹ ਵਾਹ ਕਰਦੇ ਅਤੇ ਇਹੀ ਤਾਰੀਫ਼ ਉਸ ਲਈ ਸਭ ਤੋਂ ਵੱਡਾ ਇਨਾਮ ਹੁੰਦੀ। ਮੁਹੰਮਦ ਰਫ਼ੀ ਦੇ ਸੈਂਕੜੇ ਗੀਤਾਂ ਤੋਂ ਇਲਾਵਾ ਉਸ ਨੇ ਪ੍ਰਕਾਸ਼ ਸਾਥੀ, ਸਾਹਿਰ ਲੁਧਿਆਣਵੀ, ਇਕਬਾਲ,ਮਿਰਜ਼ਾ ਗ਼ਾਲਿਬ,ਜਾਨ ਨਿਸਾਰ ਅਖ਼ਤਰ,ਸ਼ਿਵ ਕੁਮਾਰ ਬਟਾਲਵੀ, ਸੁਰਜੀਤ ਪਾਤਰ ਵਰਗੇ ਅਣਗਿਣਤ ਸ਼ਾਇਰਾਂ ਦੀਆਂ ਰਚਨਾਵਾਂ ਨੂੰ ਆਪਣੀ ਆਵਾਜ਼ ਦਿੱਤੀ। ਕਈ ਹਿੰਦੀ ਫਿਲਮਾਂ ਦੇ ਗੀਤਾਂ ਨੂੰ ਵੀ ਆਪਣੇ ਸੁਰਾਂ ਨਾਲ ਰੰਗਿਆ।
ਮਨਮੌਜੀ ਦੀਦਾਰ ਸਿੰਘ ਪਰਦੇਸੀ ਨੇ ਕਦੇ ਸੰਗੀਤ ਨੂੰ ਰੋਜ਼ੀ-ਰੋਟੀ ਨਹੀਂ ਬਣਾਇਆ, ਸਿਰਫ਼ ਆਪਣੇ ਮਨ ਦਾ ਸ਼ੌਕ ਹੀ ਬਣਾਇਆ। ਜਦੋਂ ਪੰਜਾਬੀ ਕਲਾਕਾਰ ਐੱਚ.ਐੱਮ.ਵੀ. ਤੋਂ ਆਪਣੇ ਗੀਤ ਰਿਕਾਰਡ ਹੋਣ ਦੀ ਖਾਹਿਸ਼ ਕਰਦੇ ਸਨ, ਉਦੋਂ ਪਰਦੇਸੀ ਵਲੋਂ ਇਸ ਕੰਪਨੀ ਨੂੰ ਨਾਂਹ ਕਰ ਦਿੱਤੀ ਗਈ। ਇਥੇ ਇਹ ਗੱਲ ਵੀ ਜ਼ਿਕਰਯੋਗ ਹੈ ਕਿ ਪਰਦੇਸੀ ਨੂੰ ਇਹ ਮਾਣ ਵੀ ਹਾਸਿਲ ਹੈ ਉਹ ਪੂਰਬੀ ਅਫ਼ਰੀਕਾ ਦਾ ਪਹਿਲਾ ਅਜਿਹਾ ਏਸ਼ਿਆਈ ਗਾਇਕ ਹੋਇਆ, ਜਿਸ ਦੇ ਗੀਤ 1967 ‘ਚ ਫਿਲਿਪਸ ਕੰਪਨੀ ਨੇ ਰਿਕਾਰਡ ਕੀਤੇ।
ਉਸ ਦੀਆਂ ਪ੍ਰਸਿੱਧ ਸੀ.ਡੀ. ‘ਟੁੱਟੇ ਦਿਲ’, ‘ਇੱਕ ਬੂਟਾ ਅੰਬੀ ਦਾ’, ‘ਸਲਮਾ ਕੀ ਯਾਦ ਮੇਂ’, ‘ਪਿਆਸੀਆਂ ਰੂਹਾਂ’ ਆਮ ਲੋਕਾਂ ਵਿੱਚ ਖੂਬ ਮਸ਼ਹੂਰ ਹੋਈਆਂ। ਇਨ੍ਹਾਂ ਸਾਰੀਆਂ ਰਚਨਾਵਾਂ ਨੂੰ ਉਸ ਨੇ ਆਪਣੀ ਕੰਪਨੀ ‘ਪਰਦੇਸੀ ਆਰਟਸ’ ਰਾਹੀਂ ਜਾਰੀ ਕੀਤਾ ਅਤੇ ਸਾਰੇ ਅਧਿਕਾਰ ਆਪਣੇ ਕੋਲ ਰੱਖੇ।
1979 ਵਿੱਚ ਦੀਦਾਰ ਸਿੰਘ ਪਰਦੇਸੀ ਦਾ ਐੱਲ.ਪੀ. ਰਿਕਾਰਡ ‘ਸਲਮਾ ਕੀ ਯਾਦ ਮੇਂ’ ਜਾਰੀ ਹੋਇਆ, ਜੋ ਬੇਹੱਦ ਮਕਬੂਲ ਹੋਇਆ। ਦਰਅਸਲ ‘ਸਲਮਾ’ ਜੋ ਸ਼ੀਰਾਨੀ ਸਾਹਿਬ ਨੇ ਲਿਖੀ ਸੀ, ਪਰ ਪਰਦੇਸੀ ਜੀ ਦੀ ਰੂਹ ਨੂੰ ਛੂਹਣ ਵਾਲੀ ਆਵਾਜ਼ ਨੇ ਇਸ ਨੂੰ ਅਮਰ ਕਰ ਦਿੱਤਾ। ਜਦੋਂ ਉਨ੍ਹਾਂ ਨੇ ਇਹ ਗ਼ਜ਼ਲ ਗਾਈ, ਤਾਂ ਇਹ ਸੰਗੀਤ ਕਲਾ ਦੇ ਇਤਿਹਾਸ ‘ਚ ਇਨ੍ਹਾਂ ਦੇ ਨਾਂਅ ਨਾਲ ਇੰਨੀ ਗੂੜ੍ਹੀ ਜੁੜ ਗਈ ਕਿ ਬਹੁਤ ਸਾਰੇ ਲੋਕ ਉਨ੍ਹਾਂ ਨੂੰ ਪਿਆਰ ਨਾਲ ‘ਸਲਮਾ ਵਾਲਾ ਪਰਦੇਸੀ’ ਕਹਿ ਕੇ ਵੀ ਬੁਲਾਉਣ ਲੱਗ ਪਏ।
ਰੇਡੀਓ ਤੇ ਗਾਇਆ ਤੇ ਦੂਰਦਰਸ਼ਨ ਕੇਂਦਰ ਜਲੰਧਰ ਵਲੋਂ ਫ਼ਿਲਮਾਇਆ ਦੀਦਾਰ ਸਿੰਘ ਪਰਦੇਸੀ ਦਾ ਇਹ ਗੀਤ
ਰਾਤ ਚਾਨਣੀ ਮੈਂ ਟੁਰਾਂ
ਮੇਰਾ ਨਾਲ ਟੁਰੇ ਪਰਛਾਵਾਂ
ਜਿੰਦੇ ਮੇਰੀਏ ।
ਗਲੀਏ ਗਲੀਏ ਚਾਨਣ ਸੁੱਤੇ
ਮੈਂ ਕਿਸ ਗਲੀਏ ਆਵਾਂ
ਜਿੰਦੇ ਮੇਰੀਏ ।
ਜਿਸ ਦੀ ਰਚਨਾ ਸ਼ਿਵ ਕੁਮਾਰ ਬਟਾਲਵੀ ਨੇ ਕੀਤੀ,ਅੱਜ ਵੀ ਲੋਕਾਂ ਦੇ ਦਿਲਾਂ ‘ਚ ਸਦਾਬਹਾਰ ਗੀਤ ਵਾਂਗੂ ਗੂੰਜ ਰਿਹਾ ਹੈ।
ਲੰਮਾ ਅਰਸਾ ਅਧਿਆਪਕ, ਫਿਰ ਡਿਪਟੀ ਹੈੱਡ ਮਾਸਟਰ ਅਤੇ ਅਖੀਰਕਾਰ ਹੈੱਡ ਮਾਸਟਰ ਦੇ ਅਹੁਦੇ ‘ਤੇ ਜਿੰਮੇਵਾਰੀਆਂ ਨਿਭਾਉਣ ਤੋਂ ਬਾਅਦ 88 ਸਾਲਾ ਦੀਦਾਰ ਸਿੰਘ ਪਰਦੇਸੀ ਅੱਜਕਲ੍ਹ ਇੰਗਲੈਂਡ ਵਿੱਚ ਆਪਣੇ ਪੁੱਤਰ ਦੇ ਨਾਲ ਰਹਿ ਰਹੇ ਹਨ। ਉਨ੍ਹਾਂ ਦਾ ਘਰ ਲੋਕਾਂ ਵਲੋਂ ਮਿਲੇ ਐਵਾਰਡਾਂ ਅਤੇ ਸਨਮਾਨਾਂ ਨਾਲ ਚਮਕ ਰਿਹਾ ਹੈ, ਅਤੇ ਸਰੋਤਿਆਂ ਵੱਲੋਂ ਮਿਲ ਰਹੀ ਪ੍ਰਸ਼ੰਸਾ ਦੇ ਅਸਮਾਨੀ ਭਰੋਸੇ ਉੱਤੇ ਉਹ ਅਜੇ ਵੀ ਉੱਡਦੇ ਦਿਸਦੇ ਹਨ। ਹਾਲਾਂਕਿ ਸਰੀਰਕ ਤੌਰ ‘ਤੇ ਉਹ ਪੰਜਾਬ ਦੀ ਧਰਤੀ ਤੋਂ ਦੂਰ ਹਨ, ਪਰ ਉਨ੍ਹਾਂ ਦੀ ਰੂਹ ਅਜੇ ਵੀ ਆਪਣੀ ਮਾਂ-ਧਰਤੀ ਦੀ ਖੁਸ਼ਬੂ ਨਾਲ ਰਮੀ ਹੋਈ ਹੈ।
✍️ ਬਲਦੇਵ ਸਿੰਘ ਬੇਦੀ ਜਲੰਧਰ 
 9041925181
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਇੱਕ ਪੁਰਾਣੀ ਲਿਖਤ (ਮਜ਼ਦੂਰ ਔਰਤ)
Next articleਅਮਰੀਕਾ ਦੇ ਰੀਨੋ ਸ਼ਹਿਰ ਵਿਚ ਡਾ. ਬੀ. ਆਰ. ਅੰਬੇਡਕਰ ਜੀ ਦਾ 134ਵਾਂ ਜਨਮ ਦਿਵਸ ਮਨਾਇਆ