ਨਵੀਂ ਦਿੱਲੀ, (ਸਮਾਜ ਵੀਕਲੀ) : ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਤੇਜ਼ ਕਰਦਿਆਂ ਸੰਯੁਕਤ ਕਿਸਾਨ ਮੋਰਚਾ ਨੇ 25 ਸਤੰਬਰ ਨੂੰ ‘ਭਾਰਤ ਬੰਦ’ ਦਾ ਸੱਦਾ ਦਿੱਤਾ ਹੈ। ਇਸ ਦੇ ਨਾਲ ਹੀ ਅੰਦੋਲਨ ਨੂੰ ਦੇਸ਼ ਦੇ ਕੋਨੇ ਕੋਨੇ ਅਤੇ ਹਰੇਕ ਪਿੰਡ ਵਿੱਚ ਪਹੁੰਚਾਉਣ ਦੇ ਸੰਕਲਪ ਨਾਲ ਹੀ ਅੱਜ ਆਲ ਇੰਡੀਆ ਕਿਸਾਨ ਕਨਵੈਨਸ਼ਨ ਸਮਾਪਤ ਹੋ ਗਈ। ਮੋਰਚੇ ਵੱਲੋਂ 5 ਸਤੰਬਰ ਦੀ ਮੁਜ਼ੱਫਰਨਗਰ ਰੈਲੀ ਨੂੰ ਵਿਸ਼ਾਲ ਤੇ ਇਤਿਹਾਸਕ ਬਣਾਉਣ ਦਾ ਸੱਦਾ ਵੀ ਦਿੱਤਾ ਗਿਆ। ਕਿਸਾਨ ਕਨਵੈਨਸ਼ਨ ਵਿੱਚ ਦੇਸ਼ ਭਰ ਤੋਂ ਕਿਸਾਨਾਂ, ਖੇਤ-ਮਜ਼ਦੂਰਾਂ, ਟਰੇਡ ਯੂਨੀਅਨਾਂ, ਔਰਤਾਂ, ਵਿਦਿਆਰਥੀਆਂ, ਨੌਜਵਾਨਾਂ ਅਤੇ ਕਾਰੋਬਾਰੀ ਸੰਸਥਾਵਾਂ ਦੇ 90 ਬੁਲਾਰਿਆਂ ਤੇ 2000 ਤੋਂ ਵੱਧ ਡੈਲੀਗੇਟਾਂ ਨੇ ਹਿੱਸਾ ਲਿਆ।
ਕਨਵੈਨਸ਼ਨ ਦੌਰਾਨ ਖੇਤੀ ਕਾਨੂੰਨਾਂ ਨੂੰ ਰੱਦ ਕਰਨ, ਸਾਰੀਆਂ ਫ਼ਸਲਾਂ ਦੀ ਘੱਟੋ-ਘੱਟ ਸਮਰਥਨ ਮੁੱਲ ’ਤੇ ਖ਼ਰੀਦ ਦੀ ਕਾਨੂੰਨੀ ਗਾਰੰਟੀ ਦੇਣ, ਨਵੇਂ ਬਿਜਲੀ ਬਿੱਲ ਨੂੰ ਰੱਦ ਕਰਨ ਅਤੇ ‘ਐਨਸੀਆਰ’ ਵਿੱਚ ਹਵਾ ਦੀ ਗੁਣਵੱਤਾ ਦੇ ਨਾਮ ’ਤੇ ਕਿਸਾਨ ਵਿਰੋਧੀ ਮੱਦਾਂ ਰੱਦ ਕਰਨ ਆਦਿ ਮੰਗਾਂ ਸਬੰਧੀ ਬਾਹਵਾਂ ਖੜ੍ਹੀਆਂ ਕਰਕੇ ਮਤੇ ਪਾਸ ਕੀਤੇ ਗਏ। ਕਨਵੈਨਸ਼ਨ ਦੀ ਸਮਾਪਤੀ ਮੌਕੇ ਐਲਾਨ ਕੀਤਾ ਗਿਆ ਕਿ ਕਿਸਾਨ ਅੰਦੋਲਨ ਮੰਗਾਂ ਪੂਰੀਆਂ ਕਰਵਾ ਕੇ ਹੀ ਸਮਾਪਤ ਹੋਵੇਗਾ। ਇਸੇ ਦੌਰਾਨ ਘੱਟ ਗਿਣਤੀਆਂ ’ਤੇ ਫ਼ਿਰਕੂ ਹਮਲੇ, ਦੇਸ਼ ਦੀਆਂ ਕੁਦਰਤੀ ਸੰਪਤੀਆਂ ਤੇ ਜਨਤਕ ਅਦਾਰਿਆਂ ਨੂੰ ਕਾਰਪੋਰੇਟਾਂ ਤੇ ਬਹੁ-ਕੌਮੀ ਕੰਪਨੀਆਂ ਦੇ ਹੱਥਾਂ ਵਿੱਚ ਦੇਣ ਅਤੇ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਵੀ ਮਤੇ ਪਾਏ ਗਏ।
ਸੰਯੁਕਤ ਕਿਸਾਨ ਮੋਰਚਾ ਦੇ ਆਗੂ ਡਾ. ਆਸ਼ੀਸ਼ ਮਿੱਤਲ ਨੇ ਸਿੰਘੂ ਬਾਰਡਰ ’ਤੇ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਅਸੀਂ 25 ਸਤੰਬਰ ਨੂੰ ਭਾਰਤ ਬੰਦ ਦਾ ਸੱਦਾ ਦੇ ਰਹੇ ਹਾਂ। ਪਿਛਲੇ ਸਾਲ ਕਰੋਨਾਵਾਇਰਸ ਦੇ ਬਾਵਜੂਦ ਇਸੇ ਤਰੀਕ ਨੂੰ ਭਾਰਤ ਬੰਦ ਕੀਤਾ ਗਿਆ ਸੀ। ਸਾਨੂੰ ਉਮੀਦ ਹੈ ਕਿ ਇਹ ਸੱਦਾ ਪਿਛਲੇ ਸਾਲ ਨਾਲੋਂ ਵੱਧ ਸਫ਼ਲ ਰਹੇਗਾ।’’ ਕਨਵੈਨਸ਼ਨ ਦੌਰਾਨ ਕਿਸਾਨਾਂ ਨੂੰ ਯੂਨੀਅਨਾਂ ਦੀਆਂ ਰਾਜ/ਜ਼ਿਲ੍ਹਾ ਇਕਾਈਆਂ ਬਣਾਉਣ ਅਤੇ ਸਾਰੀਆਂ ਸਹਿਯੋਗੀ ਸੰਸਥਾਵਾਂ ਦੇ ਨਾਲ ਰਾਜਾਂ ਤੇ ਜ਼ਿਲ੍ਹਿਆਂ ਵਿੱਚ ਕਿਸਾਨ ਮੋਰਚਿਆਂ ਨੂੰ ਜੱਥੇਬੰਦ ਕਰਨ, ਕਾਨਫਰੰਸਾਂ, ਰੈਲੀਆਂ ਤੇ ਟੌਲ ਵਸੂਲੇ ਜਾਣ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ ਗਿਆ ਅਤੇ ਮੰਗਾਂ ਨੂੰ ਮੰਨਣ ਤੋਂ ਇਨਕਾਰ ਕਰਨ ਦੀ ਸੂਰਤ ਵਿੱਚ ਭਾਜਪਾ ਤੇ ਐੱਨਡੀਏ ਆਗੂਆਂ ਦਾ ਵਿਰੋਧ ਕਰਨ ਦਾ ਐਲਾਨ ਕੀਤਾ ਗਿਆ।
ਇਸ ਮੌਕੇ ਜਗਮੋਹਨ ਸਿੰਘ, ਪ੍ਰੇਮ ਸਿੰਘ ਭੰਗੂ, ਬਲਬੀਰ ਸਿੰਘ ਰਾਜੇਵਾਲ, ਡਾ. ਅਸ਼ੋਕ ਧਾਵਲੇ, ਜਗਜੀਤ ਸਿੰਘ ਡੱਲੇਵਾਲ, ਧਰਮਿੰਦਰ ਮਲਿਕ, ਬਲਦੇਵ ਸਿੰਘ ਨਿਹਾਲਗੜ੍ਹ, ਅਵੀਕ ਸਾਹਾ, ਸਤਿਆਵਾਨ, ਡਾ: ਸਤਨਾਮ ਸਿੰਘ ਅਜਨਾਲਾ, ਹਰਪਾਲ ਸਿੰਘ, ਪ੍ਰੇਮ ਸਿੰਘ ਗਹਿਲਾਵਤ ਆਦਿ ਨੇ ਵੀ ਸੰਬੋਧਨ ਕੀਤਾ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly