(ਸਮਾਜ ਵੀਕਲੀ) ਪੰਜਾਬੀ ਲੋਕ ਗੀਤ ਪੰਜਾਬ ਦੀ ਹਸਦੀ ਖ੍ਹੇਡਦੀ ਨੱਚਦੀ ਗਾਉਂਦੀ ਸੰਸਕ੍ਰਿਤੀ ਅਤੇ ਅਮੀਰ ਸੱਭਿਆਚਾਰ ਦੇ ਪ੍ਰਤੀਕ ਹੁੰਦੇ ਹਨ ਜਿਨ੍ਹਾਂ ਰਾਹੀਂ ਆਪਣੇ ਵੱਡ ਵਡੇਰਿਆਂ, ਸੂਰਬੀਰ ਯੋਧਿਆਂ, ਦਾਨੀਆਂ, ਗੁਰੂਆਂ ਪੀਰਾਂ, ਭਗਤਾਂ, ਸਮਾਜ ਦੀ ਤਰੱਕੀ, ਆਜ਼ਾਦੀ ਅਤੇ ਖੁਸ਼ਹਾਲੀ ਲਈ ਪਾਏ ਵੱਡਮੁੱਲੇ ਯੋਗਦਾਨ ਦਾ ਜ਼ਿਕਰ ਲੇਖਕਾਂ ਕਵੀਆਂ ਵਲੋਂ ਅਪਣੀ ਅਪਣੀ ਸਮਝ ਮੁਤਾਬਿਕ ਵਰਨਣ ਕੀਤਾ ਜਾਂਦਾ ਹੈ। ਗੀਤਾਂ ਦੀ ਰਚਨਾ ਕੋਈ ਵੀ ਕਵੀ ਵਿਸ਼ੇਸ਼ ਰੂਪ ਵਿੱਚ ਨਹੀਂ ਕਰਦਾ ਸਗੋਂ ਲੋਕਾਂ ਦੇ ਦਿਲੀ ਭਾਵ ਗੀਤਾਂ ਦਾ ਰੂਪ ਲੈ ਕੇ ਆਪ ਮੁਹਾਰੇ ਫੁੱਟ ਪੈਂਦੇ ਹਨ । ਹੁਣ ਤੱਕ ਪੰਜਾਬੀ ਦੇ ਪ੍ਰਸਿੱਧ ਸੂਫੀ ਕਵੀਆਂ ਤੋਂ ਲੈ ਕੇ ਅਨੇਕਾਂ ਗੀਤਕਾਰਾਂ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਬਹੁਤ ਵੱਡਾ ਹਿੱਸਾ ਪਾਇਆ ਹੈ।ਇਸੇ ਕੜੀ ਅਧੀਨ ਮਾਲਵੇ ਖਿੱਤੇ ਦੇ ਮਸ਼ਹੂਰ ਪਿੰਡ ਦਿਆਲਪੁਰਾ ਭਾਈਕਾ (ਜ਼ਿਲ੍ਹਾ ਬਠਿੰਡਾ)ਦੇ ਬਹੁਤ ਹੀ ਪ੍ਰਸਿੱਧ ਤੇ ਨਾਮੀ ਗੀਤਕਾਰ ਸਤਿਕਾਰ ਯੋਗ ਗੀਤਾ ਦਿਆਲਪੁਰਾ ਜੀ ਦਾ ਨਾਮ ਵਿਸ਼ੇਸ਼ ਤੌਰ ਤੇ ਵਰਨਣਯੋਗ ਹੈ ਜਿਨ੍ਹਾਂ ਦਾ ਜਨਮ ਮਾਤਾ ਜੰਗੀਰ ਕੌਰ ਤੇ ਪਿਤਾ ਸਰਦਾਰ ਬੰਤਾ ਸਿੰਘ ਦੇ ਗ੍ਰਹਿ ਵਿਖੇ 05 ਨਵੰਬਰ 1964 ਨੂੰ ਪਿੰਡ ਦਿਆਲਪੁਰਾ ਭਾਈਕਾ ਜ਼ਿਲ੍ਹਾ ਬਠਿੰਡਾ ਵਿਖੇ ਹੋਇਆ। ਉਨ੍ਹਾਂ ਦੀ ਕਲਮ ਨੇ ਹੁਣ ਤੱਕ ਸੈਂਕੜੇ ਗੀਤ, ਪ੍ਰਸੰਗ ਲਿਖ ਕੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਵੱਡਾ ਹਿੱਸਾ ਪਾਇਆ ਹੈ,। ਉਨ੍ਹਾਂ ਦੀ ਕਲਮ ਤੋਂ ਨਿਕਲ਼ੇ ਲੋਕ ਗੀਤਾਂ ਵਰਗੇ ਕਿੱਸੇ ਕਥਾਵਾਂ,ਸਮਾਜਿਕ ਅਤੇ ਧਾਰਮਿਕ ਗੀਤਾਂ ਨੂੰ ਵੱਡੇ ਵੱਡੇ ਗਾਇਕਾਂ ਵਲੋਂ ਪੇਂਡੂ ਅਖਾੜਿਆਂ ਦੀਆਂ ਸਟੇਜਾਂ ਉੱਤੇ ਹਜ਼ਾਰਾਂ ਦੀ ਗਿਣਤੀ ਵਿੱਚ ਸੁਣਨ ਆਏ ਸਰੋਤਿਆਂ ਦੀ ਹਾਜ਼ਰੀ ਵਿੱਚ ਗਾ ਕੇ ਵੱਡਾ ਨਾਮ ਅਤੇ ਪੈਸਾ ਕਮਾਇਆ ਗਿਆ ਹੈ। ਗੀਤਕਾਰ ਗੀਤਾ ਦਿਆਲਪੁਰਾ ਜੀ ਦੇ ਲਿਖੇ ਧਾਰਮਿਕ ਅਤੇ ਯੋਧਿਆਂ ਦੇ ਪ੍ਰਸੰਗ ਵੀ ਪ੍ਰਸਿੱਧ ਕਵੀਸ਼ਰਾਂ, ਢਾਡੀਆਂ ਵੱਲੋਂ ਧਾਰਮਿਕ ਸਟੇਜਾਂ, ਦੀਵਾਨਾ ਤੇ ਸੁਣਾਏ ਜਾਂਦੇ ਹਨ ਅਤੇ ਰਿਕਾਰਡ ਵੀ ਹੋਏ ਹਨ ਜਿਨ੍ਹਾਂ ਵਿੱਚ ! ਸ਼੍ਰੋਮਣੀ ਢਾਡੀ ਗੁਰਬਖਸ਼ ਸਿੰਘ ਅਲਬੇਲਾ ਜੀ, ਤੇਜਾ ਸਿੰਘ ਤੂਫਾਨ,ਢਾਡੀ ਪਾਲ ਸਿੰਘ ਪ੍ਰਵਾਸੀ ,ਢਾਡੀ ਜੱਥਾ ਮੱਖਣ ਸਿੰਘ ਸਿੱਧੂ ਸੇਲਬਰਾਹ,ਕਵੀਸ਼ਰ ਸਵਰਨ ਸਿੰਘ ਰੋਡੇ ਅਤੇ ਧਾਰਮਿਕ ਗੀਤ ਗਾਉਣ ਵਾਲੇ ਵੱਡੇ ਗਾਇਕ ਜਿਨ੍ਹਾਂ ਵਿੱਚ ਬਲਕਾਰ ਸਿੱਧੂ,ਮੇਜਰ ਰਾਜਸਥਾਨੀ, ਅਮ੍ਰਿਤਾ ਵਿਰਕ, ਦਲਵਿੰਦਰ ਦਿਆਲਪੁਰੀ, ਹਰਦੇਵ ਮਾਹੀਨੰਗਲ, ਅਨਮੋਲ ਵਿਰਕ, ਕੁਲਦੀਪ ਰਸੀਲਾ, ਜਸਜੀਤ ਬਾਠ,ਅਮਨ ਰੋਜ਼ੀ, ਧਰਮਪ੍ਰੀਤ ਦੇ ਨਾਵਾਂ ਦਾ ਵਿਸ਼ੇਸ਼ ਵਰਨਣ ਕੀਤਾ ਜਾ ਸਕਦਾ ਹੈ। ਮੇਰੀ ਉਸ ਨਾਲ਼ ਨਿੱਜੀ ਅਤੇ ਪ੍ਰਵਾਰਕ ਗੂੜ੍ਹੀ ਸਾਂਝ ਹੋਣ ਕਰਕੇ ਮੈਂ ਮਹਿਸੂਸ ਕੀਤਾ ਹੈ ਕਿ ਗੀਤਕਾਰ ਗੀਤਾ ਦਿਆਲਪੁਰੇ ਵਾਲਾ ਖ਼ੁਦ ਵੈਸੇ ਤਾਂ ਬਹੁਤ ਘੱਟ ਬੋਲਦਾ ਹੈ ਅਤੇ ਜ਼ਿਆਦਾਤਰ ਚੁੱਪ ਹੀ ਰਹਿੰਦਾ ਹੈ ਜਿਸ ਦਾ ਵਰਨਣ ਉਸ ਨੇ ਅਪਣੇ ਕਈ ਗੀਤਾਂ ਵਿੱਚ ਵੀ ਕੀਤਾ ਹੈ ਪਰ ਉਹ ਅੰਦਰੋਂ ਬਹੁਤ ਹੀ ਗਹਿਰ ਗੰਭੀਰ ਵਿਅਕਤੀਤੱਵ ਦਾ ਮਾਲਕ ਹੈ ਉਹ ਜਦੋਂ ਵੀ ਅਤੇ ਜੋ ਵੀ ਸ਼ਬਦ ਬੋਲਦਾ ਹੈ ਉਸ ਦੇ ਮਾਇਨੇ ਵਡਮੁੱਲੇ ਹੁੰਦੇ ਹਨ। ਹੁਣ ਗੀਤਾ ਦਿਆਲਪੁਰਾ ਜੀ ਨੇ ਅਪਣੇ ਪਾਠਕਾਂ ਅਤੇ ਸਰੋਤਿਆਂ ਦੀ ਪੁਰਜ਼ੋਰ ਮੰਗ ਤੇ ਅਪਣੇ ਲਿਖੇ ਹੋਏ ਧਾਰਮਿਕ ਗੀਤਾਂ ਦੀ ਕਿਤਾਬ (ਸਿੰਘ ਅਣਖੀ ਪ੍ਰਵਾਨੇ) ਵੀ ਉਨ੍ਹਾਂ ਦੀ ਝੋਲੀ ਪਾਈ ਹੈ। ਜਿਸ ਨੂੰ ਲਿਖਣ ਲਈ ਉਸਨੇ ਬਹੁਤ ਮਿਹਨਤ ਕੀਤੀ ਹੈ, ਅਨੇਕਾਂ ਧਾਰਮਿਕ ਗ੍ਰੰਥਾਂ ਅਤੇ ਕਿਤਾਬਾਂ, ਕਿੱਸਿਆਂ, ਕਥਾਵਾਂ ਦਾ ਅਧਿਐਨ ਕੀਤਾ ਹੈ ਤੇ ਉੱਚਕੋਟੀ ਦੇ ਵਿਦਵਾਨਾਂ ਅਤੇ ਬੁੱਧੀਜੀਵੀਆਂ ਨਾਲ਼ ਵਿਚਾਰ ਵਟਾਂਦਰਾ ਕਰਕੇ ਗਿਆਨ ਹਾਸਲ ਕੀਤਾ ਹੈ ਇਸ ਲਈ ਮੈਨੂੰ ਪੂਰੀ ਉਮੀਦ ਹੈ ਕਿ ਇਹ ਕਿਤਾਬ ਪਾਠਕਾਂ ਦੇ ਗਿਆਨ ਵਿੱਚ ਵਾਧਾ ਚੋਖਾ ਕਰੇਗੀ। ਮੈਂ ਗੀਤਕਾਰ ਗੀਤਾ ਦਿਆਲਪੁਰਾ ਜੀ ਨੂੰ ਉਨ੍ਹਾਂ ਦੀ ਇਸ ਪਲੇਠੀ ਧਾਰਮਿਕ ਗੀਤਾਂ ਦੀ ਪੁਸਤਕ ਲਈ ਵਧਾਈ ਵੀ ਦਿੰਦਾ ਹਾਂ ਅਤੇ ਪਾਠਕਾਂ ਨੂੰ ਬੇਨਤੀ ਕਰਦਾ ਹਾਂ ਕਿ ਇਸ ਕਿਤਾਬ ਨੂੰ ਵੱਡੀ ਗਿਣਤੀ ਵਿੱਚ ਪਾਠਕ ਪੜ੍ਹਨ ਅਤੇ ਅਪਣੇ ਗਿਆਂਨ ਵਿੱਚ ਵਾਧਾ ਕਰਨ। ਸਿਆਣਿਆਂ ਦਾ ਕਥਨ ਹੈ ਕਿ ਹਰ ਕਾਮਯਾਬ ਮਰਦ ਪਿੱਛੇ ਔਰਤ ਦਾ ਹੱਥ ਹੁੰਦਾ ਹੈ ਇਸ ਲਈ ਮੈਂ ਗੀਤਾ ਦਿਆਲਪੁਰਾ ਜੀ ਦੀ ਜੀਵਨ ਸਾਥਣ ਸਤਿਕਾਰ ਯੋਗ ਬੀਬੀ ਪਰਮਜੀਤ ਕੌਰ ਧਾਲੀਵਾਲ ਜੀ ਨੂੰ ਵੀ ਵਿਸ਼ੇਸ਼ ਤੌਰ ਤੇ ਵਧਾਈ ਦਿੰਦਾ ਹਾਂ ਜਿਨ੍ਹਾਂ ਦੇ ਸਹਿਯੋਗ ਸਦਕਾ ਗੀਤਾ ਦਿਆਲਪੁਰਾ ਸਾਹਿਤ ਅਤੇ ਗੀਤਕਾਰੀ ਦੀ ਦੁਨੀਆ ਵਿੱਚ ਜੀ ਵੱਡਾ ਨਾਮ ਕਮਾਉਣ ਵਿੱਚ ਕਾਮਯਾਬ ਹੋਏ।
ਤੁਹਾਡਾ ਆਪਣਾ
ਅਮਰਜੀਤ ਸਿੰਘ ਫ਼ੌਜੀ ਪ੍ਰਧਾਨ ਪੰਜਾਬੀ ਲਿਖਾਰੀ ਸਭਾ ਨਿਹਾਲ ਸਿੰਘ ਵਾਲਾ ਪਿੰਡ ਦੀਨਾ ਸਾਹਿਬ
ਜ਼ਿਲ੍ਹਾ ਮੋਗਾ ਪੰਜਾਬ 94174-04804
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
https://play.google.com/store/apps/details?id=in.yourhost.samaj