ਪੱਤਝੜ

(ਸਮਾਜ ਵੀਕਲੀ)

ਚਾਰੇ ਪਾਸੇ ਪੱਤਝੜ ਛਾਈ, ਕਿੱਦਾਂ ਦੇਵਾਂ ਫੇਰ ਵਧਾਈ।
ਉਲਝੀ ਜੀਵਨ ਤਾਣੀ ਭਾਈ, ਕਿੱਦਾਂ ਦੇਵਾਂ ਫੇਰ ਵਧਾਈ।

ਚਿੱਟਾ ਕਰਦਾ ਕਾਲੇ ਕਾਰੇ, ਘਰ ਘਰ ਵਿਚ ਸਮਸ਼ਾਨ ਬਣੇ ਨੇ,
ਹਾਕਿਮ ਜਾਵੇ ਪਰਦੇ ਪਾਈ, ਕਿੱਦਾਂ ਦੇਵਾਂ ਫੇਰ ਵਧਾਈ।

ਮੁਗਲਾਂ ਨਾਲੋਂ ਜਬਰ ਜੁਲਮ ਹੁਣ , ਭੋਰਾ ਭਰ ਵੀ ਘੱਟ ਨਹੀਂ ਹੈ,
ਰਾਤਾਂ ਦੀ ਜਿਸ ਨੀਂਦ ਉਡਾਈ, ਕਿੱਦਾਂ ਦੇਵਾਂ ਫੇਰ ਵਧਾਈ।

ਕੁੱਖਾਂ ਬਣੀਆਂ ਬੁੱਚੜ ਖ਼ਾਨੇ, ਧੀਆਂ ਭੈਣਾਂ ਨਹੀਂ ਸੁਰੱਖਿਅਤ,
ਰਾਖੇ ਜਾਵਣ ਖੇਤੀ ਖਾਈ, ਕਿੱਦਾਂ ਦੇਵਾਂ ਫੇਰ ਵਧਾਈ ।

ਬੋਲਣ ਨਾਲੋਂ ਚੁੱਪ ਭਲੀ ਏ, ਇਹ ਵੀ ਹੈ ਪਰ ਕਰਨਾ ਔਖਾ,
ਕਿਉਂ ਕਰ ਸਾਡੀ ਅਣਖ਼ ਕਮਾਈ, ਕਿੱਦਾਂ ਦੇਵਾਂ ਫੇਰ ਵਧਾਈ।

ਧਾਗਾ ਧਾਗਾ ਹੋਈ ਜਾਵੇ, ਸਾਡੇ ਏਕੇ ਦੀ ਫੁਲਕਾਰੀ ,
ਖੌਰੇੇ ਕਿਸ ਨੇ ਨਜ਼ਰ ਲਗਾਈ, ਕਿੱਦਾਂ ਦੇਵਾਂ ਫੇਰ ਵਧਾਈ।

‘ ਬੋਪਾਰਾਏ ‘ ਹੱਸਣਾ ਔਖਾ, ਪੀੜਾਂ ਸੀਨੇ ਅੰਦਰ ਧਰਕੇ,
ਸੱਧਰਾਂ ਦੀ ਹੈ ਧੂਣੀ ਤਾਈ. ਕਿੱਦਾਂ ਦੇਵਾਂ ਫੇਰ ਵਧਾਈ।

ਭੁਪਿੰਦਰ ਸਿੰਘ ਬੋਪਾਰਾਏ

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਵਿਤਾ
Next articleਜਿਊਣ ਜੋਗੀਏ