ਪੀਰ ਨੂਰ ਮੁਹੰਮਦ ਸ਼ਾਹ ਦਾ ਮੇਲਾ ਸ਼ਰਧਾ ਨਾਲ ਮਨਾਇਆ

ਕੋਰੋਨਾ ਮਹਾਂਮਾਰੀ ਕਾਰਨ ਇਸ ਵਾਰ ਨਹੀਂ ਲਗਾਈ ਗਈ ਸਟੇਜ

ਸ਼ਾਮਚੁਰਾਸੀ / ਆਦਮਪੁਰ, (ਕੁਲਦੀਪ ਚੂੰਬਰ) (ਸਮਾਜ ਵੀਕਲੀ)- ਸ਼ਾਹੀ ਦਰਬਾਰ ਪੀਰ ਬਾਬਾ ਨੂਰ ਮੁਹੰਮਦ ਸ਼ਾਹ ਜੀ ਪਿੰਡ ਲੁਟੇਰਾ ਖੁਰਦ ਵਿਖੇ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਸਾਲਾਨਾ ਉਰਸ ਮੇਲਾ ਸ਼ਰਧਾ ਤੇ ਧੂਮਧਾਮ ਨਾਲ ਸਵ. ਚੌਧਰੀ ਪਿਆਰਾ ਰਾਮ ਜੀ ਦੇ ਅਸ਼ੀਰਵਾਦ ਨਾਲ ਦਰਬਾਰ ਦੇ ਮੁੱਖ ਸੇਵਾਦਾਰ ਗੱਦੀ ਨਸ਼ੀਨ ਬਾਬਾ ਜੋਗਿੰਦਰਪਾਲ ਦੀ ਅਗਵਾਈ ਹੇਠ ਮਨਾਇਆ ਗਿਆ ।

ਕੋਰੋਨਾ ਮਹਾਂਮਾਰੀ ਨੂੰ ਦੇਖਦਿਆਂ ਇਸ ਵਾਰ ਪ੍ਰਬੰਧਕ ਕਸ਼ਮੀਰੀ ਲਾਲ ਸਾਬਕਾ ਸਰਪੰਚ ਤੇ ਮੌਜੂਦਾ ਨੰਬਰਦਾਰ ਲੁਟੇਰਾ ਖੁਰਦ ਨੇ ਦੱਸਿਆ ਕਿ ਇਸ ਮੇਲੇ ਵਿੱਚ ਹਰ ਸਾਲ ਸਟੇਜ ਲਗਾ ਕੇ ਵੱਖ ਵੱਖ ਪੰਜਾਬ ਦੇ ਪ੍ਰਸਿੱਧ ਗਾਇਕ ਅਤੇ ਕੱਵਾਲ ਪਾਰਟੀ ਆਪਣਾ ਸੂਫ਼ੀਆਨਾ ਪ੍ਰੋਗਰਾਮ ਪੇਸ਼ ਕਰਦੀਆਂ ਸਨ, ਪਰ ਮੌਜੂਦਾ ਹਾਲਾਤਾਂ ਨੂੰ ਦੇਖਦਿਆਂ ਅਤੇ ਸਰਕਾਰ ਦੇ ਨਿਯਮਾਂ ਦੀ ਪਾਲਣਾ ਕਰਦਿਆਂ ਇਸ ਵਾਰ ਕੋਈ ਸਟੇਜ ਨਹੀਂ ਲਗਾਈ ਗਈ ਅਤੇ ਨਾ ਹੀ ਕੋਈ ਪ੍ਰਬੰਧਕਾਂ ਵਲੋਂ ਗਾਇਕ ਪਾਰਟੀ ਬੁਲਾਈ ਗਈ । ਹਰ ਸਾਲ ਦੀ ਤਰ੍ਹਾਂ ਇਹ ਸਾਲਾਨਾ ਮੇਲਾ ਇਸ ਵਾਰ ਵੀ ਸਾਦੇ ਢੰਗ ਨਾਲ ਦੋ ਦਿਨ ਲਗਾਇਆ ਗਿਆ । ਜਿਸ ਦੇ ਪਹਿਲੇ ਦਿਨ ਦਰਬਾਰ ਤੇ ਰੌਸ਼ਨੀ ਸਮਾਗਮ ਕਰਦਿਆਂ ਚਿਰਾਗਾਂ ਦੀ ਰਸਮ ਨੂੰ ਧੂਮਧਾਮ ਨਾਲ ਅਦਾ ਕੀਤਾ ਗਿਆ।

ਦੂਸਰੇ ਦਿਨ ਦਰਬਾਰ ਤੇ ਬਾਬਾ ਜੋਗਿੰਦਰਪਾਲ ਜੀ ਦੀ ਅਗਵਾਈ ਹੇਠ ਚਾਦਰ ਅਤੇ ਝੰਡੇ ਦੀ ਰਸਮ ਨੂੰ ਧੂਮਧਾਮ ਨਾਲ ਅਦਾ ਕੀਤਾ ਗਿਆ । ਪ੍ਰਬੰਧਕ ਕਸ਼ਮੀਰੀ ਲਾਲ ,ਤਨਵੀਰ ਹੰਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਹਰ ਸਾਲ ਇਸ ਮੇਲੇ ਲਈ ਸੇਵਾਦਾਰ ਬਲਵੀਰ ਸਿੰਘ ਪਤਨੀ ਅਮਰਜੀਤ ਕੌਰ ਅਮਰੀਕਾ ਨਿਵਾਸੀ, ਰੂਪ ਲਾਲ ਇੰਗਲੈਂਡ ,ਅਮਰੀਕ ਚੰਦ ਇੰਗਲੈਂਡ ,ਹਰਮਿੰਦਰਪਾਲ ਇੰਗਲੈਂਡ , ਰਮਨ ਕੁਮਾਰ ਯੂਕੇ ਅਤੇ ਸਮੂਹ ਪਰਿਵਾਰ ਯੂਕੇ ਨਿਵਾਸੀ ਵੱਡੀਆਂ ਸੇਵਾਵਾਂ ਨਿਭਾ ਕੇ ਪੀਰ ਬਾਬਾ ਨੂਰ ਮੁਹੰਮਦ ਸ਼ਾਹ ਜੀ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ । ਜ਼ਿਕਰਯੋਗ ਹੈ ਕਿ ਇਸ ਮੇਲੇ ਵਿੱਚ ਅੰਤਰਰਾਸ਼ਟਰੀ ਪ੍ਰਸਿੱਧੀ ਪ੍ਰਾਪਤ ਗਾਇਕ ਦੁਰਗਾ ਰੰਗੀਲਾ, ਹਾਕਮ ਬਖਤੜੀਵਾਲਾ ਅਤੇ ਬੀਬਾ ਦਲਜੀਤ ਕੌਰ , ਸੁੱਚਾ ਰੰਗੀਲਾ ਮਨਪ੍ਰੀਤ ਮੈਂਡੀ, ਜੱਸਾ ਫਤਿਹਪੁਰੀਆ , ਰਾਜਨ ਮੱਟੂ , ਮਨੀ ਮਾਨ , ਕੁਲਦੀਪ ਚੁੰਬਰ ਸਮੇਤ ਕਈ ਹੋਰ ਗਾਇਕ ਹਰ ਸਾਲ ਹਾਜ਼ਰੀਆਂ ਭਰਦੇ ਆਏ ਹਨ ।

ਇਸ ਤੋਂ ਇਲਾਵਾ ਹਲਕੇ ਦੇ ਵਿਧਾਇਕ ਪਵਨ ਕੁਮਾਰ ਟੀਨੂੰ ਅਤੇ ਹੋਰ ਰਾਜਸੀ ਆਗੂ ਵੀ ਦਰਬਾਰ ਤੇ ਸਜਦਾ ਕਰਕੇ ਪੀਰਾਂ ਫ਼ਕੀਰਾਂ ਦਾ ਅਸ਼ੀਰਵਾਦ ਪ੍ਰਾਪਤ ਕਰਦੇ ਹਨ । ਇਸ ਚੱਲੇ ਦੋ ਦਿਨਾ ਮੇਲੇ ਵਿੱਚ ਹਰ ਸਾਲ ਦੀ ਤਰ੍ਹਾਂ ਸੰਗਤਾਂ ਨੇ ਸ਼ਮੂਲੀਅਤ ਕੀਤੀ ਅਤੇ ਗੁਰੂ ਦਰਬਾਰ ਤੇ ਚਲਦਾ ਪੀਰਾਂ ਫਕੀਰਾਂ ਦਾ ਅਤੁੱਟ ਲੰਗਰ ਛਕਿਆ । ਦਰਬਾਰ ਦੇ ਗੱਦੀ ਨਸ਼ੀਨ ਬਾਬਾ ਜੋਗਿੰਦਰਪਾਲ ਵਲੋਂ ਸਰਬੱਤ ਦੇ ਭਲੇ ਲਈ ਪੀਰਾਂ ਫਕੀਰਾਂ ਦੇ ਚਰਨਾਂ ਵਿਚ ਦੁਆ ਬੇਨਤੀ ਕੀਤੀ ਗਈ ।

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਖੰਘ ਦੇ ਲੱਛਣ ਅਤੇ ਦੇਸੀ ਇਲਾਜ
Next articleਗ੍ਰਾਮ ਹੈਰੋਇਨ ਸਮੇਤ ਇੱਕ ਕਾਬੂ