60 ਵਿਧਾਇਕ ਬਣਾ ਸਕਣ ਵਾਲਾ ਹੋਵੇ ਮੁੱਖ ਮੰਤਰੀ ਦਾ ਚਿਹਰਾ: ਸਿੱਧੂ

ਅੰਮ੍ਰਿਤਸਰ (ਸਮਾਜ ਵੀਕਲੀ):  ਰਾਹੁਲ ਗਾਂਧੀ ਵਲੋਂ ਪੰਜਾਬ ਵਿਧਾਨ ਸਭਾ ਚੋਣਾਂ ਲਈ ਪਾਰਟੀ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਤੋਂ ਇਕ ਦਿਨ ਪਹਿਲਾਂ ਅੱਜ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਉਸੇ ਸ਼ਖ਼ਸ ਨੂੰ ਹੀ ਮੁੱਖ ਮੰਤਰੀ ਦਾ ਚਿਹਰਾ ਬਣਾਇਆ ਜਾਣਾ ਚਾਹੀਦਾ ਹੈ ਜੋ 60 ਐੱਮਐੱਲਏ (ਵਿਧਾਇਕ) ਬਣਾ ਸਕਣ ਦੇ ਸਮਰੱਥ ਹੋਵੇ ਅਤੇ ਜਿਸ ਕੋਲ ਵਿਕਾਸ ਲਈ ‘ਰੋਡ ਮੈਪ’ ਅਤੇ ਲੋਕਾਂ ਦਾ ਵਿਸ਼ਵਾਸ ਹੋਵੇ। ਉਨ੍ਹਾਂ ਕਿਹਾ ਕਿ ਮਾਫੀਆ ਦਾ ਹਿੱਸਾ ਰਹਿਣ ਵਾਲਾ ਸ਼ਖ਼ਸ ਭਵਿੱਖ ਵਿਚ ਮਾਫੀਆ ਨੂੰ ਨੱਥ ਨਹੀਂ ਪਾ ਸਕੇਗਾ। ਉਧਰ ਨਵਾਂ ਪੰਜਾਬ ਪਾਰਟੀ ਦੇ ਮੁਖੀ ਅਤੇ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਕਾਂਗਰਸ ਵਿਚ ਸ਼ਾਮਲ ਹੋਏ ਬਿਨਾਂ ਨੈਤਿਕ ਆਧਾਰ ’ਤੇ ਨਵਜੋਤ ਸਿੱਧੂ ਨੂੰ ਹਮਾਇਤ ਦੇਣ ਦਾ ਐਲਾਨ ਕੀਤਾ ਹੈ।

ਸ੍ਰੀ ਸਿੱਧੂ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਪੰਜਾਬੀਆਂ ਲਈ ਅਹਿਮ ਘੜੀ ਆ ਗਈ ਹੈ ਜਦੋਂ ਉਨ੍ਹਾਂ ਅਜਿਹੇ ਸ਼ਖ਼ਸ ਦੀ ਚੋਣ ਕਰਨੀ ਹੈ, ਜੋ ਪੰਜਾਬ ਦਾ ਮੁੱਖ ਮੰਤਰੀ ਬਣੇ। ਪਰ ਇਹ ਸ਼ਖ਼ਸ ਉਹ ਹੋਣਾ ਚਾਹੀਦਾ ਹੈ, ਜਿਸ ਦੇ ਨਾਂ ’ਤੇ 60 ਵਿਧਾਇਕ ਬਣ ਸਕਣ, ਲੋਕਾਂ ਨੂੰ ਪੰਜਾਬ ਦੇ ਭਲੇ ਲਈ ਇਕ ਰੋਡ ਮੈਪ ਦੇ ਸਕੇ, ਉਸ ਦੀ ਨੀਤੀ ਕੀ ਹੈ, ਉਸ ਦਾ ਕਿਰਦਾਰ ਕੀ ਹੈ ਤੇ ਉਸ ਦਾ ਚਰਿੱਤਰ ਕੀ ਹੈ।’’ ਉਨ੍ਹਾਂ ਕਿਹਾ ਕਿ ਮਾਫੀਆ ਦਾ ਹਿੱਸਾ ਕੋਈ ਸ਼ਖ਼ਸ ਕਦੇ ਵੀ ਭਵਿੱਖ ਵਿਚ ਮਾਫੀਆ ਨੂੰ ਰੋਕ ਨਹੀਂ ਸਕੇਗਾ। ਉਨ੍ਹਾਂ ਕਿਹਾ ਕਿ ਲੋਕ ਜਿਸ ਨੂੰ ਵੀ ਲਿਆਉਣ, ਉਹ ਇਕ ਇਮਾਨਦਾਰ ਵਿਅਕਤੀ ਹੋਵੇ, ਜਿਸ ਦੇ ਆਉਣ ਨਾਲ ਹੇਠਾਂ ਤਕ ਇਮਾਨਦਾਰੀ ਆਵੇ। ਸਿੱਧੂ ਨੇ ਕਿਹਾ, ‘‘ਮੈਂ ਕਦੇ ਵੀ ਸੱਤਾ ਦਾ ਉਪਾਸਕ ਨਹੀਂ ਰਿਹਾ ਅਤੇ ਨਾ ਹੀ ਕਿਸੇ ਨਾਲ ਕੋਈ ਨਿੱਜੀ ਲੜਾਈ ਹੈ। ਜੇਕਰ ਕਿਸੇ ਕੋਲ ਪੰਜਾਬ ਦੇ ਭਲੇ ਲਈ ਇਸ ਤੋਂ ਬਿਹਤਰ ਰੋਡ ਮੈਪ ਹੈ ਤਾਂ ਮੈਂ ਉਸ ਦੇ ਪਿਛੇ ਅਤੇ ਨਾਲ ਚੱਲਣ ਨੂੰ ਤਿਆਰ ਹਾਂ।’’ ਸ੍ਰੀ ਸਿੱਧੂ ਨੇ ਭਾਵੇਂ ਸਿੱਧੇ ਤੌਰ ’ਤੇ ਮੁੱਖ ਮੰਤਰੀ ਦੇ ਉਮੀਦਵਾਰ ਲਈ ਆਪਣਾ ਨਾਂ ਨਹੀਂ ਲਿਆ, ਪਰ ਉਨ੍ਹਾਂ ਅਸਿੱਧੇ ਢੰਗ ਨਾਲ ਆਪਣੀ ਉਮੀਦਵਾਰੀ ਜਤਾਈ ਹੈ।

ਉਨ੍ਹਾਂ ਦਾਅਵਾ ਕੀਤਾ ਕਿ ਉਨ੍ਹਾਂ ਦਾ ਰੋਡ ਮੈਪ ਪੰਜਾਬ ਤੇ ਪੰਜਾਬੀਆਂ ਦੇ ਭਲੇ ਦਾ ਰਾਹ ਹੈ। ਇਹ ਮਾਫੀਆ ਨੂੰ ਨੱਥ ਪਾਵੇਗਾ, ਲੋਕਾਂ ਕੋਲੋਂ ਵਸੂਲੇ ਟੈਕਸ ਨੂੰ ਦੁੱਗਣਾ ਕਰ ਕੇ ਲੋਕਾਂ ਦੀ ਭਲਾਈ ਲਈ ਖਰਚ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਪੰਜਾਬ ਮਾਡਲ ਉਨ੍ਹਾਂ ਨੇ ਲੰਮੇ ਸਮੇਂ ਵਿਚ ਤਿਆਰ ਕੀਤਾ ਹੈ ਅਤੇ ਇਸ ਸਬੰਧੀ ਏਜੰਡੇ ’ਤੇ ਪਹਿਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਇਸੇ ਰੋਡ ਮੈਪ ਤਹਿਤ ਸ਼ਰਾਬ ਨੀਤੀ ਬਣੇਗੀ, ਰੇਤ ਦੇ ਭਾਅ ਤੈਅ ਹੋਣਗੇ, ਕੇਬਲ ਲਈ ਰੈਗੂਲੇਟਰੀ ਕਮਿਸ਼ਨ ਹੋਵੇਗਾ ਤੇ ਪੰਜ ਸਾਲਾਂ ਵਿਚ ਲੋਕਾਂ ਨੂੰ ਪੰਜ ਲੱਖ ਨੌਕਰੀਆਂ ਦਿੱਤੀਆਂ ਜਾਣਗੀਆਂ।

ਪਟਿਆਲਾ ਤੋਂ ਸਾਬਕਾ ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਨਵਜੋਤ ਸਿੱਧੂ ਦੀ ਬਿਨਾਂ ਸ਼ਰਤ ਹਮਾਇਤ ਕਰਦਿਆਂ ਕਿਹਾ ਕਿ ਸਿੱਧੂ ਅਜਿਹੇ ਵਿਅਕਤੀ ਹਨ, ਜੋ ਪਿਛਲੇ ਲੰਮੇ ਸਮੇਂ ਤੋਂ ਨਿਰੰਤਰ ਅਤੇ ਦ੍ਰਿੜ੍ਹ ਇਰਾਦੇ ਨਾਲ ਪੰਜਾਬ ਦੀ ਗੱਲ ਕਰ ਰਹੇ ਹਨ। ਇਸ ਵੇਲੇ ਉਨ੍ਹਾਂ ਨੂੰ ਹਰਾਉਣ ਲਈ ਚੁਫੇਰਿਉਂ ਘੇਰਾਬੰਦੀ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਉਹ ਖੁਦ ਪੰਜਾਬ ਦਾ ਭਲਾ ਚਾਹੁੰਦੇ ਹਨ ਅਤੇ ਪੰਜਾਬ ਦੀ ਪੁਰਾਣੀ ਸ਼ਾਨੋ ਸ਼ੌਕਤ ਬਹਾਲ ਕਰਨਾ ਚਾਹੁੰਦੇ ਹਨ, ਇਸੇ ਲਈ ਨੈਤਿਕ ਆਧਾਰ ’ਤੇ ਸਿੱਧੂ ਨੂੰ ਸਮਰਥਨ ਦੇ ਰਹੇ ਹਨ। ਉਨ੍ਹਾਂ ਸਪੱਸ਼ਟ ਕੀਤਾ ਕਿ ਉਹ ਕਾਂਗਰਸ ਵਿਚ ਸ਼ਾਮਲ ਨਹੀਂ ਹਨ। ਉਨ੍ਹਾਂ ‘ਆਪ’, ਅਕਾਲੀ ਦਲ ਅਤੇ ਕੈਪਟਨ ਧੜੇ ਨੂੰ ਭਾਜਪਾ ਦੀਆਂ ਫਿਰਕੂ ਪਾਰਟੀਆਂ ਕਰਾਰ ਦਿੱਤਾ। ਉਨ੍ਹਾਂ ਭਗਵੰਤ ਮਾਨ ਨੂੰ ‘ਆਪ’ ਦਾ ਮੁੱਖ ਮੰਤਰੀ ਚਿਹਰਾ ਐਲਾਨੇ ਜਾਣ ਲਈ ਅਪਣਾਈ ਗਈ ਪ੍ਰਕਿਰਿਆ ਨੂੰ ਝੂਠ ਕਰਾਰ ਦਿੱਤਾ।

‘ਬਾਦਲ ਪੁੱਤਰ ਮੋਹ ’ਚ ਫਸੇ ਧ੍ਰਿਤਰਾਸ਼ਟਰ’

ਸਿੱਧੂ ਨੇ ਬਾਦਲਾਂ ਅਤੇ ਮਜੀਠੀਆ ਨੂੰ ਨਿਸ਼ਾਨਾ ਬਣਾਉਂਦਿਆਂ ਆਪਣੇ ਰਵਾਇਤੀ ਅੰਦਾਜ਼ ਵਿਚ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਨੂੰ ਪੁੱਤਰ ਮੋਹ ਵਿਚ ਫਸੇ ਧ੍ਰਿਤਰਾਸ਼ਟਰ ਆਖਿਆ। ਉਨ੍ਹਾਂ ਦਾਅਵਾ ਕੀਤਾ ਕਿ ਸ੍ਰੀ ਬਾਦਲ ਦੀ ਯੋਜਨਾ ਤਹਿਤ ਹੀ ਬਿਕਰਮ ਸਿੰਘ ਮਜੀਠੀਆ ਨੂੰ ਇਥੋਂ ਚੋਣ ਲੜਾਈ ਜਾ ਰਹੀ ਹੈ ਤਾਂ ਜੋ ਸਿੱਧੂ ਨੂੰ ਇਥੇ ਉਲਝਾਅ ਕੇ ਰੱਖਿਆ ਜਾ ਸਕੇ। ਉਨ੍ਹਾਂ ਦੋਸ਼ ਲਾਇਆ ਕਿ ਬਾਦਲਾਂ ਦੇ ਕਹਿਣ ’ਤੇ ਹੀ ਸਾਬਕਾ ਕੇਂਦਰੀ ਵਿੱਤ ਮੰਤਰੀ ਮਰਹੂਮ ਅਰੁਣ ਜੇਤਲੀ ਨੂੰ ਅੰਮ੍ਰਿਤਸਰ ਸੰਸਦੀ ਹਲਕੇ ਤੋਂ ਹਰਾਇਆ ਗਿਆ ਸੀ। ਉਨ੍ਹਾਂ ਕਿਹਾ ਕਿ ਸਿੱਧੂ ਹੀ ਇਕ ਅਜਿਹਾ ਸਿਆਸੀ ਆਗੂ ਹੈ, ਜਿਸ ਦੀ ਆਮਦਨ ਘਟੀ ਹੈ ਕਿਉਂਕਿ ਸਿੱਧੂ ਦੀ ਕੋਈ ਖੱਡ ਨਹੀਂ ਚਲਦੀ, ਕੋਈ ਬਿਜ਼ਨੈੱਸ ਨਹੀਂ ਹੈ ਅਤੇ ਨਾ ਹੀ ਕੋਈ ਦੁਕਾਨ ਹੈ। ਉਨ੍ਹਾਂ ਕਿਹਾ ਕਿ ਉਹ ਪੰਜਾਬ ਅਤੇ ਪੰਜਾਬੀਅਤ ਦੇ ਭਲੇ ਨੂੰ ਸਮਰਪਿਤ ਹਨ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

(ਸਮਾਜ ਵੀਕਲੀ):
Previous articleਨਵਜੋਤ ਸਿੱਧੂ ਨਾਲ ਕੋਈ ਵਖਰੇਵਾਂ ਨਹੀਂ: ਚੰਨੀ
Next articleਹੈਦਰਾਬਾਦ: ਮੋਦੀ ਦੇ ਸਵਾਗਤ ਲਈ ਹਵਾਈ ਅੱਡੇ ’ਤੇ ਨਾ ਪੁੱਜੇ ਕੇਸੀਆਰ