(ਸਮਾਜ ਵੀਕਲੀ)
ਕਮਲ ਖਿਝ ਗਈ.. ਅੱਜ ਬਾਜ਼ਾਰ ਵਿੱਚ ਦਾਦੀ ਨਾਲ਼ ਖ਼ਰੀਦੋ ਫਰੋਖ਼ਤ ਕਰਾਉਂਦੀ- ਕਰਾਉਂਦੀ ।
ਦਾਦੀ-ਮਾਂ “ਕੌਣ ਕਢਵਾਉਂਦਾ ਅੱਜਕੱਲ੍ਹ ਬਿਸਕੁਟ,ਚੁੱਕ ਲਿਆ ਪੀਪਾ ਤੁਸੀਂ ਤਾਂ ਸਵੇਰੇ ਹੀ?”
ਕਮਲ ਤਲਖੀ ‘ਚ ਬੋਲੀ। ਦਾਦੀ ਨੇ ਰੇਹੜੀ ਤੋਂ ਕਿੰਨੀਆਂ ਦਰਜਨਾਂ ਕੱਚ ਦੀਆਂ ਚੂੜੀਆਂ,ਮਹਿੰਦੀ ਤੇ ਸੁਹਾਗ ਦਾ ਸਾਮਾਨ ਖ਼ਰੀਦ ਲਿਆ। ਪਿੰਡ ਦੀ ਫਿਰਨੀ ‘ਤੇ ਨਿੰਮੋ ਦੀ ਛੋਟੀ ਜਿਹੀ ਦੁਕਾਨ ‘ਚੋਂ ਦੋ ਸੂਟ ਵੀ ਖ਼ਰੀਦ ਲਏ।
“ਸਵੇਰੇ ਜੋ ਸਰ੍ਹੋਂ ਰੱਖੀ ਸੀ ਘਾਣੀ ਕਢਾਉਣ ਲਈ, ਕੋਹਲੂ ਤੋਂ ਤੇਲ ਵੀ ਚੁੱਕ ਹੀ ਲਈਏ,” ਦਾਦੀ ਨੇ ਕਮਲ ਨੂੰ ਰਤਨ ਦੇ ਕੋਹਲੂ ਵੱਲ ਮੁੜਦਿਆਂ ਕਿਹਾ।
ਕਮਲ ਨੇ ਘਰ ਨੂੰ ਕਾਹਲ਼ੀ-ਕਾਹਲ਼ੀ ਪੈਰ ਚੁੱਕ ਲਏ ਕਿ ਦਾਦੀ ਕਿਤੇ ਹੋਰ ਨਾ ਖੜ੍ਹ ਜਾਵੇ ਹੁਣ। ਘਰ ਆ ਕੇ ਆਪਣੀ ਮਾਂ ਨੂੰ ਸਾਮਾਨ ਦਿਖਾਉਂਦਿਆਂ ਕਮਲ ਬੋਲੀ ਜਾ ਰਹੀ ਸੀ,”ਦਾਦੀ ਤੁਹਾਡੇ ਤੋਂ ਕਿਸੇ ਚੱਜ ਦੀ ਦੁਕਾਨ ਤੋਂ ਸਾਮਾਨ ਨਹੀਂ ਖ਼ਰੀਦਿਆ ਜਾਂਦਾ ਸੀ?”
ਧੰਨ ਕੌਰ ਪਾਣੀ ਦਾ ਗਿਲਾਸ ਪੀ ਕੇ ਰੱਖਦੀ ਹੋਈ ਦਮ ਲੈਂਦੀ ਬੋਲੀ ,”ਧੀਏ ਵੱਡੀਆਂ ਦੁਕਾਨਾਂ ਤੋਂ ਤਾਂ ਸਭ ਅਮੀਰ ਲੋਕ ਸਾਮਾਨ ਖ਼ਰੀਦ ਲੈਂਦੇ ਨੇ, ਪਰ ਇਹ ਗ਼ਰੀਬਾਂ ਲਈ ਵੀ ਤਾਂ ਦਿਨ ਤਿਉਹਾਰ ਮਸਾਂ ਆਉਂਦੇ…ਸਾਵਣ ਦੇ ਤਿਉਹਾਰ ‘ਤੇ ਇਹ ਵੀ ਆਪਣੇ ਬੱਚਿਆਂ ਨੂੰ ਖ਼ੁਸ਼ ਕਰ ਦੇਣਗੇ..ਨਾਲ਼ੇ ਤੇਲ ਨਾਲ਼ ਤਾਂ ਆਪਾਂ ਗੁਲਗੁਲੇ ਮੱਠੀਆਂ ਪਕਾਵਾਂਗੇ ..ਤੇਰੀ ਭੂਆ ਨੂੰ ਤੀਆਂ ਦਾ ਸੰਧਾਰਾ ਸੂਟ,ਚੂੜੀਆਂ ,ਬਿਸਕੁਟ ਭੇਜਣੇ ਨੇ।”
ਦਾਦੀ ਦੀ ਸੋਚ ਜਾਣ ਕੇ ਕਮਲ ਦਾ ਚਿਹਰਾ ਖਿੜ ਉੱਠਿਆ ਜਿਵੇਂ ਵਕਤ ਤੋਂ ਪਹਿਲਾਂ ਹੀ ਸਾਵਣ ਆਇਆ ਹੋਵੇ..ਤੇ ਗੁਰਬਾਣੀ ਦੀ ਇਹ ਤੁਕ …
“ਮੋਰੀਂ ਰੁਣ-ਝੁਣ ਲਾਇਆ ….
ਭੈਣੇ ਸਾਵਣ ਆਇਆ”
ਉਚਾਰਦੀ ਹੋਈ ਆਪਣੀਆਂ ਸਹੇਲੀਆਂ ਨੂੰ ਦੱਸਣ ਗਲੀ ਵਿੱਚ ਭੱਜ ਗਈ।
ਸਰਬਜੀਤ ਕੌਰ ਭੁੱਲਰ
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly