ਸਰਕਾਰ ਤੇ ਪ੍ਰਸ਼ਾਸਨ ਵੱਲੋਂ ਨਹੀਂ ਲਈ ਜਾ ਰਹੀ ਹੜ੍ਹ ਪੀੜਤਾਂ ਦੀ ਸਾਰ
ਕਪੂਰਥਲਾ , 22 ਅਗਸਤ ( ਕੌੜਾ)- ਬੀਤੇ ਕਈ ਦਿਨਾਂ ਤੋਂ ਦਰਿਆ ਬਿਆਸ ਅੰਦਰ ਪਾਣੀ ਦਾ ਪੱਧਰ ਵਧਣ ਕਾਰਨ ਮੰਡ ਖੇਤਰ ਵਿੱਚ ਅਤੇ ਧੁੱਸੀ ਬੰਨ ‘ਤੇ ਵਸੇ ਵੱਡੀ ਗਿਣਤੀ ਵਿੱਚ ਹਲਕਾ ਸੁਲਤਾਨਪੁਰ ਲੋਧੀ ਦੇ ਪਿੰਡਾਂ ਦੇ ਵਸਨੀਕਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।ਪਿਛਲੇ ਦਿਨਾਂ ਤੋਂ ਧੁੱਸੀ ਬੰਨ ਨਾਲ ਵੱਡੀ ਪੱਧਰ ‘ਤੇ ਪਾਣੀ ਲੱਗਣ ਨਾਲ ਵੱਡਾ ਖਤਰਾ ਬਣਿਆ ਹੋਇਆ ਹੈ। ਜਿੱਥੇ
ਸਰਕਾਰ ਤੇ ਪ੍ਰਸ਼ਾਸਨ ਵੱਲੋਂ ਹੜ੍ਹ ਪੀੜਤਾਂ ਦੀ ਸਾਰ ਨਹੀਂ ਲਈ ਜਾ ਰਹੀ ਉਥੇ ਹੀ ਹਲਕਾ ਸੁਲਤਾਨਪੁਰ ਲੋਧੀ ਦੇ ਵੱਡੀ ਗਿਣਤੀ ਵਿੱਚ ਇਲਾਕਾ ਨਿਵਾਸੀ ਸੰਗਤਾਂ ਸੰਤਾਂ ਮਹਾਂਪੁਰਸ਼ਾਂ ਦੀ ਅਗਵਾਈ ਹੇਠ ਬੰਨ੍ਹ ਦੀ ਮਜਬੂਤੀ ਲਈ ਨਿਰੰਤਰ ਸੇਵਾ ਕਾਰਜਾਂ ਵਿੱਚ ਜੁੱਟੀਆਂ ਹੋਈਆਂ ਹਨ ਅਤੇ ਲੰਮੇਂ ਸਮੇਂ ਤੋਂ ਬੰਨ ਦੀ ਦਿਨ ਰਾਤ ਨਿਗਰਾਨੀ ਕੀਤੀ ਜਾ ਰਹੀ ਹੈ।ਧੁੱਸੀ ਬੰਨ ਨੂੰ ਮਿੱਟੀ ਦੇ ਬੋਰੇ ਅਤੇ ਮਿੱਟੀ ਲਗਾ ਕੇ ਮਜਬੂਤ ਕੀਤਾ ਜਾ ਰਿਹਾ ਹੈ।ਦਰਿਆ ਬਿਆਸ ਦੇ ਗੋਇੰਦਵਾਲ ਸਾਹਿਬ ਪੁੱਲ ਤੋਂ ਲੈ ਕੇ ਪਿੰਡ ਰਾਜੇਵਾਲ,ਅੰਮ੍ਰਿਤਪੁਰ,ਕੁਤਬੇਵਾਲ,ਨੱ ਥੂਪੁਰ,ਬਾਜਾ,ਬੂੜੇਵਾਲ,
ਮੁੱਲਾਬਾਹਾ,ਸੂਜੋਕਾਲੀਆ,ਖਿਜਰਪੁਰ,ਹੁ ਸੈਨਪੁਰ ਦੂਲੋਵਾਲ,ਮੰਡ ਇੰਦਰਪੁਰ,ਪੱਤੀ ਸਬਦੁਲਪੁਰ,ਭੈਣੀ ਹੁਸੇ ਖਾਂ,ਝੁੱਗੀਆਂ ਡੋਗਰਾਂ,ਮੰਡ ਗੋਇੰਦਵਾਲ ਆਦਿ ਪਿੰਡਾਂ ਦੀਆਂ ਮੰਡ ਖੇਤਰ ਅੰਦਰ ਸਮੁੱਚੀਆਂ ਫਸਲਾਂ ਮਾਰੀਆਂ ਜਾ ਚੱਕੀਆਂ ਹਨ ਅਤੇ ਸਮੁੱਚੇ ਘਰ ਪਾਣੀ ਦੀ ਲਪੇਟ ਵਿੱਚ ਆ ਗਏ ਹਨ।ਮੰਡ ਖੇਤਰ ਵਿੱਚ ਵਸਦੇ ਲੋਕਾਂ ਨੇ ਸੁਰੱਖਿਅਤ ਥਾਵਾਂ ,ਬੰਨ ਆਦਿ ‘ਤੇ ਡੇਰੇ ਲਾਏ ਹੋਏ ਹਨ ਅਤੇ ਮਾਲ ਡੰਗਰ ਵੀ ਨਾਲ ਸਾਂਭਿਆ ਗਿਆ ਹੈ।ਮੰਡ ਖੇਤਰ ਦੇ ਇਸ ਮੁਸ਼ਕਿਲ ਭਰੇ ਹਲਾਤਾਂ ਵਿੱਚ ਸਮਾਜਿਕ ਤੇ ਧਾਰਮਿਕ ਜਥੇਬੰਦੀਆਂ ਜੁੱਟੀਆਂ ਹੋਈਆਂ ਹਨ ਅਤੇ ਹੜ੍ਹ ਪੀੜਤਾਂ ਨੂੰ ਰਾਸ਼ਣ ਅਤੇ ਲੰਗਰਾਂ ਦੀ ਸੇਵਾ ਕੀਤੀ ਜਾ ਰਹੀ ਹੈ ਤਾਂ ਜੋ ਮੁਸੀਬਤ ਵਿੱਚ ਫਸੇ ਲੋਕ ਆਪਣਾ ਗੁਜਰ ਬਸਰ ਕਰ ਸਕਣ।ਦਰਿਆ ਬਿਆਸ ਨਾਲ ਲੱਗਦੇ ਧੁੱਸੀ ਬੰਨ ‘ਤੇ ਗੁਰਦੁਆਰਾ ਸ੍ਰੀ ਦਮਾਦਮਾ ਸਾਹਿਬ ਠੱਟਾ ਅਤੇ ਸੰਤ ਬਾਬਾ ਜੈ ਸਿੰਘ ਮਹਿਮਦਵਾਲ ਵਾਲੇ ਇਲਾਕੇ ਭਰ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਪਿਛਲੇ ਦਿਨਾਂ ਤੋਂ ਹੀ ਹੜ ਪੀੜਤ ਲੋਕਾਂ ਨੂੰ ਲੰਗਰਾਂ ਦੀ ਸੇਵਾ ਪਹੁੰਚਾ ਰਹੇ ਹਨ ਅਤੇ ਬੰਨ ਦੀ ਰਖਵਾਲੀ ਕਰ ਰਹੇ ਲੋਕਾਂ ਨਾਲ ਨਿਰੰਤਰ ਦਿਨ ਰਾਤ ਮੋਢੇ ਨਾਲ ਮੋਢਾ ਜੋੜ ਕੇ ਆਪਣੀਆਂ ਸੇਵਾਵਾਂ ਪ੍ਰਦਾਨ ਕਰ ਰਹੇ ਹਨ।ਇਸ ਮੌਕੇ ਬਾਬਾ ਹਰਜੀਤ ਸਿੰਘ ਦਮਦਮਾ ਸਾਹਿਬ ਠੱਟਾ ਅਤੇ ਬਾਬਾ ਜੈ ਸਿੰਘ ਮਹਿਮਦਵਾਲ ਵਾਲਿਆ ਕਿਹਾ ਕਿ ਇਸ ਮੁਸ਼ਕਿਲ ਭਰੇ ਹਲਾਤਾਂ ਵਿੱਚ ਸਾਡਾ ਸਭ ਦਾ ਫਰਜ ਬਣਦਾ ਹੈ ਕਿ ਲੋੜਵੰਦ ਲੋਕਾਂ ਤੱਕ ਪਹੁੰਚਿਆ ਜਾਵੇ ਅਤੇ ਜਿੰਨੀ ਹੋ ਸਕੇ ਮਦਦ ਕਰਨੀ ਚਾਹੀਦੀ ਹੈ।ਕਿਸਾਨਾਂ ਦੀਆਂ ਸਮੁੱਚੀਆਂ ਫਸਲਾਂ ਪਾਣੀ ਨਾਲ ਮਾਰੀਆਂ ਗਈਆਂ ਹਨ ਜਿਸ ਨਾਲ ਉਹਨਾਂ ਨੂੰ ਭਾਰੀ ਆਰਥਿਕ ਘਾਟਾ ਪਿਆ ਹੈ ਇਸ ਲਈ ਸਰਕਾਰਾਂ ਨੂੰ ਪਹਿਲ ਦੇ ਅਧਾਰ ‘ਤੇ ਬਣਦਾ ਯੋਗ ਮੁਆਵਜਾ ਤੁਰੰਤ ਜਾਰੀ ਕਰਨਾ ਚਾਹੀਦਾ ਹੈ।ਇਸ ਮੌਕੇ ਬਾਬਾ ਬਲਵਿੰਦਰ ਸਿੰਘ ਰੱਬ ਜੀ,ਭਾਈ ਸਤਿੰਦਰਪਾਲ ਸਿੰਘ,ਬਲਜਿੰਦਰ ਸਿੰਘ ਸ਼ੇਰਾ,ਚਰਨ ਸਿੰਘ ਦਰੀਏਵਾਲ, ਗੁਰਦੀਪ ਸਿੰਘ ਸਾਬਕਾ ਸਰਪੰਚ,ਭਾਈ ਬਚਿੱਤਰ ਸਿੰਘ ਆਦਿ ਸਮੇਤ ਵੱਡੀ ਗਿਣਤੀ ਵਿੱਚ ਸੇਵਾਦਾਰ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly