ਪਹਿਲੇ ਦਿਨ ਹੀ ਪਾਰਲੀਮੈਂਟ ਵਿੱਚ ਪਈ ਮਾਂ ਬੋਲੀ ਪੰਜਾਬੀ ਦੀ ਗੂੰਜ

ਰਾਜ ਸਭਾ ਸਕੱਤਰੇਤ ਨੇ ਸੰਤ ਸੀਚੇਵਾਲ ਨੂੰ ਪੰਜਾਬੀ ਵਿੱਚ ਮੁਹੱਈਆ ਕਰਵਾਏ ਦਸਤਾਵੇਜ

ਪੰਜਾਬ ਦੇ ਵੱਡੇ ਸਾਹਿਤਕਾਰਾਂ ਨੇ ਸੰਤ ਸੀਚੇਵਾਲ ਦੇ ਯਤਨਾਂ ਦੀ ਕੀਤੀ ਪ੍ਰਸ਼ੰਸਾ

ਕਪੂਰਥਲਾ (ਸਮਾਜ ਵੀਕਲੀ) (ਕੌੜਾ)– ਸਰਦ ਰੁੱਤ ਦੇ ਸ਼ੁਰੂ ਹੋਏ ਪਾਰਲੀਮੈਂਟ ਸ਼ੈਸ਼ਨ ਦੇ ਪਹਿਲੇ ਦਿਨ ਹੀ ਰਾਜ ਸਭਾ ਸਦਨ ਵਿੱਚ ਮਾਂ ਪੰਜਾਬੀ ਬੋਲੀ ਦੀ ਗੂੰਜ ਸੁਣਾਈ ਦਿੱਤੀ। ਰਾਜ ਸਭਾ ਮੈਂਬਰ ਤੇ ਵਾਤਾਵਰਨ ਪ੍ਰੇਮੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਅੱਜ ਰਾਜ ਸਭਾ ਦੇ ਨਵੇਂ ਆਏ ਚੇਅਰਮੈਨ ਸ਼੍ਰੀ ਜਗਦੀਪ ਧਨਖੜ ਦਾ ਸਵਾਗਤ ਕਰਦਿਆ ਉਨ੍ਹਾਂ ਦਾ ਇਸ ਗੱਲ ਲਈ ਧੰਨਵਾਦ ਕੀਤਾ ਕਿ ਸਦਨ ਦੇ ਪਟਲ ‘ਤੇ ਦਿੱਤੇ ਜਾਣ ਵਾਲੇ ਦਸਤਾਵੇਜ ਪੰਜਾਬੀ ਵਿੱਚ ਮੁਹੱਈਆ ਕਰਵਾਏ ਗਏ। ਸਦਨ ਵਿੱਚ ਮੈਂਬਰਾਂ ਨੂੰ ਹਮੇਸ਼ਾਂ ਹਿੰਦੀ ਤੇ ਅੰਗਰੇਜ਼ੀ ਵਿੱਚ ਹੀ ਦਸਤਾਵੇਜ ਦਿੱਤੇ ਜਾਂਦੇ ਸਨ। ਇਸ ਸੰਬੰਧੀ ਸੰਤ ਬਲਬੀਰ ਸਿੰਘ ਸੀਚੇਵਾਲ ਨੇ ਮੌਨਸੂਨ ਸ਼ੈਸ਼ਨ ਦੌਰਾਨ ਵੀ ਪੰਜਾਬੀ ਦੇ ਮੁੱਦੇ ਨੂੰ ਉਠਾਦਿਆ ਮੰਗ ਕੀਤੀ ਸੀ ਕਿ ਉਨ੍ਹਾਂ ਨੂੰ ਮਾਂ ਬੋਲੀ ਪੰਜਾਬੀ ਵਿੱਚ ਦਸਤਾਵੇਜ ਦਿੱਤੇ ਜਾਣ।

ਸੰਤ ਬਲਬੀਰ ਸਿੰਘ ਸੀਚੇਵਾਲ ਨੇ ਪਾਰਲੀਮੈਂਟ ਵਿੱਚ ਪੰਜਾਬੀ ਮਾਂ ਬੋਲੀ ਵਿੱਚ ਦਸਤਾਵੇਜ ਦਿੱਤੇ ਜਾਣ ‘ਤੇ ਇਸ ਲਈ ਸਮੂਹ ਪੰਜਾਬੀਆਂ ਨੂੰ ਵਧਾਈ ਦਿੱਤੀ। ਉਨ੍ਹਾਂ ਨੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਵੀ ਧੰਨਵਾਦ ਕੀਤਾ। ਸੰਤ ਸੀਚੇਵਾਲ ਨੇ ਕਿਹਾ ਕਿ ਇੰਨ੍ਹਾਂ ਦੋਵੇਂ ਮੁੱਖ ਮੰਤਰੀਆਂ ਨੇ ਉਨ੍ਹਾਂ ਨੂੰ ਪੰਜਾਬ ਦੀ ਤਰਜ਼ਮਾਨੀ ਕਰਨ ਲਈ ਰਾਜ ਸਭਾ ਵਿੱਚ ਭੇਜਿਆ ਹੈ। ਉਹ ਯਤਨ ਕਰ ਰਹੇ ਹਨ ਕਿ ਪੰਜਾਬ ਦੇ ਮਸਲਿਆਂ ਨੂੰ ਰਾਜ ਸਭਾ ਵਿੱਚ ਰੱਖਿਆ ਜਾਵੇ। ਸੰਤ ਸੀਚੇਵਾਲ ਨੇ ਸਦਨ ਵਿੱਚ ਕਿਹਾ ਕਿ ਸਾਬਕਾ ਰਾਸ਼ਟਰਪਤੀ ਵੈਂਕਈਆ ਨਾਇਡੂ ਨੇ ਵੀ ਆਪਣੀ ਵਿਦਾਇਗੀ ਸਮੇਂ ਕਿਹਾ ਸੀ ਕਿ ਇੱਕ ਸੰਸਦ ਮੈਂਬਰ ਖੜਾ ਹੋ ਕੇ ਆਪਣੀ ਮਾਤ ਭਾਸ਼ਾ ਵਿੱਚ ਦਸਤਾਵੇਜ ਕਿਉਂ ਮੰਗੇ ਉਸ ਨੂੰ ਤਾਂ ਪਹਿਲਾਂ ਹੀ ਮਹੁੱਈਆ ਕਰਵਾਏ ਜਾਣੇ ਚਾਹੀਦੇ ਹਨ। ਵੈਂਕਈਆ ਨਾਇਡੂ ਖੇਤਰੀ ਭਾਸ਼ਾਵਾਂ ਨੂੰ ਉਤਸ਼ਾਹਿਤ ਕਰਨ ਲਈ ਬੜੇ ਯਤਨਸ਼ੀਲ ਰਹੇ ਸਨ। ਸੰਤ ਸੀਚੇਵਾਲ ਨੇ ਰਾਜ ਸਭਾ ਦੇ ਸਮੂਹ ਮੈਂਬਰਾਂ ਦਾ ਧੰਨਵਾਦ ਵੀ ਕੀਤਾ ਜਿੰਨ੍ਹਾਂ ਨੇ ਪੰਜਾਬੀ ਭਾਸ਼ਾ ਦੇ ਮੁੱਦੇ ‘ਤੇ ਉਨ੍ਹਾਂ ਦਾ ਸਮਰਥਨ ਕੀਤਾ। ਉਨ੍ਹਾਂ ਕਿਹਾ ਕਿ ਉਪ ਰਾਸ਼ਟਰਪਤੀ ਸ਼੍ਰੀ ਜਗਦੀਪ ਧਨਖੜ ਨੇ ਪਹਿਲੀ ਮੁਲਾਕਾਤ ਦੌਰਾਨ ਜਿਸ ਢੰਗ ਨਾਲ ਗੱਲ ਸੁਣੀ ਉਸ ਨਾਲ ਹੀ ਅੱਧਾ ਦੱੁਖ ਕੱਟਿਆ ਗਿਆ ਸੀ।

ਪਾਰਲੀਮੈਂਟ ਵਿੱਚ ਪੰਜਾਬੀ ਭਾਸ਼ਾ ਨੂੰ ਬਣਦਾ ਮਾਣ ਦੁਆੳੇਣ ਲਈ ਸੰਤ ਸੀਚੇਵਾਲ ਵੱਲੋਂ ਕੀਤੇ ਗਏ ਯਤਨਾਂ ਦਾ ਪੰਜਾਬੀ ਸਾਹਿਤਕਾਰਾਂ ਨੇ ਨਿੱਘਾ ਸਵਾਗਤ ਕੀਤਾ ਹੈ। ਪੰਜਾਬੀ ਦੇ ਸਿਰਮੌਰ ਕਵੀ ਡਾ: ਗੁਰਭਜਨ ਗਿੱਲ ਨੇ ਕਿਹਾ ਕਿ ਸੰਤ ਬਲਬੀਰ ਸਿੰਘ ਸੀਚੇਵਾਲ ਪੰਜਾਬੀਆਂ ਦਾ ਉਹ ਨਾਇਕ ਹੈ ਜਿਹੜਾ ਪੰਜਾਬੀਆਂ ਦੀ ਰੂਹ ਵਿੱਚ ਵਸਿਆ ਹੋਇਆ ਹੈ। ਪੰਜਾਬ ਦੇ ਪਾਣੀਆਂ ਦੀ ਫਿਕਰਮੰਦੀ ਕਰਨ ਵਾਲੇ ਸੰਤ ਸੀਚੇਵਾਲ ਨੇ ਪੰਜਾਬੀ ਮਾਂ ਬੋਲੀ ਦੀ ਸੇਵਾ ਵਿੱਚ ਡਟ ਗਏ ਹਨ। ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਦੇ ਪ੍ਰਧਾਨ ਤੇ ਪੰਜਾਬ ਕਲਾ ਪ੍ਰੀਸ਼ਦ ਦੇ ਸਕੱਤਰ ਡਾ: ਲਖਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪਾਰਲੀਮੈਂਟ ਦੇ ਰਾਜ ਸਭਾ ਸਦਨ ਵਿੱਚ ਪੰਜਾਬੀ ਨੂੰ ਲਾਗੂ ਕਰਵਾਉਣ ਵਿੱਚ ਕੂੰਜੀਵਤ ਭੂਮਿਕਾ ਨਿਭਾਈ ਹੈ। ਪੰਜਾਬੀ ਵਿੱਚ ਦਸਤਾਵੇਜ ਮਿਲਣੇ ਇੱਕ ਇਤਿਹਾਸਕ ਵਰਤਾਰਾ ਹੈ ਜਿਹੜਾ ਹੁਣ ਭਵਿੱਖ ਵਿੱਚ ਵੀ ਜਾਰੀ ਰਹਿਣਾ ਚਾਹੀਦਾ ਹੈ। ਡਾ: ਜੌਹਲ ਨੇ ਕਿਹਾ ਕਿ ਸੰਤ ਸੀਚੇਵਾਲ ਨੇ ਪੰਜਾਬ ਪ੍ਰਦੂਸ਼ਣ ਕੰਟਰੋਲ ਬੋਰਡ ਤੋਂ ਲੈਕੇ ਪਾਰਲੀਮੈਂਟ ਤੱਕ ਪੰਜਾਬੀ ਮਾਂ ਬੋਲੀ ਨੂੰ ਤਰਜ਼ੀਹ ਦੇਣ ਲਈ ਅਵਾਜ਼ ਬੁਲੰਦ ਕੀਤੀ ਹੈ।

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਦੇ ਜਸਵਿੰਦਰ ਸਿੰਘ ਨੂੰ ਮਿਲਿਆ ਬੈਸਟ ਟੀਚਰ ਦਾ ਐਵਾਰਡ
Next article1 killed in BNP-police clash at Naya Paltan, BNP leaders held