(ਸਮਾਜ ਵੀਕਲੀ)
ਤੇਰੇ ਲਈ ਤੀਰਥ ਥਾਵਾਂ ਨੇ
ਤੈਥੋੰ ਵੱਖ ਸਾਡੀਆਂ ਰਾਵਾਂ ਨੇ
ਤੇਰੇ ਬੁਣੇ ਇਸ ਜਾਲ ਦੇ
ਹੁਣ ਸਾਰੇ ਭਰਮ ਮਿਟਾਵਾਂਗੇ
ਧਰਤੀ ਹੀ ਤੀਰਥ ਸਾਡੀ ਹੈ
ਇਸਨੂੰ ਹੀ ਸਵਰਗ ਬਣਾਵਾਂਗੇ
ਸਥਾਨਾਂ ਤੋਂ ਜੇ ਮਿਲਦੀ ਸੋਝੀ
ਗੁਲਾਮ ਨਾ ਸਾਡੇ ਆਗੂ ਹੁੰਦੇ
ਪਖੰਡੀਆਂ ਦੀ ਸੋਚ ਨਾ ਹੁੰਦੀ ਹਾਵੀ
ਨਾਨਕ ਦੇ ਸਿਧਾਂਤ ਲਾਗੂ ਹੁੰਦੇ
ਜੋ ਨਾਮਦੇਵ ਕਬੀਰ ਜੀ ਕਹਿੰਦੇ
ਅਸੀਂ ਗੱਲ ਉਹੀ ਸਮਝਾਵਾਂਗੇ
ਧਰਤੀ ਹੀ ਤੀਰਥ ਸਾਡੀ ਹੈ
ਇਸ ਨੂੰ ਹੀ ਸਵਰਗ ਬਣਾਵਾਂਗੇ
ਉੱਚੀਆਂ ਉਸਾਰ ਇਮਾਰਤਾਂ ਤੂੰ
ਲੋਕਾਂ ਨੂੰ ਬਹੁਤ ਭਰਮਾਉੰਦਾ ਏ
ਤੇਰੇ ਦੁੱਖ ਮਿਟਣੇ ਹੀ ਇੱਥੋਂ
ਇੰਝ ਕਹਿ ਮੱਥੇ ਟਿਕਾਉੰਦਾ ਏ
ਛੱਡਕੇ ਕੋਈ ਵੱਖਰੇ ਰੱਬ ਨੂੰ
ਇੱਕ ਕੁਦਰਤ ਨੂੰ ਅਪਣਾਵਾਂਗੇ
ਧਰਤੀ ਹੀ ਤੀਰਥ ਸਾਡੀ ਹੈ
ਇਸ ਨੂੰ ਹੀ ਸਵਰਗ ਬਣਾਵਾਂਗੇ
ਸੁਣਾ ਕਾਰਾਮਾਤੀ ਸਾਖੀਆਂ ਤੂੰ
ਗੋਤੇ ਬਹੁਤ ਲਵਾਉੰਦਾ ਹੈਂ
ਖੁਦ ਨੂੰ ਜਦ ਕੋਈ ਰੋਗ ਲੱਗੇ
ਵਿਦੇਸ਼ੋੰ ਇਲਾਜ ਕਰਾਉਂਦਾ ਹੈਂ
ਗਿਆਨ ਦਾ ਇਸਨਾਨ ਕਰਕੇ
ਨਵਾਂ ਇਤਿਹਾਸ ਰਚਾਵਾਂਗੇ
ਧਰਤੀ ਹੀ ਤੀਰਥ ਸਾਡੀ ਹੈ
ਇਸ ਨੂੰ ਹੀ ਸਵਰਗ ਬਣਾਵਾਂਗੇ
ਗੁਰਮੀਤ ਸਿੰਘ ਸੋਹੀ
ਪਿੰਡ – ਅਲਾਲ(ਧੂਰੀ)
M.92179-81404