HOME ਬਿਮਾਰੀ ਕੁੱਝ ਇਸ ਤਰ੍ਹਾਂ ਹੈ।

ਬਿਮਾਰੀ ਕੁੱਝ ਇਸ ਤਰ੍ਹਾਂ ਹੈ।

ਬਿਮਾਰੀ ਹੋਰ ਵਧ ਜਾਣ ਨਾਲ਼ ਨੁਕਸਾਨ ਵੀ ਬਹੁਤ ਹੋ ਜਾਵੇਗਾ। ਅਨੰਦ ਸਿੰਘ ਬਾਲਿ਼ਆਂਵਾਲੀ਼
   (ਸਮਾਜ ਵੀਕਲੀ)   ਪਾਲੀ ਉਂਝ ਤਾਂ ਨਵਾਂ ਨਵਾਂ ਬਣਿਆ ਬੜਾ ਹੋਣਹਾਰ ਅਧਿਆਪਕ ਸੀ ਪਰ ਵਿਚਾਰਾ 72 ਕਿ ਮੀ ਦਾ 43 ਡਿਗਰੀ ਦੇ ਤਾਪਮਾਨ ਚ ਮੋਟਰ ਸਾਇਕਲ ਦਾ ਸਫ਼ਰ ਤਹਿ ਕਰਕੇ ਬੌਂਦਲਿਆ ਜਿਹਾ ਘਰ ਆਉਂਦਾ ਹੈ। ਅੱਜ ਜਦ ਉਹ ਆਇਆ ਤਾਂ ਕਮਰੇ ਚ ਵੜਦਿਆਂ ਪੱਖਾ ਲਾ ਕੇ ਕੱਪੜੇ ਵੀ ਬਦਲਣੇ ਭੁੱਲ ਗਿਆ ਤੇ ਕੁੱਝ ਅਜ਼ੀਬ ਤਰ੍ਹਾਂ ਦਾ ਬੁੜਬੁੜਾ ਰਿਹਾ ਸੀ ਰੇਂਡੂ,ਮੂਡੂ ਏਡੂ ਐਰਾ ਵਗੈਰਾ… ਜਦ ਓਸਦੀ ਮਾਂ ਓਸ ਲਈ ਪਾਣੀ ਦਾ ਗਿਲਾਸ ਲੈ ਕੇ ਆਈ ਤਾਂ ਉਸਨੂੰ ਇਸ ਤਰ੍ਹਾਂ ਅਜ਼ੀਬ ਜਿਹੀਆਂ ਅਵਾਜ਼ਾਂ ਕੱਢਦਿਆਂ ਵੇਖ ਕੇ ਘਬਰਾ ਕੇ ਪੁੱਛਦੀ ਐ ਕਿ ਵੇ ਮੁੰਡਿਆ ਆਹ ਕੀ ਊਲ ਜਲੂਲ ਜਾ ਬੋਲੀ ਜਾ ਰਿਹਾਂ, ਤਾਂ ਅੱਗੋ ਪਾਲੀ ਖਿਝ ਕੇ ਬੋਲਿਆ ਕਿ ਮਾਂ ਮੈਨੂੰ ਐਵੇਂ ਡਿਸਟਰਬ ਜੇ ਨਾ ਕਰ। ਮਾਂ ਵਿਚਾਰੀ ਚੁੱਪ ਕਰਕੇ,ਪਰੇਸ਼ਾਨ ਜੀ ਹੋ ਕੇ ਚਲੀ ਗਈ। ਜਦ ਸ਼ਾਮ ਨੂੰ ਪਾਲੀ ਦਾ ਬਾਪ ਖੇਤੋਂ ਘਰ ਆਇਆ ਤਾਂ ਆਉਂਦੇ ਨੂੰ ਪਾਲੀ ਦੀ ਮਾਂ ਕਹਿੰਦੀ, ਜੀ ਮੈਨੂੰ ਤਾਂ ਪਾਲੀ ਦਾ ਦਿਮਾਗ਼ ਜਾ ਠੀਕ ਨੀ ਲੱਗਦਾ,ਜਦੋਂ ਸਕੂਲੋਂ ਘਰ ਆਇਆ ਤਾਂ ਡੂਢ ਘੰਟਾ ਹੋਰ ਈ ਅਜ਼ੀਬ ਜੀਆਂ ਵਾਜਾਂ ਕੱਢੀ ਗਿਆ।ਅੱਗੋਂ ਪਾਲੀ ਦਾ ਪਿਓ ਕਹਿੰਦਾ ਬਾਹਲਾ ਨਾ ਸੋਚ,ਤੈਨੂੰ ਵਹਿਮ ਹੋ ਗਿਆ।ਚਲੋ ਜੀ ਗੱਲ ਆਈ ਗਈ ਹੋ ਗਈ।ਰੋਟੀ ਪਾਣੀ ਖਾ ਕੇ ਵਿਹੜੇ ਚ ਤਿੰਨੇ ਜਣੇ 9 ਵੱਜਦੇ ਨੂੰ ਸੌਂ ਗਏ। ਅੱਧੀ ਕ ਰਾਤ ਨੂੰ ਜਦ ਪਾਲੀ ਫੇਰ ਸੁੱਤਾ ਪਿਆ ਓਕਾਤੀ, ਰੇਂਡੂ, ਮੂਡੂ,ਨਾਲੂਗੂ… ਕਰਨ ਲੱਗ ਪਿਆ ਤਾਂ ਪਾਲੀ ਦੇ ਮਾਂ ਪਿਓ ਅੱਭੜਵਾਹੇ ਉਠੇ ਤੇ ਇੱਕ ਦੂਜੇ ਵੱਲ ਵੇਖ ਕੇ ਇਸ਼ਾਰੇ ਕਰਨ ਲੱਗ ਪਏ ਕਿ ਗੱਲ ਤਾਂ ਪੱਕੀ ਐ,ਮੁੰਡਾ ਤਾਂ ਹਿੱਲ ਗਿਆ। ਸਵੇਰੇ ਪੰਜ ਵਜਦੇ ਨੂੰ ਪਾਲੀ ਦਾ ਬਾਪ ਪਿੰਡ ਵਾਲ਼ੇ ਮਿੱਤਰ ਸਿਆਣੇ ਡਾਕਟਰ ਕੋਲ ਗਿਆ ਤੇ ਸਾਰੀ ਗੱਲ ਸਮਝਾਈ ਤਾਂ ਅੱਗੋਂ ਡਾਕਟਰ ਵੀ ਸਮਝ ਗਿਆ ਕਿ ਮਾਨਸਿਕ ਸਮੱਸਿਆ ਹੈ। ਡਾਕਟਰ ਕਹਿੰਦਾ ਮੁੰਡੇ ਨੂੰ ਅੱਜ ਸਕੂਲ ਨਾ ਜਾਣ ਦੇਵੀਂ ਤੇ ਬਹਾਨੇ ਨਾਲ਼ ਬਠਿੰਡੇ ਮਾਨਸਿਕ ਰੋਗਾਂ ਦੇ ਫਲਾਣੇ ਡਾਕਟਰ ਕੋਲ ਲੈ ਕੇ ਚੱਲਾਂਗੇ। ਲਓ ਜੀ ਸਿਆਣੇ ਬਾਪ ਨੇ ਬਹਾਨਾ ਲਾਇਆ ਕਿ ਪੁੱਤ ਅੱਜ ਸਕੂਲ ਚੋਂ ਛੁੱਟੀ ਲੈਲਾ਼,ਮੇਰਾ ਕਈ ਦਿਨ ਦਾ ਚਿੱਤ ਜਾ ਨੀ ਠੀਕ ਮੈਨੂੰ ਬਠਿੰਡੇ ਡਾਕਟਰ ਦੇ ਦਿਖਾ ਲਿਆ। ਮੁੰਡਾ ਆਪਣੇ ਬਾਪ ਨੂੰ ਅੱਠ ਵਜਦੇ ਨੂੰ ਪਿੰਡ ਵਾਲ਼ੇ ਡਾਕਟਰ ਨੂੰ ਨਾਲ਼ ਲੈਕੇ,ਓਸੇ ਦੇ ਕਹੇ ਅਨੁਸਾਰ ਮਾਨਸਿਕ ਰੋਗਾਂ ਦੇ ਮਾਹਰ ਡਾਕਟਰ ਕੋਲ ਲੈ ਗਿਆ।ਬਾਪ ਨੇ ਮੁੰਡੇ ਦੇ ਨਾਂ ਤੇ ਪਰਚੀ ਕਟਵਾ ਦਿੱਤੀ। ਜਦ ਮੁੰਡੇ ਨੂੰ ਅਵਾਜ਼ ਦਿੱਤੀ ਕਿ ਆ ਜਾਓ ਤਾਂ ਮੁੰਡਾ ਡੌਰ ਭੌਰ ਜਾ ਆਸੇ ਪਾਸੇ ਝਾਕੇ।ਓਹਦਾ ਪਿਓ ਤੇ ਪਿੰਡ ਵਾਲ਼ਾ ਡਾਕਟਰ ਓਹਨੂੰ ਬਹਾਨੇ ਜੇ ਨਾਲ਼ ਡਾਕਟਰ ਕੋਲ ਜਦ ਲੈਕੇ ਗਏ ਤਾਂ ਡਾਕਟਰ ਸਾਹਬ ਨੇ ਉਸਨੂੰ ਸਵਾਲ ਜਵਾਬ ਪੁੱਛਣੇ ਸ਼ੁਰੂ ਕਰ ਦਿੱਤੇ।ਤਾਂ ਅੱਗੋਂ ਪਾਲੀ ਉਦਾਸੀ ਭਰੀ ਹਾਸੀ ‘ਚ ਕਹਿੰਦਾ ਜੀ ਅਸਲ ਚ ਓਹ ਤੇਲਗੂ ਭਾਸ਼ਾ ਦੇ ਸ਼ਬਦ ਨੇ,ਮੈਂ ਘਰ ਆ ਕੇ ਓਸਦੀ ਪ੍ਰੈਕਟਿਸ ਕਰਦਾ ਸੀ ਤੇ ਰਾਤ ਨੂੰ ਕਿਤੇ ਬੱਸ ਓਹੀ ਰੀਲ ਦਿਮਾਗ਼ ਤੇ ਚੜੀ ਰਹੀ ਤੇ ਓਹੀ ਕੁੱਝ ਸੁਪਨੇ ਚ ਬੁੜਬਦਾਈ ਗਿਆ। ਅੱਗੋਂ ਡਾਕਟਰ ਕਹਿੰਦਾ ਇਹ ਤਾਂ ਮਾਣ ਤੇ ਖ਼ੁਸ਼ੀ ਵਾਲ਼ੀ ਗੱਲ ਐ ਕਿ ਤੁਹਾਨੂੰ ਤੇਲਗੂ ਭਾਸ਼ਾ ਵੀ ਆਉਂਦੀ ਐ। ਅੱਗੋਂ ਵਿਚਾਰਾ ਪਾਲੀ ਕਹਿੰਦਾ ਜੀ ਤੇਲਗੂ ਭਾਸ਼ਾ ਦਾ ਤਾਂ ਮੈਨੂੰ ਕੱਖ ਵੀ ਨੀ ਆਉਦਾ।ਇਹ ਤਾਂ ਸਾਡੇ ਡਿਪਾਰਟਮੈਂਟ ਨੇ ਚਿੱਠੀ ਕੱਢੀ ਐ ਕਿ ਤੁਸੀਂ ਇੱਕ ਹਫ਼ਤੇ ਚ ਬੱਚਿਆਂ ਨੂੰ ਤੇਲਗੂ ਭਾਸ਼ਾ ਸਿਖਾਉਣੀ ਐ। ਅੱਗੋਂ ਡਾਕਟਰ ਸਾਹਬ ਕਹਿੰਦੇ ਫਿਰ ਤਾਂ ਅਸਲ ਦਵਾਈ ਦੀ ਲੋੜ ਤੁਹਾਨੂੰ ਨਹੀਂ,ਸਗੋਂ ਚਿੱਠੀ ਕੱਢਣ ਵਾਲੇ ਡਿਪਾਰਟਮੈਂਟ ਨੂੰ ਇਕੱਲੀ ਦਵਾਈ ਦੀ ਨਹੀਂ ਸਗੋਂ ਦਾਖ਼ਲ ਕਰਵਾਉਣ ਦੀ ਲੋੜ ਐ।ਜਾਓ ਚਿੱਠੀ ਕੱਢਣ ਵਾਲੇ ਅਧਿਕਾਰੀ ਨੂੰ ਲੱਭੋ ਤੇ ਛੇਤੀ ਦਾਖ਼ਲ ਕਰਵਾਓ ਨਹੀਂ ਤਾਂ ਬਿਮਾਰੀ ਹੋਰ ਵਧ ਜਾਣ ਨਾਲ਼ ਨੁਕਸਾਨ ਵੀ ਬਹੁਤ ਹੋ ਜਾਵੇਗਾ।
ਅਨੰਦ ਸਿੰਘ ਬਾਲਿ਼ਆਂਵਾਲੀ਼
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਸ਼੍ਰੋਮਣੀ ਅਕਾਲੀ ਦਲ ਵੱਲੋਂ ਵਿਸ਼ਾਲ ਧਰਨਾ ਅੱਜ
Next articleਰਾਮਪੁਰ ਸੈਣੀਆਂ ਸਕੂਲ ਦੇ ਟਾਪਰਾਂ ਨੂੰ ਲਾਇੰਸ ਕਲੱਬ ਵਲੋਂ ਸਨਮਾਨਿਤ ਕੀਤਾ