HOME  ” ਪ੍ਰਵਾਸੀ ਔਰਤਾਂ ਦਾ ਦਵੰਦ ਸਿਰਜਦਾ ਹੈ ਨਾਵਲ –  ਕੀ ਖੱਟਿਆ ਪ੍ਰਦੇਸ...

 ” ਪ੍ਰਵਾਸੀ ਔਰਤਾਂ ਦਾ ਦਵੰਦ ਸਿਰਜਦਾ ਹੈ ਨਾਵਲ –  ਕੀ ਖੱਟਿਆ ਪ੍ਰਦੇਸ ?”

2

 ਪੁਸਤਕ ਦਾ ਨਾਂ – ਕੀ ਖੱਟਿਆ ਪ੍ਰਦੇਸ ?    (ਨਾਵਲ) ਨਾਵਲਕਾਰ –   ਗ ਸ ਨਕਸ਼ਦੀਪ ਪੰਜਕੋਹਾ

ਪੰਨੇ – 172       ਕੀਮਤ – 250/- ਰੁਪਪ੍ਰਕਾਸ਼ਕ –  ਆੱਟਮ ਆਰਟ, ਪਟਿਆਲਾ।

 

Tejinder Chandhoke

 (ਸਮਾਜ ਵੀਕਲੀ)   ਹਥਲੀ ਪੁਸਤਕ ” ਕੀ ਖੱਟਿਆ ਪ੍ਰਦੇਸ?” ਪ੍ਰਵਾਸੀ ਲੇਖਕ ਗ ਸ ਨਕਸ਼ਦੀਪ ਪੰਜਕੋਹਾ ਦਾ ਤੇਰਵਾਂ ਨਾਵਲ ਹੈ ਜਿਸ ਨੂੰ ਉਸ ਨੇ ਦੋ ਭਾਗਾਂ ਵਿੱਚ ਵੰਡਿਆ ਹੈ। ਉਂਜ ਸਾਹਿਤ ਦੇ ਖੇਤਰ ਵਿੱਚ ਉਸ ਨੇ ਕਾਵਿ ਸੰਗ੍ਰਹਿ ਅਤੇ ਅੰਗਰੇਜ਼ੀ ਵਿੱਚ ਸਾਹਿਤ ਸਿਰਜਣਾ ਕੀਤੀ ਹੈ। ਇਹ ਨਾਵਲ ਇਕ ਤੋਂ ਗਿਆਰਾਂ ਕਾਂਡ ਪਹਿਲੇ ਹਿੱਸੇ ਵਿੱਚ ਅਤੇ ਬਾਰਾਂ ਤੋਂ ਵੀਹ ਦੂਜੇ ਭਾਗ ਵਿੱਚ ਕੁੱਲ 172 ਪੰਨਿਆਂ ਤੇ ਦਰਜ ਕੀਤੇ ਹਨ। ਅੱਜ ਦੀ ਨੌਜਵਾਨ ਪੀੜੀ ਜਿਸ ਤਰ੍ਹਾਂ ਆਪਣੇ ਉਜਲੇ ਭਵਿੱਖ ਲਈ ਆਪਣਾ ਦੇਸ਼ ਛੱਡ ਕੇ ਪ੍ਰਦੇਸ ਜਾ ਰਹੀ ਹੈ ਪਰ ਉਥੇ ਦੀਆਂ ਦਿੱਕਤਾਂ ਤੋਂ ਅਨਜਾਣ ਹਨ, ਵਿਸ਼ੇਸ਼ ਕਰਕੇ ਔਰਤਾਂ ਲਈ ਇਸ ਨਾਵਲ ਵਿਚ ਅੰਕਿਤ ਕੀਤਾ ਗਿਆ ਹੈ। ਨਾਵਲਕਾਰ ਨੇ ਪੁਸਤਕ ਉਸ ਮਿੱਤਰ ਨੂੰ ਸਮਰਪਿਤ ਕੀਤੀ ਹੈ ਜਿਹੜਾ ਅਮਰੀਕਾ ਦੇ ਵਜੀਫੇ ਨੂੰ ਠੁਕਰਾ ਕੇ ਆਪਣੇ ਦੇਸ਼ ਰਹਿਣ ਆ ਗਿਆ ਹੈ।

ਨਾਵਲ ਦਾ ਪਾਠ ਕਰਦਿਆਂ ਜਾਣਕਾਰੀ ਹਾਸਲ ਹੁੰਦੀ ਹੈ ਕਿ ਇਸ ਨਾਵਲ ਦੀ ਨਾਇਕਾ ਚੰਨੋ ਅਤੇ ਨਾਇਕ ਗੁਰਦਾਸ ਜਿਹੜੇ ਪਤੀ ਪਤਨੀ ਹੋਣ ਦੇ ਨਾਲ ਨਾਲ ਗਰੀਬ ਪਰਿਵਾਰ ਨਾਲ ਸਬੰਧਤ ਹਨ, ਵਿੱਚੋ ਔਖੇ ਸੌਖੇ ਚੰਨੋ ਨੂੰ ਕੈਨੇਡਾ ਭੇਜਦੇ ਹਨ ਅਤੇ ਉਥੇ ਉਸ ਨੂੰ ਰਹੀਆਂ ਦਿੱਕਤਾਂ ਦਾ ਵਰਣਨ ਕਰਦਾ ਹੈ ਇਹ ਨਾਵਲ। ਇਹ ਨਾਵਲ ਦੋ ਦੇਸ਼ਾਂ ਭਾਰਤ ਅਤੇ ਕੈਨੇਡਾ ਦੀ ਕਹਾਣੀ ਪਾਉਂਦਾ ਹੈ। ਨਾਵਲ ਇਕੱਲਿਆਂ ਕੁੜੀਆਂ ਨੂੰ ਵਿਦੇਸ਼ ਭੇਜਣ ਤੋਂ ਗ਼ੁਰੇਜ਼ ਕਰਨ ਲਈ ਆਗਾਹ ਕਰਦਾ ਹੈ। ਦੋਨੋ ਪਤੀ ਪਤਨੀ ਇਕ ਦੂਜੇ ਪ੍ਰਤੀ ਪਹਿਲਾਂ ਜਿਸਮਾਨੀ ਤੌਰ ਤੇ ਵਫਾਦਾਰ ਦਿਖਾਏ ਗਏ ਹਨ ਪਰ ਤਰਸੇਮ ਸਿੰਘ , ਹਰਮੇਲ ਅਤੇ ਲਵਿੰਦਰ ਵਰਗੇ ਕਾਮ ਦੇ ਭੁੱਖੇ ਭੇੜੀਏ ਚੰਨੋ ਨੂੰ ਆਪਣੀ ਹਵਸ਼ ਦਾ ਸ਼ਿਕਾਰ ਬਣਾਉਣ ਲਈ ਤਤਪਰ ਰਹਿੰਦੇ ਹਨ। ਨਾਵਲ ਵਿਚ ਬੇਸਹਾਰਾ ਔਰਤ ਬੀਨਾ ਨਾਲ ਬਲਾਤਕਾਰ ਦੀ ਕਹਾਣੀ ਵੀ ਸਾਹਮਣੇ ਆਉਂਦੀ ਹੈ।

ਨਾਵਲ ਦੀ ਕਹਾਣੀ ਅਨੁਸਾਰ ਤਰਸੇਮ ਭਾਵੇਂ ਵਿਆਹਿਆ ਹੋਇਆ ਹੈ ਅਤੇ ਉਸ ਦੀਆਂ ਦੋ ਧੀਆਂ ਹਨ ਪਰ ਫਿਰ ਵੀ ਉਹ ਚੰਨੋ ਨੂੰ ਕਿਰਾਏ ਦੇ ਪੱਜ ਹਵਸ਼ ਦਾ ਸ਼ਿਕਾਰ ਬਣਾਉਣ ਦਾ ਯਤਨ ਕਰਦਾ ਹੈ। ਉਹ ਇਹ ਵੀ ਕਹਿੰਦਾ ਹੈ ਕਿ ਉਸ ਦੀ ਘਰਵਾਲੀ ਉਸ ਨੂੰ ਸੰਤੁਸ਼ਟ ਨਹੀਂ ਕਰ ਸਕਦੀ ਫਿਰ ਕੁੜੀਆਂ ਦਾ ਜਨਮ ਕਿਵੇਂ ਹੋਇਆ? ਵਿਦੇਸ਼ਾਂ ਵਿਚ ਇਕੱਲਿਆਂ ਕੁੜੀਆਂ ਰਿਹਾਇਸ਼ ਲਈ ਭਟਕਦੀਆਂ ਹਨ। ਇਹ ਵੀ ਸੱਚ ਹੈ ਕਿ ਅੱਜਕਲ ਪੈਸੇ ਵਾਲਿਆਂ ਦੀ ਪੁੱਛ ਪ੍ਰਤੀਤ ਹੁੰਦੀ ਹੈ। ਜਦੋਂ ਕਿਹਰ ਸਿੰਘ ਦਾ ਪਰਿਵਾਰ ਆਰਥਿਕ ਤੌਰ ਤੇ ਗਰੀਬ ਸੀ ਕੋਈ ਨਹੀਂ ਪੁੱਛਦਾ ਪਰ ਉਸ ਦੇ ਬੱਚੇ ਬਾਹਰ ਜਾਣ ਕਰਕੇ ਪਿੰਡ ਦੇ ਲੋਕ ਉਸ ਨਾਲ ਸਬੰਧ ਰੱਖਣ ਲੱਗ ਪੈਂਦੇ ਹਨ।

ਨਾਇਕ ਗੁਰਦਾਸ ਜਿਸ ਕੰਪਨੀ ਵਿਚ ਕੰਮ ਕਰਦਾ ਹੈ ਉਸ ਦਾ ਮੈਨੇਜਰ ਹਰਮੇਸ਼ ਦਾ ਨੀਲਮ ਨਾਮੀ ਔਰਤ ਨਾਲ ਇਸ਼ਕ ਚਲਦਾ ਹੈ ਅਤੇ ਹਰ ਸ਼ੁਕਰਵਾਰ ਸ਼ਾਮ ਨੂੰ ਉਹ ਗੁਰਦਾਸ ਨਾਲ ਇਸ ਨੂੰ ਮਿਲਣ ਲਈ ਜਾਂਦਾ ਹੈ ਪਰ ਇਕ ਦਿਨ ਨੀਲਮ ਦੇ ਘਰਵਾਲ਼ੇ ਦੇ ਮੌਕੇ ਤੇ ਆ ਜਾਣ ਕਾਰਨ ਇਸ ਦੇ ਪਤੀ ਅਜੀਤ ਕੁਮਾਰ ਦਾ ਕਤਲ ਹੋ ਜਾਂਦਾ ਹੈ ਜਿਸ ਤੇ ਪੁਲਿਸ ਗੁਰਦਾਸ ਤੋਂ ਵੀ ਪੁੱਛ ਪੜਤਾਲ ਕਰਦੀ ਹੈ। ਭਾਵੇਂ ਸਾਰੇ ਪੁਲਿਸ ਵਾਲਿਆਂ ਨੂੰ ਤਾਂ ਨਹੀਂ ਪਰ ਕੁਝ ਕ ਨੂੰ ਗਾਲ਼ਾਂ ਕਢਦਿਆਂ ਭਰਿਸ਼ਟ ਆਖਦਾ ਹੈ। ਇਸ ਵਿਚ 1984 ਦੇ ਹਾਲਾਤਾਂ ਦਾ ਬਿਆਨ ਕਰਦਿਆਂ ਪੁਲਿਸ ਨੂੰ ਕੋਸਦਾ ਹੈ। ਹਰਮੇਸ਼ ਨੂੰ ਬਚਾਉਣ ਦੇ ਚੱਕਰ ਵਿੱਚ ਉਹ ਪੁਲਿਸ ਤੋਂ ਭਗੌੜਾ ਹੋ ਕੇ ਕਲਕੱਤੇ ਰਿਹਾ। ਜਿਸ ਦੌਰਾਨ ਚੰਨੋ ਕੈਨੇਡਾ ਤੋਂ ਮਿਲਣ ਆਈ ਗਰਭਵਤੀ ਹੋ ਜਾਂਦੀ ਹੈ। ਤੇ ਉਸ ਦਾ ਬੇਟਾ ਗੁਰਸ਼ਰਨ ਕੈਨੇਡਾ ਵਿੱਚ ਹੀ ਪੈਦਾ ਹੁੰਦਾ ਹੈ। ਉਸ ਦੀ ਵਫਾਦਾਰ ਸਹੇਲੀ ਸੋਨੀ ਵੀ ਉਸ ਨਾਲ ਹਮਦਰਦੀ ਦੀ ਆੜ ਵਿੱਚ ਚਾਰ ਹਜ਼ਾਰ ਦੀ ਠੱਗੀ ਮਾਰ ਜਾਂਦੀ ਹੈ।

ਚੰਨੋ ਨੇ ਅਠਾਰਾਂ ਸਾਲ ਕੈਨੇਡਾ ਵਿੱਚ ਗੁਰਦਾਸ ਦੀ ਉਡੀਕ ਕਰਦਿਆਂ ਪਤੀ ਵਰਤਾ ਧਰਮ ਨਿਭਾਉਣ ਦਾ ਯਤਨ ਕੀਤਾ ਭਾਵੇਂ ਉਸ ਨਾਲ ਲਵਿੰਦਰ ਨੇ ਨਸ਼ੀਲਾ ਜੂਸ ਪਿਲਾ ਕੇ ਉਸ ਦੀ ਅਸਮਤ ਲੁੱਟੀ ਤੇ ਫਿਰ ਉਸ ਦੇ ਦੋਸਤ ਹਰਮਨ ਨੇ ਉਹਦੇ ਨਾਲ ਹਮ ਬਿਸਤਰੀ ਕੀਤੀ। ਗੁਰਦਾਸ ਨੂੰ ਮਿਲਣ ਆਈ ਚੰਨੋ ਨੂੰ ਆਪਣੇ ਮਤਲਬ ਲਈ ਭਾਵ ਆਪਣੇ ਰਿਸ਼ਤੇਦਾਰ ਮਲਕੀਤ ਨੂੰ ਕੈਨੇਡਾ ਭੇਜ ਕੇ ਉਸ ਨਾਲ ਵਿਆਹ ਕਰਵਾਉਣ ਦੀ ਤਜ਼ਵੀਜ ਤੇ ਪੁਲਿਸ ਇੰਸਪੈਕਟਰ ਨੇ ਸੰਪਰਕ ਕਰਨ ਦਾ ਯਤਨ ਕੀਤਾ। ਓਧਰ ਗੁਰਦਾਸ ਜਵਾਨੀ ਦੇ ਜੋਸ਼ ਨੂੰ ਰੋਕਦਿਆਂ ਬੇਕਾਬੂ ਹੋ ਕੇ ਟਰੱਕ ਚਲਾਉਂਦਿਆਂ ਚਾਚਾ ਕਰਤਾਰੇ ਦੇ ਕਹਿਣ ਤੇ ਬਰਸ਼ਾ ਨਾਮੀ ਲੜਕੀ ਨਾਲ ਸੰਪਰਕ ਬਣਾਉਂਦਾ ਤੇ ਫਿਰ ਲਛਮੀ ਨਾਮੀ ਔਰਤ ਨੂੰ ਪਤਨੀ ਬਣਾ ਕੇ ਰੱਖਦਾ ਹੈ। ਉਸ ਲਈ ਮੱਦਦ ਵੀ ਕਰਦਾ ਹੈ, ਉਸ ਦੇ ਬੱਚਿਆਂ ਨੂੰ ਪੜ੍ਹਾਉਂਦਾ, ਪਾਲਦਾ ਪੋਸਦਾ ਅਤੇ ਉਸ ਲਈ ਦਿੱਲੀ ਮਕਾਨ ਵੀ ਖਰੀਦ ਕੇ ਦਿੰਦਾ ਹੈ ਜਿਸ ਦਾ ਪਤਾ ਸਿਰਫ ਗੁਰਦਾਸ ਦੇ ਪਿਓ ਨੂੰ ਹੁੰਦਾ ਹੈ ਅਤੇ ਲਛਮੀ ਦੀ ਕੁੜੀ ਮਨੀਸ਼ਾ ਨੂੰ ਪਰ ਚੰਨੋ ਤੋਂ ਲੁਕਾ ਕੇ ਰੱਖਦਾ ਹੈ।

ਨਾਵਲ ਵਿਚ ਗੈਰ ਤਰੀਕੇ ਨਾਲ ਮੈਕਸੀਕੋ ਰਾਹੀਂ ਅਮਰੀਕਾ ਦੁਆਰਾ ਕੈਨੇਡਾ ਜਾਣ ਬਾਰੇ ਸੋਚਦਾ ਹੈ ਜਿਹੜਾ ਅਤਿ ਕਸ਼ਟਦਾਇਕ ਹੈ। ਡੋਂਕੀ ਰਾਹੀਂ ਜਾਂ ਵਾਲਾ ਸੰਤੋਖ ਸਿੰਘ ਰਾਹ ਵਿਚ ਬਲੀਜ਼ ਵਿਚ ਹੀ ਖਤਮ ਹੋ ਜਾਂਦਾ ਹੈ। ਗੁਰਦਾਸ ਕੈਨੇਡਾ ਜਾਣ ਦਾ ਫੈਸਲਾ ਟਾਲ ਕੇ ਜ਼ਮੀਨ ਲੈ ਕੇ ਆਪਣੇ ਪੁੱਤਰ ਗੁਰਸ਼ਰਨ ਦੇ ਨਾਮ ਤੇ ਢਾਬਾ ਖੋਲਦਾ ਹੈ ਜਿੱਥੇ ਉਸ ਨੇ ਆਪਣੇ ਸਾਲ਼ੇ ਗੁਰਪਾਲ ਨੂੰ ਵੀ ਅਤੇ ਪਰਿਵਾਰ ਨੂੰ ਰੱਖ ਲਿਆ ਹੈ। ਗੁਰਦਾਸ ਦਾ ਪਿਓ ਚੰਨੋ ਨੂੰ ਆਪਣੇ ਪੋਤੇ ਗੁਰਸ਼ਰਨ , ਉਸ ਦੀ ਨੂੰਹ ਐਵਲਿਨ ਅਤੇ ਆਪਣੇ ਪੜ ਪੋਤੇ ਨੂੰ ਭਾਰਤ ਲਿਆ ਕੇ ਮਿਲਾਉਣ ਲਈ ਆਖਦਾ ਹੈ। ਕਿਉੰਕਿ ਗੁਰਸ਼ਰਨ ਕੈਨੇਡਾ ਦਾ ਜੰਮਪਲ ਹੋਣ ਕਾਰਨ ਭਾਰਤ ਆਉਣ ਦੀ ਜਿਆਦਾ ਦਿਲਚਸਪੀ ਨਹੀਂ ਰੱਖਦਾ ਨਾ ਫੋਨ ਤੇ ਹੀ ਆਪਣੇ ਪਿਓ ਦਾਦੇ ਨਾਲ ਜਿਆਦਾ ਗੱਲਬਾਤ ਕਰਦਾ ਹੈ। ਚੰਨੋ ਆਪਣੇ ਭਰਾ ਵਰਗੇ ਦੋਸਤ ਜੈਕ ਦੀ ਕੁੜੀ ਐਵਲਿਨ ਨਾਲ ਉਸ ਦਾ ਵਿਆਹ ਕਰ ਦਿੰਦੀ ਹੈ। ਗੁਰਦਾਸ ਲਛਮੀ ਨੂੰ ਸਮਝਾ ਬੁਝਾ ਕੇ ਕੁਝ ਸਮੇਂ ਲਈ ਕੈਨੇਡਾ ਜਾਣ ਲਈ ਆਖਦਿਆਂ ਵੀਜ਼ੇ ਲਈ ਫਾਈਲ ਵੀ ਲਗਾ ਦਿੰਦਾ ਹੈ।

ਨਾਵਲ ਵਿਚ ਚਾਚਾ ਕਰਤਾਰ ਦਾ ਕਿਰਦਾਰ ਚੰਗਾ ਸਿਰਜਿਆ ਹੈ ਪਰ ਜਦੋਂ ਉਸ ਨੂੰ ਪਤਾ ਲਗਦਾ ਹੈ ਕਿ ਉਸ ਦੇ ਪਿੱਛੋ ਉਸ ਦੀ ਘਰਵਾਲੀ ਜਿਹੜੀ ਉਸ ਤੋਂ ਪੱਚੀ ਸਾਲ ਉਮਰ ਵਿਚ ਛੋਟੀ ਹੈ ਆਪਣੇ ਆਸ਼ਕ ਨਾਲ ਰੰਗ ਰਲੀਆਂ ਮਨਾਉਂਦੀ ਹੈ, ਮੌਕੇ ਤੇ ਪਕੜੀ ਜਾਣ ਤੇ ਉਹ ਦੋਨਾਂ ਦਾ ਕਤਲ ਕਰ ਦਿੰਦਾ ਹੈ ਹਾਲਾਂ ਕਿ ਉਹ ਆਪ ਡਰਾਇਵਰੀ ਸਮੇਂ ਬਾਹਰਲੀਆਂ ਕੜੀਆਂ ਨਾਲ ਸਬੰਧ ਰੱਖਦਾ ਹੈ। ਉਧਰ ਲਛਮੀ ਦੇ ਮੁੰਡੇ ਦੀਪਕ ਨੂੰ ਗੁਰਦਾਸ ਤੇ ਲੱਛਮੀ ਦੇ ਸਬੰਧਾਂ ਦਾ ਪਤਾ ਲਗਦਾ ਹੈ ਤਾਂ ਉਹ ਪਹਿਲਾਂ ਚਾਕੂ ਨਾਲ ਗੁਰਦਾਸ ਤੇ ਹਮਲਾ ਕਰਦਾ ਹੈ ਜਿਸ ਬਾਰੇ ਗੁਰਦਾਸ ਪੁਲਿਸ ਨੂੰ ਨਾ ਦੱਸਣ ਲਈ ਲਛਮੀ ਨੂੰ ਆਖਦਾ ਹੈ ਤੇ ਫਿਰ ਉਹਨਾਂ ਦੇ ਘਰ ਜਾ ਕੇ ਗੋਲੀ ਮਾਰ ਕੇ ਗੁਰਦਾਸ ਨੂੰ ਮਾਰ ਦਿੰਦਾ ਹੈ। ਇਸ ਮੌਕੇ ਚੰਨੋ ਕੈਨੇਡਾ ਤੋਂ ਗੁਰਦਾਸ ਦੇ ਸਸਕਾਰ ਲਈ ਭਾਰਤ ਆਉਂਦੀ ਹੈ। ਉਸ ਨੂੰ ਸਾਰੀ ਗੱਲ ਦੀ ਜਾਣਕਾਰੀ ਹੋ ਜਾਂਦੀ ਹੈ ਕਿ ਗੁਰਦਾਸ ਕੈਨੇਡਾ ਕਿਉੰ ਨਹੀਂ ਆਉਣਾ ਚਾਹੁੰਦਾ ਸੀ। ਉਸ ਦਾ ਲਛਮੀ ਨਾਲ ਕੀ ਸਬੰਧ ਸੀ। ਉਹ ਸੋਚਦੀ ਹੈ ਕਿ ਆਪਣੀ ਅਤੇ ਆਪਣੇ ਪਰਿਵਾਰ ਦੀ ਆਰਥਿਕ ਹਾਲਤ ਸੁਧਾਰਨ ਲਈ, ਆਪਣਿਆਂ ਤੋਂ ਲੰਬਾ ਸਮਾਂ ਦੂਰ ਰਹਿ ਕੇ, ਆਪਣੇ ਇਸਤਰੀ ਧਰਮ ਨੂੰ ਕਾਇਮ ਰੱਖ ਕੇ, ਉਸ ਨੇ ਕੈਨੇਡਾ ਜਾ ਕੇ ਕੀ ਖੱਟਿਆÍ

ਨਾਵਲ ਜਿੱਥੇ ਪਾਠਕਾਂ ਵਿਚ ਦਿਲਚਸਪੀ ਪੈਦਾ ਕਰਦਾ ਹੈ, ਉਥੇ ਗੰਭੀਰਤਾ ਵੀ ਲਿਆਉਂਦਾ ਹੈ। ਨਾਵਲਕਾਰ ਅਪਣਾ ਦੇਸ਼ ਛੱਡ ਕੇ ਪ੍ਰਦੇਸ ਜਾਣ ਵਿਸ਼ੇਸ਼ ਕਰਕੇ ਔਰਤਾਂ ਦਾ ਇਕੱਲਿਆਂ ਜਾਣ ਨੂੰ ਰੋਕਣ ਦਾ ਯਤਨ ਕਰਦਾ ਹੈ। ਨਾਵਲ ਵਿਚ ਪਰੂਫ ਰੀਡਿੰਗ ਘਾਟ ਕਾਰਨ ਸ਼ਾਬਦਿਕ ਗਲਤੀਆਂ ਰੜਕਦੀਆਂ ਹਨ। ਫਿਰ ਵੀ ਨਾਵਲ ਦਾ ਵਿਸ਼ਾ, ਭਾਸ਼ਾ ਅਤੇ ਸ਼ੈਲੀ ਪਾਠਕਾਂ ਦੇ ਸਮਝ ਆਉਣ ਯੋਗ ਹੈ। ਨਾਵਲਕਾਰ ਆਪਣੇ ਮਕਸਦ ਨੂੰ ਬਾ ਖੂਬੀ ਪੇਸ਼ ਕਰਦਾ ਹੈ। ਇਸ ਲਈ ਨਾਵਲ ਨੂੰ ਖ਼ੁਸ਼ ਆਮਦੀਦ ਆਖਦਿਆਂ ਸਵਾਗਤ ਕੀਤਾ ਜਾਂਦਾ ਹੈ।

Tejinder Chandhoke

ਸਾਬਕਾ ਏ.ਐਸ. ਪੀ­ ਨੈਸ਼ਨਲ ਐਵਾਰਡੀ

ਸੰਪਰਕ ਨੰ : 95010-00224

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

 

Previous articleਰੱਥ ਯਾਤਰਾ ਦੌਰਾਨ ਸ਼ਰਧਾਲੂਆਂ ਨੂੰ ਬਿਜਲੀ ਦਾ ਕਰੰਟ ਲੱਗਿਆ, ਪੰਜ ਲੋਕਾਂ ਦੀ ਮੌਤ ਹੋ ਗਈ ਅਤੇ ਕਈ ਜ਼ਖਮੀ ਹੋ ਗਏ।
Next articleਚੌਥੇ ਸ਼ੋਟੋਕਾਨ ਨਾਰਥ ਇੰਡੀਆ ਕਰਾਟੇ ਚੈਂਪੀਅਨਸ਼ਿਪ 2025 ਵਿੱਚ ਗੰਭੀਰਪੁਰ ਲੋਅਰ ਦੇ ਤਿੰਨ ਵਿਦਿਆਰਥੀ ਨੇ ਗੱਡੇ ਝੰਡੇ * ਹਾਸਲ ਕੀਤੀਆਂ ਪੁਜੀਸ਼ਨਾਂ *ਵਧਾਇਆ ਸਕੂਲ ਦਾ ਮਾਣ