ਕਪੂਰਥਲਾ (ਸਮਾਜ ਵੀਕਲੀ) (ਕੌੜਾ )- ਇੰਡੀਅਨ ਪੀਪਲਜ਼ ਥੀਏਟਰ ਐਸੋਸੀਏਸ਼ਨ (ਇਪਟਾ) ਪੰਜਾਬ ਦੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਅਤੇ ਇਪਟਾ ਕਪੂਰਥਲਾ ਦੇ ਪ੍ਰਧਾਨ ਡਾ. ਹਰਭਜਨ ਸਿੰਘ ਨੇ ਉੱਘੇ ਪੰਜਾਬੀ ਵਿਦਵਾਨ, ਲੋਕਧਾਰਾ ਖੋਜਕਾਰ, ਆਲੋਚਕ ਅਤੇ ਸਾਹਿਤਕਾਰ ਡਾ. ਇਕਬਾਲ ਕੌਰ ਸੋਸਾਇਟੀ ਦੇ ਅਕਾਲ ਚਲਾਣੇ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਿਆਂ ਉਨ੍ਹਾਂ ਨੂੰ ਭਾਵਭਿੰਨੀ ਸ਼ਰਧਾਂਜਲੀ ਭੇਟ ਕੀਤੀ। ਅਪਣੇ ਸਾਂਝੇ ਸ਼ੋਕ ਸੰਦੇਸ਼ ਵਿੱਚ ਆਗੂਆਂ ਨੇ ਕਿਹਾ ਕਿ ਡਾ. ਇਕਬਾਲ ਕੌਰ ਸੋਸਾਇਟੀ ਨੇ ਪੰਜਾਬੀ ਸਾਹਿਤ, ਲੋਕਧਾਰਾ, ਲੋਕ-ਵਿਰਾਸਤ, ਨਾਟਕ ਸਾਹਿਤ, ਨਾਰੀ ਚੇਤਨਾ ਅਤੇ ਸੱਭਿਆਚਾਰਕ ਖੇਤਰ ਵਿੱਚ ਅਮਿੱਟ ਯੋਗਦਾਨ ਪਾਇਆ। ਉਹ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪੰਜਾਬੀ ਵਿਭਾਗ ਵਿੱਚ ਪ੍ਰੋਫੈਸਰ ਰਹੇ ਅਤੇ ਭਗਤ ਨਾਮਦੇਵ ਦੀ ਚੇਅਰ ਦੇ ਚੇਅਰਪਰਸਨ ਵਜੋਂ ਵੀ ਸ਼ਾਨਦਾਰ ਸੇਵਾਵਾਂ ਨਿਭਾਈਆਂ। ਭਗਤ ਨਾਮਦੇਵ ਦੇ ਜੀਵਨ ਅਤੇ ਬਾਣੀ, ਪੰਜਾਬੀ ਲੋਕਧਾਰਾ ਅਤੇ ਦੇਸ਼ ਦੀ ਵੰਡ ਦੇ ਦੁਖਾਂਤ ‘ਤੇ ਉਨ੍ਹਾਂ ਦੀ ਖੋਜ ਅਤੇ ਲਿਖਤ ਪੰਜਾਬੀ ਸਾਹਿਤ ਦੀ ਅਨਮੋਲ ਧਰੋਹਰ ਹੈ। ਉਨ੍ਹਾਂ ਦੀ ਪ੍ਰਸਿੱਧ ਪੁਸਤਕ “ਬੰਦ ਬੂਹੇ ਦੀ ਹੂਕ” ਵੰਡ ਦੇ ਦਰਦ ਦਾ ਸੰਵੇਦਨਸ਼ੀਲ ਦਸਤਾਵੇਜ਼ ਮੰਨੀ ਜਾਂਦੀ ਹੈ। ਸੇਵਾਮੁਕਤੀ ਤੋਂ ਬਾਅਦ ਵੀ ਉਹ ਨਾਰੀ ਚੇਤਨਾ ਮੰਚ ਦੀ ਪ੍ਰਧਾਨ ਵਜੋਂ ਸਾਹਿਤਕ ਅਤੇ ਸਮਾਜਿਕ ਸਰਗਰਮੀਆਂ ਵਿੱਚ ਸਰਗਰਮ ਰਹੇ। ਉਨ੍ਹਾਂ ਕਿਹਾ ਕਿ ਡਾ. ਇਕਬਾਲ ਕੌਰ ਦਾ ਵਿਛੋੜਾ ਪੰਜਾਬੀ ਸਾਹਿਤ, ਲੋਕ-ਵਿਰਾਸਤ ਅਤੇ ਪ੍ਰਗਤੀਸ਼ੀਲ ਸੱਭਿਆਚਾਰਕ ਲਹਿਰ ਲਈ ਨਾ ਪੂਰਾ ਹੋਣ ਵਾਲਾ ਘਾਟਾ ਹੈ। ਉਨ੍ਹਾਂ ਦੀ ਵਿਦਵਤਾ, ਸਾਦਗੀ ਅਤੇ ਮਨੁੱਖਤਾ ਪ੍ਰਤੀ ਵਚਨਬੱਧਤਾ ਆਉਣ ਵਾਲੀਆਂ ਪੀੜ੍ਹੀਆਂ ਲਈ ਸਦਾ ਪ੍ਰੇਰਣਾ ਦਾ ਸਰੋਤ ਰਹੇਗੀ। ਇੰਦਰਜੀਤ ਰੂਪੋਵਾਲੀ ਅਤੇ ਡਾ. ਹਰਭਜਨ ਸਿੰਘ ਨੇ ਪਰਮਾਤਮਾ ਅੱਗੇ ਅਰਦਾਸ ਕੀਤੀ ਕਿ ਵਿਛੜੀ ਰੂਹ ਨੂੰ ਆਪਣੇ ਚਰਨਾਂ ਵਿੱਚ ਨਿਵਾਸ ਬਖ਼ਸ਼ਣ ਅਤੇ ਸਮੂਹ ਪਰਿਵਾਰ, ਸਨੇਹੀਆਂ ਅਤੇ ਸਾਹਿਤਕ ਭਾਈਚਾਰੇ ਨੂੰ ਇਹ ਦੁੱਖ ਸਹਿਣ ਦਾ ਬਲ ਪ੍ਰਦਾਨ ਕਰਨ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






