(ਸਮਾਜ ਵੀਕਲੀ)
ਨਿਊਜ਼ੀਲੈਂਡ ਵਿੱਚ ਵੱਡੀ ਗਿਣਤੀ ਲੋਕ ਰੱਬ ਨੂੰ ਨਹੀਂ ਮੰਨਦੇ l ਇਸ ਕਰਕੇ ਇਸ ਨੂੰ ਨਾਸਤਿਕਾਂ ਦਾ ਮੁਲਕ ਕਿਹਾ ਜਾਂਦਾ ਹੈ l
ਨਿਊਜ਼ੀਲੈਂਡ ਵਿੱਚ ਜਿਹੜੇ ਲੋਕ ਰੱਬ ਨੂੰ ਮੰਨਦੇ ਵੀ ਹਨ ਉਹ ਚੁੱਪ ਚੁਪੀਤੇ ਆਪੋ ਆਪਣੇ ਧਾਰਮਿਕ ਅਸਥਾਨਾਂ ਵਿੱਚ ਜਾ ਕੇ ਪ੍ਰਾਰਥਨਾਵਾਂ ਕਰ ਲੈਂਦੇ ਹਨ l ਉਹ ਪ੍ਰਾਰਥਨਾਵਾਂ ਹਰ ਰੋਜ਼ ਨਹੀਂ ਕਰਦੇ l ਜਿਆਦਾ ਗਿਣਤੀ ਹਫ਼ਤੇ ਵਿੱਚ ਇੱਕ ਦਿਨ ਵਿੱਚੋਂ ਹੀ ਕੁੱਝ ਘੰਟੇ ਇਸ ਤਰਾਂ ਦੇ ਧਾਰਮਿਕ ਕੰਮ ਕਰਦੀ ਹੈ l ਇਹ ਧਾਰਮਿਕ ਲੋਕੀਂ ਸਪੀਕਰਾਂ ਉੱਤੇ ਰੌਲਾ ਪਾ ਕੇ ਦੂਜਿਆਂ ਨੂੰ ਤੰਗ ਨਹੀਂ ਕਰਦੇ ਭਾਵ ਸ਼ਾਂਤੀ ਭੰਗ ਨਹੀਂ ਕਰਦੇ ਅਤੇ ਇਸ ਸ਼ਾਂਤੀ ਭੰਗ ਕਰਨ ਦੀ ਇਥੇ ਇਜਾਜਤ ਵੀ ਨਹੀਂ ਹੈ l
ਇਸ ਦੇ ਉਲਟ ਭਾਰਤ ਵਿੱਚ ਬਹੁਤ ਵੱਡੀ ਗਿਣਤੀ ਰੱਬ ਨੂੰ ਮੰਨਣ ਵਾਲਿਆਂ ਦੀ ਹੈ ਅਤੇ ਧਾਰਮਿਕ ਰਸਮਾਂ, ਅਰਦਾਸਾਂ, ਬੇਨਤੀਆਂ, ਪ੍ਰਾਰਥਨਾਵਾਂ ਹਫ਼ਤੇ ਵਿੱਚ ਸੱਤੇ ਦਿਨ ਅਤੇ ਰਾਤ ਚੱਲਦੀਆਂ ਹਨ l ਆਪੋ ਆਪਣੇ ਰੱਬ ਦੀ ਮਹਿਮਾ ਇੱਕ ਦੂਜੇ ਨਾਲੋਂ ਸਪੀਕਰ ਉੱਚੀ ਕਰਕੇ ਗਾਈ ਜਾਂਦੀ ਹੈ l ਇਸ ਉੱਚੀ ਉੱਚੀ ਗਾਈ ਮਹਿਮਾ ਨਾਲ ਫਾਇਦਾ ਤਾਂ ਕਿਸੇ ਨੂੰ ਹੋਇਆ ਦਿਸਦਾ ਨਹੀਂ ਪਰ ਸਮਾਜ ਦੀ ਸ਼ਾਂਤੀ ਭੰਗ ਹੋਈ ਸਾਫ ਦਿਖਾਈ ਦੇ ਜਾਂਦੀ ਹੈ l ਇਸ ਨੂੰ ਦੇਖ ਕੇ ਇਸ ਤਰਾਂ ਲਗਦਾ ਹੈ ਕਿ ਲੋਕ ਰੱਬ ਨੂੰ ਘੱਟ ਮੰਨਦੇ ਹਨ ਪਰ ਦੂਜਿਆਂ ਨੂੰ ਦੱਸਣ ਲਈ ਇਹੋ ਜਿਹੀਆਂ ਕਾਰਵਾਈਆਂ ਵੱਧ ਕਰਦੇ ਹਨ l
ਇਸ ਸ਼ੋਰ ਪ੍ਰਦੂਸ਼ਣ ਦੇ ਨਾਲ ਬੱਚੇ ਪੜ੍ਹ ਨਹੀਂ ਸਕਦੇ, ਹਸਪਤਾਲਾਂ ਵਿੱਚ ਮਰੀਜ਼ ਜਿਨ੍ਹਾਂ ਵਿੱਚ ਕਈ ਆਖਰੀ ਸਾਹਾਂ ਤੇ ਹੁੰਦੇ ਹਨ ਉਹ ਅਰਾਮ ਨਹੀਂ ਕਰ ਸਕਦੇ ਭਾਵ ਉਹ ਅਰਾਮ ਨਾਲ ਮਰ ਵੀ ਨਹੀਂ ਸਕਦੇ l ਜੇ ਕਿਤੇ ਕਿਸੇ ਨੂੰ ਸਪੀਕਰ ਹੌਲੀ ਜਾਂ ਬੰਦ ਕਰਨ ਨੂੰ ਕਹਿ ਦੇਵੋ ਤਾਂ ਉਸ ਦੀਆਂ ਭਾਵਨਾਵਾਂ ਭੜਕ ਜਾਂਦੀਆਂ ਹਨ ਜੋ ਮੋਮਬੱਤੀ ਦੇ ਮੋਮ ਨਾਲੋਂ ਵੀ ਨਾਜ਼ੁਕ ਹੁੰਦੀਆਂ ਹਨ l
ਜਿਹੜੇ ਮਰੀਜ਼ਾਂ ਨੂੰ ਘਰਾਂ ਵਿੱਚ ਅਰਾਮ ਕਰਨਾ ਦੱਸਿਆ ਹੁੰਦਾ ਹੈ l ਉਹ ਅਰਾਮ ਵੀ ਨਹੀਂ ਕਰ ਸਕਦੇ l
ਪੁੱਛਣ ਤੇ ਇਨ੍ਹਾਂ ਲੋਕਾਂ ਦੁਆਰਾ ਕਿਹਾ ਜਾਂਦਾ ਕਿ ਅਸੀਂ ਆਪਣਾ ਜਨਮ ਸਫਲਾ ਕਰ ਰਹੇ ਹਾਂ l ਮੈਨੂੰ ਬਹੁਤ ਚੰਗਾ ਲਗਦਾ ਹੈ ਜਦੋਂ ਕੋਈ ਆਪਣਾ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰਦਾ ਹੈ ਪਰ ਉਹ ਘੱਟੋ ਘੱਟ ਇਹ ਖਿਆਲ ਰੱਖੇ ਕਿ ਦੂਜਿਆਂ ਦੇ ਜਨਮ ਦਾ ਬੇੜਾ ਨਾ ਬਿਠਾਵੇ l
ਇਸ ਤਰਾਂ ਦੇ ਸ਼ੋਰ ਸ਼ਰਾਬੇ ਵਿੱਚ ਕਈ ਵਾਰ ਦੋ ਵੱਖ ਵੱਖ ਧਰਮਾਂ ਦੇ ਧਾਰਮਿਕ ਅਸਥਾਨਾਂ ਦੇ ਵਿਚਕਾਰ ਵਾਲੇ ਘਰਾਂ ਨੂੰ ਤਾਂ ਪਤਾ ਹੀ ਨਹੀਂ ਲਗਦਾ ਕਿ ਕਿਹਾ ਕੀ ਜਾ ਰਿਹਾ ਹੈ? ਉਹ ਇਸ ਤਰਾਂ ਮਹਿਸੂਸ ਕਰਦੇ ਹਨ ਜਿਵੇੰ ਰੇਡੀਓ ਤੇ ਇੱਕੋ ਸਮੇਂ ਡਬਲ ਸਟੇਸ਼ਨ ਚੱਲ ਪਿਆ ਹੋਵੇ l
ਏਨੇ ਧਾਰਮਿਕ ਅਤੇ ਸੂਝਵਾਨ ਹੋ ਕੇ ਵੀ ਅਸੀਂ ਪਾਣੀ ਪੀਣ ਯੋਗ ਨਹੀਂ ਛੱਡੇ, ਨਸ਼ਿਆਂ ਦਾ ਕਹਿਰ ਵਰਤਿਆ, ਬਿਮਾਰੀਆਂ ਦੀ ਕੋਈ ਗਿਣਤੀ ਨਹੀਂ ਰਹੀ, ਬੇਰੋਜ਼ਗਾਰੀ ਦਾ ਕੋਈ ਅੰਤ ਨਹੀਂ ਰਿਹਾ, ਗੰਦ ਰੱਜ ਕੇ ਪਾਇਆ, ਬਹੁਤੀ ਜ਼ਮੀਨ ਖੇਤੀ ਯੋਗ ਨਹੀਂ ਛੱਡੀ, ਖੇਤੀਬਾੜੀ ਦੀਆਂ ਖਤਰਨਾਕ ਸਪਰੇਆਂ ਨਾਲ ਗੰਭੀਰ ਰੋਗ ਲਗਵਾ ਲਏ, ਹੇਰਾ ਫੇਰੀ, ਬੇਈਮਾਨੀ ਵਿੱਚ ਕਸਰ ਨਹੀਂ ਛੱਡੀ, ਦਰੱਖਤ ਵੱਢ ਦਿੱਤੇ, ਪਾਣੀ ਟੂਣੇ ਕਰ ਕਰ ਕੇ ਗੰਦੇ ਕਰ ਦਿੱਤੇ, ਡਿਗਰੀਆਂ ਕਰਕੇ ਵੀ ਅਨਪੜ੍ਹ ਸਾਧਾਂ ਦੇ ਪੈਰ ਧੋ ਕੇ ਪੀਣ ਲੱਗ ਪਏ, ਪਲਾਸਟਿਕ ਰੱਜ ਕੇ ਵਰਤੀ ਅਤੇ ਲੋਕਾਂ ਦੀ ਤੰਦਰੁਸਤ ਉਮਰ ਘਟਣ ਲੱਗੀ l
ਸਾਨੂੰ ਸ਼ਾਇਦ ਕੁੱਝ ਸੋਚ ਵਿਚਾਰ ਕਰਨ ਦੀ ਲੋੜ ਹੈ l ਸ਼ਾਇਦ ਹੱਥ ਜੋੜਨ ਦੀ ਬਜਾਏ ਹੱਥ ਖੋਲ੍ਹ ਕੇ ਕੁੱਝ ਕਰਨ ਦੀ ਲੋੜ ਹੈ l ਸਿਰ ਝੁਕਾਉਣ ਦੀ ਜਗ੍ਹਾ ਸਿਰ ਉਠਾਉਣ ਅਤੇ ਚਲਾਉਣ ਦੀ ਲੋੜ ਹੈ, ਕਿਸਮਤ ਤੇ ਯਕੀਨ ਕਰਨ ਦੀ ਜਗ੍ਹਾ ਕਿਸਮਤ ਬਦਲਣ ਦੀ ਲੋੜ ਹੈ, ਅਖੌਤੀ ਸ਼ਾਂਤੀ ਭਾਲਣ ਦੀ ਜਗ੍ਹਾ ਸ਼ਾਂਤੀ ਰੱਖਣ ਦੀ ਲੋੜ ਹੈ ਅਤੇ ਭਲਾ ਮੰਗਣ ਦੀ ਬਜਾਏ ਭਲਾ ਕਰਨ ਦੀ ਲੋੜ ਹੈ l
ਥੱਲੇ ਦੋ ਫੋਟੋ ਸਾਂਝੀਆਂ ਕਰ ਰਿਹਾ ਹਾਂ l ਇੱਕ ਨਿਊਜ਼ੀਲੈਂਡ ਦੀ ਹੈ ਭਾਵ ਨਾਸਤਿਕਾਂ ਦੇ ਮੁਲਕ ਦੀ ਅਤੇ ਦੂਜੀ ਭਾਰਤ ਦੀ ਜਿਥੇ ਵੱਡੀ ਗਿਣਤੀ ਆਸਤਿਕ ਭਾਵ ਰੱਬ ਨੂੰ ਮੰਨਣ ਵਾਲੇ ਲੋਕ ਹਨ l ਨਾਸਤਿਕਾਂ ਦੇ ਮੁਲਕ ਨਿਊਜ਼ੀਲੈਂਡ ਵਿੱਚ ਔਸਤਨ ਉਮਰ 83 ਸਾਲ ਹੈ ਅਤੇ ਭਾਰਤ ਵਿੱਚ ਔਸਤਨ ਉਮਰ 69 ਸਾਲ ਹੈ ਜਿਥੇ ਲੰਬੀ ਉਮਰ ਲਈ ਪ੍ਰਾਰਥਨਾਵਾਂ ਰੋਜ਼ਾਨਾ ਹੁੰਦੀਆਂ ਹਨ l ਉਹ ਪ੍ਰਾਰਥਨਾਵਾਂ ਕਿੰਨੀਆਂ ਰੱਬ ਵਲੋਂ ਸੁਣੀਆਂ ਜਾਂਦੀਆਂ ਹਨ ਉਨ੍ਹਾਂ ਦਾ ਅੰਦਾਜ਼ਾ ਸਹਿਜੇ ਹੀ ਲੱਗ ਜਾਂਦਾ ਹੈ l
-ਅਵਤਾਰ ਤਰਕਸ਼ੀਲ ਨਿਊਜ਼ੀਲੈਂਡ
ਜੱਦੀ ਪਿੰਡ ਖੁਰਦਪੁਰ (ਜਲੰਧਰ)
006421392147
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly