HOME ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹਣ ‘ਤੇ ਤੁਲੀ ਪੰਜਾਬ ਸਰਕਾਰ: ਮਜ਼ਦੂਰ ਜਥੇਬੰਦੀਆਂ

ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹਣ ‘ਤੇ ਤੁਲੀ ਪੰਜਾਬ ਸਰਕਾਰ: ਮਜ਼ਦੂਰ ਜਥੇਬੰਦੀਆਂ

3
ਮਜ਼ਦੂਰਾਂ ਦਾ ਸਮੁੱਚਾ ਕਰਜ਼ਾ ਮੁਆਫ਼ ਕਰਾਉਣ ਤੇ ਨੀਲੇ ਕਾਰਡ ਕੱਟਣ ਵਿਰੁੱਧ ਸੰਘਰਸ਼ ਤੇਜ ਕਰਨ ਦਾ ਐਲਾਨ
 ਜਲੰਧਰ    (ਸਮਾਜ ਵੀਕਲੀ)   (ਹਰਜਿੰਦਰ ਸਿੰਘ ਚੰਦੀ)-ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਹੋਈ ਮੀਟਿੰਗ ਉਪਰੰਤ ਪ੍ਰੈਸ ਨੂੰ ਜਾਰੀ ਕੀਤੇ ਬਿਆਨ ਵਿਚ ਮਜ਼ਦੂਰ ਆਗੂਆਂ ਨੇ ਕਿਹਾ ਕਿ ਪੰਜਾਬ ਸਰਕਾਰ ਪੁਲਿਸ ਤਾਕਤ ਨਾਲ ਅਵਾਮੀ ਜਥੇਬੰਦੀਆਂ ਦੀਆਂ ਹੱਕੀ ਮੰਗਾਂ ਮੰਨਣ ਦੀ ਬਜਾਏ  , ਲੋਕ ਸੰਘਰਸ਼ਾਂ ਨੂੰ ਕੁਚਲਣ ਦੀ ਨੀਤੀ ਅਖਤਿਆਰ ਕਰਕੇ, ਸੰਘਰਸ਼ ਕਰਨ ਦਾ ਜਮਹੂਰੀ ਹੱਕ ਖੋਹ ਰਹੀ ਹੈ ।
ਜਿਸ ਦਾ ਮਜ਼ਦੂਰ ਜਥੇਬੰਦੀਆਂ ਵੱਲੋਂ ਤਿੱਖਾ ਵਿਰੋਧ ਕੀਤਾ ਜਾਵੇਗਾ।ਕੁਲ ਹਿੰਦ ਖੇਤ ਮਜਦੂਰ ਯੂਨੀਅਨ ਦੇ ਸੂਬਾ ਆਗੂ ਸਾਥੀ ਗੁਰਮੇਸ਼ ਸਿੰਘ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਦੌਰਾਨ ਸਾਂਝੇ ਮੋਰਚੇ ਦੇ ਆਗੂਆਂ ਨੇ ਭਗਵੰਤ ਮਾਨ ਸਰਕਾਰ ਵੱਲੋਂ ਸਿਰਫ 4727 ਮਜ਼ਦੂਰ ਪਰਿਵਾਰਾਂ ਦੇ ਕਰਜ਼ੇ ਮੁਆਫ਼ ਕਰਨ ਨੂੰ ਨਿਗੂਣੀ ਰਾਹਤ ਦੱਸਦਿਆਂ ਕਿਹਾ ਕਿ ਇਹ ਰਾਹਤ ਊਂਠ ਤੋਂ ਛਾਣਨੀ ਲਾਹੁਣ ਬਰਾਬਰ ਹੈ। ਉਨਾਂ ਕਿਹਾ ਕਿ ਪੰਜਾਬ ਦੇ ਤੇਰਾਂ ਹਜ਼ਾਰ ਪਿੰਡਾਂ ਦੇ ਹਿਸਾਬ  ਨਾਲ ਪੌਣੇ ਤਿੰਨ ਪਿੰਡਾਂ ‘ਚੋਂ ਇਕ ਸਿਰਫ਼ ਇੱਕ ਮਜ਼ਦੂਰ ਨੂੰ  ਇਹ ਰਾਹਤ ਮਿਲੇਗੀ ਜਦੋਂ ਹੋਰ  ਲੱਖਾਂ ਪਰਿਵਾਰ ਇਸਤੋਂ ਵਿਰਵੇ ਰਹਿ ਜਾਣਗੇ, ਉਨ੍ਹਾਂ ਕਿਹਾ ਕਿ  ਮਜ਼ਦੂਰਾਂ ਸਿਰ ,ਸਰਕਾਰੀ ਤੇ ਗੈਰ ਸਰਕਾਰੀ ਸੰਸਥਾਵਾਂ ਦਾ ਕੁਲ ਕਰਜ਼ਾ ਛੇ ਹਜ਼ਾਰ ਕਰੋੜ ਰੁਪਏ ਤੋਂ ਵੀ ਵਧੇਰੇ ਹੈ। ਆਰਥਿਕ ਮਾਹਰਾਂ ਵਲੋਂ ਕੀਤੇ ਗਏ ਸਰਵਿਆ ਮੁਬਾਤਕ ਅੱਸੀ ਫੀਸਦੀ ਮਜ਼ਦੂਰ ਕਰਜ਼ਾਈ ਹਨ ਅਤੇ ਔਸਤ ਨੱਬੇ ਹਜ਼ਾਰ ਰੁਪਏ ਹਰੇਕ ਮਜ਼ਦੂਰ ਪਰਿਵਾਰ ਸਿਰ ਕਰਜ਼ਾ ਹੈ।ਮਜ਼ਦੂਰ ਆਗੂਆਂ ਨੇ ਕਿਹਾ ਕਿ ਇਕ ਪਾਸੇ ਸਰਕਾਰ ਮਜ਼ਦੂਰਾਂ ਦੀ ਕਰਜ਼ ਮਾਫੀ ਦੀ ਗੱਲ ਕਰਦੀ ਹੈ ਦੂਸਰੇ ਪਾਸੇ ਤੇਤੀ ਲੱਖ ਗਰੀਬਾਂ ਨੂੰ ਮਿਲਦੀ ਕਣਕ ਨੂੰ ਖੋਹਣ ਦੀ ਤਿਆਰੀ ਕੀਤੀ ਜਾ ਰਹੀ ਹੈ।ਆਗੂਆਂ ਨੇ ਕਿਹਾ ਕਿ ਕੇਵਾਈਐੱਸ ਸਕੀਮ ਤਹਿਤ ਤੇਤੀ ਲੱਖ ਪਰਿਵਾਰਾਂ ਨੂੰ ਇਸ ਸਕੀਮ ਤੋਂ ਬਾਹਰ ਕਰ ਦਿੱਤਾ ਜਾਵੇਗਾ। ਉਨਾਂ ਕਿਹਾ ਕਿ ਪੰਜਾਬ ਕੈਬਨਿਟ ਦੀ ਕੱਲ੍ਹ ਹੋਈ ਮੀਟਿੰਗ ਵਿੱਚ, ਪੰਜਾਬ ਸਰਕਾਰ ਨੇ  ਇਕ ਹੋਰ ਮਜ਼ਦੂਰ ਵਿਰੋਧੀ ਕਦਮ ਲੈਂਦਿਆਂ ਮੋਦੀ ਸਰਕਾਰ ਤੋਂ ਵੀ ਦੋ ਕਦਮ ਅੱਗੇ ਜਾਂਦਿਆਂ ” ਪੰਜਾਬ ਦੁਕਾਨ ਅਤੇ ਵਪਾਰਕ ਅਦਾਰੇ ਐਕਟ 1958 ਵਿਚ ਸੋਧ ਦੀ ਮੰਨਜ਼ੂਰੀ ਦੇ ਦਿਤੀ ਹੈ ਜਿਸ  ਤਹਿਤ ਹੁਣ ਮਜ਼ਦੂਰਾਂ ਨੂੰ ਨੌਂ ਘੰਟਿਆਂ ਤੋਂ ਵੱਧ ਸਮਾਂ ਕੰਮ ਕਰਨਾ ਪਵੇਗਾ। ਉਨਾਂ ਕਿਹਾ ਕਿ ਪੰਜਾਬ ਸਰਕਾਰ ਅਸਲ ਵਿੱਚ ਵੱਡੇ ਸਰਮਾਏਦਾਰਾਂ ਤੇ ਜਗੀਰਦਾਰਾਂ ਨੂੰ ਗੱਫੇ ਦੇ ਰਹੀ ਹੈ ਜਦੋਂ ਕਿ ਗਰੀਬਾਂ ਨੂੰ ਸਿਰਫ ਗੁਮਰਾਹ ਕੀਤਾ ਜਾ ਰਿਹਾ ਹੈ।ਆਗੂਆਂ ਨੇ ਪੰਜਾਬ ਭਰ ਵਿੱਚ ਨਿੱਤ ਵਾਪਰ ਰਹੀਆਂ ਪੁਲਿਸ ਜਬਰ ਦੀਆਂ ਘਟਨਾਵਾਂ ‘ਤੇ ਚਿੰਤਾ ਜਾਹਰ ਕਰਦਿਆਂ ਆਖਿਆ ਕਿ ਪੁਲੀਸ ਹਿਰਾਸਤ ਵਿੱਚ ਮੌਤਾਂ, ਨਸ਼ੇ ਦੇ ਸੌਦਾਗਰਾਂ ਦੀ ਆੜ੍ਹ ਹੇਠ ਲੋਕਾਂ ਦੇ ਘਰਾਂ ‘ਤੇ ਬੁਲਡੋਜ਼ਰ ਚਲਾਉਣੇ ਤੇ ਝੂਠੇ ਪੁਲਿਸ ਮੁਕਾਬਲਿਆਂ ਦੀਆਂ ਕਹਾਣੀਆਂ ਘੜਨਾ, ਰਾਜ ਅੰਦਰ ਪੁਲਿਸ ਰਾਜ ਸਥਾਪਿਤ ਕਰਨਾ ਹੈ। ਇਹ ਸਭ ਲੋਕ ਸੰਘਰਸ਼ਾਂ ਨੂੰ ਕੁਚਲਣ ਲਈ ਲੋਕਾਂ ਦੇ ਮਨਾਂ ਵਿਚ ਦਹਿਲ ਬਿਠਾਉਣ ਲਈ ਕੀਤਾ ਜਾ ਰਿਹਾ ਹੈ। ਜਿਸਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ।ਆਗੂਆਂ ਨੇ ਫੈਸਲਾ ਕੀਤਾ ਕਿ ਜਬਰ ਦੇ ਖਿਲਾਫ ਸੰਘਰਸ਼ ਕਰਦਿਆਂ ਝੋਨੇ ਦੀ ਲਵਾਈ ਤੋਂ ਤੁਰੰਤ ਬਾਅਦ ਪੰਜਾਬ ਭਰ ਵਿੱਚ ਵੱਡਾ ਸੰਘਰਸ਼ ਵਿੱਢਿਆ ਜਾਵੇਗਾ।ਅੱਜ ਦੀ ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ ਤੇ ਬਲਦੇਵ ਨੂਰਪੁਰੀ, ਪੰਜਾਬ ਖੇਤ ਮਜ਼ਦੂਰ ਸਭਾ ਦੇ ਸੂਬਾਈ ਆਗੂ ਗੁਲਜ਼ਾਰ ਗੋਰੀਆ, ਦੇਵੀ ਕੁਮਾਰੀ ਅਤੇ ਗਿਆਨ ਸੈਦਪੁਰੀ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਸੂਬਾਈ ਆਗੂ ਤਰਸੇਮ ਪੀਟਰ ਤੇ ਕਸ਼ਮੀਰ ਸਿੰਘ ਘੁਗਸੋ਼ਰ, ਜ਼ਮੀਨ ਪ੍ਰਾਪਤੀ ਸੰਘਰਸ਼ ਕਮੇਟੀ ਦੇ ਪ੍ਰਧਾਨ ਮੁਕੇਸ਼ ਮਲੌਦ ਅਤੇ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾਈ ਆਗੂ ਹਰਮੇਸ਼ ਮਾਲੜੀ ਹਾਜ਼ਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਬਾਬਾ ਪ੍ਰੇਮ ਸ਼ਾਹ ਵਲੋਂ ਕੀਤਾ ਮੇਲੇ ਦੌਰਾਨ ਗਾਇਕ ਭੈਣਾਂ ਕੌਰ ਸਿਸਟਰਜ਼ ਦਾ ਵਿਸ਼ੇਸ਼ ਸਨਮਾਨ
Next articleਕੰਨਿਆ ਸਕੂਲ ਰੋਪੜ ਵਿਖੇ ਵਾਤਾਵਰਣ ਦਿਵਸ ਮਨਾਇਆ