ਅਵਾਰਾ ਕੁੱਤੇ ਤੇ ਡੰਗਰ ਬਣੇ ਜਾਨਾਂ ਦਾ ਖੌਅ:

ਸੰਜੀਵ ਸਿੰਘ ਸੈਣੀ 
(ਸਮਾਜ ਵੀਕਲੀ)-ਦਿਨ ਪ੍ਰਤੀ ਦਿਨ ਅਵਾਰਾ ਪਸ਼ੂ ਤੇ ਕੁੱਤਿਆਂ ਦੀ ਲਗਾਤਾਰ ਗਿਣਤੀ ਵਧਦੀ ਜਾ ਰਹੀ ਹੈ। ਲੋਕਾਂ ਦੀ ਦਿਨ-ਪ੍ਰਤਿਦਿਨ ਸਿਰਦਰਦੀ ਵਧ ਰਹੀ ਹੈ।ਸੜਕਾਂ ਤੇ ਇਨ੍ਹਾਂ ਦਾ ਜ਼ਿਆਦਾ ਬੋਲਬਾਲਾ ਹੋ ਰਿਹਾ ਹੈ। ਕੋਈ ਦਿਨ ਹੀ ਅਜਿਹਾ ਹੋਣਾ ਜਿਸ ਦਿਨ ਅਖਬਾਰ ਵਿੱਚ ਖ਼ਬਰ ਨਾ ਛਾਪੀ ਹੋਵੇ ਕਿ ਫਲਾਣਾ ਸ਼ਹਿਰ ਦਾ ਨੌਜਵਾਨ ਅਵਾਰਾ ਪਸ਼ੂਆਂ ਦੀ ਚਪੇਟ ਵਿੱਚ ਆ ਗਿਆ ਹੋਵੇ। ਇਹਨਾਂ ਕਰਕੇ ਹਰ ਰੋਜ਼ ਪਤਾ ਨਹੀਂ ਕਿੰਨੇ ਪਰਿਵਾਰ ਉੱਜੜ ਰਹੇ ਹਨ। ਕਿੰਨੀਆਂ ਹੀ ਬੇਕਸੂਰ ਜਾਨਾਂ ਲਗਾਤਾਰ ਜਾ ਰਹੀਆਂ ਹਨ। ਸੜਕਾਂ ਤੇ ਇਹ ਝੂੰਡ ਬਣਾ ਕੇ ਲੜਦੇ ਹੋਏ ਕਈ ਤਰ੍ਹਾਂ ਦੀਆਂ ਘਟਨਾਵਾਂ ਨੂੰ ਅੰਜ਼ਾਮ ਦੇ ਰਹੇ ਹਨ। ਕਈ ਵਾਰ ਤਾਂ ਅਜਿਹੀਆਂ ਵੀਡੀਓ ਦਿਲ ਕੰਬਾਉਣ ਵਾਲੀ ਹੁੰਦੀਆਂ ਹਨ। ਗੱਡੀਆਂ ਵਿੱਚ ਸਫ਼ਰ ਕਰਦੇ ਪਰਿਵਾਰ ਪੂਰੇ ਹੀ ਖਤਮ ਹੋ ਜਾਂਦੇ ਹਨ ।ਇਸੇ ਤਰ੍ਹਾਂ ਅਵਾਰਾ ਕੁੱਤਿਆਂ ਦਾ ਸ਼ਹਿਰ ਵਿਚ ਬਹੁਤ ਜਿਆਦਾ ਖ਼ੌਫ਼ ਹੈ। ਤਕਰੀਬਨ ਲੋਕਾਂ ਨੂੰ ਹੁਣ ਸ਼ੌਕ ਹੋ ਚੁੱਕਿਆ ਹੈ ਕਿ ਘਰ ਵਿਚ ਕੋਈ ਕੁੱਤਾ ਪਾਲਣਾ ਹੈ। ਕਈ ਵਾਰ ਦੇਖਣ ਨੂੰ ਮਿਲਦਾ ਹੈ ਕਿ ਲੋਕ ਆਪਣੇ ਘਰ ਦੇ ਪਾਲੇ ਹੋਏ ਕੁੱਤੇ ਦੀ ਸੰਗਲੀ ਛੱਡ ਕੇ ਉਸ ਨੂੰ  ਛੱਡ ਦਿੰਦੇ ਹਨ। ਜਿਸ ਕਾਰਨ ਉਹ ਵੀ ਲੋਕਾਂ ਨੂੰ ਵੱਢਦੇ ਹਨ। ਅਜਿਹੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ ਕਿ ਘਰ ਦੇ ਪਾਲੇ ਹੋਏ ਕੁੱਤੇ ਨੇ ਕਿਸੇ ਰਾਹਗੀਰ ਨੂੰ ਵੱਢਿਆ। ਫਿਰ ਗੱਲ ਥਾਣਿਆਂ ਤਹਿਸੀਲਾਂ ਤੱਕ ਵੀ ਜਾਂਦੀ  ਹੈ। ਮਾਲਕ ਆਪਣਾ ਕਸੂਰ ਬਿਲਕੁਲ ਵੀ ਨਹੀਂ ਕੱਢਦੇ। ਇਹ ਕਹਿ ਕੇ ਗੱਲ ਸਾਰ ਦਿੰਦੇ ਹਨ ਕਿ ਆਪਣੇ ਆਪ ਸੰਗਲ ਖੁਲਾ ਕੇ ਚਲਾ ਗਿਆ । ਇੱਕ ਦੋ ਥਾਵਾਂ ਤੇ ਖ਼ਬਰ ਵੀ ਸੁਣਨ ਨੂੰ ਮਿਲੀ ਕੀ  ਆਪਣੇ  ਹੀ ਪਾਲੇ  ਕੁੱਤੇ ਨੇ ਆਪਣੇ ਮਾਲਕ ਨੂੰ ਵੱਢ ਲਿਆ।ਅਕਸਰ ਦੇਖਿਆ ਜਾਂਦਾ ਹੈ ਕਿ ਘਰ ਵਿੱਚ ਬਜ਼ਰਗਾਂ ਦੀ ਕਿੰਨੀ ਬੇਕਦਰੀ ਹੁੰਦੀ ਹੈ। ਲੋਕ ਆਪਣੇ ਘਰ ਦੇ ਬਜ਼ੁਰਗਾਂ ਨੂੰ ਚੰਗੀ ਤਰ੍ਹਾਂ ਪੁੱਛਦੇ ਤੱਕ ਨਹੀਂ ਤੇ ਕੁੱਤਿਆਂ ਨੂੰ ਗੱਡੀਆਂ ਵਿੱਚ ਸੈਰ ਕਰਵਾਉਂਦੇ ਹਨ। ਜੋ ਅਵਾਰਾ ਕੁੱਤੇ ਹੁੰਦੇ ਹਨ ਇਹ ਸੁੰਨਸਾਨ ਜਗ੍ਹਾ ਤੇ ਆਮ ਦੇਖੇ ਜਾਂਦੇ ਹਨ। ਜੇ ਕੋਈ ਰਾਹਗੀਰ ਉਥੋਂ ਲੰਘ ਰਿਹਾ ਹੁੰਦਾ ਹੈ ਤਾਂ ਉਸਨੂੰ ਵੱਢ ਲੈਂਦੇ ਹਨ। ਛੋਟੇ ਬੱਚਿਆਂ ਨੂੰ ਤਾਂ ਇਹ ਨੋਚ ਨੋਚ ਕੇ ਖਾ ਜਾਂਦੇ ਹਨ। ਅਜਿਹੀਆਂ ਖ਼ਬਰਾਂ ਵੀ ਆਮ ਸੁਣਨ ਨੂੰ ਮਿਲਦੀਆਂ ਹਨ। ਹਾਲ ਹੀ ਵਿੱਚ ਹਰਿਆਣਾ ਸਰਕਾਰ ਨੇ ਕੁੱਤੇ ਪਾਲਣ ਲਈ ਨਿਯਮ ਬਣਾ ਦਿੱਤਾ ਹੈ। ਲਾਇਸੈਂਸ ਬਣਾਉਣਾ ਲਾਜ਼ਮੀ ਕਰ ਦਿੱਤਾ ਹੈ। ਸਬੰਧਿਤ ਅਧਿਕਾਰੀ ਉਸ ਦੀ ਛਾਣਬੀਣ ਕਰਕੇ ਹੀ ਲਾਇਸੈਂਸ ਬਣਾਉਣਗੇ। ਕੁੱਤੇ ਪਾਲਣ ਲਈ ਪਹਿਲਾਂ ਸਰਕਾਰ ਦੀ ਪਰਮਿਸ਼ਨ ਲੈਣੀ ਪਵੇਗੀ। ਘਰ ਵਿੱਚ ਇੱਕ ਹੀ ਕੁੱਤਾ ਰੱਖਣਾ ਪਵੇਗਾ। ਉਸ ਨੂੰ ਘੁਮਾਉਣ ਲਈ ਮਾਸਕ ਲਗਾਉਣਾ ਪਵੇਗਾ ਤਾਂ ਕਿ ਉਹ ਕਿਸੇ ਨੂੰ ਵੱਢ ਨਾ ਸਕੇ।
ਆਏ ਦਿਨ ਅਖ਼ਬਾਰਾਂ ਵਿੱਚ ਖ਼ਬਰਾਂ ਪੜ੍ਹਨ ਨੂੰ ਮਿਲਦੀਆਂ ਹਨ ਕਿ ਆਵਾਰਾ ਕੁੱਤਿਆਂ ਨੇ ਲੋਕਾਂ ਨੂੰ ਵੱਢ ਲਿਆ। ਹਾਲ ਹੀ ਵਿੱਚ ਗੁਰਦਾਸਪੁਰ ਵਿਖੇ ਇੱਕ ਫੌਜੀ ਦੀ ਘਰਵਾਲੀ ਨੂੰ ਕੁੱਤਿਆਂ ਨੇ ਨੋਚ ਨੋਚ ਕੇ ਖਾ ਲਿਆ। ਹਾਲ ਹੀ ਵਿੱਚ ਇੱਕ ਛੋਟੇ ਬੱਚੇ ਨੂੰ ਕੁੱਤਿਆਂ ਨੇ ਗਰਦਨ  ਤੇ ਦੰਦ ਮਾਰੇ ਤੇ  ਘੜੀਸਦੇ ਹੋਏ ਹੱਡਾਂਰੋੜੀ ਲੈ ਗਏ। ਬੱਚੇ ਦੀ ਮੌਤ ਹੋ ਗਈ। ਪ੍ਰਸ਼ਾਸ਼ਨ ਕੁੰਭਕਰਨ ਦੀ ਨੀਂਦ ਸੌਂ ਰਿਹਾ ਹੈ। ਕੁੱਝ ਦਿਨ ਪਹਿਲਾਂ ਹੀ ਖੰਨਾ ਸ਼ਹਿਰ ਵਿਚ ਦੋ ਸਾਲਾਂ ਦੇ ਬੱਚੇ ਨੂੰ ਕੁੱਤਿਆਂ ਨੇ ਨੋਚ ਲਿਆ। ਪਿਛਲੇ ਮਹੀਨੇ ਅੰਮ੍ਰਿਤਸਰ ਵਿਖੇ ਆਵਾਰਾ ਕੁੱਤਿਆਂ ਨੇ ਦੋ ਸਾਲਾ ਮਾਸੂਮ ਨੂੰ ਚੁੱਕਿਆ ਤੇ ਕਿਤੇ ਦੂਰ ਲੈ ਗਏ ਤੇ ਨੋਚ-ਨੋਚ ਕੇ ਮਾਰ ਦਿੱਤਾ। ਅਵਾਰਾ ਕੁੱਤਿਆਂ ਦੀ ਗਿਣਤੀ ਦਿਨ ਪ੍ਰਤੀ ਦਿਨ ਵਧਦੀ ਜਾ ਰਹੀ ਹੈ। ਝੁੰਡ ਦੇ ਝੁੰਡ ਬਣਾ ਕੇ ਇਹ ਆਵਾਰਾ ਕੁੱਤੇ ਗਲੀਆਂ ਸ਼ਹਿਰਾਂ ਵਿੱਚ ਘੁੰਮਦੇ ਹਨ। ਪਾਰਕਾਂ ਵਿੱਚ ਵੀ ਲੋਕਾਂ ਦਾ ਸੈਰ ਕਰਨ ਦਾ ਮੁਸ਼ਕਿਲ ਹੋ ਗਿਆ ਹੈ। ਰਾਤ ਨੂੰ ਤਾਂ ਇਹ ਸਮੱਸਿਆ ਹੋਰ ਵੀ ਗੰਭੀਰ ਹੋ ਜਾਂਦੀ ਹੈ ,ਜਦੋਂ ਰਾਹਗੀਰ ਆਪਣੇ ਘਰ ਨੂੰ ਆ ਰਿਹਾ ਹੁੰਦਾ ਹੈ ਤਾਂ ਇਹ ਅਵਾਰਾ ਕੁੱਤੇ ਝੁੰਡ ਬਣਾ ਕੇ ਉਸ ਤੇ ਹਮਲਾ ਕਰ ਦਿੰਦੇ ਹਨ। ਜਿਸ ਕਰਕੇ  ਕੋਈ ਨਾ ਕੋਈ ਵਾਰਦਾਤ ਵਾਪਰ ਜਾਂਦੀ ਹੈ। ਲੋਕਾਂ ਦੇ ਮਨਾਂ ਵਿੱਚ ਬਹੁਤ ਜ਼ਿਆਦਾ ਡਰ ਹੈ। ਸਾਰਾ ਦਿਨ ਹੱਡਾ ਰੋੜੀਆਂ ‘ਚ ਇਹ ਆਵਾਰਾ ਕੁੱਤੇ ਜਾਨਵਰਾਂ ਦਾ ਮਾਸ ਖਾਂਦੇ ਹਨ ਤੇ ਫਿਰ ਲੋਕਾਂ ਨੂੰ ਵੱਢਦੇ ਹਨ ।ਹਾਲ ਹੀ ਵਿੱਚ ਖ਼ਬਰ ਪੜ੍ਹਨ ਨੂੰ ਮਿਲੀ ਕਿ  ਕਿਸੇ ਅਫ਼ਸਰ ਦੀ ਘਰਵਾਲੀ ਨੂੰ ਕੁੱਤੇ ਨੇ ਖਾ ਲਿਆ ।ਛੋਟੇ ਛੋਟੇ ਬੱਚਿਆਂ ਨੂੰ ਵੀ ਇਨ੍ਹਾਂ ਆਵਾਰਾ ਕੁੱਤੇ ਨੇ  ਸ਼ਿਕਾਰ ਬਣਾਇਆ ਹੈ। ਜਦੋਂ ਵੀ ਕੋਈ ਰਾਹਗੀਰ ਆਪਣੇ ਕੰਮ ਕਰਨ ਲਈ ਸ਼ਹਿਰ ਵੱਲ ਨਿਕਲਦਾ ਤਾਂ ਫਿਰ ਇਹ  ਆਵਾਰਾ ਕੁੱਤੇ ਉਸ ਉੱਤੇ ਹਮਲਾ ਕਰ ਦਿੰਦੇ ਹਨ। ਪਿਛਲੇ ਕਈ ਸਾਲਾਂ ਚ ਕੁੱਤਿਆਂ ਦੇ ਵੱਢਣ ਦੇ ਕੇਸਾਂ ਵਿੱਚ ਵਾਧਾ ਹੋਇਆ ਹੈ । ਹਾਲਾਂਕਿ ਆਵਾਰਾ ਕੁੱਤਿਆਂ ਨੂੰ ਮਾਰਨ ਤੇ ਪਾਬੰਦੀ ਹੈ  ।ਟੈਲੀਵਿਜ਼ਨਾਂ ਤੇ ਹਰ ਪਾਰਟੀ ਦਾ ਨੁਮਾਇੰਦਾ ਬਹਿਸ ਤਾਂ ਬਹੁਤ ਹੀ ਵਧੀਆ ਕਰ ਲੈਂਦੇ ਹਨ ਪਰ ਕਿਉਂ ਅਜਿਹੇ ਮੁੱਦਿਆਂ ਤੇ ਬਹਿਸ ਨਹੀਂ ਕੀਤੀ ਜਾਂਦੀ  ।ਆਖਿਰ ਕਦੋਂ ਤੱਕ ਲੋਕਾਂ ਨੂੰ ਆਵਾਰਾ ਕੁੱਤੇ ਵੱਢਦੇ  ਰਹਿਣਗੇ ।ਚਲੋ ਕੁੱਤਿਆਂ ਨੂੰ ਤਾਂ ਮਾਰ ਨਹੀਂ ਸਕਦੇ, ਪਰ ਇਨ੍ਹਾਂ ਦੀ ਨਸਬੰਦੀ ਤਾਂ  ਕਰਵਾ ਸਕਦੇ ਹਨ।ਤਾਂ ਕਿ ਇਨ੍ਹਾਂ ਦੀ ਜਨਸੰਖਿਆ  ਹੋਰ ਨਾ ਵੱਧ ਸਕੇ । ਜੋ ਵੀ ਨੁਮਾਇੰਦੇ  ਅਸੀਂ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ‘ਚ ਭੇਜਦੇ ਹਨ, ਉਹਨਾਂ ਦੀ ਅਹਿਮ ਜਿੰਮੇਵਾਰੀ ਬਣ ਜਾਂਦੀ ਹੈ ਕਿ ਉਹ ਅਜਿਹੇ ਮੁੱਦਿਆਂ ਨੂੰ ਚੁੱਕਣ। ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ।
    ਪੰਜਾਬ ਵਿਚ ਆਵਾਰਾ ਪਸ਼ੂਆਂ ਦੀ ਸਾਂਭ -ਸੰਭਾਲ ਕਰਨ ਦੀ ਸਮੱਸਿਆ ਵੀ ਗੰਭੀਰ ਹੁੰਦੀ ਜਾ ਰਹੀ ਹੈ। ਇਨ੍ਹਾਂ ਆਵਾਰਾ ਪਸ਼ੂਆਂ ਦੀ ਸਾਂਭ -ਸੰਭਾਲ ਨਾ ਹੋਣ ਕਰਕੇ ਹਰ ਰੋਜ਼ ਪਤਾ ਨਹੀਂ ਕਿੰਨੀਆਂ ਹੀ ਮਨੁੱਖੀ ਜਾਨਾਂ ਜਾ ਰਹੀਆਂ ਹਨ। ਹੁਣ ਤਾਂ ਇਹ ਅਵਾਰਾ ਪਸ਼ੂ ਰਾਹ ਜਾਂਦਿਆਂ ਨੂੰ ਆਪਣਾ ਸ਼ਿਕਾਰ ਬਣਾ ਰਹੇ ਹਨ। ਹਰਲ- ਹਰਲ ਕਰਦੇ ਇਹ ਅਵਾਰਾ ਪਸ਼ੂ ਸੜਕਾਂ ਤੇ ਝੁੰਡ ਦੇ ਝੁੰਡ ਬਣਾ ਕੇ ਫਿਰਦੇ ਹੋਏ ਦੇਖੇ ਜਾ ਸਕਦੇ ਹਨ।ਇਸੇ ਤਰ੍ਹਾਂ ਆਵਾਰਾ ਪਸ਼ੂ ਲੋਕਾਂ ਦੀਆਂ ਫ਼ਸਲਾਂ ਦਾ ਨੁਕਸਾਨ ਕਰ ਰਹੇ ਹਨ।ਪਹਿਲਾਂ ਤਾਂ ਲੋਕ ਪਿੰਡਾਂ ਵਿੱਚ ਇਨ੍ਹਾਂ ਪਸ਼ੂਆਂ ਦਾ ਦੁੱਧ ਪੀਂਦੇ ਹਨ ਤੇ ਜਦੋਂ ਇਹ ਦੁੱਧ ਦੇਣ ਤੋਂ ਹੱਟ ਜਾਂਦੇ ਹਨ ਫਿਰ ਇਨ੍ਹਾਂ ਨੂੰ ਸ਼ਹਿਰ ਵੱਲ ਧੱਕ ਦਿੰਦੇ ਹਨ।ਪਿੰਡਾਂ ਵਿੱਚ ਇਹ ਆਵਾਰਾ ਪਸ਼ੂ ਫ਼ਸਲਾਂ ਦਾ ਨੁਕਸਾਨ ਕਰਦੇ ਹਨ ।ਵਿਚਾਰੇ ਜ਼ਿਮੀਂਦਾਰ ਰਾਤ ਨੂੰ ਠੀਕਰੀ ਪਹਿਰੇ ਦਿੰਦੇ ਹਨ । ਤਾਂ ਜੋ ਪੁੱਤਾਂ ਵਾਂਗ  ਪਾਲੀ ਹੋਈ ਉਹਨਾਂ ਦੀ ਫਸਲ ਬਚ ਸਕੇ।ਅਖ਼ਬਾਰਾਂ ਵਿੱਚ ਅਸੀਂ ਆਮ ਪੜ੍ਹਦੇ ਹਨ ਕਿ ਕਿਸਾਨ ਟਰਾਲੀਆਂ ਦੀ ਟਰਾਲੀਆਂ ਭਰ ਕੇ ਇਨ੍ਹਾਂ ਆਵਾਰਾ ਪਸ਼ੂਆਂ ਨੂੰ ਡੀਸੀ ਦਫਤਰ ਛੱਡ ਕੇ ਜਾਂਦੇ ਹਨ। ਸ਼ਹਿਰਾਂ ਵਿੱਚ ਇਹ ਸੜਕਾਂ ਤੇ ਘੁੰਮਦੇ ਆਮ ਵੇਖੇ ਜਾਂਦੇ ਹਨ । ਜਿਸ ਕਾਰਨ ਇਹ ਹਾਦਸਿਆਂ ਦਾ ਮੁੱਖ ਕਾਰਨ ਹਨ ।ਕਿੰਨੇ ਹੀ ਨਿਰਦੋਸ਼ ਲੋਕਾਂ ਦੀ ਇਨ੍ਹਾਂ ਆਵਾਰਾ ਪਸ਼ੂਆਂ ਨੇ ਜਾਨਾਂ ਲੈ ਲਈਆਂ ਹਨ । ਜਦੋਂ ਕੋਈ ਅਜਿਹੀ ਘਟਨਾ ਸੁਣਨ ਜਾਂ ਪੜ੍ਹਨ ਨੂੰ ਮਿਲਦੀ ਹੈ ਤਾਂ ਦਿਲ ਕੰਬਾਊ ਉਠਦਾ ਹੈ। ਇਹ ਅਵਾਰਾ ਪਸ਼ੂ ਹੁਣ ਬਜ਼ਾਰਾਂ ਭੀੜ ਭੜੱਕੇ ਵਾਲੀ ਥਾਵਾਂ, ਸੜਕਾਂ, ਗਲੀਆਂ ਵਿਚ ਆਮ ਘੁੰਮਦੇ ਦੇਖੇ ਜਾ ਸਕਦੇ ਹਨ। ਗਲੀ ਵਿੱਚ ਖੜ੍ਹੇ ਸਕੂਟਰ ਗੱਡੀਆਂ ਨੂੰ ਵੀ ਇਹੀ ਆਵਾਰਾ ਪਸ਼ੂ ਤੋੜ ਦਿੰਦੇ ਹਨ ।ਕਿਸਾਨ ਯੂਨੀਅਨ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਹੈ ਕਿ ਜੋ ਗਊ ਸੈੱਸ ਸਰਕਾਰ ਇਕੱਠਾ ਕਰਦੀ ਹੈ ਉਹ ਕਿਸਾਨਾਂ ਨੂੰ ਦਿੱਤਾ ਜਾਵੇ, ਉਹ ਖੁਦ ਪਸ਼ੂਆਂ ਦੀ ਸਮੱਸਿਆ ਦਾ ਹੱਲ ਕੱਢਣਗੇ ।ਹਾਲਾਂਕਿ ਅਸੀਂ ਨੁਮਾਇੰਦੇ ਚੁਣ ਕੇ ਲੋਕ ਸਭਾ ਜਾਂ ਵਿਧਾਨ ਸਭਾ ਵਿੱਚ ਭੇਜਦੇ ਹਨ ਫਿਰ ਉਹ ਸਾਡੇ ਮੁੱਦੇ ਕਿਉਂ ਨਹੀਂ ਚੁੱਕਦੇ ।  ਸੂਬਾ ਸਰਕਾਰਾਂ ਨੂੰ ਕੇਂਦਰ ਸਰਕਾਰਾਂ ਨਾਲ ਮਿਲ ਕੇ ਕੋਈ ਠੋਸ ਨੀਤੀ ਲਿਆਉਣ ਦੀ ਜ਼ਰੂਰਤ ਹੈ । ਤਾਂ ਜੋ ਲੋਕਾਂ ਨੂੰ ਅਵਾਰਾ ਪਸ਼ੂ ਤੇ ਕੁੱਤਿਆਂ ਤੋਂ ਨਿਜ਼ਾਤ ਮਿਲ ਸਕੇ। ਦਿਨ ਪ੍ਰਤੀ ਦਿਨ ਇਹ ਦੋਵੇਂ ਸਮੱਸਿਆਵਾਂ ਗੰਭੀਰ ਬਣਦੀਆਂ ਜਾ ਰਹੀਆਂ ਹਨ।
ਸੰਜੀਵ ਸਿੰਘ ਸੈਣੀ
ਮੋਹਾਲੀ   7888966168

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੁੱਖੀ ਜਨਮ 
Next articleਭਾਰਤ ਦੀ ਰਾਜਨੀਤੀ ਵਿਚ ਵਧ ਰਿਹਾ ਖਲਾਅ