ਇਲਾਕੇ ਦੇ ਅਣਗਿਣਤ ਨੌਜਵਾਨ ਨਸ਼ੇ ਦੀ ਦਲਦਲ ‘ਚ ਫਸੇ, ਪਿੰਡ ਛੋਕਰਾਂ ਦੇ 22 ਸਾਲਾ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਣ ਮੌਤ

*ਨਸ਼ਾ ਤਸਕਰਾਂ ਨੇ ਅਪਣਾਿਆ ਹੁਣ ਹਾਈਟੈੱਕ ਤਰੀਕਾ*

ਫਿਲੌਰ/ਅੱਪਰਾ (ਸਮਾਜ ਵੀਕਲੀ) (ਦੀਪਾ)-ਇਲਾਕੇ ਦੇ ਜ਼ਿਆਦਾਤਰ ਨੌਜਵਾਨ ਨਸ਼ਿਆਂ ਦੀ ਦਲਦਲ ਵਿੱਚ ਫਸੇ ਹੋਏ ਹਨ, ਜਿਸ ਕਾਰਨ ਜਿੱਥੇ ਉਨ੍ਹਾਂ ਦੀ ਆਪਣੀ ਜ਼ਿੰਦਗੀ ਬਰਬਾਦ ਹੋ ਰਹੀ ਹੈ, ਉੱਥੇ ਹੀ ਉਨ੍ਹਾਂ ਦੇ ਪਰਿਵਾਰਕ ਮੈਂਬਰ ਵੀ ਦਿਨ-ਰਾਤ ਮਾਨਸਿਕ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਬੀਤੇ ਦਿਨ ਵੀ ਲਾਡੋਵਾਲ ਨੇੜਲੇ ਪਿੰਡ ਛੋਕਰਾਂ ਦੇ ਇੱਕ 22 ਸਾਲਾ ਨੌਜਵਾਨ ਦੀ ਨਸ਼ੇ ਦਾ ਟੀਕਾ ਖਰੀਦਣ ਤੋਂ ਬਾਅਦ ਓਵਰਡੋਜ਼ ਲੈਣ ਨਾਲ ਮੌਤ ਹੋ ਗਈ ਸੀ। ਇਸ ਤੋਂ ਪਹਿਲਾਂ ਇਲਾਕੇ ਦੇ ਕੁਝ ਪਿੰਡਾਂ ਵਿੱਚ ਹੀ ਨਸ਼ੇ ਦੀ ਤਸਕਰੀ ਹੁੰਦੀ ਸੀ, ਜਿਸ ਕਾਰਨ ਪੁਲੀਸ ਪ੍ਰਸ਼ਾਸਨ ਨੂੰ ਇਨ੍ਹਾਂ ਬਾਰੇ ਪਤਾ ਲੱਗ ਜਾਂਦਾ ਸੀ | ਪਰ ਅੱਜ ਕੁਝ ਨਸ਼ਾ ਤਸਕਰ ਅਜਿਹੇ ਵੀ ਹਨ, ਜੋ ਪੁਲਿਸ ਨੂੰ ਧੋਖਾ ਦੇਣ ਲਈ ਸਬਜ਼ੀ ਵੇਚਣ, ਕਬਾੜ ਵੇਚਣ ਅਤੇ ਹੋਰ ਕਈ ਤਰ੍ਹਾਂ ਦੇ ਕੰਮ ਕਰਦੇ ਹਨ, ਜਦਕਿ ਉਹ ਨੌਜਵਾਨਾਂ ਦੀਆਂ ਜ਼ਿੰਦਗੀਆਂ ਨਾਲ ਮੌਤ ਦੀ ਖੇਡ ਖੇਡ ਰਹੇ ਹਨ। ਜਿਸ ਕਾਰਨ ਅੱਜ ਨਸ਼ਿਆਂ ਦੀ ਹੋਮ ਡਲਿਵਰੀ ਹੋ ਰਹੀ ਹੈ। ਇਲਾਕੇ ਦੇ ਕਈ ਨੌਜਵਾਨਾਂ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਚੁੱਕੀ ਹੈ। ਨਸ਼ਿਆਂ ਕਾਰਨ ਨੌਜਵਾਨਾਂ ਦਾ ਭਵਿੱਖ ਵੀ ਡਾਵਾਂਡੋਲ ਹੋ ਗਿਆ ਹੈ। ਬੀਤੇ ਦਿਨ ਨਜ਼ਦੀਕੀ ਪਿੰਡ ਛੋਕਰਾਂ ਦੇ ਨੌਜਵਾਨ ਜਸਪਾਲ ਸਿੰਘ ਉਰਫ ਜੱਸਾ (22) ਪੁੱਤਰ ਅਵਤਾਰ ਸਿੰਘ ਵਾਸੀ ਪਿੰਡ ਛੋਕਰਾਂ ਦੀ ਨਸ਼ੇ ਦੀ ਓਵਰਡੋਜ਼ ਦੌਰਾਨ ਮੌਤ ਹੋ ਗਈ। ਇੰਝ ਲੱਗਦਾ ਹੈ ਜਿਵੇਂ ਲਾਡੋਵਾਲ ਨੇੜੇਲੇ ਇੱਕ ਪਿੰਡ ਵਿੱਚ ਨਸ਼ੇ ਦੀ ਫੈਕਟਰੀ ਲੱਗ ਗਈ ਹੋਵੇ। ਇਲਾਕੇ ਦੇ ਕਈ ਨੌਜਵਾਨ ਨਸ਼ੇ ਦੀ ਪੂਰਤੀ ਕਰਨ ਲਈ ਉਥੇ ਜਾਂਦੇ ਹਨ। ਪੁਲਿਸ ਪ੍ਰਸ਼ਾਸਨ ਦੇ ਨੱਕ ਹੇਠ ਨਸ਼ੇ ਦੀ ਤਸਕਰੀ ਬਹੁਤ ਸਮੇਂ ਤੋਂ ਜਾਰੀ ਹੈ। ਲੋਕ ਤਾਂ ਇੱਥੋਂ ਤੱਕ ਕਹਿੰਦੇ ਹਨ ਕਿ ਜੇਕਰ ਉੱਥੇ ਕਿਸੇ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਕਾਰਨ ਮੌਤ ਹੋ ਜਾਵੇ ਤਾਂ ਉਹ ਉਸ ਦੀ ਲਾਸ਼ ਨੂੰ ਸਤਲੁਜ ਦਰਿਆ ਵਿੱਚ ਸੁੱਟਣ ਤੋਂ ਵੀ ਗੁਰੇਜ਼ ਨਹੀਂ ਕਰਦੇ। ਇਲਾਕਾ ਵਾਸੀਆਂ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਉਕਤ ਪਿੰਡ ‘ਚ ਨਸ਼ੇ ਦੇ ਕਾਰੋਬਾਰ ਨੂੰ ਠੱਲ੍ਹ ਪਾਉਣ ਲਈ ਸਖ਼ਤ ਕਾਰਵਾਈ ਕੀਤੀ ਜਾਵੇ | ਇਸ ਸਬੰਧੀ ਸੰਪਰਕ ਕਰਨ ‘ਤੇ ਥਾਣਾ ਮੁਖੀ ਲਾਡੋਵਾਲ ਸਬ-ਇੰਸਪੈਕਟਰ ਮੈਡਮ ਗੁਰਸ਼ਿਦਰ ਕੌਰ ਨੇ ਕਿਹਾ ਕਿ ਲਾਡੋਵਾਲ ਇਲਾਕੇ ‘ਚ ਜੋ ਵੀ ਵਿਅਕਤੀ ਨਸ਼ੇ ਦੀ ਤਸਕਰੀ ਕਰਦਾ ਫੜਿਆ ਗਿਆ, ਉਸ ਵਿਰੁੱਧ ਸਖ਼ਤ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਉਨ੍ਹਾਂ ਅੱਗੇ ਦੱਸਿਆ ਕਿ ਫੜੇ ਗਏ ਮੁਲਜ਼ਮਾਂ ਦੀ ਨਸ਼ੀਲੇ ਪਦਾਰਥਾਂ ਨੂੰ  ਵੇਚ ਕੇ ਬਣਾਈ ਗਈ ਜਾਇਦਾਦ ਵੀ ਕਾਨੂੰਨ ਦੇ ਤਹਿਤ ਜ਼ਬਤ ਕੀਤੀ ਜਾ ਰਹੀ ਹੈ। ਇਸ ਸਬੰਧੀ ਜਦੋਂ ਥਾਣਾ ਫਿਲੌਰ ਦੇ ਮੁਖੀ ਸਬ ਇੰਸਪੈਕਟਰ ਸੰਜੀਵ ਕਪੂਰ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਨਸ਼ੇ ਕਾਰਨ ਮੌਤ ਹੋ ਚੁੱਕੀ ਪਿੰਡ ਛੋਕਰਾਂ ਦਾ ਨੌਜਵਾਨ ਲਾਡੋਵਾਲ ਤੋਂ ਨਸ਼ਾ ਲਿਆਉਂਦਾ ਸੀ। ਜੇਕਰ ਕੋਈ ਫਿਲੌਰ ਇਲਾਕੇ ਵਿੱਚ ਨਸ਼ੇ ਦੀ ਤਸਕਰੀ ਕਰਦਾ ਫੜਿਆ ਗਿਆ ਤਾਂ ਉਸ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਸਾਡੀਆਂ ਟੀਮਾਂ ਵੱਖ-ਵੱਖ ਥਾਵਾਂ ‘ਤੇ ਨਾਕੇ ਲਗਾ ਕੇ ਨਸ਼ਾ ਤਸਕਰਾਂ ਨੂੰ ਫੜਨ ਲਈ ਦਿਨ-ਰਾਤ ਕੰਮ ਕਰ ਰਹੀਆਂ ਹਨ ਤਾਂ ਜੋ ਕੁਝ ਰੁਪਏ ਦੀ ਖਾਤਰ ਨੌਜਵਾਨਾਂ ਦੀ ਜਾਨ ਖਤਰੇ ‘ਚ ਪਾਉਣ ਵਾਲੇ ਨਸ਼ਾ ਤਸਕਰਾਂ ਨੂੰ ਜੇਲ੍ਹ ਭੇਜਿਆ ਜਾ ਸਕੇ |

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj

Previous articleਕੈਮਿਸਟ ਐਸੋਸੀਏਸ਼ਨ ਭੀਖੀ ਵਲੋਂ ਖੂਨਦਾਨ ਕੈਂਪ ਆਯੋਜਿਤ, 31 ਯੁਨਿਟ ਖੂਨ ਇਕੱਤਰ
Next articleਮਾਛੀਵਾੜਾ ਸਾਹਿਬ ਨਗਰ ਕੌਂਸਲ ਦੀ ਪ੍ਰਧਾਨਗੀ ਉੱਤੇ ਸੋਨੂੰ ਕੁੰਦਰਾ ਹੋਏ ਬਿਰਾਜ਼ਮਾਨ