ਮੁੱਖ ਮੰਤਰੀ ਸਾਹਬ ਭਾਵੇਂ ਬਿਜਲੀ ਦੇ ਬਿੱਲ ਲੈ ਲੈਣ ਪਰ ਘਰਾਂ ਦੀ ਬਿਜਲੀ ਜ਼ਰੂਰ ਦੇਣ
ਬਿਜਲੀ ਦੇ ਸਵੇਰੇ ਅਤੇ ਸ਼ਾਮੀਂ ਲਗਦੇ ਅਣ -ਐਲਾਨੇ ਕੱਟਾਂ ਤੋਂ ਖ਼ਪਤਕਾਰ ਪ੍ਰੇਸ਼ਾਨ
ਕਪੂਰਥਲਾ, (ਕੌੜਾ )- ਸਬ ਸਟੇਸ਼ਨ ਟਿੱਬਾ ਤੋਂ ਪਿੰਡ ਟਿੱਬਾ, ਸੈਦਪੁਰ, ਠੱਟਾ ਨਵਾਂ, ਠੱਟਾ ਪੁਰਾਣਾ, ਬੂਲਪੁਰ, ਨਸੀਰਪੁਰ,ਕਾਲਰੂ ,ਪੱਤੀ ਸਰਦਾਰ ਨਬੀ ਬਖਸ਼, ਮਿੱਠੜਾ, ਕਾਹਨਾ,ਜਾਂਗਲਾ, ਅਮਰਕੋਟ, ਮੰਗੂਪੁਰ, ਆਦਿ ਪਿੰਡਾਂ ਵਿੱਚ ਹਰ ਰੋਜ਼ ਸਵੇਰੇ – ਸ਼ਾਮ ਨੂੰ ਘਰੇਲੂ ਬਿਜਲੀ ਦੇ ਲੱਗਦੇ ਅਣ – ਐਲਾਨੇ ਕੱਟਾਂ ਤੋਂ ਖਪਤਕਾਰ ਡਾਢੇ ਪਰੇਸ਼ਾਨ ਹਨ। ਜਿਲਾ ਪਰਿਸ਼ਦ ਮੈਂਬਰ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਡੈਲੀਗੇਟ ਮੈਂਬਰ ਨਰਿੰਦਰ ਸਿੰਘ ਜੈਨਪੁਰ ਅਤੇ ਕਾਂਗਰਸ ਪਾਰਟੀ ਕਪੂਰਥਲਾ ਦੇ ਸਾਬਕਾ ਜ਼ਿਲਾ ਪ੍ਰਧਾਨ ਰਮੇਸ਼ ਡਡਵਿੰਡੀ, ਨੰਬਰਦਾਰ ਗੁਰਸ਼ਰਨ ਸਿੰਘ ਬੂਲਪੁਰ, ਸਾਧੂ ਸਿੰਘ ਸਾਬਕਾ ਬਲਾਕ ਸਿੱਖਿਆ ਅਧਿਕਾਰੀ,ਦਾਰਾ ਸਿੰਘ ਪਟਵਾਰੀ, ਰਣਜੀਤ ਸਿੰਘ ਥਿੰਦ ਬੂਲਪੁਰ, ਦਾ ਕਹਿਣਾ ਹੈ ਕਿ ਘਰਾਂ ਦੀ ਬਿਜਲੀ ਸਪਲਾਈ ਜਿਸ ਦੀ ਠੰਡ ਅਤੇ ਸਰਦੀ ਦੇ ਮੌਸਮ ਦੌਰਾਨ ਬਹੁਤ ਜਿਆਦਾ ਲੋੜ ਹੈ । ਪਰ ਪਿਛਲੇ ਕਈ ਦਿਨਾਂ ਤੋਂ ਪਾਵਰਕਾਮ ਕਾਰਪੋਰੇਸ਼ਨ ਵੱਲੋਂ ਬਿਨਾਂ ਕਿਸੇ ਨੋਟਿਸ ਦੇ ਸਵੇਰੇ ਵੇਲੇ ਅਤੇ ਸ਼ਾਮ ਵੇਲੇ ਬਿਜਲੀ ਦਾ ਲੰਬਾ- ਲੰਬਾ ਪਾਵਰ ਕਟ ਲਗਾਇਆ ਜਾਂਦਾ ਹੈ, ਜਿਸ ਨਾਲ ਘਰੇਲੂ ਬਿਜਲੀ ਖਪਤਕਾਰਾਂ ਨੂੰ ਵੱਡੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਉਕਤ ਖ਼ਪਤਕਾਰਾਂ ਨੇ ਕਿਹਾ ਹੈ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਭਾਵੇਂ ਬਿਜਲੀ ਦੇ ਬਿੱਲ ਲੈ ਲੈਣ । ਪਰ ਘਰਾਂ ਦੀ ਬਿਜਲੀ ਜ਼ਰੂਰ ਦੇਣ। ਉਕਤ ਪ੍ਰਭਾਵਿਤ ਖਪਤਕਾਰਾਂ ਦਾ ਕਹਿਣਾ ਹੈ ਕਿ ਦਿਨ ਵੇਲੇ ਵੀ 24 ਘੰਟੇ ਵਾਲੀ ਘਰੇਲੂ ਬਿਜਲੀ ਸਪਲਾਈ ਨਿਰੰਤਰ ਨਹੀਂ ਚਲਦੀ ਸਗੋਂ ਬਾਰ- ਬਾਰ ਲੰਬੇ- ਲੰਬੇ ਕੱਟ ਲੱਗਦੇ ਹਨ । ਓਹਨਾਂ ਆਖਿਆ ਕਿ ਸਵੇਰ ਸ਼ਾਮ ਹੀ ਲੋਕਾਂ ਨੂੰ ਘਰਾਂ ਵਿੱਚ ਘਰੇਲੂ ਬਿਜਲੀ ਸਪਲਾਈ ਦੀ ਵਧੇਰੇ ਜਰੂਰਤ ਹੁੰਦੀ ਹੈ, ਪਰ ਅਣ ਐਲਾਨੇ ਇਹਨਾਂ ਬਿਜਲੀ ਕੱਟਾਂ ਨੂੰ ਲੈ ਕੇ ਲੋਕਾਂ ਵਿੱਚ ਭਾਰੀ ਨਿਰਾਸ਼ਾ ਅਤੇ ਗੁੱਸੇ ਦੀ ਲਹਿਰ ਆਮ ਵੇਖੀ ਜਾ ਸਕਦੀ ਹੈ । ਉਹਨਾਂ ਆਖਿਆ ਕਿ ਲੋਕਾਂ ਨੂੰ ਆਪਣੀ ਬਿਜਲੀ ਦੀ ਲੋੜ ਪੂਰੀ ਕਰਨ ਲਈ ਜਨਰੇਟਰਾਂ ਉੱਤੇ ਮਹਿੰਗੇ ਭਾਅ ਦਾ ਡੀਜ਼ਲ ਫੂਕਣਾ ਪੈ ਰਿਹਾ । ਉਕਤ ਪਿੰਡਾਂ ਵਿੱਚ 24 ਘੰਟੇ ਵਾਲ਼ੀ ਬਿਜਲੀ ਸਪਲਾਈ ਦੇ ਹਰ ਰੋਜ਼ ਸਵੇਰੇ – ਸ਼ਾਮ ਲਗਦੇ ਆਣ – ਐਲਾਨੇ ਬਿਜਲੀ ਕੱਟਾਂ ਦੇ ਕੀ ਕਾਰਨ ਹਨ ਸਬੰਧੀ ਪਤਾ ਲੈਣ ਲਈ ਜਦੋਂ ਬਿਜਲੀ ਘਰ ਟਿੱਬਾ ਉੱਤੇ ਅਤੇ ਸਬੰਧਤ ਐਸ ਡੀ ਓ ਨਾਲ਼ ਸੰਪਰਕ ਕੀਤਾ ਗਿਆ, ਤਾਂ ਇਹਨਾਂ ਅਧਿਕਾਰੀਆਂ ਨਾਲ ਸੰਪਰਕ ਨਹੀਂ ਹੋ ਸਕਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly