ਲਖਨਊ (ਸਮਾਜ ਵੀਕਲੀ) : ਰਾਮ ਜਨਮ ਭੂਮੀ-ਬਾਬਰੀ ਮਸਜਿਦ ਕੇਸ ’ਚ ਸੁਪਰੀਮ ਕੋਰਟ ਵੱਲੋਂ ਸੁਣਾਏ ਫ਼ੈਸਲੇ ਤੋਂ ਬਾਅਦ ਅਯੁੱਧਿਆ ’ਚ ਉਸਾਰੀ ਜਾ ਰਹੀ ਮਸਜਿਦ ਦਾ ਕੰਮ ਅਗਲੇ ਸਾਲ ਦਸੰਬਰ ਤੱਕ ਪੂਰਾ ਹੋ ਜਾਣ ਦੀ ਉਮੀਦ ਹੈ। ਇਹ ਜਾਣਕਾਰੀ ਮਸਜਿਦ ਦੇ ਟਰੱਸਟ ਨੇ ਦਿੱਤੀ। ਇੰਡੋ-ਇਸਲਾਮਿਕ ਕਲਚਰਲ ਫਾਊਂਡੇਸ਼ਨ ਟਰੱਸਟ ਦੇ ਸਕੱਤਰ ਅਤਹਰ ਹੁਸੈਨ ਨੇ ਦੱਸਿਆ, ‘ਸਾਨੂੰ ਉਮੀਦ ਹੈ ਕਿ ਤਜਵੀਜ਼ ਕੀਤੀ ਮਸਜਿਦ, ਹਸਪਤਾਲ, ਲੰਗਰ ਹਾਲ, ਲਾਇਬਰੇਰੀ ਤੇ ਖੋਜ ਕੇਂਦਰ ਦੇ ਨਕਸ਼ੇ ਨੂੰ ਅਯੁੱਧਿਆ ਵਿਕਾਸ ਅਥਾਰਿਟੀ ਤੋਂ ਇਸ ਮਹੀਨੇ ਦੇ ਅਖੀਰ ਤੱਕ ਪ੍ਰਵਾਨਗੀ ਮਿਲ ਜਾਵੇਗੀ।’ ਉਨ੍ਹਾਂ ਕਿਹਾ ਕਿ ਧੰਨੀਪੁਰ ਅਯੁੱਧਿਆ ਮਸਜਿਦ ਦੀ ਉਸਾਰੀ ਦਸੰਬਰ 2023 ਤੱਕ ਮੁਕੰਮਲ ਹੋ ਜਾਣ ਦੀ ਉਮੀਦ ਹੈ ਤੇ ਪੰਜ ਏਕੜ ਵਿਚਲੇ ਮੌਲਵੀ ਅਹਿਮਦੁੱਲ੍ਹਾ ਸ਼ਾਹ ਕੰਪਲੈਕਸ ਦੇ ਬਾਕੀ ਢਾਂਚਿਆਂ ਦੀ ਉਸਾਰੀ ਵੀ ਨਾਲੋਂ-ਨਾਲ ਜਾਰੀ ਰਹੇਗੀ।
ਜ਼ਿਕਰਯੋਗ ਹੈ ਕਿ ਇਸ ਕੇਸ ’ਚ ਸੁਪਰੀਮ ਕੋਰਟ ਵੱਲੋਂ ਸੁਣਾਏ ਗਏ ਫ਼ੈਸਲੇ ’ਚ ਮੌਜੂਦਾ ਬਾਬਰੀ ਮਸਜਿਦ ਵਾਲੀ 2.77 ਏਕੜ ਥਾਂ ’ਤੇ ਰਾਮ ਮੰਦਰ ਦੀ ਉਸਾਰੀ ਕਰਨ ਤੇ ਮਸਜਿਦ ਦੇ ਨਿਰਮਾਣ ਲਈ ਪੰਜ ਏਕੜ ਥਾਂ ਅਲਾਟ ਕਰਨ ਦੇ ਨਿਰਦੇਸ਼ ਦਿੱਤੇ ਗਏ ਸਨ। ਰਾਮ ਮੰਦਰ ਤੇ ਮਸਜਿਦ ਦੀ ਉਸਾਰੀ ਮੁਕੰਮਲ ਹੋਣ ਦਾ ਸਮਾਂ 2024 ਦੀ ਸ਼ੁਰੂਆਤ ਦਾ ਹੈ। ਹੁਸੈਨ ਨੇ ਕਿਹਾ, ‘ਟਰੱਸਟ ਤਜਵੀਜ਼ ਕੀਤੇ ਸਾਰੇ ਢਾਂਚਿਆਂ ਦੀ ਉਸਾਰੀ ਇੱਕੋ ਸਮੇਂ ਸ਼ੁਰੂ ਹੋਵੇਗੀ ਅਤੇ ਮਸਜਿਦ ਦਾ ਨਿਰਮਾਣ ਪਹਿਲਾਂ ਮੁਕੰਮਲ ਹੋਣ ਦੀ ਉਮੀਦ ਹੈ ਕਿਉਂਕਿ ਇਸ ਦਾ ਆਕਾਰ ਛੋਟਾ ਹੈ। ਇਹ ਉਸਾਰੀ ਮੁਕੰਮਲ ਕਰਨ ਲਈ ਕੋਈ ਸਮਾਂ-ਸੀਮਾ ਤੈਅ ਨਹੀਂ ਕੀਤੀ ਗਈ ਪਰ ਉਮੀਦ ਹੈ ਕਿ ਇਹ ਇੱਕ ਸਾਲ ਅੰਦਰ ਮੁਕੰਮਲ ਹੋ ਜਾਵੇਗੀ।’
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly