ਦੇਸ਼ ਭਗਤ ਯਾਦਗਾਰ ਕਮੇਟੀ ਨੇ ਮਾਰਚ ਅਪ੍ਰੈਲ ਦੇ ਉਲੀਕੇ ਸਮਾਗਮ

ਜਲੰਧਰ, ਫਿਲੌਰ, ਅੱਪਰਾ (ਜੱਸੀ ) -ਦੇਸ਼ ਭਗਤ ਯਾਦਗਾਰ ਕਮੇਟੀ ਦੇ ਪ੍ਰਧਾਨ ਅਜਮੇਰ ਸਿੰਘ, ਜਨਰਲ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਅਤੇ ਸਭਿਆਚਾਰਕ ਵਿੰਗ ਦੇ ਕਨਵੀਨਰ ਅਮੋਲਕ ਸਿੰਘ ਨੇ ਪ੍ਰੈੱਸ ਨਾਲ਼ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਅੱਜ ਬੋਰਡ ਆਫ਼ ਟ੍ਰਸਟ ਦੀ ਮੀਟਿੰਗ ‘ਚ ਫੈਸਲਾ ਕੀਤਾ ਗਿਆ ਕਿ 8 ਮਾਰਚ  ਕੌਮਾਂਤਰੀ ਔਰਤ ਦਿਹਾੜੇ ਮੌਕੇ ਗ਼ਦਰ ਅਤੇ ਕੌਮੀ ਮੁਕਤੀ ਲਹਿਰ ਵਿੱਚ ਔਰਤਾਂ ਦੀ ਦੇਣ ਨੂੰ ਸਿਜਦਾ ਕਰਨ ਲਈ ਢੁਕਵੀਂ ਵਿਚਾਰ ਚਰਚਾ  ਅਤੇ 27 ਮਾਰਚ ਕੌਮਾਂਤਰੀ ਰੰਗ ਮੰਚ ਦਿਹਾੜੇ ਮੌਕੇ ਨਾਟਕ ਅਤੇ ਵਿਚਾਰ ਚਰਚਾ ਕੀਤੀ ਜਾਏਗੀ।
ਮੀਟਿੰਗ ‘ਚ ਇਹ ਫੈਸਲਾ ਵੀ ਕੀਤਾ ਗਿਆ ਕਿ 21 ਅਪ੍ਰੈਲ ਗ਼ਦਰ ਪਾਰਟੀ ਸਥਾਪਨਾ ਦਿਹਾੜੇ ਮੌਕੇ ਖੇਤੀ ਖੇਤਰ ਦੇ ਸੰਕਟ ਅਤੇ ਹੱਲ ਸਬੰਧੀ ਚਰਚਾ ਕਰਨ ਲਈ ਮੁੱਖ ਵਕਤਾ ਵਜੋਂ ਉੱਘੇ ਖੇਤੀ ਮਾਹਰ ਡਾ. ਦਵਿੰਦਰ ਸ਼ਰਮਾ ਨੂੰ ਬੁਲਾਉਣ ਦਾ ਫੈਸਲਾ ਕੀਤਾ ਗਿਆ।
ਸਥਾਪਨਾ ਦਿਹਾੜੇ ਮੌਕੇ ਗ਼ਦਰ ਪਾਰਟੀ ਦਾ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਡਾ. ਤੇਜਿੰਦਰ ਵਿਰਲੀ ਅਦਾ ਕਰਨਗੇ।
ਦੇਸ਼ ਭਗਤ ਯਾਦਗਾਰ ਹਾਲ ਦੇ ਜੀ. ਟੀ. ਰੋਡ ਵਾਲੀ ਤਰਫ਼ ਨੂੰ ਇਤਿਹਾਸਕ ਦਿੱਖ ਦੇਣ, ਪ੍ਰਵੇਸ਼ ਦੁਆਰ ਦਾ ਰਾਹ ਨਵਿਆਉਣ , ਪੀਣ ਵਾਲੇ ਪਾਣੀ ਦਾ ਢੁਕਵਾਂ ਪ੍ਰਬੰਧ ਕਰਨ ਦਾ ਵੀ ਫੈਸਲਾ ਕੀਤਾ ਗਿਆ।
ਅੱਜ ਦੀ ਮੀਟਿੰਗ ‘ਚ ਕਵੀ ਇਕਬਾਲ ਖ਼ਾਨ, ਕਹਾਣੀਕਾਰ ਸੁਖਜੀਤ, ਤਰਕਸ਼ੀਲ ਆਗੂ ਆਤਮਾ ਸਿੰਘ, ਕਿਸਾਨ ਆਗੂ ਮੇਲਾ ਸਿੰਘ ਕੰਗਣਵਾਲ,ਨਾਹਰ ਸਿੰਘ ਹਥਨ, ਕਿਸਾਨ ਘੋਲ ਦੇ ਸ਼ਹੀਦ ਸ਼ੁੱਭ ਕਰਨ, ਸੰਤ ਕੌਰ ਮੂਲਾ ਬੱਧਾ, ਗਿਆਨ ਕੌਰ ਹਥਨ, ਇੰਦਰਜੀਤ ਕੁਰੜ, ਬਲਜੀਤ ਕੌਰ ਸਿੱਧੂ ਮਲਸੀਆਂ, ਮਨਜੀਤ ਕੌਰ ਫਿਰੋਜ਼ਪੁਰ, ਬਲਵਿੰਦਰ ਕੌਰ ਜਲਾਲਦੀਵਾਲ, ਪਰਮਜੀਤ ਕੌਰ ਠੀਕਰੀਵਾਲ, ਗੁਰਮੇਲ ਸਿੰਘ ਭਰੋਵਾਲ, ਪਿਆਰਾ ਸਿੰਘ ਅਕਲੀਆ, ਨਿਰਮਲ ਸਿੰਘ ਸੰਘਾ, ਨਛੱਤਰ ਪਾਲ ਸਿੰਘ ਸੰਧੂ, ਕਿਸਾਨ ਘੋਲ ਦੌਰਾਨ ਇਹਨਾਂ ਦਿਨਾਂ ਵਿੱਚ ਵਿਛੜ ਗਏ ਨੂੰ ਖੜ੍ਹੇ ਹੋ ਕੇ ਕਮੇਟੀ ਵੱਲੋਂ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ।
   ਉਹਨਾਂ ਦੱਸਿਆ ਕਿ ਮੀਟਿੰਗ ‘ਚ ਸਹਾਇਕ ਸਕੱਤਰ ਚਰੰਜੀ ਲਾਲ ਕੰਗਣੀਵਾਲ, ਮੰਗਤ ਰਾਮ ਪਾਸਲਾ, ਡਾ. ਪਰਮਿੰਦਰ ਸਿੰਘ, ਪ੍ਰੋ.ਵਰਿਆਮ ਸਿੰਘ ਸੰਧੂ, ਸੁਰਿੰਦਰ ਕੁਮਾਰੀ ਕੋਛੜ, ਗੁਰਮੀਤ ਸਿੰਘ, ਰਣਜੀਤ ਸਿੰਘ ਔਲਖ, ਪ੍ਰਗਟ ਸਿੰਘ ਜਾਮਾਰਾਏ ਹਾਜ਼ਰ ਸਨ।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ

https://play.google.com/store/apps/details?id=in.yourhost.samajweekly

Previous articleਅੰਧ ਵਿਸ਼ਵਾਸ ਰੋਕੂ ਕਾਨੂੰਨ ਬਣਾਉਣ ਦੀ ਤਰਕਸ਼ੀਲਾਂ ਦੀ ਮੰਗ  ਦਾ  ਪੈਨਸ਼ਨਰਾਂ ਨੇ ਕੀਤਾ  ਸਮਰਥਨ 
Next articleਮੌਸਮ ਬੜਾ ਬੇਈਮਾਨ ਹੈ….