ਸੂਫ਼ੀਆਨਾ ਕਵਾਲਾਂ ਅਤੇ ਵੱਖ ਵੱਖ ਗਾਇਕਾਂ ਨੇ ਸਜਾਈ ਸੱਭਿਆਚਾਰ ਸਟੇਜ
ਸਰੀ/ ਵੈਨਕੂਵਰ (ਸਮਾਜ ਵੀਕਲੀ) (ਕੁਲਦੀਪ ਚੁੰਬਰ)-ਧੰਨ ਧੰਨ ਸਾਈਂ ਬਾਬਾ ਫ਼ਕੀਰੇ ਸ਼ਾਹ ਜੀ ਦਾ 21ਵਾਂ ਸਲਾਨਾ ਛਿੰਝ ਅਤੇ ਸੱਭਿਆਚਾਰਕ ਜੋੜ ਮੇਲਾ ਪਿੰਡ ਖੋਜਕੀਪੁਰ ( ਸਲਾਲਾ ) ਆਦਮਪੁਰ ਭੋਗਪੁਰ ਜੀ ਟੀ ਰੋਡ ਜ਼ਿਲ੍ਹਾ ਜਲੰਧਰ ਵਿਖੇ ਹਰ ਸਾਲ ਦੀ ਤਰ੍ਹਾਂ ਸ਼ਾਨੋ ਸ਼ੌਕਤ ਨਾਲ ਕਰਵਾਇਆ ਗਿਆ, ਜੋ ਆਉਣ ਵਾਲੇ ਵਰ੍ਹੇ ਲਈ ਖੱਟੀਆਂ ਮਿੱਟੀਆਂ ਯਾਦਾਂ ਛੱਡਦਾ ਸਫ਼ਲਤਾ ਪੂਰਵਕ ਸੰਪਨ ਹੋ ਗਿਆ । ਇਹ ਦੋ ਦਿਨਾਂ ਸਲਾਨਾ ਜੋੜ ਮੇਲਾ ਜਿਸ ਵਿੱਚ ਕਵਾਲੀਆਂ, ਡਰਾਮਾ, ਨਕਲਾਂ, ਸੱਭਿਆਚਾਰਕ ਸਟੇਜ, ਪਹਿਲਵਾਨਾਂ ਦੇ ਅਖਾੜੇ ਵਿੱਚ ਹੋਈਆਂ ਪਟਕੇ ਦੀਆਂ ਕੁਸ਼ਤੀਆਂ ਆਦਿ ਦੀਆਂ ਵੱਖ ਵੱਖ ਵੰਨਗੀਆਂ ਦੀ ਪੇਸ਼ਕਾਰੀ ਸੀ, ਸਾਈਂ ਲੱਕੀ ਸ਼ਾਹ ਜੀ ਦੀ ਸਰਪ੍ਰਸਤੀ ਹੇਠ ਹਰ ਸਾਲ ਦੀ ਤਰ੍ਹਾਂ ਕਰਵਾਇਆ ਗਿਆ । ਇਸ ਮੇਲੇ ਦੀਆਂ ਪ੍ਰਮੁੱਖ ਰਸਮਾਂ ਨੂੰ ਧਾਰਮਿਕ ਰੀਤੀ ਰਿਵਾਜਾਂ ਸਹਿਤ ਇਲਾਕੇ ਭਰ ਦੇ ਸਾਧੂ, ਸੰਤ, ਫਕੀਰਾਂ ਅਤੇ ਮਹਾਂਪੁਰਸ਼ਾਂ ਵਲੋਂ ਸਾਂਝੇ ਰੂਪ ਵਿੱਚ ਅਦਾ ਕੀਤਾ ਗਿਆ । ਸ਼ਾਮ ਵੇਲੇ ਸਿਰਕੱਢ ਚੋਟੀ ਦੇ ਪਹਿਲਵਾਨਾਂ ਵਿੱਚ ਕੁਸ਼ਤੀ ਦੰਗਲ ਹੋਏ, ਜਿਨ੍ਹਾਂ ਨੂੰ ਸ਼ਾਨਦਾਰ ਇਨਾਮ ਤੇ ਨਗਦੀ ਨਾਲ ਸਨਮਾਨਿਤ ਕੀਤਾ ਗਿਆ ।ਕੁਸ਼ਤੀ ਦਾ ਪਹਿਲਾ ਇਨਾਮ ਸਪਲੈਂਡਰ ਮੋਟਰਸਾਈਕਲ ਅਤੇ ਦੂਸਰਾ ਇਨਾਮ 41000 ਦੀ ਨਗਦੀ ਦਾ ਦਿੱਤਾ ਗਿਆ । ਰਾਤ ਨੂੰ ਡਰਾਮਾ ਹੀਰ ਰਾਂਝਾ ਧਰਮਵੀਰ ਪਰਦੇਸੀ ਐਂਡ ਪਾਰਟੀ ਵਲੋਂ ਖੇਡਿਆ ਗਿਆ । ਇਸ ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਗਾਇਕ ਅਤੇ ਕਵਾਲ ਪਰਵੇਜ਼ ਆਲਮ, ਦਲਵਿੰਦਰ ਦਿਆਲਪੁਰੀ , ਆਸ਼ੂ ਚੋਪੜਾ, ਸਰਬਜੀਤ ਸਹੋਤਾ, ਨੂਰ ਸਾਈਂ , ਦੀਪਾ ਮਿਊਂਵਾਲ, ਬਲਵਿੰਦਰ ਸੋਨੂ, ਲਵੀ ਚੌਹਾਨ, ਗੌਰਵ ਥਾਪਰ, ਸਨੀ ਸਾਹਿਬ, ਰੇਸ਼ਮ ਭੱਟੀ, ਤਰਲੋਚਨ ਬੱਧਣ ਸਮੇਤ ਕਈ ਹੋਰ ਕਲਾਕਾਰਾਂ ਆਪਣੀ ਹਾਜ਼ਰੀ ਭਰੀ ਅਤੇ ਆਪਣੇ ਨਵੇਂ ਪੁਰਾਣੇ ਗੀਤਾਂ ਨਾਲ ਸਰੋਤਿਆਂ ਨੂੰ ਸ਼ਰਸ਼ਾਰ ਕੀਤਾ। ਮੇਲੇ ਵਿੱਚ ਵਿਸ਼ੇਸ਼ ਤੌਰ ਤੇ ਬਾਬਾ ਪ੍ਰਿਥੀ ਸਿੰਘ ਬਾਲੀ ਸ਼ਾਮ ਚੁਰਾਸੀ, ਸਾਈਂ ਮਧੂ ਜੀ ਜਲੰਧਰ, ਕੁੱਲੇ ਵਾਲੀ ਸਰਕਾਰ ਦਰਵੇਸ਼ ਪਿੰਡ ਫਗਵਾੜਾ ,ਬਾਬਾ ਬਲਵੰਤ ਸਿੰਘ ਜੀ ਡੀਂਗਰੀਆਂ , ਬਲਵਿੰਦਰ ਸੋਹਲ ਭੋਗਪੁਰ ਸਮੇਤ ਕਈ ਹੋਰ ਸੰਤ ਫ਼ਕੀਰ ਦੇ ਇਲਾਕੇ ਦੀਆਂ ਸ਼ਖਸੀਅਤਾਂ ਨੂੰ ਹਾਜ਼ਰੀ ਭਰਨ ਤੇ ਸਿਰਪਾਓ ਦੇ ਕੇ ਸਾਈਂ ਲੱਕੀ ਸ਼ਾਹ ਜੀ ਵਲੋਂ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਵੱਖ ਵੱਖ ਗਾਇਕਾਂ ਜਿਨ੍ਹਾਂ ਨੇ ਇਸ ਮੇਲੇ ਵਿੱਚ ਸ਼ਿਰਕਤ ਕੀਤੀ ਨੂੰ ਵੀ ਸਨਮਾਨ ਚਿੰਨ੍ਹ ਦੇ ਕੇ ਸਤਿਕਾਰ ਸਨਮਾਨ ਦਿੱਤਾ ਗਿਆ । ਵਿਸ਼ੇਸ਼ ਤੌਰ ਤੇ ਲਾਡੀ ਸੰਧੂ ਕਨੇਡਾ , ਬੌਬੀ ਨਾਜਕਾ ਧਰੁੱਬ ਹੌਲੀਡੇ ਡੀਂਗਰੀਆਂ ਅਤੇ ਮੇਲੇ ਦੇ ਹੋਰ ਅਹਿਮ ਸਹਿਯੋਗੀਆਂ ਨੂੰ ਵੀ ਬਾਬਾ ਜੀ ਵਲੋਂ ਸਨਮਾਨਿਤ ਕੀਤਾ ਗਿਆ । ਅੰਤ ਵਿੱਚ ਸਾਈਂ ਲੱਕੀ ਸ਼ਾਹ ਜੀ ਨੇ ਸਾਰੇ ਹੀ ਸਹਿਯੋਗੀ ਸੱਜਣਾਂ ਦਾ ਤੇ ਸੰਗਤਾਂ ਦਾ ਧੰਨਵਾਦ ਕੀਤਾ , ਜਿਨ੍ਹਾਂ ਨੇ ਮੇਲੇ ਵਿੱਚ ਚਾਰ ਚੰਨ ਲਾਏ ਅਤੇ ਆਪਣਾ ਕੀਮਤੀ ਸਹਿਯੋਗ ਦੇ ਕੇ ਇਸ ਮੇਲੇ ਨੂੰ ਕਾਮਯਾਬ ਕੀਤਾ।



