(ਸਮਾਜ ਵੀਕਲੀ) ਸਾਡਾ ਜੀਵਨ ਰਿਸਤਿਆਂ ਦੀ ਡੋਰ ਵਿੱਚ ਬੱਝਿਆ ਹੈ ਤੇ ਜੀਵਨ ਦੇ ਹਰ ਪੜਾਅ ਤੇ ਨਵੇ ਰਿਸਤੇ ਸਾਡੇ ਨਾਲ ਜੁੜਦੇ ਰਹਿੰਦੇ ਹਨ। ਕਦੇ ਅਸੀ ਪਾਪਾ ਪਾਪਾ ਕਹਿੰਦੇ ਸੀ ਬੜੇ ਸੁਖੀ ਰਹਿੰਦੇ ਸੀ ਵਾਲੀ ਗੱਲ ਤੇ ਖਰੇ ਉੱਤਰਦੇ ਹਾਂ ਤੇ ਫਿਰ ਪਾਪਾ ਪਾਪਾ ਅਖਵਾਇਆ ਬੜਾ ਦੁੱਖ ਪਾਇਆ ਦਾ ਫਲ ਭੋਗਦੇ ਹਾਂ। ਵੈਸੇ ਇਹ ਠੀਕ ਵੀ ਹੈ। ਇਹ ਦੁਨੀਆਂ ਵਿੱਚ ਪਾਪਾ ਡੈਡੀ ਬਾਪੂ ਅਖਵਾਉਣ ਦਾ ਚਾਅ ਵੀ ਵੱਖਰਾ ਹੁੰਦਾ ਹੈ ਤੇ ਇੱਕ ਬੇਟੇ ਦੇ ਰੂਪ ਵਿੱਚ ਬਾਪੂ ਦੀ ਗੋਦੀ ਦਾ ਆਨੰਦ ਵੀ ਦੁਨੀਆਂ ਦੇ ਉੱਤਮ ਦਰਜੇ ਦਾ ਆਨੰਦ ਹੈ।ਇਹ ਦੁਨੀਆ ਰਿਸਤਿਆਂ ਦੇ ਗੇੜ ਤੇ ਆਨੰਦ ਦੀ ਮਾਰੀ ਪਈ ਹੈ ਤੇ ਇਹਨਾ ਰਿਸਤਿਆਂ ਦੇ ਆਨੰਦ ਲਈ ਸਭ ਕੁਝ ਕਰਦੀ ਹੈ। ਜੇ ਮਾਂ ਦਾ ਰਿਸਤਾ ਰੱਬ ਦੇ ਬਰਾਬਰ ਹੈ ਤਾਂ ਮੂਲ ਨਾਲੋ ਵੱਧ ਵਿਆਜ ਪਿਆਰੇ ਅਨੁਸਾਰ ਪੋਤੇ ਪੋਤੀਆਂ ਨੂੰ ਖਿਡਾਉਣ ਦਾ ਲੁਫਤ ਵੀ ਆਹਲਾ ਦਰਜੇ ਦਾ ਹੈ।ਜਦੋ ਕੋਈ ਬੇਟਾ ਆਖਦਾ ਹੈ ਕੋਈ ਪਾਪਾ ਆਖ ਬੁਲਾਉਂਦਾ ਹੈ ਤਾਂ ਬਹੁਤ ਚੰਗਾ ਲੱਗਦਾ ਹੈ। ਤੇ ਮਾਂ ਸਬਦ ਦੇ ਸੰਬੋਧਨ ਦਾ ਤਾਂ ਸਵਾਦ ਹੀ ਵੱਖਰਾ ਹੈ।
ਸਾਡੇ ਖੂਨ ਦੇ ਰਿਸਤਿਆਂ ਤੋ ਇਲਾਵਾ ਵੀ ਕਈ ਰਿਸਤੇ ਹੁੰਦੇ ਹਨ। ਜੋ ਉਮਰ ਵੇਖ ਕੇ ਹੀ ਬਣਾਏ ਜਾਂਦੇ ਹਨ। ਹਰਿਆਣਾ ਤੇ ਰਾਜਸਥਾਨ ਵਿੱਚ ਵੱਡੀ ਉਮਰ ਦੇ ਬਜੁਰਗਾਂ ਨੂੰ ਆਮ ਕਰਕੇ ਤਾਊ ਹੀ ਆਖਿਆ ਜਾਂਦਾ ਹੈ।ਤਾਊ ਅਖਵਾਉਣ ਤੇ ਆਖਣ ਵਾਲੇ ਨੂੰ ਕੋਈ ਝਿਜਕ ਨਹੀ ਹੁੰਦੀ। ਬਾਕੀ ਭਾਰਤ ਖਾਸ ਕਰ ਉੱਤਰੀ ਭਾਰਤ ਵਿੱਚ ਆਮ ਅਜਨਬੀ ਬੰਦੇ ਨੂੰ ਮਾਣ ਦੇਣ ਲਈ ਅੰਕਲ ਆਖਿਆ ਜਾਂਦਾ ਹੈ। ਤੇ ਕਈ ਆਪਣੀ ਉਮਰ ਦੇ ਘੱਟ ਫਰਕ ਆਲਿਆਂ ਤੌ ਅੰਕਲ ਅਖਵਾਕੇ ਰਾਜੀ ਨਹੀ ਹੁੰਦੇ।ਮੈਨੂੰ ਯਾਦ ਹੈ ਉਸ ਸਮੇ ਮੇਰੀ ਉਮਰ ਕੋਈ 40_42 ਸਾਲ ਦੀ ਹੀ ਸੀ ਮੈਂ ਆਪਣੇ ਦੋਸਤ ਦੀ ਦੁਕਾਨ ਤੇ ਬੈਠਾ ਸੀ ਇੱਕ ਮੁੰਡਾ ਜਿਸਨੇ ਦਾੜੀ ਟਰਿਮ ਕੀਤੀ ਹੋਈ ਸੀ ਉਸਦੀ ਉਮਰ ਕੋਈ 27_28 ਸਾਲ ਹੋਵੇਗੀ ਨੇ ਮੈਨੂੰ ਦੋ ਤਿੰਨ ਵਾਰ ਅੰਕਲ ਆਖਿਆ । ਪਤਾ ਨਹੀ ਕਿਉ ਮੈਨੂੰ ਬਹੁਤ ਹੀ ਅਜੀਬ ਜਿਹਾ ਲੱਗਿਆ ਤੇ ਗੁੱਸਾ ਵੀ ਆਇਆ । ਚਾਹੇ ਮੈ ਉਸਨੂੰ ਟੋਕਿਆ ਨਹੀ ਪਰ ਉਸਨੇ ਮੈਨੂੰ ਮੇਰੀ ਵੱਧਦੀ ਉਮਰ ਦਾ ਅਹਿਸਾਸ ਕਰਵਾ ਦਿੱਤਾ। ਉਸ ਤੌ ਪਹਿਲਾਂ ਮੈ ਆਪਣੇ ਆਪਨੂੰ ਜਵਾਨ ਜਿਹਾ ਮੁੰਡਾ ਹੀ ਸਮਝਦਾ ਸੀ ਕਿਉਕਿ ਉਸ ਵੇਲੇ ਮੇਰੇ ਪਾਪਾ ਜੀ ਜਿੰਦਾ ਸਨ ਤੇ ਮਾਂ ਪਿਉ ਦੇ ਹੁੰਦਿਆਂ ਇਨਸਾਨ ਕਦੇ ਵੀ ਆਪਣੇ ਆਪ ਨੂੰ ਪਰਪੱਕ ਜਿਹਾ ਨਹੀ ਸਮਝਦਾ।
ਖੂਨ ਦੇ ਰਿਸਤਿਆਂ ਤੋ ਇਲਾਵਾ ਵੀ ਸਾਨੂੰ ਬਹੁਤ ਸਾਰੇ ਰਿਸਤੇ ਬਣਾਉਣੇ ਪੈੱਦੇ ਹਨ। ਜੋ ਸਾਡੇ ਸਮਾਜਿਕ ਜੀਵਨ ਲਈ ਜਰੂਰੀ ਹੁੰਦੇ ਹਨ। ਉਹਨਾ ਰਿਸਤਿਆਂ ਦਾ ਫੈਸਲਾ ਅਸੀ ਆਪਣੀ ਉਮਰ ਅਗਲੇ ਦੀ ਉਮਰ ਤੇ ਸਮਾਜਿਕ ਰੁਤਬੇ ਨੂੰ ਆਧਾਰ ਮੰਨ ਕੇ ਕਰਦੇ ਹਾਂ। ਪਿੰਡ ਦੀ ਧੀ ਨੂੰ ਸਾਰੇ ਪਿੰਡ ਦੀ ਧੀ ਸਮਝਿਆ ਜਾਂਦਾ ਹੈ ਤੇ ਪਿੰਡ ਦੇ ਜਵਾਈ ਨੂੰ ਵੀ ਸਾਰੇ ਪਿੰੰਡ ਵਲੌ ਇਹੋ ਜਿਹਾ ਮਾਣ ਸਨਮਾਨ ਦਿੱਤਾ ਜਾਂਦਾ ਹੈ। ਚਾਹੇ ਹੁਣ ਅਸੀ ਇੰਨੀ ਤਰੱਕੀ ਕਰ ਲਈ ਹੈ ਕਿ ਅਸੀ ਰਿਸਤਿਆਂ ਦੇ ਚੰਗਲ ਚੋ ਆਜਾਦ ਹੋਣਾ ਲੋਚਦੇ ਹਾਂ ਤੇ ਪੁਰਾਣੀਆਂ ਕਦਰਾਂ ਕੀਮਤਾਂ ਤੋ ਕਿਨਾਰਾ ਕਰ ਰਹੇ ਹਾਂ। ਕਦੇ ਗਰੀਬ ਦੀ ਜ਼ੋਰੂ ਸਭ ਦੀ ਭਾਬੀ ਹੁੰਦੀ ਸੀ। ਪਰ ਅੱਜ ਕੱਲ ਲੋਕ ਬਿਨਾ ਵਿਚਾਰੇ ਹੀ ਬੇਤੁੱਕਾ ਰਿਸਤਾ ਨਾਲ ਸੰਬੋਧਨ ਕਰਦੇ ਹਨ। ਕਈ ਵਾਰੀ ਤਾਂ ਉਮਰਾਂ ਦੇ ਫਾਸਲੇ ਵੀ ਇਹਨਾ ਬੇਤੁਕੇ ਰਿਸਤਿਆਂ ਦੀ ਭੇਟ ਚੜ੍ਹ ਜਾਂਦੇ ਹਨ। ਵੈਸੇ ਤਾਂ ਬਠਿੰਡਾ ਮੇਰੀ ਸੁਸਰਾਲ ਭੂਮੀ ਹੈ ਪਰ ਉਥੋ ਦਾ ਹੀ ਮੇਰਾ ਇੱਕ ਲਿਹਾਜੀ ਜੋ ਮੈਥੋ ਦੱਸ ਪੰਦਰਾਂ ਸਾਲ ਵੱਡਾ ਹੈ ਮੇਰੀ ਘਰਵਾਲੀ ਨੂੰ ਭਰਜਾਈ ਆਖਕੇ ਸੰਬੋਧਨ ਕਰਦਾ ਹੈ । ਚਾਹੇ ਇਹ ਕੋਈ ਖਾਸ ਗੱਲ ਨਹੀ ਪਰ ਅੱਟਪਟਾ ਜਿਹਾ ਜਰੂਰ ਲੱਗਦਾ ਹੈ।ਤੇ ਟੋਕਣ ਨੂੰ ਦਿਲ ਵੀ ਨਹੀ ਕਰਦਾ।
ਅੋਰਤਾਂ ਦੇ ਵਿੱਚ ਇਸ ਗੱਲ ਨੂੰ ਲੈਕੇ ਅਕਸਰ ਈਰਖਾ ਪਨਪਦੀ ਹੈ ਤੇ ਇੱਕ ਦੂਜੀ ਨੂੰ ਮਾਤ ਦੇਣ ਦੇ ਚੱਕਰ ਵਿੱਚ ਉਹ ਆਮ ਤੋਰ ਤੇ ਆਂਟੀ ਸਬਦ ਦਾ ਪ੍ਰਯੋਗ ਕਰਦੀਆਂ ਹਨ। ਤਾਂਕਿ ਸਾਹਮਣੀ ਅੋਰਤ ਦੀ ਉਮਰ ਨੂੰ ਥੋੜਾ ਵੱਡਾ ਦਿਖਾਇਆ ਜਾ ਸਕੇ। ਦੀਦੀ ਸਬਦ ਤਾਂ ਉਹ ਮਤਲਬ ਵੇਲੇ ਹੀ ਵਰਤਦੀਆਂ ਹਨ। ਕਾਫੀ ਪੁਰਾਣੀ ਗੱਲ ਹੈ ਉਦੋ ਮੇਰੇ ਫੁਫੜ ਜੀ ਨੇ ਅਜੇ ਆਪਣੀ ਦਾਹੜੀ ਡਾਈ ਕਰਨੀ ਸੁਰੂ ਨਹੀ ਸੀ ਕੀਤੀ। ਇੱਕ ਦਿਨ ਜਦੌ ਉਹ ਗੁਰੂਦਵਾਰੇ ਤੋ ਆ ਰਹੇ ਸੀ ਤਾਂ ਇੱਕ ਮਾਈ ਜੋ ਕਾਫੀ ਵਢੇਰੀ ਉਮਰ ਦੀ ਸੀ ਕਹਿੰਦੀ ਬਾਬਾ ਜੀ ਸੰਗਰਾਂਦ ਕਦੋ ਹੈ। ਫੁਫੱੜ ਜੀ ਉਸਦੇ ਇਸ ਸੰਬੋਧਨ ਤੌ ਇੱਕ ਦਮ ਹੈਰਾਨ ਰਹਿ ਗਏ ਤੇ ਬੇਟਾ ਹੁਣੇ ਭਾਈ ਜੀ ਨੂੰ ਪੁੱਛਕੇ ਦੱਸਦਾ ਹਾਂ। ਉਹਨਾਂ ਨੇ ਬੜੇ ਠਰੰਮੇ ਨਾਲ ਉੱਤਰ ਦਿੱੱਤਾ। ਤੇ ਹੁਣ ਪੁਛਣ ਵਾਲੀ ਮਾਈ ਡੌਰ ਭੌਰ ਹੋ ਗਈ। ਹੁਣ ਵੀ ਫੁਫੱੜ ਜੀ ਕਈ ਵਾਰੀ ਇਹ ਗੱਲ ਚਿਤਾਰਦੇ ਹਨ।
ਖੂਨੀ ਰਿਸਤਿਆਂ ਦੇ ਵਿੱਚ ਵੀ ਬਹੁਤ ਤਰਾਂ ਦੀਆਂ ਗੱਲਾਂ ਹੋ ਜਾਂਦੀਆਂ ਹਨ। ਪਹਿਲਾਂ ਵੱਟੇ ਦੇ ਰਿਸਤੇ ਹੁੰਦੇ ਸਨ। ਓਹੀ ਮਾਮਾ ਤੇ ਓਹੀ ਫੁਫੱੜ ਹੁੰਦਾ ਸੀ ਪਰ ਲੋਕ ਫੁਫੜ ਅਖਵਾਕੇ ਜਿਆਦਾ ਖੁਸ ਹੁੰਦੇ ਸਨ। ਤੇ ਉਹ ਆਪਣੇ ਭਾਣਜਿਆਂ ਨੂੰ ਫੁਫੜ ਆਖਣ ਲਈ ਪ੍ਰੇਰਿਤ ਕਰਦੇ ਤੇ ਗੋਲੀਆਂ ਟੋਫੀਆਂ ਦਾ ਲਾਲਚ ਵੀ ਦਿੰਦੇ। ਯਾਰ ਮੈਨੂੰ ਫੁਫੜ ਨਾ ਆਖੀ ਮੇਰਾ ਢਿੱਡ ਦੁਖਣ ਲੱਗ ਜਾਵੇਗਾ । ਉਹ ਅਕਸਰ ਭਾਣਜਿਆਂ ਨੂੰ ਕਹਿੰਦੇ ਤੇ ਸਰਾਰਤੀ ਭਾਣਜੇ ਮਾਮੇ ਨੂੰ ਫੁਫੜ ਫੁਫੜ ਆਖ ਕੇ ਚਿੜਾਉਂਦੇ। ਇਸੇ ਤਰਾਂ ਕਈ ਲੋਕ ਇੱਕ ਥਾਂ ਵਿਆਹੀਆਂ ਦੋ ਭੈਣਾਂ ਨੂੰ ਭਾਬੀ ਤੇ ਸਾਲੀ ਆਖਣ ਦਾ ਮਜਾ ਲੈਦੇ।
ਇਹੀ ਸੰਬੋਧਨ ਕਈ ਵਾਰੀ ਵਿਗੜੇ ਕੰਮ ਸੰਵਾਰ ਦਿੰਦਾ ਹੈ ਤੇ ਕਈ ਵਾਰੀ ਸਾਰਾ ਮਾਮਲਾ ਹੀ ਉਲਟਾ ਦਿੰਦਾ ਹੈ।ਸਿਆਣੇ ਅਪਰਾਧੀ ਸਿਪਾਹੀ ਨੂੰ ਹੋਲਦਾਰ ਤੇ ਹੋਲਦਾਰ ਨੂੰ ਥਾਣੇਦਾਰ ਆਖ ਕੇ ਆਪਣਾ ਮਤਲਬ ਕੱਢ ਲੈਂਦੇ ਹਨ। ਪਰ ਕੁਝ ਲੋਕ ਉਲਟ ਬੋਲਕੇ ਸਾਰਾ ਮਾਮਲਾ ਹੀ ਵਿਗਾੜ ਲੈੱਦੇ ਹਨ। ਕਈ ਆਦਮੀ ਦਫਤਰ ਦੇ ਵੱਡੇ ਬਾਬੂ ਨੂੰ ਕਲਰਕ ਸਾਹਿਬ ਆਖਕੇ ਆ ਬੈਲ ਮੁਝੇ ਮਾਰ ਵਾਲੇ ਹਾਲਾਤ ਪੈਦਾ ਕਰ ਲੈਂਦੇ ਹਨ। ਤੇ ਕਈ ਕਲਰਕ ਨੂੰ ਵੱਡਾ ਸਾਹਿਬ ਆਖਕੇ ਆਪਣਾ ਮਤਲਬ ਕੱਢ ਲੈਂਦੇ ਹਨ। ਗੱਲ ਸਿਰਫ ਸੰਬੋਧਨ ਤੇ ਹੀ ਨਿਰਭਰ ਕਰਦੀ ਹੈ। ਤੇ ਇਹ ਸੰਬੋਧਨ ਵੀ ਅਕਲ ਨਾਲ ਕੀਤਾ ਜਾਂਦਾ ਹੈ। ਇਸ ਵਿੱਚ ਸਾਡੀ ਸੋਚ ਦਾ ਵੀ ਪਤਾ ਚੱਲਦਾ ਹੈ। ਕਿਸੇ ਨੂੰ ਕੀ ਆਖ ਕੇ ਬੁਲਾਇਆ ਜਾ ਬੁਲਾਉਣਾ ਹੈ ਇਹ ਬਹੁਤ ਸਮਝਦਾਰੀ ਦਾ ਵਿਸ਼ਾ ਹੈ। ਤੇ ਪੂਰੀ ਸਿਆਣਪ ਨਾਲ ਸੰਬੋਧਨ ਦੀ ਚੋਣ ਕਰਨੀ ਹੀ ਅਸਲੀ ਸਿਆਣਪ ਹੈ।
ਰਮੇਸ ਸੇਠੀ ਬਾਦਲ
ਮੋ 98 766 27 233
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj



