(ਸਮਾਜਵੀਕਲੀ)- ਇੱਕ ਵਾਰ ਦੀ ਗੱਲ ਹੈ ਯਾਤਰੂਆਂ ਨਾਲ ਭਰੀ ਹੋਈ ਇੱਕ ਬੱਸ ਕਿਸੇ ਸਥਾਨ ਵੱਲ ਜਾ ਰਹੀ ਸੀ । ਅਚਾਨਕ ਹੀ ਮੌਸਮ ਬਦਲਿਆ ਅਤੇ ਧੂੜ ਭਰੀ ਹਨੇਰੀ ਚੱਲਣ ਲੱਗੀ । ਕਾਫੀ ਦੇਰ ਹਨੇਰੀ ਚੱਲਣ ਦੇ ਬਾਅਦ ਅਚਾਨਕ ਹੀ ਬੜੇ ਜ਼ੋਰ ਦੇ ਨਾਲ ਬਾਰਿਸ਼ ਹੋਣ ਲੱਗ ਪਈ। ਬਿਜਲੀ ਕੜਕਦੀ ਹੋਈ ਜਦੋਂ ਹੇਠਾਂ ਵੱਲ ਆਉਂਦੀ ਤਾਂ ਇੰਝ ਲੱਗਦਾ ਕਿ ਹੁਣ ਜਾਨ ਗਈ । ਅਜਿਹਾ ਕਈ ਵਾਰ ਹੋਇਆ । ਸਾਰਿਆਂ ਦਾ ਸਾਹ ਅੱਗੇ ਦਾ ਅੱਗੇ ਪਿੱਛੇ ਦਾ ਪਿੱਛੇ ਰਹਿ ਗਿਆ। ਡਰਾਈਵਰ ਨੇ ਅਖੀਰ ਵਿੱਚ ਬੱਸ ਨੂੰ ਇੱਕ ਦਰੱਖਤ ਤੋਂ ਪੰਜਾਹ ਕਦਮ ਦੀ ਦੂਰੀ ‘ਤੇ ਰੋਕ ਲਿਆ ਅਤੇ ਯਾਤਰੂਆਂ ਨੂੰ ਕਿਹਾ ਕਿ ਇਸ ਬੱਸ ਵਿੱਚ ਕੋਈ ਇੱਕ ਅਜਿਹਾ ਯਾਤਰੂ ਬੈਠਿਆ ਹੋਇਆ ਹੈ, ਜਿਸ ਦੀ ਮੌਤ ਅੱਜ ਹੋਣੀ ਸੰਭਵ ਹੈ ।
ਇਹ ਬਿਜਲੀ ਅੱਜ ਉਸੇ ਯਾਤਰੂ ਦੇ ਨਾਂਅ ‘ਤੇ ਕੜਕ ਰਹੀ ਹੈ । ਉਸ ਦੇ ਨਾਲ – ਨਾਲ ਕਿਤੇ ਸਾਨੂੰ ਵੀ ਆਪਣੀ ਜਿੰਦਗੀ ਤੋਂ ਹੱਥ ਨਾ ਧੋਣਾ ਪੈ ਜਾਵੇ। ਇਸ ਲਈ ਸਾਰੇ ਯਾਤਰੂ ਇੱਕ – ਇੱਕ ਕਰਕੇ ਜਾਓ ਅਤੇ ਉਸ ਦਰੱਖਤ ਨੂੰ ਹੱਥ ਲਗਾ ਕੇ ਆਓ । ਜੋ ਵੀ ਬਦ – ਕਿਸਮਤ ਹੋਵੇਗਾ , ਉਸ ਉੱਤੇ ਬੱਸ ਤੋਂ ਦਰੱਖਤ ਤੱਕ ਆਉਣ ਜਾਣ ਸਮੇਂ ਦੌਰਾਨ ਬਿਜਲੀ ਗਿਰ ਜਾਵੇਗੀ ਅਤੇ ਬੱਸ ਵਿੱਚ ਬੈਠੇ ਬਾਕੀ ਸਾਰੇ ਯਾਤਰੂ ਬਚ ਜਾਣਗੇ । ਸਭ ਤੋਂ ਪਹਿਲਾਂ ਜਿਸ ਦੀ ਵਾਰੀ ਸੀ , ਉਸ ਨੂੰ ਦੋ – ਤਿੰਨ ਯਾਤਰੂਆਂ ਨੇ ਜਬਰਦਸਤੀ ਧੱਕਾ ਦੇ ਕੇ ਬੱਸ ਤੋਂ ਥੱਲੇ ਹੇਠਾਂ ਉਤਾਰ ਦਿੱਤਾ। ਉਹ ਹੌਲੀ – ਹੌਲੀ ਦਰੱਖਤ ਤੱਕ ਗਿਆ ਅਤੇ ਫਿਰ ਡਰਦੇ – ਡਰਦੇ ਦਰੱਖਤ ਨੂੰ ਹੱਥ ਲਗਾ ਕੇ ਵਾਪਸ ਭੱਜਿਆ ਹੋਇਆ ਬੱਸ ਵਿੱਚ ਆ ਕੇ ਬੈਠ ਗਿਆ । ਇਸੇ ਤਰ੍ਹਾਂ ਇੱਕ – ਇੱਕ ਕਰਕੇ ਸਭ ਯਾਤਰੂ ਜਾਂਦੇ ਰਹੇ ਅਤੇ ਭੱਜਦੇ ਹੋਏ ਬੱਸ ਵਿੱਚ ਆ ਕੇ ਬੈਠਦੇ ਰਹੇ ਅਤੇ ਸੁੱਖ ਦਾ ਸਾਹ ਲੈਂਦੇ ਰਹੇ । ਅੰਤ ਵਿੱਚ ਕੇਵਲ ਇੱਕ ਯਾਤਰੂ ਬਚ ਗਿਆ । ਉਸਨੇ ਸੋਚਿਆ ਮੇਰੀ ਮੌਤ ਤਾਂ ਅੱਜ ਨਿਸ਼ਚਿਤ ਹੀ ਹੈ । ਬੱਸ ਵਿੱਚ ਬੈਠੇ ਬਾਕੀ ਯਾਤਰੂਆਂ ਦੀ ਨਜ਼ਰ ਉਸ ਨੂੰ ਕਿਸੇ ਅਪਰਾਧੀ ਦੀ ਤਰ੍ਹਾਂ ਘੂਰ ਰਹੀ ਸੀ ਕਿ ਇਹ ਯਾਤਰੂ ਅੱਜ ਸਾਡੀ ਜਾਨ ਵੀ ਲੈ ਬੈਠੇਗਾ । ਉਨ੍ਹਾਂ ਨੇ ਉਸ ਯਾਤਰੀ ਨੂੰ ਜ਼ਬਰਦਸਤੀ ਬੱਸ ਦੇ ਹੇਠਾਂ ਉਤਾਰ ਦਿੱਤਾ ।
ਉਹ ਦੁਖੀ ਅਤੇ ਭਰੇ ਮਨ ਦੇ ਨਾਲ ਜਿਵੇਂ ਹੀ ਦਰੱਖਤ ਦੇ ਕੋਲ ਪਹੁੰਚਿਆ ਅਤੇ ਜਿਵੇਂ ਹੀ ਉਸ ਨੇ ਦਰੱਖਤ ਨੂੰ ਹੱਥ ਲਗਾਇਆ , ਇੱਕ ਤੇਜ਼ ਆਵਾਜ਼ ਦੇ ਨਾਲ ਅਸਮਾਨੀ ਬਿਜਲੀ ਕੜਕੀ ਅਤੇ ਬੱਸ ਉੱਤੇ ਗਿਰ ਗਈ । ਦੇਖਦੇ ਹੀ ਦੇਖਦੇ ਬੱਸ ਜਲ ਕੇ ਰਾਖ ਹੋ ਗਈ ਅਤੇ ਉਸ ਵਿੱਚ ਬੈਠੇ ਸਾਰੇ ਯਾਤਰੂ ਮਾਰੇ ਗਏ ; ਸਿਰਫ ਉਸ ਇੱਕ ਯਾਤਰੀ ਨੂੰ ਛੱਡ ਕੇ , ਜਿਸ ਨੂੰ ਸਾਰੇ ਲੋਕ ਕੁਝ ਦੇਰ ਪਹਿਲਾਂ ਤੱਕ ਬਦ – ਕਿਸਮਤ ਅਤੇ ਆਪਣੀ ਪ੍ਰੇਸ਼ਾਨੀ ਦੀ ਜੜ੍ਹ ਸਮਝ ਰਹੇ ਸਨ। ਉਹ ਨਹੀਂ ਜਾਣਦੇ ਸਨ ਕਿ ਉਸ ਦੀ ਵਜ੍ਹਾ ਦੇ ਨਾਲ ਹੀ ਸਭ ਦੀ ਜਾਨ ਬਚੀ ਹੋਈ ਸੀ । ਸੱਚਮੁੱਚ ਕੁਦਰਤ ਦੇ ਰੰਗ ਅਤੇ ਕਾਦਰ ਦੀ ਲੀਲ੍ਹਾ ਬਹੁਤ ਨਿਆਰੇ ਹਨ , ਜਿਸ ਨੂੰ ਸਮਝਣਾ ਇਨਸਾਨ ਦੇ ਵੱਸ ਤੋਂ ਬਾਹਰ ਹੁੰਦਾ ਹੈ ।
ਅੰਤਰਰਾਸ਼ਟਰੀ ਲੇਖਕ
ਮਾਸਟਰ ਸੰਜੀਵ ਧਰਮਾਣੀ
ਸ੍ਰੀ ਅਨੰਦਪੁਰ ਸਾਹਿਬ
9478561356
ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly