(ਸਮਾਜ ਵੀਕਲੀ)
ਹੋਲੀ ਦੇ ਰੰਗ, ਰੰਗ ਬਿਰੰਗੇ,
ਲੱਗਦੇ ਸਾਨੂੰ ਬੜੇ ਹੀ ਚੰਗੇ।
ਦੇਖ ਬੱਚਿਆਂ ਨੂੰ ਰੱਬ ਵੀ ਹੱਸਦਾ,
ਸਿਰ ਮੂੰਹ ਪਏ ਨੇ ਸੱਭ ਦੇ ਰੰਗੇ।
ਹੋਲੀ ਦੇ ਰੰਗ….
ਹੋਲੀ ਦਾ ਤਿਉਹਾਰ ਹੈ ਸੋਹਣਾ,
ਨਾ ਕੋਈ ਰੋਣਾ, ਨਾ ਕੋਈ ਧੋਣਾ।
ਆ ਜਾਓ ਸਾਰੇ ਨੱਚੀਏ ਗਾਈਏ,
ਪਾ ਲਓ ਜੀਹਨੇ ਭੰਗੜਾ ਪੌਣਾ।
ਨਸ਼ਿਆਂ ਤੋਂ ਪਰ ਦੂਰ ਹੈ ਰਹਿਣਾ,
ਕਰਨੇ ਨਹੀਂ ਨਸ਼ੇ ਵਿੱਚ ਪੰਗੇ।
ਹੋਲੀ ਦੇ ਰੰਗ…..
ਖੁਸ਼ੀਆਂ ਨੂੰ ਤਾਂ ਰਾਹ ਹੈ ਚਾਹੀਦੇ,
ਆਪੇ ਅਸੀਂ ਪੁਆੜੇ ਪਾਈਦੇ।
ਤਰ੍ਹਾਂ-ਤਰ੍ਹਾਂ ਦੀ ਲੈ ਕੇ ਚਿੰਤਾ,
ਆਪਣੇ ਆਪ ਨੂੰ ਰੋਗ ਲਗਾਈਦੇ।
ਇੱਕ ਦੂਜੇ ਨੂੰ ਨਾਲ਼ ਰਲਾ਼ ਲਓ,
ਹੱਥਾਂ ਦੇ ਬਣਾ ਲਓ ਕੰਘੇ।
ਹੋਲੀ ਦੇ ਰੰਗ…..
ਹੋਲੀ ਤੇ ਸੱਭ ਬੁਰਾਈਆਂ ਛੱਡੋ।
ਵੈਰ ਮਨਾਂ ਦੇ ਵਿੱਚੋਂ ਕੱਢੋ।
ਹੋਲਿਕਾ ਦਹਨ ਕਰ ਦਿਓ ਸਾਰੀ,
ਨਫ਼ਰਤ ਨੂੰ ਤਾਂ ਜੜ੍ਹੋਂ ਹੀ ਵੱਢੋ।
ਹੋਰ ਨਾ ਕੋਈ ਤੋਹਫ਼ਾ ਚਾਹਵੇ,
‘ਮਨਜੀਤ’ ਦਿਲਾਂ ਵਿੱਚ ਜਗ੍ਹਾ ਹੀ ਮੰਗੇ।
ਹੋਲੀ ਦੇ ਰੰਗ ਰੰਗ ਬਿਰੰਗੇ,
ਲੱਗਦੇ ਮੈਨੂੰ ਬੜੇ ਹੀ ਚੰਗੇ।
ਮਨਜੀਤ ਕੌਰ ਧੀਮਾਨ,
ਸ਼ੇਰਪੁਰ, ਲੁਧਿਆਣਾ।
ਸੰ:9464633059
‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly