ਨਵੀਂ ਦਿੱਲੀ (ਸਮਾਜ ਵੀਕਲੀ): ਭਾਰਤੀ ਕਿਸਾਨ ਯੂਨੀਅਨ ਦੇ ਬੁਲਾਰੇ ਰਾਕੇਸ਼ ਟਿਕੈਤ ਨੇ ਕਿਹਾ ਹੈ ਕਿ ਭਾਰਤ ਬੰਦ ਪੂਰੀ ਤਰ੍ਹਾਂ ਸਫ਼ਲ ਰਿਹਾ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਬੰਦ ਦੌਰਾਨ ਭਰਪੂਰ ਸਮਰਥਨ ਮਿਲਿਆ ਹੈ। ਉਨ੍ਹਾਂ ਕਿਹਾ ਕਿ ਸੰਯੁਕਤ ਕਿਸਾਨ ਮੋਰਚੇ ਵੱਲੋਂ ਛੇਤੀ ਹੀ ਭਵਿੱਖ ਦੀ ਰਣਨੀਤੀ ਬਣਾਈ ਜਾਵੇਗੀ। ‘ਅਸੀਂ ਹਰ ਚੀਜ਼ ਨੂੰ ਸੀਲ ਨਹੀਂ ਕਰ ਸਕਦੇ ਹਾਂ ਇਸ ਕਰਕੇ ਲੋਕਾਂ ਨੂੰ ਆਵਾਜਾਈ ਦੀ ਸਹੂਲਤ ਵੀ ਦਿੱਤੀ ਗਈ ਹੈ। ਅਸੀਂ ਸਰਕਾਰ ਨਾਲ ਗੱਲਬਾਤ ਲਈ ਤਿਆਰ ਹਾਂ, ਪਰ ਕੋਈ ਗੱਲਬਾਤ ਨਹੀਂ ਹੋ ਰਹੀ ਹੈ।’
ਟਿਕੈਤ ਨੇ ਬੰਦ ਕਾਰਨ ਲੋਕਾਂ ਨੂੰ ਹੋਈ ਤਕਲੀਫ਼ ’ਤੇ ਕਿਹਾ ਕਿ ਉਹ ਕਿਸਾਨਾਂ ਦੇ ਹੱਕਾਂ ਲਈ ਇਕ ਦਿਨ ਆਈ ਦਿੱਕਤ ਨੂੰ ਭੁਲਾ ਦੇਣ। ਉਨ੍ਹਾਂ ਕਿਹਾ ਕਿ ਕਿਸਾਨ ਪਿਛਲੇ 10 ਮਹੀਨਿਆਂ ਤੋਂ ਆਪਣੇ ਘਰ-ਬਾਰ ਛੱਡ ਕੇ ਸੜਕਾਂ ’ਤੇ ਹਨ ਪਰ ਬੋਲੀ ਅਤੇ ਅੰਨ੍ਹੀ ਸਰਕਾਰ ਨੂੰ ਕੁਝ ਵੀ ਨਜ਼ਰ ਨਹੀਂ ਆ ਰਿਹਾ ਹੈ ਅਤੇ ਨਾ ਹੀ ਉਹ ਕੁਝ ਸੁਣ ਰਹੀ ਹੈ। ਉਨ੍ਹਾਂ ਕਿਹਾ ਕਿ ਯੂਪੀ ’ਚ ਯੋਗੀ ਆਦਿੱਤਿਆਨਾਥ ਨੇ ਮੈਨੀਫੈਸਟੋ ਵਿੱਚ ਗੰਨੇ ਦੀ ਕੀਮਤ 375-450 ਰੁਪਏ ਤੱਕ ਵਧਾਉਣ ਦਾ ਵਾਅਦਾ ਕੀਤਾ ਸੀ ਪਰ ਉਨ੍ਹਾਂ ਇਸ ਵਿੱਚ ਸਿਰਫ਼ 25 ਰੁਪਏ ਦਾ ਵਾਧਾ ਕੀਤਾ ਹੈ। ਉਨ੍ਹਾਂ ਕਿਹਾ ਕਿ ਸਰਕਾਰ ਪੂਰੀ ਤਰ੍ਹਾਂ ਅਸਫ਼ਲ ਹੋ ਚੁੱਕੀ ਹੈ ਅਤੇ ਫਸਲਾਂ ਨੂੰ ਘੱਟੋ ਘੱਟ ਸਮਰਥਨ ਮੁੱਲ ’ਤੇ ਨਹੀਂ ਖਰੀਦਿਆ ਜਾ ਰਿਹਾ ਹੈ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly