(ਸਮਾਜ ਵੀਕਲੀ)
ਦੱਸੋ ਮੈਂ ਕੀ ਕਰਾਂ
ਕਿਉਂ ਨਾਂ ਡਰਾਂ
ਕਈਆਂ ਦੇ ਕਿਰਦਾਰ ਦੇ ਸਾਹਮਣੇ
ਪਾਤਰ ਹਾਰ ਜਾਂਦੇ ਨੇ
ਭਾਵੇਂ ਉਹ ਇਤਹਾਸ ਦੇ ਹੋਣ
ਜਾਂ
ਮਿਥਹਾਸ ਦੇ ਹੋਣ
ਹੋ ਜਾਂਦੇ ਨੇਂ ਫੇਲ੍ਹ
ਵੱਡੇ ਵੱਡੇ
ਲਿਖੇ ਨਾਟਕਾਂ ਦੇ
ਸਿਰਜੇ ਓਹਲੇ
ਤੇ
ਵੱਡੀਆਂ ਵੱਡੀਆਂ
ਸਫ਼ਲ ਫ਼ਿਲਮਾਂ ਚੋਂ
ਉਘੜੇ ਚਰਿਤਰ
ਬੜੇ ਹੀ ਪੇਤਲੇ਼
ਲਗਦੇ ਨੇ
ਕਈ ਵਾਰ ਤਾਂ
ਸਮਾਂ ਵੀ ਸੋਚਦਾ ਹੈ
ਤੇ
ਆਪਣੀ ਅਕਲ ਨੋਚਦਾ ਹੈ
ਨਵੇਂ ਨਕਸਾਂ
ਵਚਿੱਤਰ ਅਕਸਾ਼ਂ
ਨੂੰ ਵੇਖ ਕੇ
ਤੇ
ਚੰਨ ‘ਤੇ
ਚਰਖ਼ਾ ਕੱਤਦੀ ਬੁੱਢੀ
ਉੱਤਰ ਆਉਂਦੀ ਹੈ
ਧਰਤੀ ‘ਤੇ
ਅਜਬ ਸਿਰਜੀਆਂ
ਗੁੰਝਲਦਾਰ ਤੰਦਾਂ ਨੂੰ ਵੇਖ
ਸਾਗਰਾਂ ਦੇ ਜਵਾਰਭਾਟੇ
ਖਿਲਾਰ ਝਾਟੇ
ਆਪਣੇ ਹੀ ਵਾਲ਼
ਪੁੱਟਣ ਲੱਗਦੇ ਨੇ
ਹਾਰ ਹੰਭ ਗਈ
ਆਪਣੀ ਸਮਝ ਤੇ ਰਮਜ਼ ਨੂੰ ਵੇਖ
ਕੁੱਝ ਇਵੇ ਹੀ
ਤਪਣ ਦੀ ਥਾਂ
ਠੰਡਾ ਹੋਣ ਲਗਦਾ ਹੈ
ਸੂਰਜ ਦਾ ਸੇਕ
ਆਪਣੇ ਕੱਦ ਨੂੰ ਮੇਚ
ਸਿਰਜੇ ਬਿਰਤਾਂਤਾਂ ਨੂੰ ਵੇਖ
ਕਿ ਉਹ ਕਿਸ ਪੜਾਅ ਤੇ
ਪੁੱਜ ਗਿਆ ਹੈ
ਜਿਥੇ ਸਭ ਕੁੱਝ
ਅਜ਼ੀਬ ਜਿਹਾ ਹੈ
ਬਸ ਇਤਬਾਰ
ਮਰ ਗਿਆ ਹੈ
ਅਜਿਹੇ ਸਮਿਆਂ ‘ਚ
ਮਿਆਰੀ ਕਿਰਦਾਰ ਦੀ ਬਾਤ ਪਾਉਣਾਂ
ਇਖਲਾਕ ਦੇ ਸਿਵੇ ਜਗਾਉਣਾਂ
ਪਾਗਲਪਣ ਹੀ ਤਾਂ ਲੱਗਦਾ ਹੈ
ਜਦੋਂ
ਚੌਰਾਹਿਆਂ ਦੇ ਵਿਚਕਾਰ
ਸਮਾਂ ਠੱਗਦਾ ਹੈ
ਲਲਕਰ੍ਹਾ ਮਾਰ।
ਹਾਂ
ਇਹ ਬੜੀ
ਪੀੜਾਂ ਭਰੀ ਰੁੱਤ ਹੈ
ਪਰ
ਸਮਿਆਂ ਨੂੰ ਕੋਈ ਤਾਂ
ਮੁਖ਼ਾਤਿਬ ਹੋਏਗਾ ?
ਦੁਖਦੀ ਰਗ਼ ਨੂੰ ਟੋਹੇਗਾ
ਅਜਿਹੇ ਰੀੜ੍ਹਹੀਣ ਸਮੇਂ
ਸਦਾਂ ਨਹੀਂ ਰਹਿੰਦੇ
ਚਲੋ ਕੋਈ
ਮਨ ਦੇ ਹਾਣੀ ਦੇ
ਨਵੀਂ ਕਹਾਣੀ ਦੇ
ਲਾਇਕ
ਨਾਇਕ
ਆਪਣੇ ਅੰਦਰੋਂ
ਭਾਲ਼ ਲਈਏ
ਜਿਥੋਂ ਜਿੰਦਗੀ ਦੇ
ਸੋਹਣੇ ਨਵੇਂ ਨਾਟਕ ਦੀ
ਸ਼ੁਰੂਆਤ ਹੋਵੇ
ਤੇ
ਗੁੰਝਲਾਂ ਦੇ
ਹੋਵੇ ਆਰ ਪਾਰ
ਆਪਣਾ ਮੁੱਖ ਨਿਖ਼ਾਰ
ਕਰੇ ਨਵੇਂ
ਚਾਨਣ ਦਾ ਵਿਸਥਾਰ
ਤੇ ਮੇਟ ਧਰੇ ਸਾਰੇ
ਉਭਰ ਰਹੇ
ਨਿੱਘਰੇ ਕਿਰਦਾਰ
ਜੇਕਰ
ਅਜਿਹਾ ਨਹੀਂ ਕਰਨਾਂ
ਅੱਗੇ ਕਦਮ ਨਹੀਂ ਧਰਨਾ
ਫਿਰ ਦੱਸੋ
ਮੈਂ ਕੀ ਕਰਾਂ
ਇਸ ਰਾਤ ‘ਚ
ਚਲ ਰਹੀ ਬਾਤ ‘ਚ
ਹੁੰਗਾਰਾਂ ਕਿਉਂ ਭਰਾਂ?
ਦੱਸੋ ਮੈਂ ਕੀ ਕਰਾਂ
ਅਜਿਹੇ ਗੁੰਝਲਦਾਰ
ਬੌਣੇ ਤੇ ਬੀਮਾਰ
ਝੂੰਮਣ ਮਾਟਾ ਮਾਰ
ਸਿਰੇ ਦੇ ਡੰਗ ਸਾਰ
ਕਿਰਦਾਰਾਂ ਸਾਹਵੇਂ?
ਡਾ ਮੇਹਰ ਮਾਣਕ
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly