ਲੁਟੇਰਿਆਂ ਨੂੰ ਦਬੋਚਨ ਵਾਲੀ ਬਹਾਦਰ ਲੜਕੀ ਐੱਸ ਐੱਸ ਪੀ ਵੱਲੋਂ ਸਨਮਾਨਿਤ

ਲੁਟੇਰੇ ਗੁਰਵਿੰਦਰ ਕੌਰ ਦੀ ਮਾਂ ਦਾ ਫੋਨ ਖੋਹ ਕੇ ਹੋਏ ਸੀ ਫ਼ਰਾਰ

ਅੰਬੇਡਕਰ ਸੁਸਾਇਟੀ ਆਰ ਸੀ ਐੱਫ ਨੇ ਪੰਜਾਬ ਸਰਕਾਰ ਤੋਂ ਕੀਤੀ ਗੁਰਵਿੰਦਰ ਕੌਰ ਨੂੰ ਪੰਜਾਬ ਪੁਲਿਸ ਵਿੱਚ ਭਰਤੀ ਕਰਨ ਦੀ ਮੰਗ

ਕਪੂਰਥਲਾ (ਸਮਾਜ ਵੀਕਲੀ) (ਕੌੜਾ)-ਗੁਰਵਿੰਦਰ ਕੌਰ ਦੇ ਇਸ ਦਲੇਰੀ ਭਰੇ ਕਾਰਨਾਮੇ ਨੂੰ ਦੇਖਦੇ ਹੋਏ ਜਿਸ ਨੇ ਸ਼ੁੱਕਰਵਾਰ ਨੂੰ ਕਪੂਰਥਲਾ ਦੀ ਸਬ-ਡਵੀਜ਼ਨ ਸੁਲਤਾਨਪੁਰ ਲੋਧੀ ‘ਚ ਦੋ ਮੋਟਰਸਾਈਕਲ ਸਵਾਰ ਨੌਜਵਾਨ ਜੋ ਉਸ ਦੀ ਮਾਂ ਦਾ ਮੋਬਾਈਲ ਫੋਨ ਖੋਹ ਕੇ ਲੈ ਗਏ ਸੀ। ਪਰ ਗੁਰਵਿੰਦਰ ਕੌਰ ਤੇ ਉਨ੍ਹਾਂ ਦੁਆਰਾਂ ਹਮਲਾ ਕਰਨ ਦੇ ਬਾਵਜੂਦ ਉਨ੍ਹਾਂ ਨੂੰ ਫੜਨ ‘ਚ ਕਾਮਯਾਬ ਰਹੀ, ਕਪੂਰਥਲਾ ਦੇ ਸੀਨੀਅਰ ਪੁਲਸ ਕਪਤਾਨ ਹਰਕਮਲਪ੍ਰੀਤ ਸਿੰਘ ਖੱਖ ਨੇ ਸ਼ੁੱਕਰਵਾਰ ਨੂੰ ਇਸ ਬਹਾਦਰ ਲੜਕੀ ਨੂੰ ਪ੍ਰਸ਼ੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ। ਹਰਕਮਲਪ੍ਰੀਤ ਸਿੰਘ ਖੱਖ ਨੇ ਗੁਰਵਿੰਦਰ ਕੌਰ ਨੂੰ ਉਸਦੇ ਮਾਤਾ-ਪਿਤਾ ਸਮੇਤ ਐਸਐਸਪੀ ਦਫ਼ਤਰ ਕਪੂਰਥਲਾ ਵਿਖੇ ਚਾਹ ਦੇ ਕੱਪ ਲਈ ਬੁਲਾਇਆ ਅਤੇ ਉਸ ਦੀ ਬਹਾਦਰੀ ਦੀ ਸ਼ਲਾਘਾ ਕੀਤੀ। ਉਨ੍ਹਾਂ ਕਿਹਾ ਕਿ ਗੁਰਵਿੰਦਰ ਹੋਰ ਲੜਕੀਆਂ ਲਈ ਆਈਡਲ ਬਣ ਕੇ ਸਮਾਜ ਦਾ ਮਾਣ ਵਧਾਇਆ ਹੈ।

ਐਸਐਸਪੀ ਨੇ ਦੱਸਿਆ ਕਿ ਘਟਨਾ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ ਹੈ ਅਤੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ ਹੈ। ਲੜਕੀ ਦੀ ਮਾਤਾ ਪਿੰਡ ਸਤਰੰਗੜਾ ਵਿੱਚ ਆਪਣੇ ਘਰ ਦੇ ਬਾਹਰ ਬੈਠੀ ਸੀ ਜਦੋਂ ਦੋ ਨਕਾਬਪੋਸ਼ ਨੌਜਵਾਨ ਆਏ ਅਤੇ ਉਸ ਦੀ ਮਾਂ ਦਾ ਮੋਬਾਈਲ ਖੋਹ ਕੇ ਫ਼ਰਾਰ ਹੋ ਗਏ। ਜਦੋਂ ਉਸ ਦੀ ਮਾਂ ਨੇ ਇਸ ਘਟਨਾ ਦੀ ਸੂਚਨਾ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਸ ਨੂੰ ਦਿੱਤੀ ਤਾਂ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਕੈਮਰੇ ਦੀ ਰਿਕਾਰਡਿੰਗ ਚੈੱਕ ਕਰਕੇ ਭਾਲ ਸ਼ੁਰੂ ਕਰ ਦਿੱਤੀ।

ਲੜਕੀ ਗੁਰਵਿੰਦਰ ਕੌਰ ਨੇ ਘਰ ਪਹੁੰਚ ਕੇ ਸੀਸੀਟੀਵੀ ਫੁਟੇਜ ਚੈੱਕ ਕੀਤੀ। ਗੁਰਵਿੰਦਰ ਕੌਰ ਨੇ ਦੱਸਿਆ ਕਿ ਉਸ ਦੇ ਭਤੀਜੇ ਨੂੰ ਫੋਨ ਆਇਆ ਕਿ ਉਕਤ ਲੁਟੇਰੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਸੁਲਤਾਨਪੁਰ ਲੋਧੀ ਦੇ ਬਾਹਰ ਖੜ੍ਹੇ ਹਨ। ਜਿਵੇਂ ਹੀ ਉਹ ਸਕੂਲ ਦੇ ਨਜ਼ਦੀਕ ਮੌਕੇ ‘ਤੇ ਪਹੁੰਚੀ ਤਾਂ ਉਕਤ ਲੁਟੇਰੇ ਉਥੋਂ ਫਰਾਰ ਹੋ ਗਏ ਅਤੇ ਬਾਅਦ ‘ਚ ਸ਼੍ਰੀ ਹੱਟ ਸਾਹਿਬ ਦੇ ਨੇੜੇ ਲੜਕੀ ਨੇ ਉਨ੍ਹਾਂ ਨੂੰ ਕਾਬੂ ਕਰ ਲਿਆ।

ਉਨ੍ਹਾਂ ਦੱਸਿਆ ਕਿ ਗ੍ਰਿਫ਼ਤਾਰ ਕੀਤੇ ਗਏ ਮੁਲਜ਼ਮਾਂ ਖ਼ਿਲਾਫ਼ ਮਾਮਲਾ ਦਰਜ ਕਰਕੇ ਉਨ੍ਹਾਂ ਦੀ ਪਛਾਣ ਜਸਵਿੰਦਰ ਸਿੰਘ ਵਾਸੀ ਦਿਹਾਤੀ ਚੰਡੀਗੜ੍ਹ ਕਲੋਨੀ ਅਤੇ ਜੱਸੀ ਵਾਸੀ ਲੋਹੀਆਂ ਖਾਸ ਜਲੰਧਰ ਵਜੋਂ ਕੀਤੀ ਗਈ ਹੈ। ਉਧਰ ਦੂਸਰੇ ਪਾਸੇ ਡਾ ਬੀ ਆਰ ਅੰਬੇਡਕਰ ਸੁਸਾਇਟੀ ਰੇਲ ਕੋਚ ਫੈਕਟਰੀ ਦੇ ਕ੍ਰਿਸ਼ਨ ਲਾਲ ਜੱਸਲ,ਜਨਰਲ ਸਕੱਤਰ ਧਰਮ ਪਾਲ ਪੈਂਥਰ,ਨੇ ਜਿੱਥੇ ਗੁਰਵਿੰਦਰ ਕੌਰ ਦੀ ਬਹਾਦਰੀ ਤੇ ਐੱਸ ਐੱਸ ਪੀ ਵੱਲੋਂ ਉਸ ਨੂੰ ਸਨਮਾਨਿਤ ਕਰਨ ਦੀ ਭਰਪੂਰ ਸ਼ਲਾਘਾ ਕੀਤੀ।ਉਥੇ ਹੀ ਗੁਰਵਿੰਦਰ ਕੌਰ ਦੀ ਇਸ ਬਹਾਦਰੀ ਲਈ ਪੰਜਾਬ ਸਰਕਾਰ ਤੇ ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਤੋਂ ਮੰਗ ਕੀਤੀ ਹੈ ਕਿ ਗੁਰਵਿੰਦਰ ਕੌਰ ਨੂੰ ਇਸ ਬਹਾਦਰੀ ਲਈ ਪੰਜਾਬ ਪੁਲਿਸ ਵਿੱਚ ਭਰਤੀ ਕੀਤਾ ਜਾਵੇ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous article“ਇਹ ਕੈਸਾ ਪਰਿਵਾਰ”
Next articleਪੁਰਸ਼