(ਸਮਾਜ ਵੀਕਲੀ) ਮਨੁੱਖ ਨੂੰ ਪਰਮਾਤਮਾ ਵੱਲੋਂ ਮਿਲੀਆਂ ਸਭ ਤੋਂ ਅਨਮੋਲ ਦਾਤਾਂ ਵਿੱਚੋਂ ਇੱਕ ਉਸ ਦਾ ਦਿਮਾਗ ਹੈ। ਇਹ ਸਿਰਫ਼ ਸੋਚਣ ਦਾ ਸਾਧਨ ਨਹੀਂ, ਸਗੋਂ ਮਨੁੱਖ ਦੀ ਪੂਰੀ ਸ਼ਖ਼ਸੀਅਤ, ਸੋਚ, ਫ਼ੈਸਲਿਆਂ ਅਤੇ ਭਵਿੱਖ ਦਾ ਕੇਂਦਰ ਹੈ। ਜਿਵੇਂ ਇੱਕ ਖੇਤ ਵਿੱਚ ਜੋ ਬੀਜ ਬੀਜੇ ਜਾਂਦੇ ਹਨ, ਉਹੀ ਫ਼ਸਲ ਉੱਗਦੀ ਹੈ, ਉਸੇ ਤਰ੍ਹਾਂ ਸਾਡੇ ਦਿਮਾਗ ਵਿੱਚ ਜੋ ਵਿਚਾਰ ਭਰੇ ਜਾਂਦੇ ਹਨ, ਸਾਡਾ ਜੀਵਨ ਵੀ ਉਸੇ ਦਿਸ਼ਾ ਵੱਲ ਤੁਰ ਪੈਂਦਾ ਹੈ। ਪਰ ਅੱਜ ਦਾ ਮਨੁੱਖ ਆਪਣੇ ਦਿਮਾਗ ਨੂੰ ਇੱਕ ਖ਼ਜ਼ਾਨੇ ਵਾਂਗ ਸਾਂਭਣ ਦੀ ਬਜਾਏ ਕਈ ਵਾਰ ਕੂੜੇ ਦੇ ਡੱਬੇ ਵਾਂਗ ਵਰਤਣ ਲੱਗ ਪਿਆ ਹੈ। ਉਹ ਇਸ ਵਿੱਚ ਕ੍ਰੋਧ, ਲੋਭ, ਮੋਹ, ਅਹੰਕਾਰ, ਈਰਖਾ ਅਤੇ ਨਫ਼ਰਤ ਵਰਗੇ ਨਕਾਰਾਤਮਕ ਵਿਚਾਰ ਭਰਦਾ ਰਹਿੰਦਾ ਹੈ। ਨਤੀਜੇ ਵਜੋਂ ਮਨ ਦੀ ਸ਼ਾਂਤੀ ਖ਼ਤਮ ਹੋ ਜਾਂਦੀ ਹੈ ਅਤੇ ਜੀਵਨ ਬੋਝ ਬਣ ਜਾਂਦਾ ਹੈ।
1. ਦਿਮਾਗ ਉਹੀ ਬਣਦਾ ਹੈ ਜੋ ਅਸੀਂ ਉਸ ਵਿੱਚ ਭਰਦੇ ਹਾਂ —
ਜੇਕਰ ਇੱਕ ਅਲਮਾਰੀ ਵਿੱਚ ਗੰਦਗੀ ਅਤੇ ਬੇਕਾਰ ਚੀਜ਼ਾਂ ਭਰੀਆਂ ਹੋਣ ਤਾਂ ਉੱਥੇ ਕੀਮਤੀ ਵਸਤੂਆਂ ਲਈ ਜਗ੍ਹਾ ਨਹੀਂ ਬਚਦੀ। ਜਦਕਿ ਇਹ ਅਲਮਾਰੀ ਕੀਮਤੀ ਸਮਾਨ ਸੰਭਾਲਣ ਵਾਸਤੇ ਹੀ ਬਣਾਈ ਹੈ।
ਇਸੇ ਤਰ੍ਹਾਂ ਜੇਕਰ ਸਾਡਾ ਦਿਮਾਗ ਹਰ ਵੇਲੇ ਗੁੱਸੇ, ਸ਼ਿਕਾਇਤਾਂ, ਨਫ਼ਰਤ ਅਤੇ ਈਰਖਾ ਨਾਲ ਭਰਿਆ ਰਹੇ ਤਾਂ ਉੱਥੇ ਗਿਆਨ, ਪਿਆਰ ਅਤੇ ਚੰਗੇ ਵਿਚਾਰਾਂ ਲਈ ਜਗ੍ਹਾ ਕਿਵੇਂ ਬਣੇਗੀ?
ਇਸ ਲਈ ਸਭ ਤੋਂ ਪਹਿਲਾਂ ਸਾਨੂੰ ਆਪਣੇ ਵਿਚਾਰਾਂ ਦੀ ਸਫ਼ਾਈ ਕਰਨ ਦੀ ਲੋੜ ਹੈ। ਜਿਸ ਤਰ੍ਹਾਂ ਦੇ ਅਸੀਂ ਬਣਨਾਂ ਚਾਹੁੰਦੇ ਹਾਂ ਸਾਨੂੰ ਉਸੇ ਤਰ੍ਹਾਂ ਦੇ ਵਿਚਾਰ ਦਿਮਾਗ ਵਿੱਚ ਵਸਾਉਣੇ ਚਾਹੀਦੇ ਹਨ। ਪਿਆਰ, ਦਇਆ, ਕਰੁਣਾ, ਸਹਾਨੁਭੂਤੀ, ਅਤੇ ਸਾਕਾਰਾਤਮਕ ਵਿਚਾਰ ਜੋ ਅਸੀਂ ਦੂਜਿਆਂ ਤੋਂ ਚਾਹੁੰਦੇ ਹਾਂ ਸਾਨੂੰ ਵੀ ਆਪਣੇ ਦਿਮਾਗ ਅੰਦਰ ਇਹਨਾਂ ਵਿਚਾਰਾਂ ਦੇ ਧਾਰਨੀ ਹੋਣਾ ਪਵੇਗਾ।
2. ਕ੍ਰੋਧ ਸਭ ਤੋਂ ਪਹਿਲਾਂ ਆਪਣੇ ਆਪ ਨੂੰ ਸਾੜਦਾ ਹੈ —
ਯਾਦ ਰੱਖੋ ਕ੍ਰੋਧ ਇੱਕ ਅਜਿਹੀ ਅੱਗ ਹੈ ਜੋ ਦੂਜਿਆਂ ਨੂੰ ਸਾੜਨ ਤੋਂ ਪਹਿਲਾਂ ਆਪਣੇ ਆਪ ਨੂੰ ਸਾੜਦੀ ਹੈ। ਕ੍ਰੋਧ ਦੇ ਵੇਗ ਤੋਂ ਕੋਈ ਵੀ ਬੱਚ ਨਹੀਂ ਪਾਉਂਦਾ। ਕ੍ਰੋਧ ਵਿੱਚ ਰਹਿਣ ਵਾਲੇ ਇੰਨਸਾਨ ਅੰਦਰੋ ਹੌਲੀ ਹੌਲੀ ਖੋਖਲੇ ਹੋ ਜਾਂਦੇ ਹਨ।
ਗੁੱਸੇ ਵਿੱਚ ਲਿਆ ਗਿਆ ਇੱਕ ਫ਼ੈਸਲਾ ਸਾਲਾਂ ਦੀ ਮਿਹਨਤ ਨੂੰ ਬਰਬਾਦ ਕਰ ਸਕਦਾ ਹੈ। ਕਈ ਪਰਿਵਾਰ, ਦੋਸਤ, ਰਿਸ਼ਤੇ ਨਾਤੇ ਸਿਰਫ਼ ਇੱਕ ਪਲ ਦੇ ਗੁੱਸੇ ਕਾਰਨ ਟੁੱਟ ਜਾਂਦੇ ਹਨ। ਹੋਰ ਵੀ ਅਨੇਕਾਂ ਜਗ੍ਹਾ ਇੰਨਸਾਨ ਕ੍ਰੋਧ ਦੇ ਵੱਸ ਆਪਣੇ ਦਿਮਾਗ ਦਾ ਸਹੀ ਇਸਤੇਮਾਲ ਨਹੀਂ ਕਰ ਪਾਉਂਦਾ, ਜਿਸ ਨਾਲ ਬਣੇ ਬਣਾਏ ਕੰਮ ਵੀ ਖਰਾਬ ਹੋ ਜਾਂਦੇ ਹਨ।
ਜੋ ਵਿਅਕਤੀ ਆਪਣੇ ਮਨ ਵਿੱਚ ਹਰ ਵੇਲੇ ਕ੍ਰੋਧ ਰੱਖਦਾ ਹੈ, ਉਹ ਕਦੇ ਵੀ ਅੰਦਰੂਨੀ ਸ਼ਾਂਤੀ ਦਾ ਅਨੁਭਵ ਨਹੀਂ ਕਰ ਸਕਦਾ। ਇਸ ਲਈ ਦਿਮਾਗ ਨੂੰ ਚੰਗੇ ਵਿਚਾਰਾਂ ਨਾਲ ਭਰਨਾ ਅਤੇ ਕ੍ਰੋਧ ਤੋਂ ਬਚਣਾ ਜ਼ਰੂਰੀ ਹੈ।
3. ਈਰਖਾ ਦੂਜਿਆਂ ਨੂੰ ਨਹੀਂ, ਆਪਣੇ ਆਪ ਨੂੰ ਕਮਜ਼ੋਰ ਕਰਦੀ ਹੈ —
ਜਿੱਧਰ ਵੀ ਝਾਤੀ ਮਾਰੋ ਅੱਜ ਦੁਨੀਆਂ ਈਰਖਾ, ਨਫ਼ਰਤ, ਕਿਸੇ ਦੂਜੇ ਦੀ ਤਰੱਕੀ ਨਾ ਸਹਿਣ ਕਰਨਾ ਅਤੇ ਐਸੇ ਹੋਰ ਬਹੁਤ ਸਾਰੇ ਮਾਨਸਿਕ ਦੁੱਖਾਂ ਨਾਲ ਗ੍ਰਸਤ ਹੈ। ਆਪਣੇ ਕੋਲ ਜੋ ਕੁਝ ਨਹੀਂ ਹੈ,ਉਹ ਦੂਜਿਆਂ ਕੋਲ ਦੇਖ ਕੇ ਮਨ ਅਤੇ ਦਿਮਾਗ ਵਿੱਚ ਈਰਖਾ, ਜਲਨ ਪੈਦਾ ਹੋ ਜਾਂਦੀ ਹੈ।
ਅੱਜ ਦੇ ਸਮੇਂ ਵਿੱਚ ਸੋਸ਼ਲ ਮੀਡੀਆ ਅਤੇ ਦਿਖਾਵੇ ਦੀ ਦੌੜ ਨੇ ਈਰਖਾ ਨੂੰ ਹੋਰ ਵਧਾ ਦਿੱਤਾ ਹੈ। ਕੋਈ ਦੂਜੇ ਦੀ ਤਰੱਕੀ ਦੇਖ ਕੇ ਦੁਖੀ ਹੋ ਜਾਂਦਾ ਹੈ, ਕੋਈ ਦੂਜੇ ਦੀ ਖੁਸ਼ੀ ਦੇਖ ਕੇ ਪਰੇਸ਼ਾਨ ਹੋ ਜਾਂਦਾ ਹੈ। ਜਿਓਂ ਜਿਓਂ ਦੁਨੀਆਂ ਇੱਕ ਗਲੋਬਲ ਪਿੰਡ ਬਣਦੀ ਜਾ ਰਹੀ ਹੈ, ਇੰਨਸਾਨ ਦੂਜਿਆਂ ਨੂੰ ਵੇਖ ਕੇ ਈਰਖਾ ਅਤੇ ਜਲਨ ਦੇ ਸਮੁੰਦਰ ਵਿੱਚ ਡੁੱਬਦਾ ਜਾ ਰਿਹਾ ਹੈ।
ਪਰ ਸੱਚ ਇਹ ਹੈ ਕਿ ਈਰਖਾ ਨਾਲ ਦੂਜੇ ਦਾ ਕੁਝ ਨਹੀਂ ਵਿਗੜਦਾ। ਇਹ ਹੌਲੀ-ਹੌਲੀ ਸਾਡੇ ਆਪਣੇ ਮਨ ਦੀ ਸ਼ਾਂਤੀ ਨੂੰ ਖਾ ਜਾਂਦੀ ਹੈ। ਇਸਦੇ ਲਈ ਸਬਰ, ਸੰਤੋਖ, ਪ੍ਰਮਾਤਮਾ ਵਿੱਚ ਭਰੋਸਾ ਹੀ ਇੰਨਸਾਨ ਨੂੰ ਬਚਾ ਸਕਦਾ ਹੈ। ਜੋ ਕੁਝ ਸਾਨੂੰ ਮਿਲਿਆ, ਰੱਬ ਨੇ ਜੋ ਕੁਝ ਸਾਨੂੰ ਦਿੱਤਾ ਇਹ ਬਹੁਤਿਆਂ ਦਾ ਹੋ ਸਕਦਾ ਸੁਪਨਾ ਹੋਵੇ।
4. ਗਿਆਨ ਅਤੇ ਵਿਗਿਆਨ ਦਿਮਾਗ ਦੇ ਅਸਲ ਗਹਿਣੇ ਹਨ —
ਮਹਿੰਗੇ ਕੱਪੜੇ, ਵੱਡੇ ਘਰ ਅਤੇ ਦੌਲਤ ਮਨੁੱਖ ਨੂੰ ਕੁਝ ਸਮੇਂ ਲਈ ਪ੍ਰਸਿੱਧ ਬਣਾ ਸਕਦੇ ਹਨ, ਪਰ ਗਿਆਨ ਉਸ ਨੂੰ ਸਾਰੀ ਉਮਰ ਸਤਿਕਾਰ ਦਿਵਾਉਂਦਾ ਹੈ। ਅੱਜ ਮਨੁੱਖ ਦੀ ਦੌੜ ਸਵੇਰ ਤੋਂ ਸ਼ਾਮ ਪੈਸਾ, ਰੁਤਬਾ, ਵੱਡੇ ਘਰ, ਝੂਠਾ ਦਿਖਾਵਾ ਆਦਿ ਵੱਲ ਮੁੜ ਚੁੱਕੀ ਹੈ। ਗਿਆਨ ਅਤੇ ਵਿਗਿਆਨ ਦਿਮਾਗ ਡੇ ਅਸਲੀ ਗਹਿਣੇ ਹਨ। ਮਨੁੱਖ ਦੀ ਦੌੜ ਇਸ ਪਾਸੇ ਹੋਣੀ ਚਾਹੀਦੀ ਹੈ।
ਜਿਸ ਦਿਮਾਗ ਵਿੱਚ ਸਿੱਖਣ ਦੀ ਭੁੱਖ ਹੁੰਦੀ ਹੈ, ਉਹ ਹਰ ਦਿਨ ਨਵਾਂ ਖ਼ਜ਼ਾਨਾ ਇਕੱਠਾ ਕਰਦਾ ਹੈ। ਕਿਤਾਬਾਂ, ਤਜਰਬੇ, ਚੰਗੇ ਲੋਕਾਂ ਦੀ ਸੰਗਤ ਅਤੇ ਨਵੇਂ ਵਿਚਾਰ ਮਨੁੱਖ ਦੇ ਦਿਮਾਗ ਨੂੰ ਅਮੀਰ ਬਣਾਉਂਦੇ ਹਨ। ਇਸ ਲਈ ਹਰ ਦਿਨ ਆਪਣੇ ਦਿਮਾਗ ਨੂੰ ਗਿਆਨ, ਸਿੱਖਣ ਅਤੇ ਜੀਵਨ ਨੂੰ ਸਮਜਣ ਵਿੱਚ ਲਗਾਉਣਾ ਚਾਹੀਦਾ ਹੈ।
5. ਪਿਆਰ ਅਤੇ ਸਤਿਕਾਰ ਮਨੁੱਖਤਾ ਦੀ ਸਭ ਤੋਂ ਵੱਡੀ ਦੌਲਤ ਹਨ —
ਕਿਹਾ ਜਾਂਦਾ ਹੈ ਕਿ ਪਿਆਰ, ਸਤਿਕਾਰ, ਹਮਦਰਦੀ ਅਤੇ ਆਪਣੇਪਨ ਨਾਲ ਦੁਨੀਆਂ ਜਿੱਤੀ ਜਾ ਸਕਦੀ ਹੈ। ਦੁਨੀਆ ਦਾ ਹਰ ਵਿਅਕਤੀ ਸਤਿਕਾਰ ਚਾਹੁੰਦਾ ਹੈ। ਪਰ ਸਤਿਕਾਰ ਉਸ ਨੂੰ ਹੀ ਮਿਲਦਾ ਹੈ ਜੋ ਦੂਜਿਆਂ ਨੂੰ ਸਤਿਕਾਰ ਦੇਣਾ ਜਾਣਦਾ ਹੈ।
ਜਿਸ ਮਨੁੱਖ ਦੇ ਦਿਲ ਅਤੇ ਦਿਮਾਗ ਵਿੱਚ ਪਿਆਰ ਹੁੰਦਾ ਹੈ, ਉਹ ਹਰ ਥਾਂ ਆਪਣੇਪਣ ਦਾ ਮਾਹੌਲ ਪੈਦਾ ਕਰ ਦਿੰਦਾ ਹੈ। ਦਿਮਾਗ ਵਿੱਚ ਚੰਗੇ ਵਿਚਾਰਾਂ, ਸ਼ੁੱਭ ਗੁਣਾਂ ਨਾਲ ਸਭ ਨੂੰ ਆਪਣੇ ਨਾਲ ਜਲਦੀ ਜੋੜਿਆ ਜਾ ਸਕਦਾ ਹੈ। ਕਿਉਂਕਿ ਹਰ ਇੰਨਸਾਨ ਪਿਆਰ ਚਾਹੁੰਦਾ ਹੈ ਨਾ ਕਿ ਨਫ਼ਰਤ। ਇਹ ਇੰਨਸਾਨੀ ਫ਼ਿਤਰਤ ਹੈ, ਇੰਨਸਾਨ ਇੱਕ ਸਮਾਜਿਕ ਪ੍ਰਾਣੀ ਹੈ।
ਨਫ਼ਰਤ ਕੰਧਾਂ ਬਣਾਉਂਦੀ ਹੈ, ਜਦਕਿ ਪਿਆਰ ਦਿਲਾਂ ਨੂੰ ਜੋੜਦਾ ਹੈ।
6. ਦਇਆ ਅਤੇ ਮਨੁੱਖਤਾ ਸਭ ਤੋਂ ਕੀਮਤੀ ਧਨ ਹਨ —
ਜੀਵਨ ਦੀ ਚਕਾਚੌਂਧ ਵਿੱਚ ਜਿਵੇਂ ਇਨਸਾਨੀਅਤ ਕੀਤੇ ਅਲੋਪ ਹੁੰਦੀ ਜਾ ਰਹੀ ਹੈ। ਹਰ ਪਾਸੇ ਗੈਰ-ਮਨੁੱਖੀ ਅਤੇ ਜ਼ਾਲਿਮ ਤਰੀਕਿਆਂ ਨਾਲ ਬਸ ਅੱਗੇ ਨਿਕਲਣ ਦੀ ਇੱਕ ਦੌੜ ਲੱਗੀ ਹੋਈ ਹੈ। ਹਰ ਕੋਈ ਬਸ ਇੱਕ ਦੂਜੇ ਨੂੰ ਗਿਰਾ ਕੇ ਆਪਣੀ ਪੌੜੀ ਬਣਾ ਰਿਹਾ ਹੈ। ਦਇਆ ਅਤੇ ਮਨੁੱਖਤਾ ਕਿਧਰੇ ਗੁਆਚਦੀ ਜਾ ਰਹੀ ਹੈ।
ਇੱਕ ਦਿਨ ਦੀ ਦੌਲਤ ਖ਼ਤਮ ਹੋ ਸਕਦੀ ਹੈ, ਇੱਕ ਅਹੁਦਾ ਛਿਨ ਸਕਦਾ ਹੈ, ਕੋਈ ਤੁਹਾਡਾ ਸਭ ਕੁਝ ਖੋਹ ਸਕਦਾ ਹੈ। ਪਰ ਮਨੁੱਖਤਾ ਅਤੇ ਦਇਆ ਕਦੇ ਖ਼ਤਮ ਨਹੀਂ ਹੁੰਦੀਆਂ। ਦਿਮਾਗ ਅੰਦਰ ਚੰਗੇ ਵਤੀਰੇ, ਦਇਆ, ਮਨੁੱਖਤਾ ਦਾ ਬੀਜਿਆਂ ਬੀਜ ਹਮੇਸ਼ਾ ਲਈ ਪ੍ਰਫੁੱਲਤ ਹੁੰਦਾ ਰਹਿੰਦਾ ਹੈ।
ਇੱਕ ਛੋਟੀ ਜਿਹੀ ਮਦਦ, ਇੱਕ ਹੌਸਲੇ ਭਰਿਆ ਸ਼ਬਦ ਜਾਂ ਕਿਸੇ ਦੁਖੀ ਵਿਅਕਤੀ ਦਾ ਸਾਥ ਦੇਣਾ ਕਈ ਵਾਰ ਲੱਖਾਂ ਰੁਪਏ ਨਾਲੋਂ ਵੀ ਵੱਧ ਕੀਮਤੀ ਹੁੰਦਾ ਹੈ। ਅਸਲੀ ਜੀਵਨ ਵਿੱਚ ਅਸੀਂ ਸਭ ਨੇ ਇਸਦਾ ਸੁਆਦ ਕਦੀ ਨਾ ਕਦੀ ਜਰੂਰ ਚੱਕਿਆ ਹੋਣਾ। ਜੋ ਦੂਜਿਆਂ ਤੇ ਦਇਆ ਅਤੇ ਮਨੁੱਖਤਾ ਦਿਖਾਉਂਦੇ ਹਨ, ਓਹਨਾ ਦੀ ਜਿੰਦਗੀ ਵਿੱਚ ਇੱਕ ਵੱਖਰਾ ਸਕੂਨ ਹੁੰਦਾ ਹੈ।
ਇਸੇ ਕਰਕੇ ਮਹਾਨ ਲੋਕਾਂ ਨੂੰ ਉਨ੍ਹਾਂ ਦੀ ਦੌਲਤ ਨਾਲ ਨਹੀਂ, ਸਗੋਂ ਉਨ੍ਹਾਂ ਦੀ ਮਨੁੱਖਤਾ ਅਤੇ ਦਇਆ ਨਾਲ ਯਾਦ ਕੀਤਾ ਜਾਂਦਾ ਹੈ।
7. ਜੀਵਨ ਦੀ ਇੱਕ ਸੱਚੀ ਉਦਾਹਰਨ
ਵੈਸੇ ਤਾਂ ਸਾਡੇ ਕੋਲ ਇਸ ਤਰ੍ਹਾ ਦੀਆਂ ਬਹੁਤ ਉਦਾਹਰਨਾਂ ਹਨ ਕਿ ਜਿਥੇ ਚੰਗੇ ਅਤੇ ਮਾੜੇ ਦਿਮਾਗੀ ਵਿਚਾਰਾਂ ਦਾ ਅਸਰ ਜੀਵਨ ਵਿੱਚ ਵੇਖਣ ਨੂੰ ਮਿਲਦਾ ਹੈ। ਫਿਰ ਵੀ ਇੱਕ ਪਿੰਡ ਵਿੱਚ ਦੋ ਵਿਅਕਤੀ ਰਹਿੰਦੇ ਸਨ। ਇੱਕ ਹਰ ਵੇਲੇ ਦੂਜਿਆਂ ਦੀ ਨਿੰਦਾ ਕਰਦਾ, ਈਰਖਾ ਕਰਦਾ ਅਤੇ ਗੁੱਸੇ ਵਿੱਚ ਰਹਿੰਦਾ ਸੀ। ਦੂਜਾ ਹਰ ਕਿਸੇ ਨਾਲ ਪਿਆਰ ਨਾਲ ਗੱਲ ਕਰਦਾ, ਕਿਤਾਬਾਂ ਪੜ੍ਹਦਾ ਅਤੇ ਲੋਕਾਂ ਦੀ ਮਦਦ ਕਰਦਾ ਸੀ।
ਸਮੇਂ ਦੇ ਨਾਲ ਪਹਿਲਾ ਵਿਅਕਤੀ ਇਕੱਲਾ ਪੈ ਗਿਆ, ਜਦਕਿ ਦੂਜੇ ਵਿਅਕਤੀ ਨੂੰ ਪੂਰੇ ਪਿੰਡ ਦਾ ਸਤਿਕਾਰ ਮਿਲਿਆ।
ਦੋਵਾਂ ਕੋਲ ਇੱਕੋ ਜਿਹਾ ਦਿਮਾਗ ਸੀ, ਫ਼ਰਕ ਸਿਰਫ਼ ਇਹ ਸੀ ਕਿ ਇੱਕ ਨੇ ਉਸ ਨੂੰ ਕੂੜੇ ਦਾ ਡੱਬਾ ਬਣਾਇਆ ਅਤੇ ਦੂਜੇ ਨੇ ਖ਼ਜ਼ਾਨਾ।
ਕਈ ਵਾਰ ਸਕੇ ਭੈਣ ਭਰਾਵਾਂ, ਰਿਸ਼ਤੇਦਾਰਾਂ, ਦੋਸਤਾਂ ਜਾਂ ਸਮਾਜ ਵਿੱਚ ਰਹਿੰਦੇ ਲੋਕਾਂ ਵਿੱਚ ਇਹ ਸਭ ਦਿਮਾਗੀ ਅੰਤਰ ਵੇਖਣ ਨੂੰ ਮਿਲ ਜਾਂਦੇ ਹਨ, ਕਿ ਕੁਝ ਬਹੁਤ ਮਾਣ ਸਤਿਕਾਰ ਪਾਉਂਦੇ ਹਨ ਅਤੇ ਕੁਝ ਬਾਕੀਆਂ ਦੀ ਨਫ਼ਰਤ। ਇਹ ਸਿਰਫ ਦਿਮਾਗ ਅੰਦਰ ਚੰਗੇ ਅਤੇ ਮਾੜੇ ਵਿਚਾਰਾਂ ਦਾ ਅਸਰ ਹੀ ਹੁੰਦਾ ਹੈ।
ਅੱਜ ਦੀ ਪੀੜ੍ਹੀ ਲਈ ਸੰਦੇਸ਼
ਮੇਰੇ ਵਿਚਾਰ ਵਿੱਚ ਜੇਕਰ ਤੁਸੀਂ ਆਪਣਾ ਭਵਿੱਖ ਸੁੰਦਰ ਬਣਾਉਣਾ ਚਾਹੁੰਦੇ ਹੋ ਤਾਂ ਸਭ ਤੋਂ ਪਹਿਲਾਂ ਆਪਣੇ ਵਿਚਾਰਾਂ ਨੂੰ ਸੁੰਦਰ ਬਣਾਓ। ਤੁਸੀ ਆਪਣੇ ਆਪ ਸੁੰਦਰ ਬਣ ਜਾਣਾ ਹੈ।
ਆਪਣੇ ਦਿਮਾਗ ਵਿੱਚ ਗੁੱਸਾ, ਈਰਖਾ ਅਤੇ ਅਹੰਕਾਰ ਇਕੱਠਾ ਕਰਨ ਦੀ ਬਜਾਏ ਗਿਆਨ, ਦਇਆ, ਮਨੁੱਖਤਾ ਅਤੇ ਸਕਾਰਾਤਮਕ ਸੋਚ ਨੂੰ ਜਗ੍ਹਾ ਦਿਓ।
ਕਿਉਂਕਿ ਮਨੁੱਖ ਉਹੀ ਬਣਦਾ ਹੈ ਜੋ ਉਹ ਹਰ ਰੋਜ਼ ਸੋਚਦਾ ਹੈ। ਦਿਮਾਗ ਪਰਮਾਤਮਾ ਵੱਲੋਂ ਮਿਲਿਆ ਇੱਕ ਅਨਮੋਲ ਖ਼ਜ਼ਾਨਾ ਹੈ। ਇਸ ਨੂੰ ਕ੍ਰੋਧ, ਲੋਭ, ਮੋਹ, ਅਹੰਕਾਰ ਅਤੇ ਈਰਖਾ ਵਰਗੇ ਕੂੜੇ ਨਾਲ ਭਰਨ ਦੀ ਬਜਾਏ ਪਿਆਰ, ਸਤਿਕਾਰ, ਗਿਆਨ, ਵਿਗਿਆਨ, ਮਨੁੱਖਤਾ ਅਤੇ ਦਇਆ ਵਰਗੀਆਂ ਕੀਮਤੀ ਚੀਜ਼ਾਂ ਨਾਲ ਭਰਨਾ ਚਾਹੀਦਾ ਹੈ।
ਹਮੇਸ਼ਾ ਯਾਦ ਰੱਖਿਓ, ਘੱਟ ਪੈਸਾ, ਸ਼ੋਹਰਤ, ਜਾਂ ਥੋੜਾ ਘੱਟ ਖਾ ਕੇ ਵੀ ਗੁਜ਼ਾਰਾ ਹੋ ਹੀ ਜਾਣਾ ਹੈ, ਪਰ ਜਿਸ ਦਿਮਾਗ ਵਿੱਚ ਚੰਗੇ ਵਿਚਾਰ ਵੱਸਦੇ ਹਨ, ਉਸੇ ਜੀਵਨ ਵਿੱਚ ਸੱਚੀ ਖੁਸ਼ਹਾਲੀ, ਸ਼ਾਂਤੀ, ਸਕੂਨ ਅਤੇ ਸਫਲਤਾ ਵੱਸਦੀ ਹੈ। ਵਿਚਾਰ ਲਿਖਦੇ ਕਿਸੇ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚੀ ਹੋਵੇ ਤਾਂ ਮਾਫ਼ ਕਰਨਾ ਜੀ।
“ਦਿਮਾਗ ਕੂੜੇ ਦਾ ਡੱਬਾ ਨਹੀਂ, ਇੱਕ ਅਜਿਹਾ ਖ਼ਜ਼ਾਨਾ ਹੈ ਜਿਸ ਦੀ ਕੀਮਤ ਸਾਡੇ ਵਿਚਾਰ ਤੈਅ ਕਰਦੇ ਹਨ।”
ਅਵਤਾਰ ਸਿੰਘ, ਅੰਗਰੇਜ਼ੀ ਮਾਸਟਰ , ਕਪੂਰਥਲਾ





