ਗੜ੍ਹਸ਼ੰਕਰ (ਸਮਾਜ ਵੀਕਲੀ) (ਬਲਵੀਰ ਚੌਪੜਾ ): ਬੀਤ ਇਲਾਕੇ ਦੇ ਪਿੰਡ ਭਵਾਨੀਪੁਰ ਦੇ 27 ਸਾਲਾ ਨੌਜਵਾਨ ਮਨਜੀਤ ਸਿੰਘ ਉਰਫ਼ ਗਨੀ ਪੁੱਤਰ ਦਿਲਬਾਗ ਸਿੰਘ ਦਾ ਤੇਜ਼ਧਾਰ ਹਥਿਆਰਾਂ ਨਾਲ ਕਤਲ ਹੋਣ ਦੀ ਘਟਨਾ ਸਾਹਮਣੇ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਦੁਪਹਿਰ ਕਰੀਬ 12 ਵਜੇ ਮਨਜੀਤ ਸਿੰਘ ਆਪਣੇ ਦੋਸਤ ਸੂਰਜ (ਨਿਵਾਸੀ ਅਚਲਪੁਰ) ਨਾਲ ਇੱਕ ਪੈਟਰੋਲ ਪੰਪ ਨੇੜੇ ਸੜਕ ਕਿਨਾਰੇ ਖੜ੍ਹਾ ਸੀ। ਇਸ ਦੌਰਾਨ ਚਿੱਟੇ ਰੰਗ ਦੀ ਸਕਾਰਪੀਓ ਗੱਡੀ (ਨੰਬਰ PB-65-AG-9400) ਵਿੱਚ ਸਵਾਰ ਕਰੀਬ ਅੱਧਾ ਦਰਜਨ ਹਥਿਆਰਬੰਦ ਨੌਜਵਾਨ ਉੱਥੇ ਪਹੁੰਚੇ ਅਤੇ ਮਨਜੀਤ ਨੂੰ ਜ਼ਬਰਦਸਤੀ ਗੱਡੀ ਵਿੱਚ ਬਿਠਾ ਕੇ ਝੁੰਗੀਆਂ ਅੱਡੇ ਵੱਲ ਲੈ ਗਏ। ਕਰੀਬ ਦੋ ਘੰਟਿਆਂ ਬਾਅਦ ਹਮਲਾਵਰ ਮਨਜੀਤ ਨੂੰ ਗੰਭੀਰ ਜ਼ਖ਼ਮੀ ਹਾਲਤ ਵਿੱਚ ਅੱਡਾ ਝੁੰਗੀਆਂ ਵਿਖੇ ਬੀਣੇਵਾਲ ਮੁੱਖ ਸੜਕ ‘ਤੇ ਸੁੱਟ ਕੇ ਫ਼ਰਾਰ ਹੋ ਗਏ। ਸੂਚਨਾ ਮਿਲਣ ‘ਤੇ ਉਸ ਨੂੰ ਤੁਰੰਤ ਸਿਵਲ ਹਸਪਤਾਲ ਗੜ੍ਹਸ਼ੰਕਰ ਲਿਜਾਇਆ ਗਿਆ, ਪਰ ਹਸਪਤਾਲ ਪਹੁੰਚਣ ਤੋਂ ਪਹਿਲਾਂ ਹੀ ਰਸਤੇ ਵਿੱਚ ਉਸ ਦੀ ਮੌਤ ਹੋ ਗਈ। ਡਾਕਟਰਾਂ ਮੁਤਾਬਕ ਮ੍ਰਿਤਕ ਦੇ ਸਿਰ ਦੇ ਖੱਬੇ ਪਾਸੇ ਕੰਨ ਕੋਲ ਤੇਜ਼ਧਾਰ ਹਥਿਆਰ ਦਾ ਡੂੰਘਾ ਜ਼ਖ਼ਮ ਸੀ, ਜਦਕਿ ਦੋਵਾਂ ਲੱਤਾਂ ‘ਤੇ ਵੀ ਸੱਟਾਂ ਦੇ ਨਿਸ਼ਾਨ ਮਿਲੇ ਹਨ। ਗੋਲੀਆਂ ਲੱਗਣ ਸਬੰਧੀ ਸਥਿਤੀ ਪੋਸਟਮਾਰਟਮ ਰਿਪੋਰਟ ਆਉਣ ਤੋਂ ਬਾਅਦ ਹੀ ਸਪੱਸ਼ਟ ਹੋਵੇਗੀ।ਮੁੱਢਲੀ ਜਾਂਚ ਵਿੱਚ ਇਸ ਘਟਨਾ ਦੇ ਪਿੱਛੇ ਪੁਰਾਣੀ ਰੰਜਿਸ਼ ਨੂੰ ਕਾਰਨ ਮੰਨਿਆ ਜਾ ਰਿਹਾ ਹੈ। ਇਹ ਵੀ ਜਾਣਕਾਰੀ ਮਿਲੀ ਹੈ ਕਿ ਮ੍ਰਿਤਕ ਮਨਜੀਤ ਸਿੰਘ ਕੁਝ ਮਹੀਨੇ ਪਹਿਲਾਂ ਕੁੱਟਮਾਰ ਦੇ ਇੱਕ ਮਾਮਲੇ ਵਿੱਚ ਜ਼ਮਾਨਤ ‘ਤੇ ਜੇਲ੍ਹ ਤੋਂ ਬਾਹਰ ਆਇਆ ਸੀ। ਪੁਲਿਸ ਵੱਲੋਂ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਹਮਲਾਵਰਾਂ ਦੀ ਭਾਲ ਲਈ ਕਾਰਵਾਈ ਕੀਤੀ ਜਾ ਰਹੀ ਹੈ। ਘਟਨਾ ਤੋਂ ਬਾਅਦ ਇਲਾਕੇ ਵਿੱਚ ਸਹਿਮ ਦਾ ਮਾਹੌਲ ਬਣਿਆ ਹੋਇਆ ਹੈ।
ਸਮਾਜਵੀਕਲੀ’ ਐਪਡਾਊਨਲੋਡਕਰਨਲਈਹੇਠਦਿਤਾਲਿੰਕਕਲਿੱਕਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly






