ਮੁੰਡਾ ‘ਗੱਲਾਂ ਦੇ ਕੜਾਹ’ ਦਾ ਹਲਵਾਈ

ਰੋਮੀ ਘੜਾਮੇਂ ਵਾਲ਼ਾ।

(ਸਮਾਜਵੀਕਲੀ)

ਜੀਜਾ:-
ਸੁਣ ਸਾਲੀਏ ਮੁੰਡੇ ਦੀ ਪਾਵਾਂ ਦੱਸ ਨੀ।
ਆਲਰਾਊਂਡਰੀ ਦਾ ਬਾਹਲਾ ਉਹਨੂੰ ਝੱਸ ਨੀ।
ਕੱਢੀ ਜਾਂਦਾ ਵੱਟ ਸਾਲੀਏ…. ।
ਜਿਹੜੇ ਮਰਜੀ ਧੰਦੇ ‘ਚ ਫਿੱਟ ਕਰਲੀਂ,
ਉਹ ਧੂੜਾਂ ਦੇਊ ਪੱਟ ਸਾਲੀਏ।

ਸਾਲੀ:-
ਛੱਡ ਰਹਿਣ ਰਹਿਣ ਦੇ ਵੇ, ਰਹਿਣ ਦੇ ਵੇ ਰਹਿਣ ਦੇ।
ਗੱਲ ਸਾਰੀ ਸਮਝਾ ਗਈ ਮੈਨੂੰ ਭੈਣ ਵੇ।
ਤੂੰ ਕਰਦੈਂ ਕਿਉਂ ਛੱਲ ਜੀਜਿਆ… ।
ਕਹਿੰਦੀ ਗੱਲਾਂ ਦੇ ਕੜਾਹ ਦਾ ਹਲਵਾਈ,
ਤੂੰ ਕਰੇਂ ਜੀਹਦੀ ਗੱਲ ਜੀਜਿਆ।

ਜੀਜਾ:-
ਤੇਰੀ ਭੈਣ ਦੇ ਸਮਝ ਕਿੱਥੇ ਆਉਣੇ ਨੀ।
ਮੰਜੇ ਬੁਣਨੇ ਜਾਂ ਟੈਂਟ-ਸ਼ੈਂਟ ਲਾਉਣੇ ਨੀ।
ਦਿਮਾਗ ਜਾਂਦੇ ਚੱਟ ਸਾਲੀਏ…. ।
ਜਿਹੜੇ ਮਰਜੀ ਧੰਦੇ ‘ਚ ਫਿੱਟ ਕਰਲੀਂ,
ਉਹ ਧੂੜਾਂ ਦੇਊ ਪੱਟ ਸਾਲੀਏ।

ਸਾਲੀ:-
ਤੇਰੇ ਆਪ ਕੋਲ਼ ਜਾਣਕਾਰੀ ਅੱਧ ਵੇ।
ਉਹਤੇ ਕਰਜਾ ਕਮਾਈ ਨਾਲੋਂ ਵੱਧ ਵੇ।
ਗੁਜਾਰਾ ਚੱਲੋ-ਚੱਲ ਜੀਜਿਆ… ।
ਮੁੰਡਾ ਗੱਲਾਂ ਦੇ ਕੜਾਹ ਦਾ ਹਲਵਾਈ,
ਤੂੰ ਕਰੇਂ ਜੀਹਦੀ ਗੱਲ ਜੀਜਿਆ।

ਜੀਜਾ:-
ਛੱਡ ਕਰਜਾ ਗੁਣਾ ਦੀ ਕਰ ਗੱਲ ਨੀ।
ਕੱਢ ਦਿੰਦਾ ਹਰ ਮਸਲੇ ਦਾ ਹੱਲ ਨੀ।
ਉਹ ਵੀ ਝੱਟ-ਪੱਟ ਸਾਲੀਏ…. ।
ਜਿਹੜੇ ਮਰਜੀ ਧੰਦੇ ‘ਚ ਫਿੱਟ ਕਰਲੀਂ,
ਉਹ ਧੂੜਾਂ ਦੇਊ ਪੱਟ ਸਾਲੀਏ।

ਸਾਲੀ:-
ਉਹਦੀ ਰੋਮੀ ਜਿਹਿਆਂ ਨਾਲ਼ ਗੂੜ੍ਹੀ ਆੜੀ ਵੇ।
ਜਿਹੜੇ ‘ਨਿੰਮਾਂ ‘ਤੇ ਕਰੇਲੇ ਜਾਣ ਚਾੜ੍ਹੀ’ ਵੇ।
ਘੜਾਮੇਂ ਹਰ ਪਲ ਜੀਜਿਆ… ।
ਮੁੰਡਾ ਗੱਲਾਂ ਦੇ ਕੜਾਹ ਦਾ ਹਲਵਾਈ,
ਤੂੰ ਕਰੇਂ ਜੀਹਦੀ ਗੱਲ ਜੀਜਿਆ।

ਰੋਮੀ ਘੜਾਮੇਂ ਵਾਲ਼ਾ।
98552-81105

‘ਸਮਾਜ ਵੀਕਲੀ’ ਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਜਿੱਤ ਦਾ ਜਸ਼ਨ
Next articleISL 2021-22: Mumbai City register 3-1 win over Bengaluru FC