ਬਠਿੰਡਾ (ਸਮਾਜ ਵੀਕਲੀ) (ਹਰਮੀਤ ਸਿਵੀਆਂ): ਨੇੜਲੇ ਪਿੰਡ ਨਰੂਆਣਾ ਵਿਖੇ ਜਲ-ਸੈਨਾ ਸ਼ਹੀਦ ਕਰਮ ਸਿੰਘ ਨਰੂਆਣਾ ਦੇ ਜੀਵਨ ਬਿਰਤਾਂਤ ਨੂੰ ਦਰਸਾਉਂਦੀ ਹੋਈ ਪੁਸਤਕ ‘ਜ਼ਿੰਦਗੀਨਾਮਾ ਸ਼ਹੀਦ ਕਰਮ ਸਿੰਘ ਨਰੂਆਣਾ’ ਲੱਖੀ ਜੰਗਲ ਬਠਿੰਡਾ ਵੱਲੋਂ ਪ੍ਰਕਾਸ਼ਿਤ ਅੱਜ ਸ਼ਹੀਦ ਦੇ ਸ਼ਹੀਦੀ ਦਿਹਾੜੇ ਮੌਕੇ ਲੋਕ ਅਰਪਣ ਕੀਤੀ ਗਈ। ਇਸ ਪੁਸਤਕ ਨੂੰ ਸ੍ਰ ਲਾਭ ਸਿੰਘ ਸੰਧੂ ਵੱਲੋਂ ਸੰਪਾਦਿਤ ਕੀਤਾ ਗਿਆ ਹੈ। ਇਸ ਪੁਸਤਕ ਨੂੰ ਲੋਕ ਅਰਪਣ ਕਰਨ ਦੀ ਰਸਮ ਜ਼ਿਲ੍ਹਾ ਭਾਸ਼ਾ ਅਫ਼ਸਰ ਕੀਰਤੀ ਕਿਰਪਾਲ, ਪਿੰਡ ਨਰੂਆਣਾ ਦੇ ਸਰਪੰਚ ਤੇਜਾ ਸਿੰਘ, ਸ਼ਹੀਦ ਕਰਮ ਸਿੰਘ ਦੇ ਸਪੁੱਤਰ ਜਸਵਿੰਦਰ ਸਿੰਘ ਸੋਹਲ ਸ਼ਹੀਦ ਦੇ ਸਾਥੀ ਸੈਨੇਟ ਸਰਦਾਰ ਸੰਤੋਖ ਸਿੰਘ ਲੇਖਕ ਲਾਭ ਸਿੰਘ ਸੰਧੂ ਅਤੇ ਨੇਵੀ ਦੇ ਅਧਿਕਾਰੀ ਕੋਸ਼ਇੰਦਰ ਸਿੰਘ ਅਤੇ ਪੈਟੀ ਅਫਸਰ ਗਜਿੰਦਰ ਵੱਲੋਂ ਨਿਭਾਈ ਗਈ।ਇਹ ਸਮਾਗਮ ਦੀ ਸ਼ੁਰੂਆਤ ਨੇਵਲ ਐਨ ਸੀ ਸੀ ਕੋਰ ਘੁੱਦਾ ਦੇ ਕੈਡਿਟਾਂ ਅਤੇ ਆਏ ਹੋਏ ਮਹਿਮਾਨਾਂ ਵੱਲੋਂ ਸ਼ਹੀਦ ਦੀ ਫੋਟੋ ਉੱਪਰ ਫੁੱਲ ਅਰਪਣ ਕਰ ਕੇ ਕੀਤੀ ਗਈ ਅਤੇ ਇਸ ਤੋਂ ਬਾਅਦ ਸ਼ਰਧਾਂਜਲੀ ਭੇਂਟ ਕਰਨ ਲਈ ਇਕ ਮਿੰਟ ਦਾ ਮੌਨ ਧਾਰਨ ਕੀਤਾ ਗਿਆ।
ਕੈਪਟਨ ਗੁਰਦੇਵ ਸਿੰਘ ਸੈਨਿਕ ਭਲਾਈ ਦਫ਼ਤਰ ਬਠਿੰਡਾ ਵੱਲੋਂ ਸਾਰੇ ਮਹਿਮਾਨਾਂ ਨੂੰ ਜੀ ਆਇਆਂ ਕਿਹਾ ਗਿਆ। ਸੇਵਾਮੁਕਤ ਜਲ ਸੈਨਾ ਅਧਿਕਾਰੀ ਸੰਤੋਖ ਸਿੰਘ ਵੱਲੋਂ ਸ਼ਹੀਦ ਕਰਮ ਸਿੰਘ ਨਾਲ ਬਿਤਾਏ ਪਲਾਂ ਨੂੰ ਸਾਂਝਾ ਕੀਤਾ ਗਿਆ। ਸੇਵਾਮੁਕਤ ਸੂਬੇਦਾਰ ਗੁਰਦੇਵ ਸਿੰਘ ਬਰਾੜ ਵੱਲੋਂ ਆਪਣੀਆਂ ਫੌਜੀ ਜੀਵਨ ਦੀਆਂ ਯਾਦਾਂ ਕੁੱਝ ਸਾਂਝੀਆਂ ਕੀਤੀਆਂ ਗਈਆਂ। ਜਸਕਰਨ ਸਿੰਘ ਸਿਵੀਆ ਨੇ ਪੁਸਤਕਾਂ ਨਾਲ ਜੁੜਨ ਦੀ ਮਹੱਤਤਾ ਬਾਰੇ ਗੱਲ ਕੀਤੀ। ਡਾਕਟਰ ਸਿਕੰਦਰ ਸਿੰਘ ਧੂਰਕੋਟ ਨੇ ਸ਼ਹੀਦ ਪਰਿਵਾਰ ਦੇ ਦੁਖ ਤਕਲੀਫਾਂ ਦੀ ਗੱਲ ਕਰਦਿਆਂ ਸ਼ਹੀਦ ਨੂੰ ਸ਼ਰਧਾ ਸੁਮਨ ਭੇਂਟ ਕੀਤੇ।ਪੰਜਾਬੀ ਕਵੀ ਕਾਲਾ ਸਰਾਵਾਂ ਨੇ ਆਪਣੀ ਕਵਿਤਾ ‘ਮਾਂ’ ਨਾਲ ਹਾਜ਼ਰੀ ਲੁਆਈ। ਸਰਪੰਚ ਤੇਜਾ ਸਿੰਘ ਨਰੂਆਣਾ ਨੇ ਸ਼ਹੀਦ ਦੀਆਂ ਯਾਦਾਂ ਸਾਂਝੀਆਂ ਕਰਦਿਆਂ ਸ਼ਰਧਾਂਜਲੀ ਦਿੱਤੀ। ਸ਼ਹੀਦ ਦੀ ਪੋਤਰੀ ਹਰਪ੍ਰੀਤ ਕੌਰ ਨੇ ਇੱਕ ਕਵਿਤਾ ਦੁਆਰਾ ਆਪਣੇ ਦਾਦਾ ਜੀ ਨੂੰ ਯਾਦ ਕੀਤਾ। ਸਮਾਗਮ ਵਿੱਚ ਆਏ ਹੋਏ ਮਹਿਮਾਨਾਂ ਨੂੰ ਪੁਸਤਕ ਦੀਆਂ ਕਾਪੀ ਭੇਂਟ ਕੀਤੀ ਗਈ।
ਸ਼ਹੀਦ ਦੇ ਸਪੁੱਤਰ ਜਸਵਿੰਦਰ ਸਿੰਘ ਸੋਹਲ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly