ਕਿਤਾਬ : ਆਦਤ ਦਾ ਵਿਗਿਆਨ ਦੀ ਪੜਚੋਲ

ਅਸ਼ਲੇਸ ਗੜ੍ਹੀ

(ਸਮਾਜ ਵੀਕਲੀ) ਨਿਊਜੀਲੈਂਡ ਵਸਦੇ ਸਰਦਾਰ ਰੇਸ਼ਮ ਸਿੰਘ ਦੀ ਲਿਖੀ ਕਿਤਾਬ ” ਆਦਤ ਦਾ ਵਿਗਿਆਨ” ਪੜ੍ਹਨ ਦਾ ਮੌਕਾ ਮਿਲਿਆ। ਜਿਵੇਂ ਕਿ ਕਿਤਾਬ ਦੇ ਨਾਮ ਵਿੱਚ ਆਏ ਵਿਗਿਆਨ ਸ਼ਬਦ ਤੋਂ ਹੀ ਪਤਾ ਲਗਦਾ ਹੈ ਕਿ ਇਹ ਵਿਗਿਆਨਕ ਖ਼ੋਜ ਤੇ ਤੱਥਾਂ ਆਧਾਰਿਤ ਲਿਖੀ ਪੁਸਤਕ ਹੈ। ਕਿਤਾਬ ਦੇ ਨਾਮ ਦਾ ਦੂਜਾ ਹਿੱਸਾ ” ਆਪਣੇ ਅੰਦਰਲਾ ਹੀਰਾ ਤਰਾਸ਼ੋ” ਕਿਤਾਬ ਲਿਖਣ ਦਾ ਮੰਤਵ ਭਲੀ ਭਾਂਤ ਦਰਸਾਉਂਦਾ ਹੈ।

ਇਹ 60-65 ਸਫ਼ੇ ਦੀ ਛੋਟੀ ਜਿਹੀ ਪੁਸਤਕ ਵਿਚ ਲੇਖਕ ਨੇ ਯੋਗ ਉਦਾਹਰਣਾਂ ਸਹਿਤ ਮਨੁੱਖੀ  ਬੁਰੀਆਂ ਆਦਤਾਂ, ਧਾਰਨਾਵਾਂ ਦੇ ਅਚੇਤ ਮਨ ਵਿੱਚ ਬਣਨ, ਘਰ ਕਰਨ ਤੇ ਇਹਨਾ ਨੂੰ ਠੀਕ ਕਰਨ ਦਾ ਪੂਰਾ ਰੋਡ ਮੈਪ ਬਣਾ ਕੇ ਦਿੱਤਾ ਹੈ। ਜਿਵੇਂ ਕਿਸੇ ਵੀ ਸਮੱਸਿਆ ਦਾ ਹੱਲ ਸਮੱਸਿਆ ਨੂੰ ਸਮਝੇ ਬਿਨਾਂ ਨਹੀਂ ਹੋ ਸਕਦਾ, ਉਸੇ ਤਰ੍ਹਾਂ ਆਦਤ ਕਿਵੇਂ ਬਣਦੀ ਹੈ, ਨੂੰ ਸਮਝੇ ਬਿਨਾਂ, ਬੁਰੀ ਆਦਤ ਛੱਡ ਅੱਛੀ ਆਦਤ ਵਿਕਸਿਤ ਨਹੀਂ ਕੀਤੀ ਜਾ ਸਕਦੀ। ਲੇਖਕ ਨੇ ਆਦਤ ਨੂੰ ਬਣਾਉਣ ਵਾਲੇ ਕਾਰਕਾਂ ਨੂੰ ਅੱਲਗ ਅੱਲਗ ਹਿੱਸਿਆਂ ਵਿੱਚ ਨਿਖੇੜ ਕੇ ਤਫ਼ਸੀਲ ਨਾਲ ਸਮਝਾਇਆ ਹੈ। ਪਾਠਕਾਂ ਨੂੰ ਹਰ ਨੁਕਤੇ ਨੂੰ ਸਮਝਾਉਣ ਤੋਂ ਬਾਅਦ ਅਭਿਆਸ ਲਈ ਸਵਾਲ ਖੜੇ ਕਰਕੇ ਕਿਤਾਬ ਤੋਂ ਫਾਇਦਾ ਹੋਣਾ ਵੀ ਯਕੀਨੀ ਬਣਾਇਆ ਹੈ।
ਇਸ ਕਿਤਾਬ ਨੂੰ ਪੜ੍ਹ ਅਤੇ ਤਕਨੀਕ ਨੂੰ ਸਮਝ ਕੇ ਜਿੱਥੇ ਅਸੀਂ ਹੋਰ ਬਿਹਤਰ ਇਨਸਾਨ ਬਣਨ ਦੀ ਕੋਸ਼ਿਸ਼ ਕਰ ਸਕਦੇ ਹਾਂ, ਉਥੇ ਹੀ ਅਸੀਂ ਅੱਛੇ ਮਾਪੇ, ਅੱਛੇ ਵਿਦਿਆਰਥੀ, ਸਫ਼ਲ ਕਾਰੋਬਾਰੀ ਵੀ ਬਣ ਸਕਦੇ ਹਾਂ। ਇਹ ਕਿਤਾਬ ਬਹੁਤ ਸਾਰੀਆਂ ਪੁਰਾਤਨ ਧਾਰਨਾਵਾਂ ਨੂੰ ਤੋੜ ਭੈੜੀਆਂ ਆਦਤਾਂ ਨੂੰ ਠੀਕ ਕਰਨ ਦੀ ਜਟਿਲਤਾ ਨੂੰ ਅਸਾਨ ਬਣਾਉਂਦੀ ਹੈ।। ਪਾਠਕਾਂ ਨੂੰ ਕਿਤਾਬ ਤੋਂ ਲਾਭ ਲੈਣਾ ਚਾਹੀਦਾ ਹੈ ਤੇ ਆਪਣੇ ਪਰਿਵਾਰ ਤੇ ਦੋਸਤਾਂ ਨਾਲ ਵੀ ਸਾਂਝ ਪਾਉਣੀ ਚਾਹੀਦੀ ਹੈ। ਸਰਦਾਰ ਰੇਸ਼ਮ ਸਿੰਘ ਜੀ  ਨੂੰ ਸਫ਼ਲ ਲਿਖਤ ਦੀਆਂ ਮੁਬਾਰਕਾਂ ਤੇ ਮੈਨੂੰ ਕਿਤਾਬ ਭੇਜਣ ਲਈ ਬਹੁਤ ਬਹੁਤ ਧੰਨਵਾਦ।
ਅਸ਼ਲੇਸ ਗੜ੍ਹੀ
ਨਿਊਜੀਲੈਂਡ ਪੁਲਿਸ ਅਫ਼ਸਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samaj
Previous articleਥੋੜਾ ਥੋੜਾ ਹੱਸਣਾ****
Next articleਚੜ੍ਹਦਾ ਲਹਿੰਦਾ ਪੰਜਾਬ