ਪੈਲਾਂ ਪਾਉਣ ਦਾ ਹੁਨਰ ਸਿਖਾਉਂਦੀ ਕਿਤਾਬ ”ਪਾ ਦੇ ਪੈਲਾਂ”

(ਸਮਾਜ ਵੀਕਲੀ)
ਪੁਸਤਕ ਰੀਵਿਊ

ਕਈ ”ਵਿਸ਼ੇਸ਼ ਕਿਤਾਬਾਂ” ਅਜਿਹੀਆਂ ਹੁੰਦੀਆਂ ਹਨ ਜਿਨ੍ਹਾਂ ਨੂੰ ਇੱਕੋ ਵਾਰ ਪੜ੍ਹ ਕੇ ਨਹੀਂ ਮੁਕਾਇਆ ਜਾ ਸਕਦਾ। ਉਨ੍ਹਾਂ ਕਿਤਾਬਾਂ ਨੂੰ ਵਾਰ–ਵਾਰ ਪੜ੍ਹਨਾ ਪੈਂਦਾ ਹੈ। ਅਜਿਹੀਆਂ ਕਿਤਾਬਾਂ ਨੂੰ ਇੱਕੋ ਸਾਹੇ ਨਹੀਂ ਪੜ੍ਹਿਆ ਜਾ ਸਕਦਾ। ਪੜ੍ਹਨ ਵੇਲ਼ੇ ਪੜ੍ਹਦੇ–ਪੜ੍ਹਦੇ ਰੁਕਣਾ ਪੈਂਦਾ ਹੈ, ਸੋਚਣਾ ਪੈਂਦਾ ਹੈ, ਵਿਚਾਰਨਾ ਪੈਂਦਾ ਹੈ, ਮਨਨ ਤੇ ਮੰਥਨ ਕਰਨਾ ਪੈਂਦਾ ਹੈ, ਚਿੰਤਨ ਕਰਨਾ ਪੈਂਦਾ ਹੈ, ਫੇਰ ਅੱਗੇ ਵਧਣਾ ਪੈਂਦਾ ਹੈ। ਇਹੋ ਜਿਹੀਆਂ ”ਵਿਸ਼ੇਸ਼ ਕਿਤਾਬਾਂ” ਕਿਸੇ ਆਰਟ ਫ਼ਿਲਮ ਵਰਗੀਆਂ ਹੁੰਦੀਆਂ ਹਨ, ਜਿਨ੍ਹਾਂ ਦੀ ਗਤੀ ਬਹੁਤ ਧੀਮੀ ਹੁੰਦੀ ਹੈ। ਜੋ ਕਿਹਾ–ਸੁਣਿਆ ਜਾ ਰਿਹਾ ਹੈ, ਉਹਦੇ ਅਰਥ ਕਿਤੇ ਡੂੰਘੇ ਪਏ ਹਨ, ਇਹਨੂੰ ਵਾਰ–ਵਾਰ ਦੇਖਣਾ ਪੈਂਦਾ ਹੈ, ਵਾਰ–ਵਾਰ ਸਮਝਣਾ ਪੈਂਦਾ ਹੈ। ਹਰ ਵਾਰ ਸ਼ਬਦ–ਵਾਕ ਨਵੇਂ ਅਰਥ ਪੈਦਾ ਕਰਦੇ ਹਨ। ਇਹੋ ਜਿਹੀਆਂ ਕਿਤਾਬਾਂ ਬਹੁ–ਪਾਸਾਰੀ, ਬਹੁ–ਪਰਤੀ, ਬਹੁ–ਦਿਸ਼ਾਵੀ ਅਤੇ ਬਹੁ–ਰੰਗੀਆਂ ਹੁੰਦੀਆਂ ਹਨ।

ਇਹੋ ਜਿਹੀਆਂ ”ਵਿਸ਼ੇਸ਼ ਕਿਤਾਬਾਂ” ਵਿੱਚੋਂ ਇੱਕ ਕਿਤਾਬ ਹੈ, ਵੀਰਦਵਿੰਦਰ ਸਿੰਘ ਹੁਰਾਂ ਦੀ ਲਿਖੀ ਪਲੇਠੀ ਵਾਰਤਕ ਪੁਸਤਕ ”ਪਾ ਦੇ ਪੈਲਾਂ”. ”ਪਾ ਦੇ ਪੈਲਾਂ” ਵਾਰਤਕ ਪੁਸਤਕ ”ਅਸੀਂ ਜੋ ਹਾਂ” ਤੋਂ ਗੱਲ ਸ਼ੁਰੂ ਕਰ ਕੇ ”ਅਸੀਂ ਜੋ ਹੋ ਸਕਦੇ ਹਾਂ” ਉੱਤੇ ਲਿਆ ਕੇ ਗੱਲ ਖ਼ਤਮ ਕਰਦੀ ਹੈ। ਵਾਰਤਕਕਾਰ ਵੀਰਦਵਿੰਦਰ ”ਕੋਲੇ ਅੰਦਰ ਲੁਕੀ ਹੀਰਾ ਬਣਨ ਦੀ ਸਮਰਥਾ” ਨੂੰ ਨੁਮਾਇਆ ਕਰਦਾ ਹੈ। ‘ਕੋਲੇ’ ਤੇ ‘ਹੀਰੇ’ ਦਾ ਸੰਰਚਨਾਤਮਕ ਢਾਂਚਾ ਇੱਕੋ ਹੈ, ਸਾਰੇ ਗੁਣ ਸਮਾਨ ਹਨ ਪਰ ਫੇਰ ਵੀ ਦੋਹਾਂ ਦੇ ਸੁਹੱਪਣ, ਕੀਮਤ ਅਤੇ ਮਾਤਰਾ ਵਿੱਚ ਬਹੁਤ ਫ਼ਰਕ ਹੈ। ਵਾਰਤਕਕਾਰ ਵੀਰਦਵਿੰਦਰ ”ਕੋਲੇ ਤੋਂ ਹੀਰਾ” ਬਣਨ ਲਈ ਜੋ ਹਾਲਾਤ ਹੋਣੇ ਚਾਹੀਦੇ ਹਨ, ਜੋ ਤਾਪਮਾਨ, ਦਬਾਅ, ਸਮਾਂ, ਸਹਿਜਤਾ, ਠਹਿਰਾਅ, ਇੱਛਾ ਸ਼ਕਤੀ ਚਾਹੀਦੀ ਹੈ, ਸਭ ਕਾਸੇ ਬਾਰੇ ਗੱਲ ਕਰਦਾ ਹੈ ਤਾਂ ਜੋ ”ਕੋਲਾ”, ”ਕੋਲਾ” ਨਾ ਰਹਿ ਕੇ ”ਹੀਰਾ” ਬਣਨ ਲਈ ਤਾਂਘੇ।

ਪੰਜਾਬੀ ਵਿੱਚ ਵਾਰਤਕ ਦਾ ਪਿੜ ਬਿਲਕੁਲ ਵਿਹਲਾ ਪਿਆ ਹੈ। ਅਜੋਕੇ ਸਮੇਂ ਪੰਜਾਬੀ ਵਿੱਚ ਜਨਾਬ ਨਰਿੰਦਰ ਕਪੂਰ ਦੀ ਆਦਰਸ਼ਕ ਸੋਚ ਤੇ ਪਹੁੰਚ ਵਾਲ਼ੀ, ਸ਼ਬਦ–ਜੜਤ ਦੇ ਚਮਤਕਾਰ ਤੋਂ ਪੈਦਾ ਹੋਈ ਵਾਰਤਕ ਹਰੇਕ ਪਾਠਕ ਨੂੰ ਆਪਣੇ ਵੱਲ੍ਹ ਖਿੱਚਦੀ ਹੈ ਪਰ ਇਹ ”ਆਦਰਸ਼ਕ ਭਾਸ਼ਣੀ ਵਾਰਤਕ” ਵਿਹਾਰਕ ਦਾਅਵਿਆਂ ਅੱਗੇ ਗੋਡੇ ਟੇਕ ਦਿੰਦੀ ਹੈ। ਵੀਰਦਵਿੰਦਰ ਨੇ ਬਹੁਤ ਖ਼ੂਬਸੂਰਤ ਜੜਤਕਾਰੀ ਸਮੇਤ ਵਿਹਾਰਕ ਵਾਰਤਕ ਸਿਰਜਣ ਦੀ ਕੋਸ਼ਿਸ਼ ਕੀਤੀ ਹੈ, ਅਜਿਹੀ ਵਿਹਾਰਕ ਵਾਰਤਕ ਜਿਸ ਨੂੰ ਅਜ਼ਮਾਇਆ ਜਾ ਸਕਦਾ ਹੈ, ਵਰਤਿਆ ਜਾ ਸਕਦਾ ਹੈ, ਜਿਸ ਤੋਂ ਸੇਧ ਲਈ ਜਾ ਸਕਦੀ ਹੈ, ਜਿਸ ਨੂੰ ਜੀਵਨ ਵਿੱਚ ਢਾਲ਼ਿਆ ਜਾ ਸਕਦਾ ਹੈ।

ਵੀਰਦਵਿੰਦਰ ਦੀ ਵਾਰਤਕ, ਆਧੁਨਿਕ ਪੰਜਾਬੀ ਵਾਰਤਕ ਦੇ ਹਨੇਰੀ ਰਾਤ ਜਿਹੇ ਪਿੜ੍ਹ ਵਿੱਚ, ਬੱਦਲਾਂ ਓਹਲਿਓਂ ਰਾਤ ਨੂੰ ਰੋਸ਼ਨ ਕਰਨ ਵਾਲ਼ੇ ਪੁੰਨਿਆ ਦੇ ਚੰਦ ਵਾਂਗ ਲਿਸ਼ਕਦੀ ਹੈ, ਤਾਰਿਆਂ ਵਾਂਗ ਟਿਮਟਿਕਾਉਂਦੀ ਹੈ, ਜੁਗਨੂੰਆਂ ਵਾਂਗ ਜਗਬੁਝ–ਜਗਬੁਝ ਕਰਦੀ ਹੈ ਅਤੇ ਕਿਸੇ ਚਾਨਣ–ਮੁਨਾਰੇ ਵਾਂਗ ਭੁੱਲੇ–ਭਟਕੇ ਰਾਹੀਆਂ ਨੂੰ ਰਾਹੇ ਤੋਰਦੀ ਹੈ। ਬਹੁਤ ਸਮੇਂ ਬਾਅਦ ਇਹੋ ਜਿਹੀ ਖ਼ੂਬਸੂਰਤ ਕਿਤਾਬ ਪੜ੍ਹਨ ਨੂੰ ਮਿਲੀ ਹੈ ਜਿਸ ਦਾ ਇੱਕ–ਇੱਕ ਸ਼ਬਦ, ਇੱਕ–ਇੱਕ ਵਾਕ, ਇੱਕ–ਇੱਕ ਵਿਚਾਰ ਪੜ੍ਹ ਕੇ ਮੂੰਹੋਂ ਆਪ–ਮੁਹਾਰੇ ”ਵਾਹ” ਨਿਕਲ਼ਦਾ ਹੈ।

ਵੀਰਦਵਿੰਦਰ ਦੀ ਕਿਤਾਬ ਪੜ੍ਹਨ ਤੋਂ ਪਹਿਲਾਂ ਤੁਹਾਨੂੰ ਕਿਤਾਬ ਦੀ ਭੂਮਿਕਾ ਪੜ੍ਹਨੀ ਚਾਹੀਦੀ ਹੈ। ਭੂਮਿਕਾ ਪੜ੍ਹ ਕੇ ਤੁਹਾਡੇ ਦਿਮਾਗ਼ ਵਿੱਚ ਜਿਹੜਾ ਵਿਚਾਰ ਸਭ ਤੋਂ ਪਹਿਲਾਂ ਆਵੇਗਾ, ਉਹ ਇਹ ਹੈ ਕਿ ”ਭੂਮਿਕਾ ਇਹੋ ਜਿਹੀ ਹੀ ਹੋਣੀ ਚਾਹੀਦੀ ਹੈ।” ਇਸ ਕਿਤਾਬ ਦੀ ਭੂਮਿਕਾ ਪੜ੍ਹੇ ਬਿਨਾਂ ਜੇ ਤੁਸੀਂ ਕਿਤਾਬ ਪੜ੍ਹਨੀ ਸ਼ੁਰੂ ਕਰ ਦਿਓਗੇ ਤਾਂ ਇਹ ਇੰਝ ਜਾਪੇਗਾ ਜਿਵੇਂ ਤੁਸੀਂ ਕਿਸੇ ਬੇਗਾਨੇ ਘਰ ਦਾ ਬਾਰ ਖੜਕਾਏ ਬਿਨਾਂ ਹੀ ਉਨ੍ਹਾਂ ਦੇ ਵਿਹੜੇ ਵਿੱਚ ਜਾ ਖੜ੍ਹੇ ਹੋ। ਭੂਮਿਕਾ ਤੋਂ ਬਾਅਦ ਸ਼ੁਰੂ ਹੁੰਦਾ ਹੈ ”ਪਾ ਦੇ ਪੈਲਾਂ” ਦੀ ਤਲਿੱਸਮੀ ਦੁਨੀਆ ਦਾ ਸਫ਼ਰ ਜਿਸ ਦੇ ਪਾਂਧੀ ਬਣ ਕੇ ਤੁਸੀਂ ਦੁਨੀਆ ਦੇ ਸਭ ਤੋਂ ਅਮੀਰ ਵਿਅਕਤੀ ਹੋਣ ਦਾ ਦਾਅਵਾ ਕਰ ਸਕਦੇ ਹੋ। ਵੀਰਦਵਿੰਦਰ ਨੇ ਇਸ ਵਾਰਤਕ ਨੂੰ ਸਹਿਜ ਬਣਾਈ ਰੱਖਣ ਲਈ ਕਾਫ਼ੀ ਮੁਸ਼ੱਕਤ ਕੀਤੀ ਹੈ।

ਕਿਤਾਬ ਵਿੱਚ ਸ਼ਬਦ–ਜੋੜ, ਸ਼ਬਦ–ਰੂਪ, ਸ਼ਬਦ–ਚੋਣ, ਵਾਕ–ਬਣਤਰ, ਰਵਾਨਗੀ, ਲੈਅ, ਚਮਤਕਾਰੀ ਜੜਤ, ਵਿਚਾਰ ਦੀ ਉੱਚਤਾ, ਸਹਿਜਤਾ, ਸਮਝਣਯੋਗ ਭਾਸ਼ਾ, ਆਦਰਸ਼ਕ ਸਮੇਤ ਵਿਹਾਰਕ ਸੋਚ ਤੇ ਪਹੁੰਚ, ਸੰਬੋਧਨੀ ਲਹਿਜਾ, ਬਾਕਮਾਲ ਵਿਸ਼ੇ ਅਤੇ ਵਿਸ਼ਿਆਂ ਦੀ ਬਾਕਮਾਲ ਪੇਸ਼ਕਾਰੀ ਸਮੇਤ ਇਸ ਕਿਤਾਬ ਵਿੱਚ ਸਭ ਕੁਝ ਹੀ ਬਾਕਮਾਲ ਹੈ। ਪੰਜਾਬੀ ਦਾ ਹਰੇਕ ਪਾਠਕ ਜਿਹੜਾ ਕਿ ਸਾਹਿਤ ਦਾ ਰਸੀਆ ਹੈ, ਇਹ ਕਿਤਾਬ ਜ਼ਰੂਰ ਪੜ੍ਹੇ, ਆਪਣੀ ਲਾਇਬਰੇਰੀ ਵਿੱਚ ਸਾਂਭ ਕੇ ਰੱਖੇ ਤੇ ਵਾਰ–ਵਾਰ ਪੜ੍ਹੇ ਅਤੇ ਹੋਰਨਾਂ ਨੂੰ ਪੜ੍ਹਾਵੇ।

ਵੀਰਦਵਿੰਦਰ ਦੀ ਲਿਖਣ–ਸ਼ੈਲੀ ਵਿੱਚ ਜਿਸ ਪੱਧਰ ਦੀ ਵਾਕ–ਬਣਤਰ ਅਤੇ ਵਿਚਾਰ ਦੀ ਉੱਚਤਾ ਹੈ, ਇਹ ਸਧਾਰਨ ਪਾਠਕਾਂ ਲਈ ਨਹੀਂ, ਸਧੇ ਹੋਏ ਪਾਠਕਾਂ ਲਈ ਹੈ। ਇਸ ਲਈ ਹੋ ਸਕਦਾ ਹੈ ਕਿ ਸਧਾਰਨ ਪਾਠਕ ਇਸ ਪੁਸਤਕ ਨੂੰ ਉਸ ਰੂਪ ਵਿੱਚ ਸਵੀਕਾਰ ਨਾ ਕਰੇ ਜਿਸ ਰੂਪ ਵਿੱਚ ਸਾਹਿਤ ਦੇ ਸਧੇ ਹੋਏ ਪਾਠਕ ਕਰਨਗੇ। ਵਾਰਤਕਕਾਰ ਵੀਰਦਵਿੰਦਰ ਨੂੰ ਮੇਰੀ ਨਿੱਜੀ ਰਾਇ ਹੈ ਕਿ ਉਹ ਆਪਣੀ ਲਿਖਣ–ਸ਼ੈਲੀ ਦੀ ਖ਼ੂਬਸੂਰਤੀ ਨੂੰ ਬਰਕਰਾਰ ਰਖਦੇ ਹੋਏ ਆਪਣੀ ਵਾਰਤਕ ਨੂੰ ਜੇ ਹੋਰ ਸੌਖਿਆਂ ਸ਼ਬਦਾਂ ਵਿੱਚ ਕਹਿ ਸਕੇਂ ਤਾਂ ਉਹਦੀਆਂ ਲਿਖਤਾਂ ਯਾਦਗਾਰੀ ਹੋ ਨਿਬੜਨਗੀਆਂ, ਜਿਸਨੂੰ ਕਿ ਹਰੇਕ ਪਾਠਕ ਪੜ੍ਹੇਗਾ ਅਤੇ ਪਸੰਦ ਵੀ ਕਰੇਗਾ।

ਇਸ ਦੇ ਨਾਲ਼ ਹੀ ਜੇ ਵੀਰਦਵਿੰਦਰ ਆਪਣੀ ਵਾਰਤਕ ਨੂੰ ਹੋਰ ਸੌਖੇ ਸ਼ਬਦਾਂ ਵਿੱਚ ਲਿਖ ਸਕੇ ਅਤੇ ਬਾਲਾਂ ਨੂੰ ਧਿਆਨ ਵਿੱਚ ਰੱਖ ਕੇ ਲਿਖੇ ਤਾਂ ਇਸ ਵਾਰਤਕਕਾਰ ਦੀਆਂ ਲਿਖਤਾਂ ਸਕੂਲਾਂ ਦੇ ਪਾਠਕ੍ਰਮ ਦਾ ਸ਼ਿੰਗਾਰ ਬਣਨਗੀਆਂ। ਜੇ ਨਿਬੰਧਾਂ ਦੀ ਲੰਬਾਈ ਨੂੰ ਘਟਾ ਕੇ ਡੇਢ–ਦੋ ਪੇਜਾਂ ਵਿੱਚ ਸਮੇਟ ਲਿਆ ਜਾਵੇ ਤਾਂ ਪਾਠਕ, ਇੱਕੋ ਵਿਸ਼ੇ ਨੂੰ ਬਿਨਾਂ ਨੀਰਸਤਾ ਅਤੇ ਅਕੇਵੇਂ ਤੋਂ ਲਗਾਤਾਰ ਪੜ੍ਹ ਸਕਦਾ ਹੈ। ਅਜਿਹਾ ਕਰਨ ਨਾਲ਼ ਕਿਤਾਬ ਵਿੱਚ ਹੋਰ ਬਹੁਤ ਸਾਰੇ ਵਿਸ਼ਿਆਂ ਨੂੰ ਸਥਾਨ ਮਿਲ ਸਕਦਾ ਹੈ ਜਿਸ ਨਾਲ਼ ਕਿ ਪਾਠਕ ਇੱਕੋ ਕਿਤਾਬ ਰਾਹੀਂ ਬਹੁਤ ਸਾਰੇ ਵਿਸ਼ਿਆਂ ਨਾਲ਼ ਰੂਬਰੂ ਹੋ ਸਕਣਗੇ।

ਅਖ਼ੀਰ, ਵੀਰਦਵਿੰਦਰ ਦੇ ਪੰਜਾਬੀ ਸਾਹਿਤ ਜਗਤ ਵਿੱਚ ਰੱਖੇ ਪਲੇਠੇ ਪਰ ਠੋਸ ਕਦਮ ਨੂੰ ਖ਼ੁਸ਼ਾਮਦੀਦ ਆਖਦਾ ਹਾਂ।

 

 

 

ਡਾ. ਸਵਾਮੀ ਸਰਬਜੀਤ

ਪਟਿਆਲ਼ਾ

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਵਿਸ਼ਵ ਦੋਆਬਾ ਰਾਜਪੂਤ ਸਭਾ ਪੰਜਾਬ ਦੀ ਹੋਈ ਮੀਟਿੰਗ, ਕੀਤੇ ਗਏ ਅਹਿਮ ਫੈਸਲੇ
Next articleਦੋ ਗੱਲਾਂ