(ਸਮਾਜ ਵੀਕਲੀ) “ਹਵਾ ਦੀ ਬੁੱਕਲ” ਲੇਖਕ ਅਮਨਦੀਪ ਕੌਰ ਮਾਨ
ਆ ਗਈ ਹੈ। ਇਹ ਉਸ ਦੀਆਂ ਰਚਨਾਵਾਂ ਦੀ ਦੂਜੀ ਕਿਤਾਬ ਹੈ। ਪਹਿਲੀ ਕਿਤਾਬ “ਬਿਰਹੋਂ ਦੀ ਅਣਜੰਮੀ ਧੀ” ਦੇ ਉੱਤੇ ਚਾਰ ਸ਼ਬਦ ਲਿਖਣ ਦਾ ਮੈਨੂੰ ਸੁਭਾਗ ਪ੍ਰਾਪਤ ਹੋਇਆ ਸੀ।
“ਅਮਨ” ਪੰਜਾਬੀ ਸੱਭਿਆਚਾਰ ਨਾਲ ਸੰਬੰਧਿਤ ਬਹੁਤ ਖ਼ੂਬਸੂਰਤ ਗੀਤ ਸਿਰਜਣ ਵਿਚ ਮਾਹਰ ਹੈ। ਉਸ ਦੇ ਗੀਤ ਜਿੱਥੇ ਬਿਰਹੋਂ ਦੇ ਬੋਲ ਉਲੀਕਦੇ ਹਨ ਉੱਥੇ ਉਸ ਦੇ ਗੀਤਾਂ ਵਿਚ ਪਿਆਰ,ਮੁਹੱਬਤ, ਇਸ਼ਕ,ਤਾਹਨੇ,ਮਿਹਣੇ,ਪੰਜਾਬੀ ਸੱਭਿਆਚਾਰ ਦੀ ਮੂੰਹ ਬੋਲਦੀ ਤਸਵੀਰ ਹਨ।
ਉਮਰ ਦੇ ਕਿਸੇ ਖ਼ਾਸ ਪੜਾਅ ਵਿਚ ਇਸ ਤਰ੍ਹਾਂ ਦੇ ਗੀਤ ਨਵੇਂ ਕਵੀਆਂ, ਕਵੀਤਰੀਆਂ ਅਤੇ ਗੀਤਕਾਰਾਂ ਦੇ ਮਾਨਸਿਕ ਰਚਨਾ ਦੌਰ ਦਾ ਹਿੱਸਾ ਹੁੰਦੇ ਹਨ।
ਉਸ ਦੇ ਗੀਤ ਜਿੱਥੇ ਪੁਰਾਣੇ ਮੁਹਾਵਰੇ ਨੂੰ ਬਰਕਰਾਰ ਰੱਖਦੇ ਹਨ ਉੱਥੇ ਅਮਨਦੀਪ ਕੌਰ ਮਾਨ ਇੱਕ ਨਵਾਂ ਮੁਹਾਵਰਾ ਵੀ ਸਿਰਜਦੀ ਹੈ।
ਸਾਰੀ ਕਿਤਾਬ ‘ਤੇ ਭਾਵੇਂ ਪੰਛੀ ਝਾਤ ਮਾਰੀ ਹੈ ਪਰ ਇਸ ਕਿਤਾਬ ਵਿਚ ਪਿਛਲੀ ਕਿਤਾਬ ਨਾਲੋਂ ਕੁਝ ਨਵਾਂ ਸਿਰਜਣ ਦੀ ਕੋਸ਼ਿਸ਼ ਕੀਤੀ ਗਈ ਹੈ।
ਗੀਤ ਦੇਖੋ:-
“ਗੱਲ ਪੀੜਾਂ ਵਾਲੀ ਏ,
ਮੈਥੋਂ ਦੱਸੀ ਨਹੀਂ ਜਾਂਦੀ।
ਇਹ ਕਾਹਤੋਂ ਪਾਲ਼ੀ ਏ,
ਮੈਥੋਂ ਦੱਸੀ ਨਹੀਂ ਜਾਂਦੀ।”
ਕਹਿ ਕੇ ਸਾਰੀ ਗੱਲ ਦੱਸ ਦਿੰਦੀ ਹੈ।
ਉਸ ਕਾਫ਼ੀ ਨੁਮਾ ਗੀਤ ਦੇਖੋ:-
“ਨਾ ਜਾਵਾਂ ਮੈਂ ਵਿੱਚ ਮਸੀਤਾਂ,
ਨਾ ਜਾਵਾਂ ਮੈਂ ਮੰਦਿਰ।
ਨਾ ਜਾਵਾਂ ਮੈਂ ਗੁਰੂ ਦੁਆਰੇ,
ਮੈਂ ਵੇਖਾਂ ਮੇਰੇ ਅੰਦਰ।
ਮੇਰੇ ਸਾਈਂ ਨੂੰ….ਮੇਰੇ ਸਾਈਂ ਨੂੰ…।
ਅਮਨ ਪਿਆਰ ਵਿਚ ਮਸਤ ਹੋ ਕੇ, ਇਸ਼ਕ ਦੀ ਪਰਵਾਜ਼ ਭਰਦਿਆਂ ਬੁੱਲੇ ਸ਼ਾਹ ਦੀ ਯਾਦ ਕਰਵਾ ਦਿੰਦੀ ਹੈ।
ਹੋਰ ਇੱਕ ਗੀਤ ਦੀ ਵੰਨਗੀ ਦੇਖੋ:-
“ਤੂੰ ਦਿਲ ਦੇ ਅੰਦਰ ਵਸਦਾ ਏਂ।
ਚੰਨ ਵਾਂਗ ਸੋਹਣਿਆ ਹੱਸਦਾ ਏਂ।
ਮੈਨੂੰ ਵਾਂਗ ਸ਼ੁਦਾਈਆਂ ਰਾਹਾਂ ਦੇ ਵਿਚ,
ਬਹਿਣਾ ਨਹੀਂ ਆਉਂਦਾ।
ਤੈਨੂੰ ਪਿਆਰ ਬਥੇਰਾ ਕਰਦੀ ਆ, ਪਰ ਕਹਿਣਾ ਨਹੀਂ ਆਉਂਦਾ।”
ਇੱਕ ਲੋਕ ਗੀਤ ਵਰਗੇ ਗੀਤ ਦੀ ਇੱਕ ਹੋਰ ਸਥਾਈ ਦੇਖਦੇ ਹਾਂ:-
ਹੇਠ ਬਰੋਟੇ ਚਰਖਾ ਡਾਹਿਆ,
ਰੂਪ ਵੀ ਚੜ੍ਹਿਆ ਦੂਣ ਸਵਾਇਆ।
ਗਲੀ ‘ਚ ਜਦ ਮੈਂ, ਤੱਕਿਆ ਰਾਂਝਾ,
ਹੋਈ ਮੇਰੀ ਪੂਣੀ ਭਾਰੀ।
ਵੇ ਚਰਖ਼ੇ ਦੀ ਤੰਦ ਟੁੱਟ ਗਈ,
ਤੁਰੇ ਜਾਂਦੇ ਨੇ ਸੈਨਤ ਤੂੰ ਮਾਰੀ।”
ਗੀਤਾਂ ਵਿਚ ਬਹਿਰ ਤੇ ਚਿਤਰਨ ਦੀ ਤਬਦੀਲੀ ਕਿਸੇ ਰਚਨਾਕਾਰ ਦੀ ਪ੍ਰੋੜਤਾ ਦਾ ਪ੍ਰਦਰਸ਼ਨ ਹੁੰਦਾ ਹੈ।
ਅਮਨਦੀਪ ਜਿੱਥੇ ਇੱਕ ਚੰਗੀ ਕਵਿਤਾ,ਗ਼ਜ਼ਲ,ਨਜ਼ਮ ਅਤੇ ਗੀਤ ਲਿਖਦੀ ਤੇ ਖ਼ੁਦ ਕੰਪੋਜ ਕਰ ਕੇ ਗਾਉਂਦੀ ਵੀ ਹੈ । ਉਸ ਦੇ ਗੀਤਾਂ ਦੀ ਰਵਾਨਗੀ ਦਾ ਉਦੋਂ ਪਤਾ ਲੱਗਦਾ ਹੈ ਜਦੋਂ ਉਹ ਖ਼ੁਦ ਮੰਚ ‘ਤੇ ਗੀਤਾਂ ਨੂੰ ਗਾਉਂਦੀ ਹੈ। ਉਸ ਵਿਚ ਲੈਅ,ਸਵਰ ਤੇ ਰਾਗ ਰੰਗ ਦਾ ਵੀ ਪਤਾ ਲੱਗਦਾ ਹੈ। ਦੂਜਾ ਗਾਉਣ ਵਾਲਿਆਂ ਲਈ ਇਹ ਸੌਖਾ ਹੋ ਜਾਂਦਾ ਹੈ ਕਿ ਗੀਤਕਾਰ ਨੇ ਉਸ ਦੀ ਬੰਦਿਸ਼ ਕਿਸ ਤਰ੍ਹਾਂ ਤਿਆਰ ਕੀਤੀ ਹੈ। ਫ਼ਿਰ ਉਹ ਆਪਣੇ ਮੁਤਾਬਿਕ ਉਸ ਰੰਗ ਵਿਚ, ਆਪਣੇ ਰੰਗ ਭਰ ਕੇ,ਮੁਰਕੀਆਂ ਲਗਾ ਸਕਦਾ ਹੈ ਇਹੀ “ਅਮਨਦੀਪ ਕੌਰ ਮਾਨ” ਦੀ ਵਿਲੱਖਣਤਾ ਹੈ।
ਅੱਜ ਅਮਨਦੀਪ ਅਤੇ ਉਸ ਦੇ ਪਤੀ ਸੁਖਵਿੰਦਰ ਉਚੇਚੇ ਤੌਰ ‘ਤੇ ਮੈਨੂੰ ਆਪਣੀ ਨਵੀਂ ਕਿਤਾਬ,”ਹਵਾ ਦੀ ਬੁੱਕਲ ” ਭੇਂਟ ਕਰਨ ਦੇ ਲਈ ਮੇਰੇ ਘਰ ਪਹੁੰਚੇ। ਭਾਵੇਂ ਰੁਝੇਵਿਆਂ ਕਰ ਕੇ ਕੋਈ ਜ਼ਿਆਦਾ ਗੱਲ ਨਾ ਹੋਈ ਫ਼ਿਰ ਵੀ ਉਸ ਦੀ ਨਵੀਂ ਕਿਤਾਬ ਦੀ ਆਮਦ ‘ਤੇ ਕਿਤਾਬ ਨੂੰ “ਜੀਓ ਆਇਆਂ ਨੂੰ” ਕਹਿਣਾ ਬਣਦਾ ਹੈ।
ਉਮੀਦ ਕਰਦਾ ਹਾਂ ਅਮਨਦੀਪ ਦੇ ਸੁਭਾਅ ਵਾਂਗ, ਉਸ ਦੇ ਗੀਤ ਵੀ ਸਭ ਨੂੰ ਪਸੰਦ ਆਉਣਗੇ।
ਇਸ ਹੋਣਹਾਰ ਬੱਚੀ ਨੂੰ ਬਹੁਤ ਬਹੁਤ ਮੁਬਾਰਕਬਾਦ ਤੇ ਅਸ਼ੀਰਵਾਦ!
ਆਮੀਨ।
ਕ਼ਲਮ ਇ ਜ਼ੋਰ ਔਰ ਜ਼ਿਆਦਾ।
( ਜਸਪਾਲ ਜੱਸੀ)



