
(ਸਮਾਜ ਵੀਕਲੀ) ਪੰਜਾਬ ਵਿੱਚ ਅੰਮ੍ਰਿਤਸਰ ਸ਼ਹਿਰ ਦੇ ਗੁਰੂ ਰਾਮ ਦਾਸ ਏਅਰਪੋਰਟ ਤੇ ਭਾਰਤ ਤੋਂ ਗੈਰ ਕਨੂੰਨੀ ਢੰਗ ਨਾਲ ਅਮਰੀਕਾ ਗਏ ਭਾਰਤੀਆਂ ਨੂੰ ਲੈ ਕੇ ਦੂਜਾ ਜਹਾਜ਼ ਦੇਰ ਰਾਤ ਉਤਰਿਆ ਹੈ ਅਤੇ ਅਮਰੀਕਾ ਸਰਕਾਰ ਵੱਲੋਂ ਭਾਰਤੀਆਂ ਨੂੰ ਵਾਪਸ ਭੇਜਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਬੇ ਸ਼ੱਕ ਅਮਰੀਕਾ ਸਰਕਾਰ ਦਾ ਮੰਨਣਾ ਹੈ ਕਿ ਉਨ੍ਹਾਂ ਵੱਲੋਂ ਆਪਣੇ ਦੇਸ਼ ਦੇ ਹਿੱਤ ਵਿਚ ਲਿਆ ਫੈਸਲਾ ਸ਼ਲਾਘਾਯੋਗ ਹੈ। ਪਰ ਅਮਰੀਕਾ ਸਰਕਾਰ ਦੇ ਇਸ ਫੈਸਲੇ ਨੇ ਸਿਆਸੀ ਅਤੇ ਸਮਾਜਿਕ ਪਿੜਾਂ ਵਿਚ ਜੋ ਚਰਚਾ ਛੇੜੀ ਹੈ ਉਹ ਸਚਮੁੱਚ ਚਿੰਤਾ ਅਤੇ ਚਿੰਤਨ ਦਾ ਵਿਸ਼ਾ ਹੈ। ਇਹ ਸਮਾਂ ਇਕ ਦੂਜੇ ਨੂੰ ਭੰਡਣ ਜਾ ਸਿਆਸਤ ਦਾ ਨਾਂ ਹੋ ਕਿ ਗਹਿਰਾਈ ਨਾਲ ਸਮਝਣ ਦਾ ਹੈ। ਵਤਨ ਵਾਪਸੀ ਦੌਰਾਨ ਭਾਰਤ ਦੇ ਅਲੱਗ ਅਲੱਗ ਸੂਬਿਆਂ ਸਮੇਤ ਪੰਜਾਬ ਦੇ ਨਾਗਰਿਕ ਵੀ ਇਸ ਵਿਚ ਸ਼ਾਮਿਲ ਹਨ। ਅਜੋਕੇ ਹਲਾਤ ਵਿੱਚ ਇਨ੍ਹਾਂ ਪ੍ਰਵਾਸੀਆਂ ਨੂੰ ਜਿਥੇ ਲੋਕਾਂ ਦੇ ਤਿੱਖੇ ਕੁਮੈਂਟਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਥੇ ਬਹੁਤਾਤ ਲੋਕਾਂ ਵੱਲੋਂ ਹਮਦਰਦੀ ਦਾ ਪ੍ਰਗਟਾਵਾ ਵੀ ਕੀਤਾ ਜਾ ਰਿਹਾ ਹੈ। ਜੇਕਰ ਪੰਜਾਬ ਦੇ ਹਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਕੋਈ ਸ਼ੱਕ ਨਹੀਂ ਕਿ ਅਜੋਕੇ ਸਮੇਂ ਪੰਜਾਬ ਦੇ ਬਹੁਤੇ ਲੋਕ ਵਿਦੇਸ਼ਾਂ ਵਿਚ ਵਸਣ ਦੀ ਲਾਲਸਾ ਰਖਦੇ ਹਨ। ਇਸ ਲਈ ਉਹ ਹਰ ਹੱਦ ਤੱਕ ਰਿਸਕ ਲੈਂਦੇ ਆ ਰਹੇ ਹਨ ਅਤੇ ਸਮੇਂ ਸਮੇਂ ਖਮਿਆਜ਼ਾ ਵੀ ਭੁਗਤਦੇ ਰਹੇ ਹਨ ਇਸ ਵਿੱਚ ਮਾਲਟਾ ਕਾਂਢ ਵੀ ਸ਼ਾਮਲ ਹੈ। ਪੰਜਾਬੀ ਦੀਆਂ ਅਜੋਕੀਆਂ ਬਹੁਤਾਤ ਫਿਲਮਾਂ ਵਿਚ ਵੱਡੀਆਂ ਕੋਠੀਆਂ ਖੁਲੀਆਂ ਜ਼ਮੀਨਾਂ ਵੱਡੀਆਂ ਕਾਰਾਂ ਜਾਂ ਵਿਆਹਾਂ ਵਿਚ ਵਲੈਤੀਆ ਦਾ ਪ੍ਰਗਟਾਵਾ ਪੈਸੇ ਦੀ ਸ਼ੋਹਰਤ ਦਾ ਪ੍ਰਗਟਾਵਾ ਜਾ ਗੀਤਾਂ ਵਿਚ ਵਲੈਤੀਆ ਦੀ ਵਡਿਆਈ, ਨੇ ਨੋਜਵਾਨ ਪੀੜੀ ਨੂੰ ਵਿਦੇਸ਼ਾਂ ਦੀ ਦੌੜ ਵਿਚ ਸ਼ਾਮਿਲ ਕਰਨ ਲਈ ਅਹਿਮ ਭੂਮਿਕਾ ਨਿਭਾਈ ਹੈ। ਦੇਸ਼ ਵਿਚ ਪੜਾਈ ਦੀ ਕਦਰ ਨਾ ਪੈਂਦੀ ਦੇਖ ਖੁੰਬਾਂ ਵਾਂਗ ਹਰ ਸ਼ਹਿਰ ਹਰ ਪਿੰਡ ਵਿੱਚ ਖੁਲੇ ਆਈਲੈਟਸ ਸੈਂਟਰ, ਨੇ ਨੋਜਵਾਨਾਂ ਨੂੰ ਵਿਦੇਸ਼ ਧੱਕਣ ਵਿਚ ਬਣਦੀ ਭੂਮਿਕਾ ਨਿਭਾਈ। ਇਥੇ ਹੀ ਬੱਸ ਨਹੀਂ ਅਲੱਗ ਅਲੱਗ ਦੇਸ਼ਾਂ ਵਿਚ ਰਾਜਸੀ ਸ਼ਰਨ ਸਮੇਤ ਹੋਰ ਅਨੇਕਾਂ ਕਨੂੰਨ ਜਿਨ੍ਹਾਂ ਰਾਹੀਂ ਲੋਕਾਂ ਨੂੰ ਵਿਦੇਸ਼ ਪੱਕੇ ਹੋਣ ਦਾ ਸੁਪਨਾ ਪੂਰਾ ਹੁੰਦਾ ਦਿਖਾਈ ਦਿੱਤਾ ਤਾਂ ਲੋਕਾਂ ਵੱਲੋਂ ਪਨਾਮਾ ਦੇ ਜੰਗਲ ਜਾ ਮੈਕਸੀਕੋ ਦੀ ਦਿਵਾਰ ਟੱਪਣ ਤੋਂ ਵੀ ਗੁਰੇਜ਼ ਨਹੀਂ ਕੀਤਾ ਗਿਆ। ਇਜੰਟਾ ਵੱਲੋਂ ਬਲਦੀ ਤੇ ਤੇਲ ਪਾਉਣ ਦਾ ਕੰਮ ਕੀਤਾ ਗਿਆ ਖੂਨ ਪਸੀਨੇ ਦੇ ਕਰੋੜਾਂ ਰੁਪਏ ਲੋਕਾਂ ਵੱਲੋਂ ਜ਼ਮੀਨਾਂ ਵੇਚ ਕੇ, ਘਰ ਵੇਚ ਕੇ, ਅਤੇ ਹੋਰ ਜਾਇਦਾਦਾਂ ਵੇਚ ਕੇ ਇਜੰਟਾ ਨੂੰ ਦਿੱਤੇ ਤਾਂ ਕਿ ਉਹ ਵਿਦੇਸ਼ ਵਸਣ ਦੇ ਆਪਣੇ ਸੁਪਨੇ ਪੂਰੇ ਕਰ ਸਕਣ । ਦੋਸ਼ ਕਿਸੇ ਇੱਕ ਨੂੰ ਦੇਣਾ ਇਹ ਸਰਾਸਰ ਗਲਤ ਹੋਵੇਗਾ ਤਾੜੀ ਹਮੇਸ਼ਾ ਦੋਨਾਂ ਹੱਥਾਂ ਨਾਲ ਵੱਜਦੀ ਹੈ। ਇਸ ਵਿਚ ਸ਼ਾਮਿਲ ਇਜੰਟ , ਲੋਕ, ਅਤੇ ਸਿਸਟਮ ਜਿਨ੍ਹਾਂ ਦੇ ਨੱਕ ਹੇਠ ਇਹ ਸਭ ਚਲ ਰਿਹਾ ਕਿਤੇ ਨਾ ਕਿਤੇ ਕਿਸੇ ਹੱਦ ਤੱਕ ਜ਼ਿੰਮੇਵਾਰ ਹਨ। ਅਜੋਕੇ ਹਲਾਤ ਵਿੱਚ ਪੰਜਾਬ ਅੰਦਰ ਲੜਕੀਆਂ ਨੂੰ ਜ਼ਿਆਦਾ ਰਿਸ਼ਤੇ ਵਿਦੇਸ਼ ਤੋਂ ਆ ਰਹੇ ਹਨ ਅਤੇ ਬਹੁਤਾਤ ਲੜਕੀਆਂ ਵੀ ਵਿਦੇਸ਼ ਦੇ ਰਿਸ਼ਤੇ ਦੀ ਤਾਂਘ ਰਖਦੀਆਂ ਹਨ। ਪੰਜਾਬ ਅੰਦਰ ਕਾਰੋਬਾਰ ਕਰ ਰਹੇ ਲੜਕਿਆਂ ਨੂੰ ਰਿਸ਼ਤੇ ਨਾ ਹੋਣਾ ਵੀ ਵਿਦੇਸ਼ ਪੁਜਣ ਦਾ ਇਕ ਕਾਰਨ ਹੈ। ਪੰਜਾਬ ਦੇ ਲੋਕਾਂ ਵਿਚ ਇੱਕ ਦੂਜੇ ਤੋਂ ਅੱਗੇ ਵਧਣ ਦੀ ਲਾਲਸਾ ਵੀ ਵਿਦੇਸ਼ ਰੁਝਾਨ ਨੂੰ ਪ੍ਰਮੁੱਖਤਾ ਦਿੰਦੀ ਹੈ। ਕੋਈ ਸ਼ੱਕ ਨਹੀਂ ਕਿ ਜਿਨ੍ਹਾਂ ਪੈਸਾ ਵਿਦੇਸ਼ ਵਸਣ ਦੀ ਲਾਲਸਾ ਅੰਦਰ ਗੈਰ ਕਨੂੰਨੀ ਢੰਗ ਨਾਲ ਵਿਦੇਸ਼ ਜਾਣ ਤੇ ਖਰਚ ਕੀਤਾ ਜਾਂਦਾ ਹੈ ਉਸ ਵਿਚੋਂ ਥੋੜਾ ਪੈਸਾ ਵੀ ਦੇਸ਼ ਵਿਚ ਲਗਾ ਕੇ ਕਾਰੋਬਾਰ ਕੀਤਾ ਜਾ ਸਕਦਾ ਹੈ। ਖੈਰ ਡੁੱਲੇ ਬੇਰਾ ਦਾ ਕੁਝ ਨਹੀਂ ਵਿਗੜਿਆ ਹੁਣ ਸਮਾਂ ਇਕ ਦੂਜੇ ਨੂੰ ਭੰਡਣ ਨਾਲੋਂ ਇਕ ਦੂਜੇ ਦਾ ਸਹਾਰਾ ਬਣਨ ਦਾ ਹੈ। ਸਵੇਰੇ ਦਾ ਭੁਲਿਆ ਸ਼ਾਮ ਨੂੰ ਘਰ ਆ ਜਾਵੇ ਤਾਂ ਉਸ ਨੂੰ ਭੁਲਿਆ ਨਹੀਂ ਕਹਿੰਦੇ। ਸਰਕਾਰਾਂ ਨੂੰ ਆਪਣੀ ਬਣਦੀ ਜ਼ਿੰਮੇਵਾਰੀ ਨਿਭਾਉਣੀ ਚਾਹੀਦੀ ਹੈ। ਗਲਤ ਅਨਸਰਾਂ ਤੇ ਸ਼ਿਕੰਜਾ ਕੱਸਣ ਦੀ ਲੋੜ ਹੈ। ਡਿਪੋਟ ਕੀਤੇ ਲੋਕਾਂ ਨੂੰ ਮਾਨਸਿਕ ਤੌਰ ਤੇ ਪ੍ਰੇਸ਼ਾਨ ਨਾ ਕੀਤਾ ਜਾਵੇ ਉਨ੍ਹਾਂ ਨੂੰ ਹਮਦਰਦੀ ਦੀ ਜ਼ਰੂਰਤ ਹੈ। ਗਲਤੀ ਇਨਸਾਨ ਕੋਲੋਂ ਹੀ ਹੁੰਦੀ ਹੈ ਸਮਾਂ ਰਹਿੰਦੇ ਇਸ ਨੂੰ ਸੁਧਾਰ ਲਿਆ ਜਾਵੇ ਤਾਂ ਉਸ ਨੂੰ ਸੂਰਮਾ ਆਖਦੇ ਹਨ ਬਾਕੀ ਜਿਸ ਤਨ ਲੱਗੀਆਂ ਹੋਣ ਇਹ ਤਾਂ ਉਹੀ ਜਾਣਦਾ ਹੈ।
https://play.google.com/store/apps/details?id=in.yourhost.samaj



