ਅਬੂਧਾਬੀ ਡਰੋਨ ਹਮਲੇ ’ਚ ਮਾਰੇ ਗਏ ਦੋ ਪੰਜਾਬੀਆਂ ਦੀਆਂ ਦੇਹਾਂ ਪਿੰਡ ਪੁੱਜੀਆਂ

ਅੰਮ੍ਰਿਤਸਰ, (ਸਮਾਜ ਵੀਕਲੀ):  ਅਬੂਧਾਬੀ ਵਿਚ ਸੋਮਵਾਰ ਨੂੰ ਡਰੋਨ ਹਮਲੇ ਵਿਚ ਜਾਨਾਂ ਗੁਆਉਣ ਵਾਲੇ ਦੋ ਪੰਜਾਬੀ ਨੌਜਵਾਨਾਂ ਹਰਦੀਪ ਸਿੰਘ ਅਤੇ ਹਰਦੇਵ ਸਿੰਘ ਦੀਆਂ ਦੇਹਾਂ ਅੱਜ ਇਥੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਾਸ਼ਟਰੀ ਹਵਾਈ ਅੱਡੇ ’ਤੇ ਪੁੱਜੀਆਂ। ਉਨ੍ਹਾਂ ਦੀਆਂ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ ਹਨ। ਹਰਦੀਪ ਸਿੰਘ ਮਹਿਸਮਪੁਰ ਖੁਰਦ (ਰਈਆ ਬਲਾਕ) ਅਤੇ ਹਰਦੇਵ ਸਿੰਘ ਨਾਥੂਕੇ ਜ਼ਿਲ੍ਹਾ ਮੋਗਾ ਦਾ ਵਸਨੀਕ ਸਨ। ਦੋਵੇਂ ਜਣੇ ਅਬੂਧਾਬੀ ਨੈਸ਼ਨਲ ਆਇਲ ਕੰਪਨੀ ਵਿਚ ਕੰਮ ਕਰਦੇ ਸਨ। ਹਵਾਈ ਅੱਡੇ ’ਤੇ ਬਾਬਾ ਬਕਾਲਾ ਸਬ ਡਵੀਜ਼ਨ ਦੇ ਅਧਿਕਾਰੀ ਅਤੇ ਮੋਗਾ ਦੇ ਡਿਪਟੀ ਕਮਿਸ਼ਨਰ ਦਫ਼ਤਰ ਦਾ ਅਮਲਾ ਵੀ ਹਾਜ਼ਰ ਸੀ। ਮ੍ਰਿਤਕਾਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਦੇਹਾਂ ਵਾਰਸਾਂ ਹਵਾਲੇ ਕਰ ਦਿੱਤੀਆਂ ਗਈਆਂ।

ਹਰਦੀਪ ਸਿੰਘ ਦੇ ਰਿਸ਼ਤੇਦਾਰ ਰਾਜਬੀਰ ਸਿੰਘ ਨੇ ਦੱਸਿਆ ਕਿ ਉਹ ਪਰਿਵਾਰ ਦਾ ਇਕਲੌਤਾ ਕਮਾਊ ਜੀਅ ਸੀ। ਉਸ ਦੀ ਮਾਂ ਅਤੇ ਪਤਨੀ ਦੋਵੇਂ ਉਸ ’ਤੇ ਨਿਰਭਰ ਸਨ। ਉਸ ਨੇ ਮੰਗ ਕੀਤੀ ਕਿ ਸਰਕਾਰ ਪਰਿਵਾਰ ਨੂੰ ਮਦਦ ਮੁਹੱਈਆ ਕਰਵਾਏ। ਉਸ ਦੇ ਪਿਤਾ ਬਲਵਿੰਦਰ ਸਿੰਘ ਦੀ ਤਿੰਨ ਸਾਲ ਪਹਿਲਾਂ ਮੌਤ ਹੋ ਗਈ ਸੀ। ਉਸ ਨੇ ਪਿਛਲੇ ਵਰ੍ਹੇ ਹੀ ਵਿਆਹ ਕਰਵਾਇਆ ਸੀ। ਉਸ ਦਾ ਇਸ ਹਫ਼ਤੇ ਘਰ ਵਾਪਸ ਆਉਣ ਦਾ ਪ੍ਰੋਗਰਾਮ ਸੀ। ਉਸ ਦੀ ਪਤਨੀ ਕੈਨੇਡਾ ਵਿਚ ਹੈ ਅਤੇ ਉਹ ਵੀ ਕੈਨੇਡਾ ਵਿਚ ਜਾ ਕੇ ਵਸਣਾ ਚਾਹੁੰਦਾ ਸੀ। ਉਧਰ ਹਰਦੇਵ ਦੇ ਭਰਾ ਨੇ ਆਖਿਆ ਕਿ ਸਰਕਾਰ ਮ੍ਰਿਤਕ ਦੇ ਬਜ਼ੁਰਗ ਮਾਪਿਆਂ ਅਤੇ ਬੱਚਿਆਂ ਨੂੰ ਕੁਝ ਮੁਆਵਜ਼ਾ ਵੀ ਦੇਵੇ। ਹਰਦੇਵ ਸਿੰਘ ਪਿਛਲੇ 18 ਵਰ੍ਹਿਆਂ ਤੋਂ ਉਥੇ ਕੰਮ ਕਰ ਰਿਹਾ ਸੀ। ਉਸ ਦਾ ਇਕ ਬੇਟਾ ਹੈ। ਇਸ ਮੌਕੇ ਹਾਜ਼ਰ ਪੁਲੀਸ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਪੀੜਤ ਪਰਿਵਾਰਾਂ ਦੀ ਮਦਦ ਸਬੰਧੀ ਮੰਗ ਪ੍ਰਸ਼ਾਸਨ ਰਾਹੀਂ ਸਰਕਾਰ ਨੂੰ ਭੇਜ ਦਿੱਤੀ ਜਾਵੇਗੀ।

 

 

 

 

 

‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleGuterres again reiterates ‘good offices’ on Kashmir, which India has rejected
Next articleਕਰੋਨਾ: ਭਾਰਤ ਵਿੱਚ 3,47,254 ਨਵੇਂ ਮਾਮਲੇ ਆਏ; 703 ਮੌਤਾਂ