ਨਵੀਂ ਦਿੱਲੀ (ਸਮਾਜ ਵੀਕਲੀ): ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਲੋਕ ਸਭਾ ’ਚ ਪੈਗਾਸਸ ਜਾਸੂਸੀ ਕਾਂਡ ਅਤੇ ਕਿਸਾਨਾਂ ਦੇ ਮੁੱਦੇ ’ਤੇ ਲਗਾਤਾਰ ਕੀਤੇ ਜਾ ਰਹੇ ਪ੍ਰਦਰਸ਼ਨਾਂ ਦੌਰਾਨ ਅੱਜ ਭਾਜਪਾ ਸਰਕਾਰ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾਉਣ ਤੋਂ ਪਹਿਲਾਂ ਦੋ ਹੋਰ ਬਿੱਲਾਂ ਨੂੰ ਪਾਸ ਕਰਵਾ ਲਿਆ। ਹਵਾਈ ਅੱਡਾ ਆਰਥਿਕ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਸੋਧ) ਬਿੱਲ, 2021 ਅਤੇ ਇਨਲੈਂਡ ਵੈਸਲਜ਼ ਬਿੱਲ, 2021 ਬਿਨਾਂ ਬਹਿਸ ਦੇ ਪਾਸ ਕਰ ਦਿੱਤੇ ਗਏ। ਉਧਰ ਰਾਜ ਸਭਾ ’ਚ ਵੀ ਵਿਰੋਧੀ ਧਿਰ ਦੇ ਮੈਂਬਰਾਂ ਵੱਲੋਂ ਹੰਗਾਮਾ ਕੀਤੇ ਜਾਣ ਦੌਰਾਨ ਫੈਕਟਰਿੰਗ ਰੈਗੂਲੇਸ਼ਨ (ਸੋਧ) ਬਿੱਲ, 2021 ਪਾਸ ਕਰ ਦਿੱਤਾ ਗਿਆ।
ਦੁਪਹਿਰ ਬਾਅਦ ਬਿੱਲ ਪਾਸ ਕਰਾਉਣ ਮਗਰੋਂ ਸਦਨ ਦੀ ਕਾਰਵਾਈ ਸ਼ੁੱਕਰਵਾਰ ਸਵੇਰੇ 11 ਵਜੇ ਤੱਕ ਲਈ ਮੁਲਤਵੀ ਕਰ ਦਿੱਤੀ ਗਈ। ਲੋਕ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਹੋਈ ਤਾਂ ਸਪੀਕਰ ਦੀ ਕੁਰਸੀ ’ਤੇ ਬੈਠੇ ਕਿਰਿਤ ਪ੍ਰੇਮਜੀਭਾਈ ਸੋਲੰਕੀ ਨੇ ਦੋ ਬਿੱਲ ਪੇਸ਼ ਕਰਨ ਲਈ ਕਿਹਾ। ਉਨ੍ਹਾਂ ਪ੍ਰਦਰਸ਼ਨ ਕਰ ਰਹੇ ਮੈਂਬਰਾਂ ਨੂੰ ਆਪਣੀਆਂ ਸੀਟਾਂ ’ਤੇ ਜਾਣ ਲਈ ਕਿਹਾ। ਜਦੋਂ ਉਹ ਨਾ ਮੰਨੇ ਤਾਂ ਸ਼ਹਿਰੀ ਹਵਾਬਾਜ਼ੀ ਮੰਤਰੀ ਜਯੋਤਿਰਦਿੱਤਿਆ ਸਿੰਧੀਆ ਨੇ ਹੰਗਾਮੇ ਵਿਚਕਾਰ ਹੀ ਹਵਾਈ ਅੱਡਾ ਆਰਥਿਕ ਰੈਗੂਲੇਟਰੀ ਅਥਾਰਿਟੀ ਆਫ਼ ਇੰਡੀਆ (ਸੋਧ) ਬਿੱਲ, 2021 ਪੇਸ਼ ਕਰ ਦਿੱਤਾ। ਇਸੇ ਤਰ੍ਹਾਂ ਬੰਦਰਗਾਹਾਂ, ਜਹਾਜ਼ਰਾਨੀ ਅਤੇ ਜਲ ਮਾਰਗਾਂ ਬਾਰੇ ਮੰਤਰੀ ਸਰਬਾਨੰਦ ਸੋਨੋਵਾਲ ਨੇ ਇਨਲੈਂਡ ਵੈਸਲਜ਼ ਬਿੱਲ, 2021 ਪੇਸ਼ ਕੀਤਾ।
ਸਿੰਧੀਆ ਨੇ ਬਿੱਲ ਪੇਸ਼ ਕਰਦਿਆਂ ਵਿਰੋਧੀ ਧਿਰ ’ਤੇ ਦੋਸ਼ ਲਾਇਆ ਕਿ ਉਹ ਬਹਿਸ ’ਚ ਹਿੱਸਾ ਲੈਣ ਦੀ ਬਜਾਏ ਨਾਅਰੇਬਾਜ਼ੀ ਕਰਨ ਨੂੰ ਤਰਜੀਹ ਦੇ ਰਹੀ ਹੈ। ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਕਿਸਾਨਾਂ ਦੀ ਭਲਾਈ ਅਤੇ ਦੇਸ਼ ਦੇ ਵਿਕਾਸ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਸੰਕਟ ਦੀ ਘੜੀ ਨੂੰ ਮੌਕੇ ’ਚ ਤਬਦੀਲ ਕਰਕੇ ਕਿਸਾਨਾਂ ਅਤੇ ਆਮ ਲੋਕਾਂ ਨੂੰ ਸਾਰੀਆਂ ਹਰਸੰਭਵ ਸਹੂਲਤਾਂ ਪ੍ਰਦਾਨ ਕਰੇਗੀ। ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਕਾਗਜ਼ ਪਾੜਨ ਵਾਲੇ ਮੈਂਬਰ ਆਪਣੇ ਕਾਰੇ ਦੀ ਮੁਆਫ਼ੀ ਮੰਗਣ ਲਈ ਵੀ ਤਿਆਰ ਨਹੀਂ ਹਨ। ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੇ ਕਿਹਾ ਕਿ ਸਰਕਾਰ ਦੇ ਅੜੀਅਲ ਰਵੱਈਏ ਕਾਰਨ ਵਿਰੋਧੀ ਧਿਰ ਆਪਣਾ ਪੱਖ ਨਹੀਂ ਰੱਖ ਪਾ ਰਹੀ ਹੈ।
ਰਾਜ ਸਭਾ ’ਚ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਬਿੱਲ ਪੇਸ਼ ਕਰਦਿਆਂ ਕਿਹਾ ਕਿ ਇਸ ਨਾਲ ਸੂਖਮ, ਛੋਟੇ ਅਤੇ ਦਰਮਿਆਨੇ ਉੱਦਮੀ ਖੇਤਰ ਦੇ ਕਾਰੋਬਾਰੀਆਂ ਨੂੰ ਰਾਹਤ ਮਿਲੇਗੀ। ਡਿਪਟੀ ਚੇਅਰਮੈਨ ਹਰੀਵੰਸ਼ ਨਾਰਾਇਣ ਸਿੰਘ ਨੇ ਵਿਰੋਧੀ ਧਿਰ ਦੇ ਮੈਂਬਰਾਂ ਨੂੰ ਸੀਟਾਂ ’ਤੇ ਜਾ ਕੇ ਬਿੱਲ ’ਤੇ ਬਹਿਸ ਕਰਨ ਦਾ ਸੱਦਾ ਦਿੱਤਾ। ਹੁਕਮਰਾਨ ਭਾਜਪਾ, ਅੰਨਾਡੀਐੱਮਕੇ ਅਤੇ ਟੀਆਰਐੱਸ ਦੇ ਮੈਂਬਰਾਂ ਨੇ ਬਿੱਲ ਦੀ ਹਮਾਇਤ ਕੀਤੀ ਅਤੇ ਬਹਿਸ ’ਚ ਹਿੱਸਾ ਲਿਆ। ਇਸ ਮਗਰੋਂ ਸੀਤਾਰਾਮਨ ਨੇ ਜਵਾਬ ਦਿੱਤਾ ਅਤੇ ਬਿੱਲ ਪਾਸ ਹੋ ਗਿਆ। ਬਾਅਦ ’ਚ ਡਿਪਟੀ ਚੇਅਰਮੈਨ ਨੇ ਸਦਨ ਦੀ ਕਾਰਵਾਈ ਦਿਨ ਭਰ ਲਈ ਉਠਾ ਦਿੱਤੀ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly