ਬੱਚੇ ਦੇ ਸਰਵਪੱਖੀ ਵਿਕਾਸ ਦਾ ਆਧਾਰ ਹੈ : ਬਾਲ – ਸਭਾ

ਸਮਾਜ ਵੀਕਲੀ’
‘ ਬਾਲ – ਸਭਾ ‘ ਜਿਵੇਂ ਕਿ ਇਸ ਦੇ ਨਾਂ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਬੱਚਿਆਂ ਦਾ ਇਕੱਠ ਜਾਂ ਬੱਚਿਆਂ ਦੀ ਸਭਾ। ਬਾਲ – ਸਭਾ ਅਕਸਰ ਸਰਕਾਰੀ ਸਕੂਲਾਂ ਵਿੱਚ ਹਰ ਸ਼ਨੀਵਾਰ ਬਾਅਦ ਦੁਪਹਿਰ ਕਰਵਾਈ ਜਾਂਦੀ ਹੈ। ਜਿਵੇਂ ਸਕੂਲ ਵਿੱਚ ਕਰਵਾਈਆਂ ਜਾਂਦੀਆਂ ਹੋਰ ਗਤੀਵਿਧੀਆਂ , ਪੜ੍ਹਾਈ , ਖੇਡਾਂ ਆਦਿ ਵਿਦਿਆਰਥੀ ਦਾ ਹਰਸੰਭਵ ਵਿਕਾਸ ਕਰਦੀਆਂ ਹਨ ; ਬਿਲਕੁਲ ਉਸੇ ਤਰ੍ਹਾਂ ਬਾਲ – ਸਭਾ ਵੀ ਬੱਚੇ ਦੇ ਸਰਬਪੱਖੀ ਵਿਕਾਸ ਨੂੰ ਨੇਪਰੇ ਚਾੜ੍ਹਨ ਲਈ ਅਹਿਮ ਰੋਲ ਅਦਾ ਕਰਦੀ ਹੈ। ਬਾਲ – ਸਭਾ ਵਿੱਚ ਵਿਦਿਆਰਥੀ ਕਵਿਤਾਵਾਂ , ਗੀਤ – ਸੰਗੀਤ , ਚੁਟਕੁਲੇ , ਬਾਲ – ਕਹਾਣੀਆਂ , ਘਟਨਾਵਾਂ , ਆਪਬੀਤੀ ਗੱਲ , ਤਰ੍ਹਾਂ – ਤਰ੍ਹਾਂ ਦੀਆਂ ਕਹਾਣੀਆਂ ਆਦਿ ਸੁਣ ਕੇ ਤੇ ਸੁਣਾ ਕੇ , ਨਾਟਕ , ਭੰਗੜੇ , ਗਿੱਧੇ ਆਦਿ ਦੀ ਪੇਸ਼ਕਾਰੀ ਕਰਕੇ ਅਤੇ ਹੋਰ ਕਿਰਿਆਵਾਂ ਕਰਕੇ , ਦੇਖ ਕੇ , ਸੁਣ ਕੇ ਅਤੇ ਅਨੁਭਵ ਕਰਕੇ ਵਿਦਿਆਰਥੀ ਨਵੇਂ – ਨਰੋਏ ਗਿਆਨ ਤੋਂ ਜਾਣੂੰ ਤਾਂ ਹੁੰਦੇ ਹੀ ਹਨ ; ਨਾਲ ਹੀ ਉਹਨਾਂ ਅੰਦਰਲੀ ਕਲਪਨਾ ਦੀ ਉਡਾਰੀ ਵੀ ਖੰਭ ਲਾ ਕੇ ਉਡਾਨ ਭਰ ਲੈਂਦੀ ਹੈ , ਜੋ ਕਿ ਬੱਚਿਆਂ ਲਈ ਜੀਵਨ ਵਿੱਚ ਆਸਵੰਦ ਹੋਣ ਅਤੇ ਸਫਲ ਹੋਣ ਲਈ ਇੱਕ ਨਵੀਂ ਊਰਜਾ ਦਾ ਸੰਚਾਰ ਉਹਨਾਂ ਦੇ ਅੰਦਰ ਕਰਦੀ ਹੈ। ਇਸ ਦੇ ਨਾਲ – ਨਾਲ ਬਾਲ – ਸਭਾ ਦਾ ਸਕੂਲ ਵਿਦਿਆਰਥੀਆਂ ਨੂੰ ਸਭ ਤੋਂ ਵੱਡਾ ਲਾਭ ਜੋ ਹਾਸਲ ਹੁੰਦਾ ਹੈ ਉਹ ਹੈ : ਆਤਮ – ਵਿਸ਼ਵਾਸ ਨਾਲ ਸਵੈ – ਪ੍ਰਗਟਾਵੇ ਦੇ ਗੁਣ ਦਾ ਵਿਕਾਸ ਹੋਣਾ। ਬੱਚੇ ਅੰਦਰ ਰੰਗਮੰਚ /ਸਟੇਜ ‘ਤੇ ਜਾਂ ਸਮਾਜ ਵਿੱਚ ਆਪਣੇ ਵਿਚਾਰ ਬੋਲ ਕੇ ਪ੍ਰਭਾਵਸ਼ਾਲੀ ਢੰਗ ਨਾਲ ਪੇਸ਼ ਕਰਨ ਦੀ ਪ੍ਰਪੱਕਤਾ ਪੈਦਾ ਹੋ ਜਾਂਦੀ ਹੈ। ਬਾਲ – ਸਭਾ ਵਿੱਚ ਭਾਗੀਦਾਰੀ ਨਾਲ ਜਿੱਥੇ ਵਿਦਿਆਰਥੀਆਂ ਦੀ ਆਪਸੀ ਸਾਂਝ ਮਜਬੂਤ ਹੁੰਦੀ ਹੈ , ਉੱਥੇ ਹੀ ਅਧਿਆਪਕ ਤੇ ਵਿਦਿਆਰਥੀ ਦੇ ਰਿਸ਼ਤੇ ਵੀ ਮਜ਼ਬੂਤ ਹੁੰਦੇ ਹਨ ਅਤੇ ਇਹਨਾਂ ਵਿੱਚ ਅਜੋਕੇ ਸਮੇਂ ਦੀ ਜਰੂਰਤ ਅਨੁਸਾਰ ਦੋਸਤਾਨਾ ਮਾਹੌਲ ਵੀ ਸੁੱਤੇ – ਸਿੱਧ ਹੀ ਸੁਰਜੀਤ ਹੋ ਜਾਂਦਾ ਹੈ। ਬਾਲ – ਸਭਾ ਦੀਆਂ ਸੱਭਿਆਚਾਰਕ ਗਤੀਵਿਧੀਆਂ ਰਾਹੀਂ ਵਿਦਿਆਰਥੀਆਂ ਅੰਦਰ ਆਪਣੇ ਵਿਰਸੇ , ਸੱਭਿਆਚਾਰ ਆਦਿ ਵਿਸ਼ਿਆਂ ਬਾਰੇ ਵੀ ਜਾਣਕਾਰੀ ਮਿਲਦੀ ਹੈ। ਅਧਿਆਪਕਾਂ ਨੂੰ ਵੀ ਬਾਲ – ਸਭਾ ਵਿੱਚ ਬੱਚਿਆਂ ਵਾਂਗ ਆਪਣੀ ਭਾਗੀਦਾਰੀ ਕਿਸੇ ਨਾ ਕਿਸੇ ਰੂਪ ਵਿੱਚ ਤੇ ਕਿਸੇ ਪੇਸ਼ਕਾਰੀ ਰਾਹੀਂ ਜਰੂਰ ਦਰਜ ਕਰਵਾਉਂਦੇ ਰਹਿਣਾ ਚਾਹੀਦਾ ਹੈ। ਬਾਲ – ਸਭਾ ਇੱਕ – ਦੂਸਰੇ ਲਈ ਜਾਣਕਾਰੀ ਮੁਹੱਈਆ ਕਰਵਾਉਣ ਦਾ ਇੱਕ ਨਵਾਂ ਜਰੀਆ ਵੀ ਬਣਦੀ ਹੈ। ਬਾਲ – ਸਭਾ ਦੇ ਦੌਰਾਨ ਅਧਿਆਪਕ ਸਾਹਿਬਾਨ ਨੂੰ ਚਾਹੀਦਾ ਹੈ ਕਿ ਉਹ ਆਪਣੇ ਜੀਵਨ – ਤਜਰਬੇ , ਨੈਤਿਕ ਸਿੱਖਿਆ ਦੀਆਂ ਗੱਲਾਂ ਅਤੇ ਜੀਵਨ ਵਿੱਚ ਕੰਮ ਆਉਣ ਵਾਲੀਆਂ ਜੀਵਨਦਾਇਕ ਗੱਲਾਂ ਆਪਣੇ ਵਿਦਿਆਰਥੀਆਂ ਨਾਲ ਜਰੂਰ ਹੀ ਸਾਂਝੀਆਂ ਕਰੇ। ਬਾਲ – ਸਭਾ ਵਿਸ਼ੇ ਜਾਂ ਪੜ੍ਹਾਈ ਤੋਂ ਬਾਹਰਲੀ ਦੁਨੀਆ ਬਾਰੇ ਵਿਦਿਆਰਥੀਆਂ ਨੂੰ ਜਿੱਥੇ ਹਕੀਕੀ ਜੀਵਨ ਲਈ ਤਿਆਰ ਕਰਦੀ ਹੈ , ਉੱਥੇ ਹੀ ਸਵੈ – ਪ੍ਰਗਟਾਵੇ ਦੀ ਹਿੰਮਤ , ਅਭਿਆਸ ਤੇ ਆਦਤ ਪਾ ਕੇ ਜਮਾਤ ਦੇ ਨੀਰਸਤਾ ਭਰੇ ਮਾਹੌਲ ਨੂੰ ਵੀ ਖਤਮ ਕਰਨ ਵਿੱਚ ਆਪਣਾ ਅਹਿਮ ਰੋਲ ਅਦਾ ਕਰਦੀ ਹੈ ; ਜੋ ਕਿ ਸੋਨੇ ‘ਤੇ ਸੁਹਾਗੇ ਵਾਲੀ ਗੱਲ ਹੋ ਨਿਬੜਦੀ ਹੈ। ਜੇਕਰ ਅਧਿਆਪਕ ਆਪਣੇ ਪੱਧਰ ‘ਤੇ ਬਾਲ – ਸਭਾ ਵਿੱਚ ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਇਨਾਮ , ਪ੍ਰਸ਼ੰਸਾ ਅਤੇ ਹੋਰ ਉਪਰਾਲੇ ਕਰੇ ਤਾਂ ਬਹੁਤ ਹੀ ਚੰਗੀ ਗੱਲ ਹੋਵੇਗੀ। ਭਾਵੇਂ ਕਿ ਵੱਖ – ਵੱਖ ਤਰ੍ਹਾਂ ਦੀ ਤਕਨੀਕ ਨੇ ਵੀ ਅੱਜ ਸਕੂਲਾਂ ਅੰਦਰ ਤਰੱਕੀ ਕਰ ਲਈ ਹੈ , ਪਰ ਹਫਤਾਵਾਰੀ ਬਾਲ – ਸਭਾ ਦੀ ਅਹਿਮੀਅਤ ਅੱਜ ਵੀ ਘੱਟ ਨਹੀਂ ਹੋਈ ਤੇ ਬਾਲ – ਸਭਾ ਨੂੰ ਅੱਖੋਂ – ਪਰੋਖੇ ਨਹੀਂ ਕੀਤਾ ਜਾ ਸਕਦਾ। ਬਾਲ – ਸਭਾ ਨੂੰ ਕਦੇ ਵੀ ਸਮੇਂ ਦੀ ਵਿਅਰਥਤਾ ਨਹੀਂ ਸਮਝਣਾ ਚਾਹੀਦਾ। ਬਾਲ – ਸਭਾ ਬੱਚੇ ਦੇ ਸਰਬਪੱਖੀ ਵਿਕਾਸ ਦਾ ਆਧਾਰ ਹੈ। ਇਹ ਵਿਦਿਆਰਥੀਆਂ ਦੇ ਅੰਦਰ ਛੁਪੀਆਂ ਹੋਈਆਂ ਕੋਮਲ – ਕਲਾਵਾਂ , ਵਿਚਾਰਾਂ , ਵਿਸ਼ਿਆਂ , ਰੁਚੀਆਂ ,  ਧਾਰਨਾਵਾਂ ਨੂੰ ਬਾਹਰ ਕੱਢਣ ਲਈ ਯੋਗ ਉਪਰਾਲੇ ਕਰਕੇ ਅਹਿਮ ਰੋਲ ਅਦਾ ਕਰਦੀ ਹੈ। ਬਾਲ – ਸਭਾ ਦੇ ਦੌਰਾਨ ਵਿਦਿਆਰਥੀ ਖੁੱਲੇ ਮਾਹੌਲ ਦਾ ਅਨੁਭਵ ਕਰਦੇ ਹਨ , ਜਿਸ ਨਾਲ ਅਧਿਆਪਕ ਨੂੰ ਉਹਨਾਂ ਨੂੰ ਸਮਝਣ ਲਈ ਨਵਾਂ ਮੌਕਾ ਵੀ ਮਿਲਦਾ ਹੈ। ਸੱਚਮੁੱਚ ਬਾਲ – ਸਭਾ ਵਿਦਿਆਰਥੀਆਂ ਅੰਦਰ ਚੰਗੀਆਂ ਆਦਤਾਂ ਦੇ ਨਾਲ – ਨਾਲ ਨੈਤਿਕਤਾ ਦਾ ਵਿਕਾਸ ਤਾਂ ਕਰਦੀ ਹੈ , ਇਸਦੇ ਨਾਲ ਹੀ ਇਹ ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਵੀ ਮੂਲ ਆਧਾਰ ਹੈ। ਇਹ ਵੀ ਦੇਖਣ ਵਿੱਚ ਆਇਆ ਹੈ ਕਿ ਹਫਤਾਵਾਰੀ ਬਾਲ – ਸਭਾ ਦੇ ਸੰਬੰਧ ਵਿੱਚ ਸਕੂਲ ਦੇ ਵਿਦਿਆਰਥੀਆਂ ਅੰਦਰ ਇੱਕ ਵੱਖਰਾ ਚਾਅ – ਮਲਾਰ , ਉਮੰਗ , ਉਤਸਾਹ , ਦਿਲਚਸਪੀ ਤੇ ਰੁਚੀ ਦੇਖਣ ਨੂੰ ਮਿਲਦੀ ਹੈ ਅਤੇ ਵਿਦਿਆਰਥੀ ਹਫਤਾਵਾਰੀ ਬਾਲ – ਸਭਾ ਦੀ ਉਡੀਕ ਬਹੁਤ ਬੇਸਬਰੀ ਨਾਲ ਕਰਦੇ ਹਨ। ਮੈਨੂੰ ਖੁਦ ਦੇ ਵਿਦਿਆਰਥੀ – ਜੀਵਨ ਦੇ ਉਹ ਦਿਨ ਵੀ ਯਾਦ ਹਨ ਜਦੋਂ ਸਾਡੇ ਸਤਿਕਾਰਯੋਗ ਅਧਿਆਪਕ ਸਾਹਿਬਾਨ ਸਕੂਲਾਂ ਵਿੱਚ ਬਾਲ – ਸਭਾ ਕਰਵਾਉਂਦੇ ਹੁੰਦੇ ਸੀ ਤੇ ਅਸੀਂ ਵੀ ਬਾਲ – ਸਭਾ ਦੀ ਬਹੁਤ ਬੇਸਬਰੀ ਨਾਲ ਉਡੀਕ ਕਰਦੇ ਸੀ ਤੇ ਖੁਸ਼ੀ – ਖੁਸ਼ੀ ਸਾਰੇ ਬੱਚੇ ਬਾਲ – ਸਭਾ ਵਿੱਚ ਭਾਗ ਲੈਂਦੇ ਸਨ ਅਤੇ ਸਾਡੇ ਅਧਿਆਪਕ ਸਵਰਗਵਾਸੀ ਸਰਦਾਰ ਮਹਿੰਦਰ ਸਿੰਘ ਜੀ ਸ਼੍ਰੀ ਅਨੰਦਪੁਰ ਸਾਹਿਬ ਵਾਲ਼ੇ ਅਤੇ ਸਵਰਗਵਾਸੀ ਸ੍ਰੀ ਧਨਵੰਤ ਸਿੰਘ  ਰਾਣਾ ਜੀ ਮੀਆਂਪੁਰ ਵਾਲ਼ੇ ਸਾਨੂੰ ਬਾਲ – ਕਹਾਣੀਆਂ , ਰਾਜਾ – ਰਾਣੀ ਦੀਆਂ ਕਹਾਣੀਆਂ , ਪੰਛੀਆਂ ਤੇ ਜਨੌਰਾਂ ਦੀਆਂ ਕਹਾਣੀਆਂ , ਪਰੀ ਕਹਾਣੀਆਂ ਤੇ ਨਾਨਾ – ਨਾਨੀ ਦੀਆਂ ਕਹਾਣੀਆਂ ਸੁਣਾਉਂਦੇ ਹੁੰਦੇ ਸੀ ਤੇ ਅਸੀਂ ਵੀ ਕਿਤੇ ਨਾ ਕਿਤੇ ਬਾਲ – ਸਭਾ ਦੇ ਦੌਰਾਨ ਕਲਪਨਾ ਦੀ ਉਡਾਰੀ ਦੇ ਖੰਭ ਲਾ ਕੇ ਉੱਡ ਜਾਂਦੇ ਹੁੰਦੇ ਸੀ। ਸੱਚਮੁੱਚ ! ਅੱਜ ਵੀ ਬਾਲ – ਸਭਾ ਦੀ ਸਾਰਥਕਤਾ ਤੇ ਮਹੱਤਤਾ ਕਿਸੇ ਪੱਖੋਂ ਵੀ ਘੱਟ ਨਹੀਂ ਹੋਈ ਹੈ।
ਮਾਸਟਰ ਸੰਜੀਵ ਧਰਮਾਣੀ
 ਸਟੇਟ ਐਵਾਰਡੀ ਮਾਸਟਰ ਸੰਜੀਵ ਧਰਮਾਣੀ ( ਪ੍ਰਸਿੱਧ ਲੇਖਕ ਸ਼੍ਰੀ ਅਨੰਦਪੁਰ ਸਾਹਿਬ )
ਸਾਹਿਤ ਵਿੱਚ ਕੀਤੇ ਕਾਰਜਾਂ ਲਈ ਲੇਖਕ ਦਾ ਨਾਂ
ਇੰਡੀਆ ਬੁੱਕ ਆੱਫ਼ ਰਿਕਾਰਡਜ਼ ਵਿੱਚ ਦਰਜ ਹੈ।
9478561356 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੁਭਾ ਸਵੇਰੇ ਉੱਠ ਕੇ
Next articleਮਿੰਨੀ ਕਹਾਣੀ /  ‘ ਲੋਹੜਾ ‘