ਸੁਭਾ ਸਵੇਰੇ ਉੱਠ ਕੇ

  ਸੁਖਦੇਵ ਸਿੰਘ 'ਭੁੱਲੜ'
ਸਮਾਜ ਵੀਕਲੀ’

ਸੁਭਾ ਸਵੇਰੇ ਉੱਠ ਕੇ ਸਿੰਘਾਂ!

ਕਰਿਆ ਕਰ ਅਰਦਾਸਾ।
ਹਰਦਮ ਰਹਿਣਾ ਚੜ੍ਹਦੀ ਕਲਾ ਵਿੱਚ,
ਹੋਣਾ ਨਹੀਂ ਨਿਰਾਸਾ।
ਕੁੱਲ ਦੁਨੀਆਂ ਦਾ ਭਲਾ ਮੰਗਣਾ,
ਭਾਣੇ ਦੇ ਵਿੱਚ ਰਹਿਣਾ।
ਗਊ ਗਰੀਬ ਦੀ ਰੱਖਿਆ ਕਰਨੀ,
ਜਬਰ ਜ਼ੁਲਮ ਨਾ ਸਹਿਣਾ।
ਦਰ ‘ਤੇ ਆਇਆ ਮੁੜੇ ਨਾ ਖਾਲੀ,
ਆਪ ਰਹੇਂ ਭੁੱਖਾ ਪਿਆਸਾ।
ਸੁਭਾ ਸਵੇਰੇ ਉੱਠ ਕੇ ਸਿੰਘਾਂ •••••
ਨਿੰਦਿਆ ਤੇ ਚੁਗਲੀ ਤੋਂ ਬਚਣਾ,
ਮਾੜਾ ਬੋਲ ਨਾ ਬੋਲੀਂ।
ਨਿਵ ਕੇ ਰਹਿਣਾ, ਮਿੱਠਾ ਬੋਲਣਾ,
ਦੁੱਖਾਂ ਵਿੱਚ ਨਾ ਡੋਲੀਂ।
ਨਾਮ ਗੁਰੂ ਦਾ ਰਹੇ ਜੀਭ ‘ਤੇ,
ਬੁੱਲ੍ਹਾਂ ਉੱਤੇ ਹਾਸਾ।
ਸੁਭਾ ਸਵੇਰੇ ਉੱਠ ਕੇ ਸਿੰਘਾਂ •••••
ਨਹੀਂ ਕਿਸੇ ਦਾ ਬੁਰਾ ਚਿਤਵਣਾ,
ਰੱਬ ਤੋਂ ਰਹਿਣਾ ਡਰਕੇ।
ਦੇਸ਼ ਕੌਮ ਲਈ ਕਿੱਦਾਂ ਜੀਣਾ,
ਇਹ ਤੂੰ ਦੱਸਣਾ ਏਂ ਮਰਕੇ।
ਜੱਗ ‘ਤੇ ਜੀਵਨ ਇਉਂ ਸਮਝਣਾ,
ਜਿਉਂ ਪਾਣੀ ਵਿੱਚ ਪਤਾਸਾ।
ਸੁਭਾ ਸਵੇਰੇ ਉੱਠ ਕੇ ਸਿੰਘਾਂ •••••
ਨਾਮ ਜਪ ਲੈ, ਵੰਡ ਕੇ ਛਕ ਲੈ,
ਕਿਰਤ ਕਮਾਈ ਕਰ ਲੈ।
ਇੱਕ ਮਨ ਹੋ ਕੇ ਬਾਣੀ ਪੜ੍ਹ ਲੈ,
ਡੂੰਘਾ ਭਵਜਲ ਤਰ ਲੈ।
ਇਹ ਜਿੰਦ ਸਫਲ ਬਣਾ ਲੈ “ਭੁੱਲੜਾ”
ਕਰ ਲੈ ਸੱਚਖੰਡ ਵਾਸਾ।
ਸੁਭਾ ਸਵੇਰੇ ਉੱਠ ਕੇ ਸਿੰਘਾਂ,
ਕਰਿਆ ਕਰ ਅਰਦਾਸਾ।
                  ਸੁਖਦੇਵ ਸਿੰਘ “ਭੁੱਲੜ”   
                  ਸੁਰਜੀਤ ਪੁਰਾ ਬਠਿੰਡਾ 
                  94170-46117
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous article ਕਬੂਲਨਾਮਾ
Next articleਬੱਚੇ ਦੇ ਸਰਵਪੱਖੀ ਵਿਕਾਸ ਦਾ ਆਧਾਰ ਹੈ : ਬਾਲ – ਸਭਾ