ਅਕਲਾਂ ਬਾਂਝੋ ਖੂਹ ਖਾਲੀ !

(ਸਮਾਜਵੀਕਲੀ)
ਜਦੋਂ  ਸਾਡੇ  ਪੁਰਖਿਅਂ ਨੇ ਇਹ ਕਹਾਵਤ  ਘੜੀ ਸੀ
      “ਅਕਲਾਂ ਬਾਂਝੋ ਖੂਹ  ਖਾਲੀ !”
ਉਦੋਂ ਮਿੱਟੀ ਦੇ ਬਰਤਨਾਂ ਦਾ ਸਮਾਂ ਸੀ…ਘਰ ਤੇ ਭਾਂਡੇ ਕੱਚੇ ਹੁੰਦੇ ਤੇ ਬੰਦੇ ਪੱਕੇ ਹੁੰਦੇ ਸੀ। ਜੋ ਜ਼ੁਬਾਨ ਕਰ ਲਈ ਬਸ ਕਰ ਲਈ ..ਫੇਰ ਨਫਾ ਹੋਵੇ ਜਾਂ ਨੁਕਸਾਨ ਕੋਈ ਪ੍ਰਵਾਹ ਨਹੀਂ ਸੀ ਹੁੰਦੀ । ਉਦੋ ਸੱਚੇ ਤੇ ਸੁਚੇ ਲੋਕ ਹੁੰਦੇ ਸੀ।ਉਦੋਂ ਲੋਕਾਂ ਦਾ ਇਕ ਦੂਜੇ ”ਤੇ ਰੱਬ ਜਿੰਨ੍ਹਾਂ ਭਰੋਸਾ ਹੁੰਦਾ ਸੀ। ਇਹ ਵੀ ਨਹੀਂ ਕਿ ਉਸ ਵੇਲੇ ਸਾਰੇ ਹੀ ਪੜ੍ਹਾਈ ਕਰਕੇ ਵਧੀਆ ਇਨਸਾਨ ਨਹੀਂ ਬਣੇ ਸੀ? ਸਗੋਂ ਆਪਣੇ ਪੁਰਖਿਆਂ ਦੀ ਸੰਗਤ ਕਰਨ ਨਾਲ ਹੀ ਸਿਆਣੇ ਹੋਏ ਸੀ। ਉਦੋਂ ਵੀ ਅਕਲ ਦੇ ਅੰਨ੍ਹੇ ਬਹੁਤ ਸਨ। ਉਝ ਅਕਲ ਤੇ ਸ਼ਕਲ ਦਾ ਕੋਈ ਰਿਸ਼ਤਾ ਨਹੀਂ ॥ ਪਰ ਰਿਸ਼ਤੇ ਵਗੈਰ ਗੱਡੀ ਚੱਲਦੀ ਵੀ ਨਹੀ।
ਉਦੋਂ ਗੱਡੀਆਂ ਨਹੀਂ, ਗੱਡੇ ਹੁੰਦੇ ਸਨ। ਉਸ ਤੋਂ ਪਹਿਲਾਂ ਖੱਚਰਾਂ ਤੇ ਘੋੜੇ ਹੁੰਦੇ ਸੀ ਜੋ ਸਫਰ ਦੇ ਵਿੱਚ ਕੰਮ ਆਉਦੇ ਸੀ।
ਕੰਮ ਤਾਂ ਹੁਣ ਘੋੜੀਆਂ , ਖੱਚਰਾਂ ਤੇ ਖਚਰੇ ਵੀ ਆਉਦੇ ਹਨ…ਪਰ ਇਹ ਕੰਮ ਘੱਟ ਕਰਦੇ ਤੇ ਦਲੱਤੀਆਂ ਵੱਧ ਮਾਰਦੇ ਹਨ।

ਹੁਣ ਨਾ ਖੂਹ ਰਹੇ ਤੇ ਨਾ ਹੀ ਖੂਹਾਂ ਤੋਂ ਪਾਣੀ ਭਰਨ ਰਹੀਆਂ ਹਨ। ਹੁਣ ਤੇ ਮਿੱਟੀ ਦੇ ਮਾਧੋ ਤੇ ਪੱਥਰ ਦੀਆਂ ਮੂਰਤੀਆਂ ਘੱਟ ਹਨ। ਇਸੇ ਹੀ ਕਰਕੇ ਅਸੀਂ ਪਲ ਦੇ ਵਿੱਚ ਕੱਚ ਵਾਂਗੂੰ ਟੁੱਟ ਕੇ ਕੀਚਰ ਹੋ ਜਾਂਦੇ ਹਾਂ । ਫੇਰ ਅਸੀਂ ਟੁੱਟੀਆਂ ਕਿਚਰਾਂ ਨੂੰ ਕੱਠੀਆਂ ਕਰਕੇ ਸੰਭਾਲ ਲੈਦੇ ਹਾਂ ਫੇਰ ਜਦੋਂ ਸਾਡੇ ਇਹ ਛਿਲਤਰਾਂ ਚੁੱਭਦੀਆਂ ਹਨ ਫੇਰ ਅਸੀਂ ਤੜਪ ਦੇ ਹਾਂ । ਸਾਡੀ ਤੜਪ ਤਪਸ਼ ਵਿੱਚ ਬਦਲ ਜਾਂਦੀ ਹੈ ਤੇ ਸੜ ਕੇ ਰਾਖ ਹੋ ਜਾਂਦੇ ਹਨ। ਰਾਖ ਨੂੰ ਸਾਡੇ ਪੁਰਖਿਆਂ ਨੇ ਫੁੱਲਾਂ ਵਿੱਚ ਬਦਲ ਦਿੱਤਾ ਸੀ। ਭਲਾ ਉਦੋਂ ਸਾਰੇ ਹੀ ਸਕੂਲ , ਕਾਲਜ ਜਾਂ ਯੂਨੀਵਰਸਿਟੀਆਂ ਦੇ ਵਿੱਚ ਪੜ੍ਹਨ ਗਏ ਸੀ?

ਸਕੂਲ , ਕਾਲਜ ਤੇ ਯੂਨੀਵਰਸਿਟੀਆਂ ਤਾਂ ਸੱਥਾਂ ਤੇ ਘਰ ਹੁੰਦੇ ਸਨ,’ ਜਿਥੇ ਦਾ ਪੜ੍ਹਿਆ ਕੋਈ ਫਾਲੇ ਵਾਂਗੂ ਚੱਡਿਆ ਜਾਂਦਾ ਸੀ । ਜ਼ਿੰਦਗੀ ਦੇ ਵਿੱਚ ਸਿਆਣੇ ਦਾ ਚੱਡਿਆ ਕਦੇ ਮਾਰ ਨੀ ਖਾਦਾ।ਉਹਨ ਪੁਰਖਿਆਂ ਨੇ ਕਿਹੜੀ ਜੰਗ ਆਪਣੇ ਲਈ ਲੜੀ ਸੀ?
ਸਭ ਲੋਕਾਂ ਦੇ ਲੜੀਆਂ ਸਨ? ਪਰ ਅਸੀਂ ਆਪਣੇ ਲਈ ਨਿੱਤ ਲੜਦੇ ਹਾਂ ।
ਉਹ ਅਨਪੜ੍ਹ ਸਨ ਪਰ ਹਰ ਜੰਗ ਜਿੱਤਦੇ ਸੀ…ਹੁਣ ਅਸੀਂ ਪੜ੍ਹੇ ਲਿਖੇ ਹਾਂ ਤੇ ਹਰ ਜੰਗ ਹਾਰਦੇ ਹਾਂ । ਹਾਰਦੇ ਕਿਉਂ ਹਾਂ ਇਸ ਦਾ ਮੰਥਨ ਨਹੀਂ ਕਰਦੇ ਸਗੋਂ ਇਕ ਦੂਜੇ ਦੇ ਸਿਰ ਦੋਸ਼ ਲਗਾਉਦੇ ਹਾਂ ਤੇ ਆਪਣੀ ਚਮੜੀ ਬਚਾਉਦੇ ਹਾਂ । ਹੁਣ ਸਾਡੀ ਚਮੜੀ ਵੀ ਅਗਲਿਆਂ ਨੇ ਗਿਰਵੀ ਰੱਖ ਦਿੱਤੀ ।

ਇਹ ਸਭ ਕੁੱਝ ਅਚਾਨਕ ਨਹੀਂ ਹੋਇਆ , ਇਹ ਉਨ੍ਹਾਂ ਸਾਡੀ ਚੁੱਪ ਦਾ ਮੁੱਲ ਵੱਟਿਆ ਹੈ। ਦਲਾਲੀ ਉਨ੍ਹਾਂ ਆਪਣੀ ਖਰੀ ਕਰ ਲਈ ਤੇ ਗਹਿਣੇ ਸਾਨੂੰ ਧਰ ਦਿੱਤਾ। ਇਹ ਕੁੱਝ ਉਨ੍ਹਾਂ ਸਾਨੂੰ ਦੇਖ ਕੇ ਹੀ ਕੀਤਾ ਹੈ। ਅਸੀਂ ਹੁਣ ਤੱਕ ਕਦੇ ਜ਼ਮੀਨਾਂ ਤੇ ਕਦੇ ਜਮੀਰਾਂ ਗਹਿਣੇ ਧਰਦੇ ਆ ਰਹੇ ਹਾਂ । ਪਰ ਸਾਡੀ ਕਦੇ ਰੂਹ ਨਹੀਂ ਕੰਬੀ । ਸਾਡੇ ਪੁਰਖਿਆਂ ਨੇ ਤਾਂ ਕਾਬੁਲ ਕੰਧਾਰ ਤੱਕ ਧਰਤੀ ਕੰਬਣ ਲਾ ਦਿੱਤੀ ਸੀ । ਹੁਣ ਸਾਡੇ ਦੁਸ਼ਮਣ ਦੀ ਨਹੀਂ ਸਗੋਂ ਸਾਡੀ ਦੇਹ ਵੀ ਕੰਬਦੀ ਹੈ।
ਅਸੀਂ ਬੜਕ ਤੇ ਦਹਾੜ ਤਾਂ ਸ਼ੇਰ ਵਾਲੀ ਮਾਰਦੇ ਹਾਂ ਤੇ ਮੋਕ ਬਾਹਮਣਾਂ ਦੇ ਸਾਨ੍ਹ ਵਾਂਗ ਮਾਰਦੇ ਹਾਂ । ਪਰ ਕਦੇ ਸੋਚਿਆ ਨਹੀਂ ਕਿ ਇਹ ਸਭ ਕੁੱਝ ਕਿਊ ਹੋਇਆ ਹੈ?
ਉਝ ਅਸੀਂ ਟੋਕਰਾ ਡਿਗਰੀਆਂ ਦਾ ਚੁੱਕੀ ਫਿਰਦੇ ਹਾਂ । ਤਾਂ ਹੀ ਤੇ ਬੀਬਾ ਰਣਜੀਤ ਕੌਰ ਮਿੱਠਾ ਜਿਹਾ ਮੇਹਣਾ ਮਾਰਦੀ ਹੈ।
‘ ਕਮਲਾਂ ਹੋਇਆ ਫਿਰਦਾ ਪੰਡ ਜਮਾਤਾਂ ਦੀ ਪੜ੍ਹਕੇ ।” ਹੁਣ ਤੁਸੀਂ ਸੋਚੋ ਪੰਡ ਦੇ ਵਿੱਚ ਕੀ ਬੰਨ੍ਹਿਆ ਜਾਂਦਾ ਹੈ ? ਤੂੜੀ ਤੇ ਪੱਠੇ।
ਤਾਂ ਹੀ ਤੇ ਸਿਆਣਿਆਂ ਕਿਹਾ ਹੈ ਕਿ..” ਅਕਲਾਂ ਬਾਝੋਂ ਖੂਹ ਖਾਲੀ ।””

ਹੁਣ ਤੇ ਕੋਈ ਖੂਹ ਬਚਿਆ ਹੀ ਨਹੀਂ , ਜਿਥੇ ਕਦੇ ਰੌਣਕਾਂ ਲੱਗਦੀਆਂ ਸੀ। ਹੁਣ ਮਾਲਜ਼ ਤੇ ਮੈਕਡੋਲਨ ਖੁੱਲ੍ਹ ਗਏ ਹਨ।
ਰਹੀ ਗੱਲ ਅਕਲ ਦੀ… ਉਹ ਤੇ ਪਾਸਪੋਰਟ ਬਣਾ ਕੇ ਵਿਦੇਸ਼ਾਂ ਵੱਲ ਉਡ ਗਈ। ਬਾਕੀ ਜੋ ਬਚਿਆ ਹੈ ?
ਕਦੇ ਸੰਤ ਰਾਮ ਉਦਾਸੀ ਨੇ ਕਿਹਾ ਸੀ ਕਿ…” ਗਲ ਲੱਗ ਕੇ ਸੀਰੀ ਦੇ ਜੱਟ ਰੋਵੇ..ਬੋਹਲਾਂ ਦੇ ਵਿਚੋਂ ਨੀਰ ਵਗਿਆ.!””
ਹੁਣ ਕੋਈ ਉਦਾਸੀ ਨਾ ਰਿਹਾ ਤੇ ਨਾ ਹੀ ਕੋਈ ਲਾਲ ਸਿੰਘ ਦਿਲ. ਹੁਣ ਤਾਂ ਨੱਥਾ ਸਿੰਘ ਤੇ ਪੱਥਾ ਸਿੰਘ ਸਰਦਾਰ ਤੇ ਸਰਦਾਰਨੀਆਂ ਰਹਿ ਗਈਆਂ ਨੇ।
ਪਹਿਲਾਂ ਹੱਥ ਚੱਕ ਲਫਟੈਣ ਹੁੰਦੇ ਸੀ ਤੇ..ਹੁਣ.ਸ਼੍ਰੋਮਣੀ ਤੇ ਰਾਸ਼ਟਰੀ ਪੁਰਸਕਾਰ ਵਿਜੇਤਾ ਹਨ। ਹੁਣ ਕੌਣ ਲਿਖੇਗਾ ਸੀਰੀ ਦੇ ਦੁੱਖਾਂ ਦੀ ਵਾਰਤਾ..ਹੁਣ ਤੇ ਜੱਟਵਾਦ ਕਰਦਾ ਕੁਰਸੀ ਦਾ ਆਰਤਾ।

ਜਿਵੇਂ ਉਸ ਤੋਂ ਬਿਨਾਂ ਧਰਤੀ ਤੇ ਹੋਰ ਕੋਈ ਹੈ ਹੀ ਨਹੀਂ .ਪਰ ਅਜੇ ਸਾਰੇ ਪਾਸੇ ਘੋੜੇ ਵਾਲਾ ਨੀ ਫਿਰਿਆ ਨਹੀਂ ਤਾਂ ਇਹਨਾਂ ਨੇ ਵੀ ਨਵੇਂ ਬਾਹਮਣ ਬਣ ਜਾਣਾ ਸੀ। ਕਦੇ ਕਿਸੇ ਦਾਰਸ਼ਨਿਕ ਨੇ ਆਖਿਆ ਸੀ ਕਿ ” ਤੁਸੀਂ ਬਾਹਮਣ ਦੀ ਗੁਲਾਮੀ ਹੀ ਦੇਖੀ ਹੈ ਤੇ ਆਜ਼ਾਦੀ ਨਹੀਂ ਦੇਖੀ ।”
ਹੁਣ ਦੇਖੋ ਆਜ਼ਾਦੀ ਦੇ ਰੰਗ ਢੰਗ !
ਹੁਣ ਖੇਤੀਬਾੜੀ ਦੇ ਬਿੱਲ ਵਾਪਸ ਲੈ ਕੇ ਬਿਜਲੀ ਦਾ ਬਿੱਲ ਲਿਆ ਰਹੇ ਨੇ। ਉਨ੍ਹਾਂ ਨੇ ਹਥਿਆਰ ਤੇ ਵਿਚਾਰ ਨਹੀਂ ਬਦਲੇ ਥੋੜ੍ਹੀ ਜਿਹੀ ਦਿਸ਼ਾ ਬਦਲੀ ਹੈ। ਸੋਚ ਉਹੀ ਹੈ ਲੋਕਾਂ ਨੂੰ ਗੁਲਾਮ ਬਣਾਉਣ ਦੀ ਤੇ ਗੁਲਾਮ ਅਸੀਂ ਖੁਦ ਬਣ ਰਹੇ ਹਾਂ । ਅਕਲਾਂ ਬਾਝੋ ਖੂਹ ਖਾਲੀ।

ਜੇ ਗੱਲ ਸ਼ਕਲਾਂ ਵਧੀਆ ਹੋਣ ਦੀ ਹੋਵੇ ਫੇਰ ਕੋਈ ਗੋਰੀ ਨਾ ਰੋਵੇ…..ਅਕਲ ਤੇ ਪੜ੍ਹਿਆ ਤੇ ਗੁੜਿਆਂ ਹੀ ਆਉਣੀ ਹੈ।
ਗੁਲਾਮ ਦੀਆਂ ਨੀਤੀਆਂ ਤੇ ਫੀਤੀਆਂ ਨੂੰ ਗਲੇ ਨਾ ਲਾਓ..ਸਗੋ ਜੁੜੋ…ਤੁਰੋ….ਸੰਘਰਸ਼ ਕਰੋ!
ਅੰਬੇਦਕਰ ਜੀ ਕਿਹਾ ਕਿ ਮੈਨੂੰ ਪੰਜਾਹ ਪੜ੍ਹੇ ਲਿਖੇ ਦਿਓ ਦੇਸ਼ ਦਾ ਨਕਸ਼ਾ ਬਦਲ ਦਵਾਂਗਾ। ਪਰ ਉਨ੍ਹਾਂ ਨੂੰ ਧੋਖਾ ਹੀ ਪੜ੍ਹਿਆ ਲਿਖਿਆ ਨੇ ਦਿੱਤਾ ਹੈ। ਹੁਣ ਪੜ੍ਹੇ ਲਿਖੇ ਅਨਪੜ੍ਹ ਹਨ।
ਹੁਣ ਹਰ ਦਿਨ ਜੰਗ ਦਾ ਰੂਪ ਬਦਲ ਰਿਹਾ ਹੈ।
ਵੱਡਿਆਂ ਨੇ ਸਾਨੂੰ ਗੁਲਾਮ ਬਣਾਉਣ ਦੇ ਲਈ ਹਰ ਤਰ੍ਹਾਂ ਦਾ ਹਰਬਾ ਵਰਤਦਾ ਹੈ। ਅਸੀਂ ਜਾਨ ਬਚਾਉਣ ਦੇ ਨਾਲ ਨਾਲ ਜੰਗ ਵੀ ਜਿੱਤਣੀ ਹੈ!
ਅਕਲਾਂ ਬਾਂਝੋ ਖਾਲੀ ਖੂਹ ਹੁਣ ਅਕਲ ਨਾਲ ਤਾਂ ਭਰੇ ਜਾ ਸਕਦੇ ਕਿ ਹੁਣ ਹਰ ਗੱਲ ਨੂੰ ” ਭਾਣਾ ਮਿੱਠਾ ਕਰ ਨਾ ਮੰਨੀ ਚੱਲੋ.. ਤੇ ਚੜ੍ਹਾਈ ਕਰ ਰਹੇ….ਹਾਕਮ ਨੂੰ ਰਫਲ ਦੇ ਨਾਲ ਨਹੀਂ ਅਕਲ ਦੇ ਨਾਲ ਰੋਕੋ। ਹੁਣ ਜੰਗ ਹਥਿਆਰਾਂ ਦੀ ਨਹੀਂ ਵਿਚਾਰਾਂ ਦੀ ਹੈ। ਜੇ ਵਿਚਾਰ ਉਚੇ ਤੇ ਸੱਚੇ ਹੋਣਗੇ ਤਾਂ ਜੰਗ ਜਿੱਤੀ ਜਾਵੇਗੀ।ਲੋੜ ਹੈ
ਵਿਚਾਰ ਤਾਂ ਪੈਦਾ ਕਰਨ ਦੀ ਤੇ ਵਿਚਾਰ ਕਿਤਾਬ ਦੇਵੇਗੀ।
ਕਿਤਾਬਾਂ ਦੇ ਨਾਲ ਹੀ ਗਿਆਨ ਹਾਸਲ ਹੁੰਦਾ ਹੈ…ਪਰ ਹਕੂਮਤ ਤੁਹਾਡੇ ਕੋਲੋਂ ਗਿਆਨ ਵੀ ਖੋਹਣ ਦੇ ਰਸਤੇ ਤੁਰ ਪਈ ਹੈ..ਸਰਕਾਰ ਆਖਦੀ ਹੈ ਕਿ ਸਭ ਕੁੱਝ ਡਿਜੀਟਲ ਕਰ ਦੇਣਾ ਹੈ।
ਆਨ ਲਾਈਨ ਸਭ ਕੁੱਝ ਹੋਇਆ ਕਰੇਗਾ ਤੇ ਗਰੀਬ ਰੋਇਆ ਕਰੇਗਾ । ਫੇਰ ਨਾ ਬਾਂਸ ਰਹਿਣਗੇ ਤੇ ਨਾ ਬੰਸਰੀ ਵਜਾਉਣ ਵਾਲੇ!”

ਸੱਤਾ ਦੇ ਵਪਾਰੀ, ਪੁਜਾਰੀ, ਅਧਿਕਾਰੀ ਤੇ ਲਿਖਾਰੀ ਦੀ ਚੰਡਾਲ ਚੌਕੜੀ ਨੂੰ ਭੰਨਣ ਦੀ ਲੋੜ ਹੈ। ਪਰ ਭੰਨੇ ਕੌਣ ?
ਹੁਣ ਲੋੜ ਤਾਂ ਬਹੁਤ ਕੁਝ ਕਰਨ ਦੀ ਹੈ…ਬਿੱਲੀ ਦੇ ਗਲ…ਟੱਲੀ ਨੀ ਸਗੋਂ ਗਲ ਰੱਸਾ ਪਾਉਣ ਦੀ ਜਰੂਰਤ ਹੈ!
ਇਹ ਰੱਸਾ ਖਾਲੀ ਖੂਹ ਦੇ ਵਿਚੋਂ ਨਹੀਂ ਨਿਕਲਣਾ…ਇਹ ਤੇ ਨਵਾਂ ਹੀ ਵੱਟਣਾ ਪਵੇਗਾ?” ਲੋਕਾਂ ਨੂੰ ਜਾਗਣਾ ਪੈਣਾ ਹੈ। ਸੁੱਤਿਆਂ ਨੂੰ ਜਗਾਉਣਾ ਪੈਣਾ ਜਾਗਦਿਆਂ ਨੂੰ ਤੋਰਨਾ ਪੈਣਾ ਹੈ। ਤਾਂ ਕੁੱਝ ਬਦਲਾਵ ਹੋਵੇਗਾ । ਨਹੀਂ ਜੋ ਕੁੱਝ ਹੁਣ ਹੁੰਦਾ ਭਵਿੱਖ ਵਿੱਚ ਹੋਵੇਗਾ ! ਫੇਰ ਹਰ ਕੋਈ ਰੋਵੇਗਾ!

ਬੁੱਧ ਸਿੰਘ ਨੀਲੋੰ
94643 70823

ਸਮਾਜਵੀਕਲੀਐਪ ਡਾਊਨ ਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਕਿਰਤੀ ਲੋਕ ਕਦੋਂ ਜਾਗਣਗੇ
Next articleਦਿਉਰਾ ਵੇ ਮੈਨੂੰ ਕਹਿਣ ਕੁੜੀਆਂ …! ਮਸਲਾ-ਏ-ਉਧਾਲੇ ਗੀਤਾਂ ਦਾ !